ਮੀਣਾ ਹੋਆ ਪਿਰਥੀਆ….(ਰਚਨਾ ਬਾਬਤ ਪੰਛੀ-ਝਾਤ)

0
13

A A A

ਗੁਰੂ ਰਾਮਦਾਸ ਸਾਹਿਬ ਜੀ ਦੇ ਵੱਡੇ ਪੁੱਤਰ 'ਸੋਢੀ ਪਿਰਥੀ ਚੰਦ' ਜੀ ਦਾ ਜਨਮ ਸਨ ੧੫੫੮ ਈ. ਨੂੰ ਗੋਇੰਦਵਾਲ ਵਿਖੇ ਹੋਇਆ ਸੀ। ਆਪ ਜੀ ਦਾ ਵਿਆਹ 'ਕਰਮੋ' ਜੀ ਨਾਲ ਹੋਇਆ,(ਗੋਸ਼ਟਾਂ ਮਿਹਰਬਾਨ ਜੀ ਕੀਆਂ ਵਿੱਚ ਇਹਨਾਂ ਦੀ ਪਤਨੀ ਦਾ ਨਾਮ 'ਸਹਬਾਣੀ ਭਗਵਾਨੋ' ਲਿਖਿਆ ਮਿਲਦਾ ਹੈ।) ਆਪ ਜੀ ਦੇ ਚਾਰ ਪੁੱਤਰ ਹੋਏ 'ਮਿਹਰਵਾਨ, ਲਾਲਚੰਦ, ਨਿਹਾਲਚੰਦ ਅਤੇ ਚੰਦਰਸੈਨ।'

ਸੋਢੀ ਪਿਰਥੀ ਚੰਦ ਜੀ ਨੇ ਅਕਾਰਨ, ਈਰਖ ਅਤੇ ਪ੍ਰਭਤਾ ਵੱਸ ਗੁਰ-ਗੱਦੀ ਦੀ ਪ੍ਰਾਪਤੀ ਲਈ ਗੁਰੂ-ਘਰ ਦੇ ਮੁਕਾਬਲੇ ਵਿੱਚ ਇਕ ਵੱਖਰੀ ਗੁਰੂ-ਪਰੰਪਰਾ ਸ਼ੁਰੂ ਕਰ ਲਈ, ਜਿਸ ਨੂੰ ਛੋਟਾ ਮੇਲ ਭਾਵ 'ਮੀਣਾ'(ਕਪਟੀ) ਸੰਪ੍ਰਦਾਇ ਆਖਿਆ ਜਾਂਦਾ ਹੈ। ਪਿਰਥੀ ਚੰਦ ਜੀ ਆਪਣੇ ਆਪ ਨੂੰ 'ਗੁਰੂ ਨਾਨਕ ਸਾਹਿਬ' ਜੀ ਦੀ ਗੱਦੀ ਦਾ ਵਾਰਸ ਮੰਨਦੇ ਸਨ, ਚਾਰ ਗੁਰੂ ਸਾਹਿਬਾਨਾਂ ਨੂੰ 'ਗੁਰੂ' ਮੰਨਣ ਤੋਂ ਇਨਕਾਰੀ ਸਨ। ਇਹਨਾਂ ਨੇ 'ਨਾਨਕ, ਜਨ ਨਾਨਕ ਅਤੇ ਕਹੈ ਨਾਨਕ' ਮੁਹਰ-ਛਾਪ ਹੇਠ ਆਪਣੀਆਂ ਰਚਨਾਵਾਂ ਲਿਖ ਕੇ ਪੋਥੀਆਂ ਤਿਆਰ ਕਰ ਲਈਆਂ ਸਨ। ਇਸ ਕਰਕੇ ਹੀ ਗੁਰੂ ਅਰਜਨ ਸਾਹਿਬ ਜੀ ਨੇ ਆਦਿ ਬੀੜ ਬੰਨ੍ਹਣ ਦਾ ਉਪਰਾਲਾ ਕੀਤਾ, ਤਾਂ ਜੋ ਕੱਚੀ ਬਾਣੀ ਦੇ ਰਲੇ ਤੋਂ ਬਚਿਆ ਜਾ ਸਕੇ। ਪਿਰਥੀ ਚੰਦ ਜੀ ਕਈ ਭਾਸ਼ਾਂ ਦੇ ਜਾਣਕਾਰ ਅਤੇ ਕਾਵਿ-ਗਿਆਨ ਵਿੱਚ ਬਹੁਤ ਨਿਪੁੰਨ ਸਨ। ਉਹਨਾਂ ਦੁਆਰਾ ਲਿਖੀ ਰਚਨਾਂ, 'ਗੁਰਬਾਣੀ' ਦੀ ਕਾਵਿ-ਸ਼ੈਲੀ, ਅੰਕਾਵਲੀ-ਬਣਤਰ ਨਾਲ ਹੂ ਬਹੂ ਮਿਲਦੀ ਹੈ, ਤਕਰੀਬਨ ਉਹੀ ਰਾਗ ਜੋ ਗੁਰਬਾਣੀ ਵਿੱਚ ਵਰਤੇ ਹਨ; ਪਿਰਥੀ ਚੰਦ ਨੇ ਭੀ ਉਹੀ ਅਪਨਾਏ ਸਨ। ਪਹਿਲਾਂ ਪਿਰਥੀ ਚੰਦ ਦੀ ਕ੍ਰਿਤ ਕੇਵਲ ੬ ਸ਼ਬਦ ਅਤੇ ੧੫ ਸਲੋਕ ਹੀ ਮਿਲਦੇ ਸਨ। ਹੁਣ ਤੱਕ ਪ੍ਰਾਪਤ ਹੋਏ ਲਿਖਤੀ-ਖਰੜਿਆਂ ਅਨੁਸਾਰ ਤਕਰੀਬਨ ੧੮ ਰਾਗਾਂ ਵਿੱਚ ਪਿਰਥੀ ਚੰਦ ਜੀ ਦੀ ਰਚਨਾਂ ਲਿਖੀ ਰਚਨਾ ਮਿਲਦੀ ਹੈ। ਅੱਜਕਲ ਬਜ਼ਾਰ ਵਿੱਚ ਡਾ. ਡਾ. ਜੋਗਿੰਦਰ ਸਿੰਘ ਆਹਲੂਵਾਲੀਆ ਦੀ ਨਵ-ਪ੍ਰਕਾਸ਼ਿਤ ਪੁਸਤਕ 'ਸੋਢੀ ਪਿਰਥੀ ਚੰਦ ਦੀ ਰਚਨਾ' ਉਪਲਬੱਧ ਹੈ, ਇਸ ਵਿੱਚੋਂ ਭੀ ਪਾਠਕ-ਸੱਜਣ ਉਕਤ ਕੁੱਝ ਰਚਨਾਂ ਬਾਬਤ ਪੜ੍ਹ ਸਕਦੇ ਹਨ।

ਪਿਰਥੀ ਚੰਦ ਦੁਆਰਾ ਉਪਰੋਕਤ ੧੮ ਰਾਗਾਂ ਵਿੱਚ ਆਪਨੀ ਬਾਣੀ ਅੰਕਿਤ ਕੀਤੀ ਹੈ :

੧. ਰਾਗ ਸ੍ਰੀ ਰਾਗ। ੨.ਰਾਗ ਮਾਝਿ। ੩.ਰਾਗ ਗਉੜੀ। ੪.ਰਾਗ ਆਸਾਵਰੀ। ੫.ਰਾਗ ਗੂਜਰੀ। ੬.ਰਾਗ ਵਡਹੰਸ। ੭.ਰਾਗ ਸੋਰਠਿ। ੮.ਰਾਗ ਧਨਾਸਰੀ। ੯.ਰਾਗ ਤਿਲੰਗ। ੧੦.ਰਾਗ ਸੂਹੀ। ੧੧.ਰਾਗ ਬਿਲਾਵਲ। ੧੨.ਰਾਗ ਰਾਮਕਲੀ। ੧੩.ਰਾਗ ਨਟ ਨਾਰਾਣਿ। ੧੪.ਰਾਗ ਮਾਰੂ। ੧੫.ਰਾਗ ਭੈਰਉ। ੧੬.ਰਾਗ ਬਸੰਤ। ੧੭.ਰਾਗ ਮਲਾਰ। ੧੮.ਰਾਗ ਆਸਾ(ਸਯੁੰਕਤ)।

ਪਿਰਥੀ ਚੰਦ ਦੀ ਰਚਨਾਂ ਵਿੱਚ ਉਹੀ ਗੁਰਬਾਣੀ ਵਾਲੇ ਰਾਗ, ਕਾਵਿ-ਰੂਪ, ਉਹੀ ਛੰਦ-ਪ੍ਰਬੰਧ, ਉਹੀ ਸ਼ਬਦ-ਚੋਣ ਤੇ ਮੁਹਾਵਰਾ ਵਰਤਿਆ ਗਿਆ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ 'ਘੋੜੀ, ਛੰਤ, ਚਉਬੋਲੇ, ਪਹਰੇ, ਪਟੀ, ਬਾਰਾਮਾਹ, ਵਾਰ ਸਤ, ਡਖਣੇ, ਕਾਫੀ, ਅੰਜੁਲੀ' ਆਦਿ ਕਾਵਿ-ਰੂਪ ਵਰਤਿਆ ਗਿਆ ਹੈ, ਉਸ ਤਰ੍ਹਾਂ ਹੀ ਪਿਰਥੀ ਚੰਦ ਦੀ ਰਚਨਾਂ ਵਿੱਚ, 'ਛੰਤ, ਬਾਰਾਮਾਹ, ਘੋੜੀ, ਲੋਰੀ, ਵਾਰ ਸਤ, ਥਿਤੀ' ਆਦਿ ਕਾਵਿ-ਰੂਪ ਵਰਤੇ ਹਨ। ਇਥੋਂ ਪਿਰਥੀ ਚੰਦ ਦੀ ਭਾਸ਼ਾਈ-ਗਿਆਨ, ਕਾਵਿ-ਭਾਸ਼ਾ ਵਿੱਚ ਨਿਪੁੰਨਤਾ ਸਹਿਜੇ ਹੀ ਗਿਆਤ ਹੋ ਜਾਂਦੀ ਹੈ।

ਪਿਰਥੀ ਚੰਦ ਜੀ ਦੀ ਰਚਨਾਂ ਤਕਰੀਬਨ-ਤਕਰੀਬਨ 'ਗੁਰਬਾਣੀ' ਨਾਲ ਮਿਲਦੀ ਹੈ, ਭਾਵ ਲਫ਼ਜ਼ਾਂ ਦਾ ਆਪਸੀ ਤਾਲ-ਮੇਲ ਹੈ। ਜਿਵੇਂ : 

ਆਸਾ ਮਹਲਾ ੬ ਛੰਤੁ
"ਹਰਿ ਦਰਸਨ ਭਿੰਨੇ ਲੋਇਣਾ ਹਰਿਨਾਮ ਮਨੁ ਭੀਨਾ ਰਾਮ ਰਾਜੇ॥
ਇਕੁ ਤਿਲੁ ਹਰਿ ਬਿਨੁ ਨਾ ਰਹਾ ਜਿਵ ਜਲ ਬਿਨੁ ਮੀਨਾ ਰਾਮ ਰਾਜੇ॥
ਹਰਿ ਪਾਰਸੁ ਮਨੁ ਲੋਹੁ ਹੈ ਮਿਲਿ ਕੰਚਨੁ ਕੀਨਾ ਰਾਮ ਰਾਜੇ॥
ਨਾਨਕੁ ਤਿਸੁ ਬਲਿਹਾਰਣੇ ਜਿਨਿ ਹਰਿ ਜਸੁ ਦੀਨਾ ਰਾਮ ਰਾਜੇ॥੧॥ (ਪਿਰਥੀ ਚੰਦ)

ਗੁਰਬਾਣੀ : ਆਸਾ ਮਹਲਾ ੪ ਛੰਤ ਘਰੁ ੪ ॥ ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥ ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥ ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥ ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥

ਪਿਰਥੀ ਚੰਦ : "ਸੁਣਿਐ ਜੰਮਣੁ ਮਰਣੁ ਸਵਾਰੈ॥ ਸੁਣਿਐ ਭਉਜਲੁ ਉਤਰੈ ਪਾਰੈ॥ ਸੁਣਿਐ ਜਮ ਕਾ ਡੰਡੁ ਨ ਲਾਗੈ ਹਰਿ ਦਰਗਹ ਪਾਈਐ ਢੋਈ ਜੀ॥੧॥"

ਜਪੁ ਸਾਹਿਬ ਜੀ ਦੀਆਂ 'ਸੁਣਿਐ' ਵਾਲੀਆਂ ਪਉੜੀਆਂ ਨਾਲ ਇਹ ਤੁਕਾਂ ਮਿਲਦੀਆਂ ਹਨ। ਲਿਖਤੀ-ਪੋਥੀ ਅਨੁਸਾਰ ਪਿਰਥੀ ਚੰਦ ਦੀ ਬਾਣੀ ਵਿੱਚ 'ਵਿਆਕਰਣਿਕ-ਨਿਯਮ' ਭੀ ਪੂਰੇ ਨਹੀਂ ਉਤਰਦੇ; ਕੇਵਲ ਕਾਵਿਕ ਨਿਯਮ ਪੂਰੇ ਉਤਰਦੇ ਹਨ।

ਪਿਰਥੀ ਚੰਦ ਜੀ ਰਚਨਾਂ ਵਿੱਚੋਂ ਕੁੱਝ ਹੋਰ ਸ਼ਬਦ :

ਸੋਰਠਿ ਮਹਲਾ ੬।
"ਮਨ ਰੇ ਤੇਰਾ ਹੰਸ ਇਕੇਲਾ ਜਾਈ॥ ਕਰਿ ਸਿਮਰਨੁ ਹੋਇ ਸਹਾਇ॥੧॥ਰਹਾਉ॥ ਆਗੈ ਗੈਆ ਪੂਛੀਅਹਿ ਨ ਢੋਈ ਲਹਨਿ ਬੇਪੀਰ॥ ਦੂਜੀ ਦੁਰਮਤਿ ਖੋਇਆ ਕਵਨੁ ਸਹਾਈ ਬੀਰ॥ ਜੇ ਜਾਣੈ ਮੈ ਵੰਞਣਾ ਤਾ ਗੁਰ ਕੀ ਲੇਵੈ ਧੀਰ॥"

ਤਿਲੰਗ ਮਹਲਾ ੬।
"ਮੇਰੇ ਲਾਲਨਾ ਕੋ ਦੀਨ ਕਾ ਸਾਥੀ॥ ਜੇਹੇ ਅਮਲ ਕਮਾਵਦਾ ਓਹ ਦੇਵੈ ਹਾਥੀ॥੧॥ਰਹਾਉ॥ ਹਉ ਕੁਰਬਾਨੀ ਤਿਨ ਕੈ ਜਿਨੀ ਏਕੋ ਜਾਤਾ॥ ਦੂਜੇ ਕਿਸੇ ਨ ਜਾਣਈ ਉਨਾ ਹੁਕਮੁ ਪਛਾਤਾ॥"

ਗਉੜੀ।
"ਏਕੰਕਾਰੁ ਅਗਮੁ ਗੁਸਾਈ॥ ਜਲ ਥਲ ਪੂਰ ਰਹਿਆ ਸਰਬ ਠਾਈ॥ ਕਰਨ ਕਰਾਵਨ ਅਪਰਿ ਅਪਾਰਾ॥ ਏਕੁ ਨ ਭੂਲਾ ਲੇਖਨਹਾਰਾ॥ ਏਕਹਿ ਏਕੁ ਆਪਿ ਥਿਰੁ ਸਾਚਾ॥"

ਮਾਝ ਮਹਲਾ ੬।
"ਲਖ ਜਿਹਬਾ ਹੋਹਿ ਤਾ ਗਣਤਿ ਨ ਆਵੈ॥ ਤੂ ਅਗਣਤੁ ਕਿਆ ਗੁਣ ਕੋ ਗਾਵੈ॥ ਸਾਈ ਰਸਨਾ ਜਿਤੁ ਤੂ ਭਣੀਅਹਿ ਸਾ ਵੇਲਾ ਧੰਨੁ ਚਿਤਾਰਿਆ॥"

ਰਾਗ ਬਸੰਤ ਮਹਲਾ ੬ ਘਰੁ ੧।
"ਅੰਤਰਿ ਕਪਟੁ ਜਪੈ ਜਪ ਮਾਲੀ॥ ਕੰਢੈ ਬੈਠਾ ਨਹੀ ਤਿਸੈ ਸਮਾਲੀ॥ ਸਾਜਿ ਨਿਵਾਜਿ ਕਰੇ ਪ੍ਰਤਪਾਲੀ॥ ਸੋ ਨਹੀਂ ਜਾਣੈ ਪ੍ਰਭੁ ਬਨਮਾਲੀ॥"

ਇੱਕ ਗੱਲ ਧਿਆਨ 'ਚ ਰੱਖਣ ਵਾਲੀ ਹੈ ਕਿ ਸਮੱਗਰ ਰਚਨਾਂ ਵਿੱਚ ਕੇਵਲ 'ਮਹਲਾ ੬' ਸਿਰਲੇਖ ਹੀ ਵਰਤਿਆ ਹੈ, ਹੋਰ ਕੋਈ 'ਮਹਲਾ-ਅੰਕ' ਨਹੀਂ।

ਪਿਰਥੀ ਚੰਦ ਦੀ ਰਚਨਾ ਵਿੱਚ ਕੇਵਲ 'ਇੱਕ ਓਅੰਕਾਰ' ਦੇ ਸਿਧਾਂਤ ਨੂੰ ਹੀ ਅਪਨਾਇਆ ਗਿਆ ਹੈ, ਬਹੁ ਅਵਤਾਰ ਪੂਜਾ, ਜੜ੍ਹ ਪੂਜਾ, ਤੀਰਥ-ਯਾਤ੍ਰਾ, ਕਰਮ-ਕਾਂਡ ਆਦਿ ਦੀ ਸਖ਼ਤ ਨਖੇਧੀ ਕੀਤੀ ਗਈ ਹੈ। ਅਕਾਲ ਪੁਰਖ ਜੀ ਨੂੰ ਪੁਰਾਣਿਕ ਅਤੇ ਕਰਮ-ਵਾਚਕ, ਗੁਣ-ਵਾਚਕ ਨਾਵਾਂ ਨਾਲ ਸੰਬੋਧਨ ਕੀਤਾ ਹੈ। ਅਗਿਆਨ ਦਾ ਹਨ੍ਹੇਰਾ ਮਿਟਾ ਕੇ ਗਿਆਨ-ਪ੍ਰਕਾਸ਼ ਕਰਨ ਵਾਲੇ ਨੂੰ ਉਕਤ ਰਚਨਾਂ ਵਿੱਚ 'ਗੁਰੂ' ਸੰਗਿਆ ਦਿੱਤੀ ਹੈ। ਫਿਰ ਸੁਆਲ ਪੈਦਾ ਹੁੰਦਾ ਹੈ ਕਿ ਉਪਰੋਕਤ ਰਚਨਾਂ ਪ੍ਰਮਾਣੀਕ ਕਿਉਂ ਨਹੀਂ ਹੋਈ ? ਇਸਦਾ ਕਾਰਨ ਇਹ ਸੀ ਕਿ ਗੁਰੂ-ਹੁਕਮ ਮੰਨਣ ਤੋਂ ਇਨਕਾਰ, ਆਪਣੇ ਆਪ ਨੂੰ ਨਾ-ਯੋਗ ਹੁੰਦਿਆਂ ਭੀ ਗੁਰੂ ਸਮਝਣਾ। ਈਰਖਾ, ਪ੍ਰਭਤਾ ਕਾਰਨ ਗੁਰੂ ਨਾਨਕ ਘਰ ਦੀ ਵਿਰਾਸਤ 'ਗੁਰ-ਗੱਦੀ' ਦੇ ਬਰਾਬਰ ਆਪਣੀ ਗੱਦੀ ਲਗਾ ਕੇ ਬੈਠਣਾ ਆਦਿ। ਇਸੀ ਕਾਰਣ ਪਿਰਥੀ ਚੰਦ ਦੀ ਰਚਨਾਂ ਗੁਰੂ-ਨਜ਼ਰ ਵਿੱਚ ਅਪ੍ਰਵਾਨ ਹੋ ਗਈ ਅਤੇ ਪਿਰਥੀ ਚੰਦ 'ਪਿਰਥੀਆ' ਹੀ ਰਹਿ ਗਿਆ।

"ਮੀਣਾ ਹੋਆ ਪਿਰਥੀਆ ਕਰਿ ਕਰਿ ਟੇਢਕ ਬਰਲੁ ਚਲਾਇਆ।ਭਾਈ ਗੁਰਦਾਸ ਜੀ (ਵਾਰ ੨੬ ਪਉੜੀ ੩੩)

"ਸਤਿਗੁਰ ਸਚਾ ਪਾਤਿਸਾਹੁ ਮੁਹੁ ਕਾਲੈ ਮੀਣਾ ॥੧॥ਭਾਈ ਗੁਰਦਾਸ ਜੀ (ਵਾਰ ੩੬ ਪਉੜੀ ੧)

ਮੀਣਾ = (ਪੋਠੋਹਾਰੀ, ਵਿਸ਼ੇਸ਼ਣ) ਮੀਸਣਾ,ਕਪਟੀ।

ਭੁੱਲ-ਚੁੱਕ ਦੀ ਖਿਮਾਂ

ਹਰਜਿੰਦਰ ਸਿੰਘ 'ਘੜਸਾਣਾ'
Khalsasingh.hs@ gmail.com