ਦੀਵਾਲੀਏ ਸਿੱਖ !

0
19

A A A

davinder singh artist ਇਕ ਖ਼ਾਸ ਦਿਨ ਬਹੁਤ ਸਾਰੇ ਦੀਵੇ ਜਗਾਉਣ ਨੂੰ ਦੀਵਾਲੀ ਜਾਂ ਦੀਪਾਵਲੀ ਕਿਹਾ ਜਾਂਦਾ ਹੈ| ਹਿੰਦੀ ਦੀ ਡਿਕਸ਼ਨਰੀ ਵਿਚ ਲਿਖਿਆ ਹੈ : ਕਾਰਤਿਕ ਕੀ ਅਮਾਵਸਅ ਕੋ ਪੜਨੇਵਾਲਾ ਹਿੰਦੂਓਂ ਕਾ ਏਕ ਤਿਉਹਾਰ ਜਿਸ ਮੇਂ ਲਕਸ਼ਮੀ ਪੂਜਨ ਏਵਮ ਦੀਪੋਤਸਵ ਹੋਤਾ ਹੈ| ਇਸ ਲਈ ਜਿਹੜੇ ਕਹਿੰਦੇ ਹਨ ਕਿ ਦੀਵਾਲੀ ਸਿੱਖਾਂ ਦਾ ਤਿਉਹਾਰ ਹੈ, ਉਹ ਕੋਰਾ ਝੂਠ ਬੋਲ ਰਹੇ ਹੁੰਦੇ ਹਨ ਕਿਉਂਕਿ ਸਿੱਖਾਂ ਦਾ ਕੋਈ ਵੀ ਤਿਉਹਾਰ ਕੇਵਲ ਦੀਵੇ ਜਗਾਉਣ ਦੇ ਨਾਂ ਤੇ ਪ੍ਰਚਲਤ ਨਹੀਂ ਹੋਇਆ|

ਅਸਲ ਵਿਚ  ਦੀਵਾਲੀ ਹਿੰਦੂ ਲੋਕਾਂ ਦਾ ਹੀ ਤਿਉਹਾਰ ਹੈ ਕਿਉਂਕਿ ਇਹ ਤਿਉਹਾਰ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਸਦੀਆਂ ਪਹਿਲਾਂ ਹਿੰਦੂ ਲੋਕ ਮਨਾਉਂਦੇ ਸਨ ਅਤੇ ਹੁਣ ਵੀ ਮਨਾ ਰਹੇ ਹਨ|  ਹਿੰਦੂ-ਮੱਤ ਵਿਚ ਦੀਵਾਲੀ ਲੱਛਮੀ ਪੂਜਾ ਦਾ ਤਿਉਹਾਰ ਮੰਨਿਆ ਜਾਂਦਾ ਹੈ| ਇਸ ਦਿਨ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਸਾਰਾ ਸਾਲ  ਦੀ ਕਮਾਈ ਇਕੱਠੀ ਕਰਨ  ਦਾ ਇਹ ਇਕ ਖ਼ਾਸ ਦਿਨ ਹੁੰਦਾ ਹੈ| ਆਮ ਲੋਕਾਂ ਦੇ ਘਰਾਂ ਵਿਚੋਂ ਲੱਛਮੀ ਨਿਕਲ ਕੇ, ਦੁਕਾਨਦਾਰਾਂ ਅਤੇ ਵਪਾਰੀਆਂ ਕੋਲ ਪਹੁੰਚ ਜਾਂਦੀ ਹੈ| ਸਿੱਖਾਂ ਦਾ ਲਛਮੀ ਪੂਜਾ ਨਾਲ ਕੋਈ ਸਬੰਧ ਨਹੀਂ ਹੈ| ਪਰ ਜਿਹੜੇ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਭੁਲਾ ਕੇ ਆਪਣੀ ਅਗਿਆਨਤਾ ਕਾਰਣ ਦੀਵਾਲੀ ਮਨਾਉਂਦੇ ਹਨ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:-
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ   ਸੇ ਦੇਵਾਲੀਏ ਜੁਗ ਮਾਹਿ|| (ਗੁ.ਗ੍ੰ.ਸਾ.ਪੰਨਾ-852)
ਅਰਥ: ਜਿਹੜੇ ਮਨੁੱਖ ਪਰਮਾਤਮਾ ਦੇ ਸੱਚ-ਰੂਪ ਧਨ ਨੂੰ ਇਕੱਠਾ ਨਹੀਂ ਕਰਦੇ, ਉਹ  ਇਸ ਜਗਤ ਵਿਚ  ਦੀਵਾਲੀਏ (ਭਾਵ ਗੁਰਮਤਿਹੀਣ) ਮੰਨੇ ਜਾਂਦੇ ਹਨ| 
ਮਨੁੱਖ ਨੂੰ ਆਪਣੀ ਅਤੇ ਆਪਣੇ  ਪਰਵਾਰ ਦੇ ਜੀਵਨ ਨਿਰਬਾਹ ਲਈ ਹਮੇਸ਼ਾ ਲੋੜੀਂਦੇ ਧਨ ਦੀ ਜ਼ਰੂਰਤ ਪੈਂਦੀ ਹੀ ਰਹਿਣੀ ਹੈ| ਪਰ ਜਿਹਨਾਂ ਲੋਕਾਂ ਨੇ ਜ਼ਿੰਦਗੀ ਦਾ ਮਨੋਰਥ ਕੇਵਲ ਧਨ ਇਕੱਠਾ ਕਰਨਾ ਹੀ ਮਿਥਿਆ ਹੋਇਆ ਹੈ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ: 
ਕਾਚਾ ਧਨੁ ਸੰਚਹਿ ਮੂਰਖ ਗਾਵਾਰ|| ਮਨਮੁਖ ਭੂਲੇ ਅੰਧ ਗਾਵਾਰ||
ਬਿਖਿਆ ਕੈ ਧਨਿ ਸਦਾ ਦੁਖੁ ਹੋਇ|| ਨਾ ਸਾਥਿ ਜਾਇ ਨ ਪਰਾਪਤਿ ਹੋਇ||੧||
ਸਾਚਾ ਧਨੁ ਗੁਰਮਤੀ ਪਾਏ|| ਕਾਚਾ ਧਨੁ ਫੁਨਿ ਆਵੈ ਜਾਏ||ਰਹਾਉ||  (ਗੁ.ਗ੍ੰ.ਸਾ.ਪੰਨਾ-665)

ਅਰਥ: ਮੂਰਖ ਅੰਞਾਣ ਲੋਕ (ਸਿਰਫ ਦੁਨੀਆਂ ਵਾਲਾ) ਨਾਸਵੰਤ ਧਨ ਹੀ ਇਕੱਠਾ ਕਰਦੇ ਰਹਿੰਦੇ ਹਨ| ਆਪਣੇ ਮਨ ਦੇ ਪਿੱਛੇ ਤੁਰਨ ਵਾਲੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਮਨੁੱਖ ਕੁਰਾਹੇ ਪਏ ਰਹਿੰਦੇ ਹਨ| ਮਾਇਆ ਦੇ ਧਨ ਨਾਲ ਸਦਾ ਦੁਖ ਹੀ ਮਿਲਦਾ ਹੈ| ਇਹ ਧਨ ਨਾ ਤਾਂ  ਮਨੁੱਖ ਦੇ ਨਾਲ ਜਾਂਦਾ ਹੈ ਅਤੇ ਨਾ ਹੀ ਇਸ ਨੂੰ ਜੋੜ ਕੇ ਸੰਤੋਖ ਪ੍ਰਾਪਤ ਹੁੰਦਾ ਹੈ|੧|
ਜਿਹੜਾ ਮਨੁੱਖ ਗੁਰੂ ਦੀ ਮਤਿ ਉੱਤੇ ਤੁਰਦਾ ਹੈ, ਉਹ ਸਦਾ-ਕਾਇਮ ਰਹਿਣ ਵਾਲਾ ਹਰਿ-ਨਾਮ-ਧਨ ਹਾਸਲ ਕਰ ਲੈਂਦਾ ਹੈ| ਪਰ ਦੁਨੀਆਂ ਦਾ ਨਾਸਵਾਨ ਧਨ ਮਨੁੱਖ ਨੂੰ ਕਦੇ ਮਿਲ ਜਾਂਦਾ ਹੈ ਅਤੇ ਕਦੇ ਹੱਥੋਂ ਨਿਕਲ ਜਾਂਦਾ ਹੈ|ਰਹਾਉ|
ਬੇਸ਼ੱਕ ਸਿੱਖਾਂ ਦਾ ਲਛਮੀ ਪੂਜਾ ਅਤੇ ਦੀਵੇ ਬਾਲਣ ਨਾਲ ਕੋਈ ਸਬੰਧ ਨਹੀਂ ਹੈ| ਪਰ ਹੇਠ ਲਿਖੀਆਂ ਦੋ ਉਦਾਹਰਣਾਂ ਦਾ ਸਬੰਧ ਦੀਵਾਲੀ ਨਾਲ ਜੋੜ ਕੇ, ਸਿੱਖਾਂ ਨੂੰ ਹਿੰਦੂ ਸਾਬਤ ਕਰਨ ਲਈ ਉਨ੍ਹਾਂ ਪਾਸੋਂ ਲੱਛਮੀ ਦੀ ਪੂਜਾ ਕਰਵਾਈ ਜਾ ਰਹੀ ਹੈ :-
1. ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ  ਕਿਲ੍ਹੇ ਤੋਂ ਰਿਹਾਅ ਹੋਣ ਸਮੇਂ, ਆਪਣੇ ਨਾਲ 52 ਕੈਦੀ ਰਾਜਿਆਂ ਨੂੰ ਵੀ ਰਿਹਾਅ ਕਰਵਾ ਕੇ, ਦੀਵਾਲੀ ਵਾਲੇ ਦਿਨ ਅੰਮ੍ਰਿਤਸਾਰ ਪਹੁੰਚੇ ਸਨ|
2. ਭਾਈ  ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਦੀਵਾਲੀ ਦੀ ਰਾਤ ਨੂੰ ਦੀਵੇ ਬਾਲਣ ਦਾ ਜ਼ਿਕਰ ਕੀਤਾ ਹੈ| 

ਜਦੋਂ ਤਕ ਅਸੀਂ ਉਕਤ ਦੋਨੋਂ ਹਵਾਲਿਆਂ ਦੀ ਅਸਲੀਅਤ ਬਾਰੇ ਸਮਝਾਂਗੇ ਨਹੀਂ ਤਦ ਤਕ ਅਸੀਂ ਇਨ੍ਹਾਂ ਭੁਲੇਖਿਆਂ ਦੇ ਸ਼ਿਕਾਰ ਹੁੰਦੇ ਰਹਾਂਗੇ|  ਹੁਣ ਦੇਖੋ, ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ ਵਿਚ ਇਸ ਪ੍ਰਕਾਰ ਲਿਖਿਆ ਹੈ :-
“ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, (*) ਸੰਮਤ ਸੋਲਾਂ ਸੈ ਸਤੱਤ੍ਰਾ ਮਾਘ ਪ੍ਰਵਿਸ਼ਟੇ ਪਹਿਲੀ ਕੇ ਦਿਹੁੰ ਹੇਹਰ ਨਗਰੀ ਸੇ ਚਲ ਕਰ ਗਾਮ ਗੁਰੂ ਕੇ ਚਕ ਪਰਗਣਾ ਨਿਝਰਆਲਾ ਆਏ| ਗੈਲੋਂ ਅਰਜਾਨੀ ਬੇਟਾ ਮੋਹਰੀ ਜੀ ਕਾ, ਮੇਹਰਬਾਨ ਬੇਟਾ ਪ੍ਰਿਥੀ ਚੰਦ ਜੀ ਕਾ, ਬਾਬਾ ਬੁਢਾ ਰਾਮਦਾਸ ਬੇਟਾ ਸੁਘੇ ਰੰਧਾਵੇ ਕਾ, ਗੁਰਦਾਸ ਬੇਟਾ ਈਸ਼ਰ ਦਾਸ ਭੱਲੇ ਕਾ, ਬਲੂ ਰਾਏ ਬੇਟਾ ਮੂਲ ਚੰਦ ਜਲ੍ਹਾਨੇ ਕਾ, ਕੌਲ ਜੀ ਦਾਸ ਬੇਟਾ ਅੰਬੀਏ ਹਜਾਵਤ ਕਾ, ਹੋਰ ਸਿੱਖ ਫਕੀਰ ਆਏ| (**) ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ| ਹਰਿਮੰਦਰ ਸਾਹਬਿ ਜੀ ਮੇਂ ਦੀਆ ਬਾਤੀ (ਦੀਵਾ-ਬੱਤੀ) ਕੀ ਸੇਵਾ ਮਿਹਰਬਾਨ ਕੀ ਲਾਈ| ਗੁਰੂ ਜੀ ਤੀਜੇ ਦਿਹੁੰ ਗੁਰੂ ਚਕ ਸੇ ਵਿਦਾ ਹੋਇ ਗੋਇੰਦਵਾਲ ਮੇਂ ਆਇ ਬਿਰਾਜੇ|”
(*) ਇਸ ਹਵਾਲੇ ਅਨੁਸਾਰ ਗੁਰੂ ਹਰਿ ਗੋਬਿੰਦ ਸਾਹਿਬ ਦਾ ਅੰਮ੍ਰਿਤਸਰ ਆਉਣਾ 28 ਫ਼ਰਵਰੀ 1620 ਨੂੰ ਮੰਨਿਆ ਹੈ| ਇਸ ਹਵਾਲੇ ਅਨੁਸਾਰ ਗੁਰੂ ਸਾਹਿਬ ਦਾ ਅੰਮ੍ਰਿਤਸਰ ਆਉਣਾ ਕਿਸੇ ਵੀ ਤਰ੍ਹਾਂ ਦੀਵਾਲੀ ਵਾਲੇ ਦਿਨ ਬਣਦਾ ਹੀ ਨਹੀਂ  ਕਿਉਂਕਿ ਦੀਵਾਲੀ ਅਕਤੂਬਰ ਜਾਂ ਨਵੰਬਰ ਵਿਚ ਮਨਾਈ ਜਾਂਦੀ ਹੈ| ਸਿੱਖੋ! ਕਿਸ ਸਾਜਿਸ਼ ਰਾਹੀਂ ਗੁਰੂ ਸਾਹਿਬ ਦਾ ਸਬੰਧ ਦੀਵਾਲੀ ਨਾਲ ਜੋੜ ਕੇ ਦੀਵੇ ਜਗਾ ਰਹੇ ਹੋ? 
(**) ਇਸ ਹਵਾਲੇ ਵਿਚ ਲਿਖਿਆ ਹੈ ਕਿ ਦੀਪਮਾਲਾ ਕਰਨ ਦੀ ਸੇਵਾ ਮਿਹਰਬਾਨ ਦੀ ਲਗਾਈ ਗਈ| ਕੁੱਝ ਸਵਾਲ| ਇਹ ਮਿਹਰਬਾਨ ਕੌਣ ਸੀ ? ਇਸ ਦਾ  ਗੁਰੂ-ਘਰ ਨਾਲ ਕਿਹੋ-ਜਿਹਾ ਸਬੰਧ ਰਿਹਾ? ਕੀ ਸਿੱਖ-ਸਤਿਗੁਰਾਂ ਨੇ ਮਿਹਰਬਾਨ ਦੀਆਂ ਸੇਵਾਵਾਂ ਨੂੰ ਪ੍ਰਵਾਨ ਕੀਤਾ ਸੀ? ਇਨ੍ਹਾਂ ਸਵਾਲਾਂ ਦੇ ਜਵਾਬ ਸਾਨੂੰ ਸਿੱਖ-ਇਤਿਹਾਸ ਤੋਂ ਮਿਲ ਜਾਂਦੇ ਹਨ| ਜਿਵੇਂ ਕਿ :
1. ਮਿਹਰਬਾਨ ਬਾਬਾ ਪ੍ਰਿਥੀ ਚੰਦ ਦਾ ਪੁੱਤਰ ਹੋਇਆ ਸੀ| ਬਾਬਾ ਪ੍ਰਿਥੀ ਚੰਦਾ ਗੁਰੂ ਅਰਜੁਨ ਸਾਹਿਬ ਦਾ ਵੱਡਾ ਭਰਾ ਸੀ| 
2. ਜਿਸ ਵੇਲੇ ਗੁਰੂ ਰਾਮਦਾਸ ਜੀ ਨੇ ਆਪਣੇ ਤੋਂ ਮਗਰੋਂ ਗੁਰਗੱਦੀ ਦੀ ਜ਼ਿੰਮੇਵਾਰੀ ਆਪਣੇ ਛੋਟੇ ਪੁੱਤਰ (ਗੁਰੂ ਅਰਜੁਨ ਸਾਹਿਬ) ਨੂੰ ਦਿੱਤੀ ਤਾਂ ਵੱਡੇ ਪੁੱਤਰ (ਬਾਬਾ ਪ੍ਰਿਥੀ ਚੰਦ ਨੇ ਆਪਣੇ ਗੁਰ-ਪਿਤਾ ਨਾਲ ਬਹੁਤ ਝਗੜਾ ਕੀਤਾ ਕਿਉਂਕਿ ਉਹ ਵੱਡਾ ਹੋਣ ਦੇ ਨਾਤੇ ਗੁਰਗੱਦੀ ਤੇ ਆਪਣਾ ਹੱਕ ਜਮਾ ਰਿਹਾ ਸੀ| 
3. ਬਾਬਾ ਪ੍ਰਿਥੀ ਚੰਦ ਹੁਸ਼ਿਆਰ ਬਿਰਤੀ ਦਾ ਹੋਣ ਕਰਕੇ ਹਿਸਾਬ ਕਿਤਾਬ ਵਿਚ ਨਿਪੁੰਨ ਸੀ| ਜਿਹੜਾ ਧਨ ਅਤੇ ਰਸਦ ਸਿੱਖਾਂ ਵਲੋਂ ਲੰਗਰ ਲਈ ਭੇਜਿਆ ਜਾਂਦਾ ਸੀ, ਉਸ ਨੂੰ ਰਸਤੇ ਵਿਚ ਹੀ ਰੋਕ ਕੇ ਆਪਣੇ ਕੋਲ ਰੱਖ ਲੈਂਦਾ ਸੀ| ਜਿਸ ਕਰਕੇ ਕਈ ਵਾਰੀ ਲੰਗਰ ਵਿਚ ਵੀ ਤੋਟ ਆ ਜਾਂਦੀ ਸੀ| ਭਾਈ ਗੁਰਦਾਸ ਜੀ ਨੇ ਬੜੀ ਸੂਝ-ਸਿਆਣਪ ਵਰਤਦੇ ਹੋਏ ਸਿੱਖਾਂ ਨੂੰ ਹੁਕਮ ਕੀਤਾ ਕਿ ਸਿੱਧੇ ਰਸਦ ਅਤੇ ਮਾਇਆ ਗੁਰੂ-ਘਰ ਪਹੁੰਚਾਈ ਜਾਵੇ| ਇਸ ਤਰ੍ਹਾਂ ਬਾਬਾ ਪ੍ਰਿਥੀ ਚੰਦ ਦੀ ਵਿਚੋਲਗੀ ਖ਼ਤਮ ਕਰ ਦਿੱਤੀ ਗਈ| 
4. ਜਿਸ ਵੇਲੇ ਗੁਰੂ ਅਰਜੁਨ ਸਾਹਿਬ ਦੇ ਘਰ ਬਾਲਕ ਹਰਿਗੋਬਿੰਦ ਨੇ ਜਨਮ ਲਿਆ ਤਾਂ ਬਾਬਾ ਪ੍ਰਿਥੀ ਚੰਦ ਸੜ-ਬਲ ਗਿਆ  ਕਿਉਂਕਿ ਉਹ ਚਾਹੁੰਦਾ ਸੀ ਕਿ ਗੁਰੂ ਸਾਹਿਬ ਦੇ ਘਰ ਕੋਈ ਪੁੱਤਰ ਪੈਦਾ ਹੀ ਨਾ ਹੋਵੇ|  ਉਹ ਚਾਹੁੰਦਾ ਸੀ ਕਿ ਮੇਰੇ ਪੁੱਤਰ ਮਿਹਰਬਾਨ ਨੂੰ ਗੁਰਗੱਦੀ ਮਿਲਣੀ ਚਾਹੀਦੀ ਹੈ| ਇਸ ਲਈ ਉਸ ਨੇ ਬਾਲ ਹਰਿਗੋਬਿੰਦ ਨੂੰ ਮਾਰਨ ਲਈ ਅਨੇਕਾਂ ਸਾਜਿਸ਼ਾਂ ਘੜੀਆਂ ਪਰ ਕਾਮਯਾਬ ਨਾ ਹੋਇਆ| 
5. ਗੁਰਗੱਦੀ ਹਾਸਲ ਕਰਨ ਲਈ ਜਦੋਂ ਉਸ ਦੀਆਂ ਸਾਰੀਆਂ ਸਾਜਿਸ਼ਾਂ ਫੇਲ ਹੋ ਗਈਆਂ ਤਾਂ ਉਸ ਨੇ  ਆਪਣੇ ਪੁੱਤਰ ਮਿਹਰਬਾਨ ਨੂੰ ਗੁਰੂ ਐਲਾਨ ਕਰਕੇ ਵੱਖਰੀ ਗੱਦੀ ਲਵਾ ਦਿੱਤੀ|  ਗੁਰੂ ਨਾਨਕ ਬਾਣੀ ਦੀ ਰੀਸ ਕਰਕੇ ਬਾਬਾ ਪ੍ਰਿਥੀ ਚੰਦ ਅਤੇ ਉਸ ਦੇ ਪੁੱਤਰ ਮਿਹਰਬਾਨ ਨੇ ‘ਨਾਨਕ’ ਮੋਹਰ ਹੇਠ  ਕੱਚੀ ਬਾਣੀ ਤਿਆਰ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੱਤਾ ਸੀ|  
6. ਜਿਸ ਵੇਲੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ ਗਈ ਤਾਂ ਉਹ ਹੋਰ ਵੀ ਕਲਪਿਆ| ਜਿਸ ਕਾਰਣ ਗੁਰੂ ਅਰਜੁਨ ਸਾਹਿਬ ਦੀ ਸ਼ਹੀਦੀ ਦੇ ਹੋਰ ਕਾਰਨਾਂ ਵਿਚ ਪ੍ਰਿਥੀ ਚੰਦ ਦਾ ਵਿਰੋਧ ਵੀ ਗੁਰੂ ਸਾਹਿਬ ਦੀ ਸ਼ਹੀਦੀ ਦਾ ਕਾਰਣ ਬਣਿਆ| 
7. ਪ੍ਰਿਥੀ ਚੰਦ ਦੀਆਂ ਗੁਰਮਤਿ ਵਿਰੋਧੀ ਕਾਰਵਾਈਆਂ ਅਤੇ ਮਿਹਰਬਾਨ ਵਲੋਂ ‘ਨਾਨਕ’ ਨਾਮ ਹੇਠ ਕੱਚੀ-ਬਾਣੀ ਦੀ ਰਚਨਾ ਕਰਕੇ ਸਿੱਖਾਂ ਨੇ ਪ੍ਰਿਥੀ ਚੰਦ ਅਤੇ ਉਸ ਦੇ ਪੁੱਤਰ ਮਿਹਰਬਾਨ ਤੋਂ ਸਦਾ ਲਈ ਨਾਤਾ ਤੋੜ ਲਿਆ| ਗੁਰਬਾਣੀ ਦਾ ਫ਼ੁਰਮਾਨ ਹੈ: ਕਹੈ ਨਾਨਕ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ|| (ਗੁ.ਗ੍ੰ.ਸਾ. ਪੰਨਾ-920) ਦੇ ਉਪਦੇਸ਼ ਕਰਕੇ ਬਾਬਾ ਪ੍ਰਿਥੀ ਚੰਦ ਅਤੇ ਉਸਦਾ ਪੁੱਤਰ  ਮਿਹਰਬਾਨ ਆਪਣੀ ਕੱਚੀ ਬਾਣੀ ਕਰਕੇ ਸਿੱਖ-ਕੌਮ ਵਿਚ ਬਦਨਾਮ ਹੋ ਗਏ| 
ਬਾਬਾ ਪ੍ਰਿਥੀ ਚੰਦ ਅਤੇ ਮਿਹਰਬਾਨ ਦੀਆਂ ਉਕਤ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਸੁਣ ਕੇ  ਇਕ ਅਨਪੜ ਸਿੱਖ ਵੀ ਸਹਿਜੇ ਹੀ ਅੰਦਾਜਾ ਲਗਾ ਸਕਦਾ ਹੈ ਕਿ ਜਿਹੜਾ ਵਿਅਕਤੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਜਨਮ ਤੋਂ ਮਾਰਨ ਦੀਆਂ ਸਾਜਿਸ਼ਾਂ ਕਰਦਾ ਰਿਹਾ ਹੋਵੇ, ਜਿਸ ਦਾ ਪੁੱਤਰ ਮਿਹਰਬਾਨ  ਗੁਰਗੱਦੀ ਨਾ ਮਿਲਣ ਕਰਕੇ ਆਪਣੇ ਆਪ ਗੁਰੂ ਬਣ ਬੈਠਾ ਸੀ ਅਤੇ ‘ਨਾਨਕ’ ਨਾਮ ਹੇਠ ਕੱਚੀ-ਬਾਣੀ ਦੀ ਤੁੱਕਬੰਦੀ ਕਰਕੇ ਸਿੱਖਾਂ ਨੂੰ ਗੁੰਮਰਾਹ ਕਰਦਾ ਰਿਹਾ ਹੋਵੇ, ਕੀ ਅਜਿਹੇ ਵਿਅਕਤੀਆਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਰਿਹਾਅ ਹੋਣ ਦੀ ਕੋਈ ਖੁਸ਼ੀ ਹੋ ਸਕਦੀ ਸੀ? ਕੀ ਗੁਰੂ ਸਾਹਿਬ ਅਜਿਹੇ ਗੁਰੂ-ਘਰ ਦੇ ਵਿਰੋਧੀ  ਵਿਅਕਤੀਆਂ ਦੀ ਹਰਿਮੰਦਰ ਸਾਹਿਬ ਵਿਚ ਦੀਪਮਾਲਾ ਕਰਨ ਦੀ ਸੇਵਾ ਲਾ ਸਕਦੇ ਸਨ? ਜਵਾਬ ਬਿਲਕੁਲ ਨਹੀਂ| 
ਸਾਨੂੰ ਇਕ ਗੱਲ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ ਕਿ ਕੋਈ ਕਸ਼ਟ, ਕੋਈ ਮੁਸੀਬਤ, ਕੋਈ ਜ਼ੁਲਮ, ਕੋਈ ਕੈਦ, ਕੋਈ ਡਰ, ਕੋਈ ਲਾਲਚ, ਕੋਈ ਖੁਸ਼ੀ ਜਾਂ ਕੋਈ ਗ਼ਮ ਸਿੱਖ-ਸਤਿਗੁਰਾਂ ਨੂੰ ਹਿਲਾ ਨਹੀਂ ਸਕਿਆ| ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਧੋਖੇ ਨਾਲ ਕੈਦ ਕੀਤਾ ਸੀ, ਜਿਸ ਕਰਕੇ ਸਿੱਖਾਂ ਦੇ ਮਨਾ ਅੰਦਰ ਮੁਗ਼ਲ ਹਕੂਮਤ ਪ੍ਰਤੀ ਗੁੱਸੇ ਦੀ ਲਹਿਰ ਪ੍ਰਚੰਡ ਸੀ| ਇਹ ਗੁੱਸਾ ਕਈ ਮਹੀਨੇ ਸੁਲਗਦਾ ਰਿਹਾ| ਜਦੋਂ ਕੋਈ ਮਨੁੱਖ ਜ਼ੁਲਮ ਦੇ ਖ਼ਿਲਾਫ ਲੜਦਾ ਹੈ ਤਾਂ ਉਹ ਖੁਸ਼ੀ ਵਿਚ ਦੀਵੇ ਨਹੀਂ ਬਾਲਦਾ| ਇਸ ਲਈ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਰਿਹਾਅ ਹੋਣ ਸਮੇਂ ਕੋਈ ਦੀਪਮਾਲਾ ਨਹੀਂ ਹੋਈ ਅਤੇ ਨਾ ਹੀ ਬੰਦੀ-ਛੋੜ ਕਰਕੇ ਇਹ ਦੀਪਮਾਲਾ ਹੋਈ ਕਿਉਂਕਿ ਕਿਸੇ ਖੁਸ਼ੀ ਵਿਚ ਦੀਵੇ ਜਗਾਉਣ ਦਾ ਇਹ ਕੰਮ ਸਿੱਖੀ-ਸਿਧਾਂਤਾਂ ਅਤੇ ਗੁਰੂ ਸਾਹਿਬ ਦੀ ਅਵਸਥਾ ਤੋਂ ਉਲਟ ਹੈ|
ਅਸਲ ਵਿਚ ਜਿਹੜੇ 52 ਰਾਜਿਆਂ ਨੂੰ ਗੁਰੂ ਸਾਹਿਬ ਨੇ ਆਪਣੇ ਨਾਲ ਰਿਹਾਅ ਕਰਵਾਇਆ ਸੀ ਉਨ੍ਹਾਂ ਵਿਚ ਜ਼ਿਆਦਾ ਗਿਣਤੀ ਹਿੰਦੂ ਰਾਜਿਆਂ ਦੀ ਸੀ| ਜਿਨਾਂ ਦੀ ਰਿਹਾਅ ਹੋਣ ਦੀ ਖੁਸ਼ੀ ਵਿਚ ਹਿੰਦੂ ਲੋਕਾਂ ਨੇ ਆਪਣੇ ਘਰਾਂ ਵਿਚ ਦੀਪਮਾਲਾ ਕੀਤੀ ਸੀ ਨਾ ਕਿ ਸਿੱਖਾਂ ਨੇ ਕਿਉਂਕਿ  ਸਿੱਖੀ ਮਾਰਗ ਤੇ ਚਲਣ ਵਾਲਾ ਮਨੁੱਖ ਖੁਸ਼ੀ ਅਤੇ ਗ਼ਮੀ ਤੋਂ ਹਮੇਸ਼ਾ ਨਿਰਲੇਪ ਰਹਿੰਦਾ ਹੈ| ਗੁਰਬਾਣੀ ਦੇ ਕੁੱਝ ਫ਼ੁਰਮਾਨ :-
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ|| (ਗੁ.ਗ੍ੰ.ਸਾ. ਪੰਨਾ-219)
ਅਰਥ: ਜਿਹੜਾ ਮਨੁੱਖ ਖੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਰਹਿੰਦਾ ਹੈ(ਭਾਵ ਖੁਸ਼ੀ ਅਤੇ ਗ਼ਮੀ ਦੇ ਸਮੇਂ ਅਡੋਲ ਰਹਿੰਦਾ ਹੈ) ਕੇਵਲ ਉਸ ਮਨੁੱਖ ਨੇ ਹੀ ਜਗਤ ਵਿਚ ਰਹਿੰਦੇ ਹੋਏ ਜੀਵਨ ਦਾ ਭੇਤ ਸਮਝਿਆ ਹੈ|
ਹਰਖ ਸੋਗੁ ਪਰਸੈ ਜਿਹ ਨਾਹਿਨ ਸੋ ਮੂਰਤਿ ਹੈ ਦੇਵਾ||  (ਗੁ.ਗ੍ੰ.ਸਾ. ਪੰਨਾ-220)
ਅਰਥ: ਜਿਸ ਮਨੁੱਖ ਤੇ ਖੁਸ਼ੀ ਜਾਂ ਗ਼ਮੀ ਆਪਣਾ ਜ਼ੋਰ ਨਹੀਂ ਪਾ ਸਕਦੇ, ਉਹ ਮਨੁੱਖ ਪ੍ਰਮਾਤਮਾ ਦਾ ਰਪੂ ਹੈ( ਭਾਵ ਜਿਵੇਂ ਪ੍ਰਮਾਤਮਾ ਖੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਹੈ, ਤਿਵੇਂ ਉਹ ਮਨੁੱਖ ਜਾਣੋ)| 
ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ|| (ਗੁ.ਗ੍ੰ.ਸਾ. ਪੰਨਾ-690)
ਅਰਥ: ਜਿਹੜਾ ਮਨੁੱਖ ਪ੍ਰਮਾਤਮਾ ਦੀ ਰਜ਼ਾ ਵਿਚ ਰਹਿੰਦਾ ਹੈ, ਉਹ ਖੁਸ਼ੀ ਅਤੇ ਗ਼ਮੀ ਤੋਂ ਸੁਤੰਤਰ ਹੁੰਦਾ  ਹੈ| 
ਐ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਓ! ਕੁੱਝ ਹੋਸ਼ ਕਰੋ| ਗੁਰੂ ਹਰਿਗੋਬਿੰਦ ਸਾਹਿਬ ਜੀ ਅਡੋਲ ਚਿਤ ਸਨ ਜਿਨ੍ਹਾਂ ਉਤੇ ਖੁਸ਼ੀ ਅਤੇ ਗ਼ਮੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ ਸੀ ਕਿਉਂਕਿ ਸਤਿਗੁਰੂ ਜੀ ਹਰ ਵੇਲੇ ਪ੍ਰਮਾਤਮਾ ਦੀ ਰਜ਼ਾ ਵਿਚ ਲੀਨ ਰਹਿੰਦੇ ਸਨ| 
ਯਾਦ ਰੱਖੋ!  ਗੁਰੂ ਹਰਿਗੋਬਿੰਦ ਸਾਹਿਬ ਦੇ ਅੰਮ੍ਰਿਤਸਰ ਪਹੁੰਚਣ ਤੇ ਕੋਈ ਦੀਪਮਾਲਾ ਨਹੀਂ ਹੋਈ| ਦੀਪਮਾਲਾ ਕਰਨ ਦਾ ਇਹ ਕੋਰਾ ਝੂਠ,  ਗੁਰੂ-ਘਰ ਦੇ ਵਿਰੋਧੀ ਬਾਬਾ ਪ੍ਰਿਥੀ ਚੰਦ ਅਤੇ ਉਸ ਦੇ ਪੁੱਤਰ ਮਿਹਰਬਾਨ ਨੇ ਬਾਅਦ ਵਿਚ ਆਪਣੇ ਆਪ ਘੜ ਕੇ ਸਿੱਖਾਂ ਨੂੰ ਕੁਰਾਹੇ ਪਾਇਆ ਕਿ ਗੁਰੂ ਜੀ ਕੇ ਆਨੇ ਕੀ ਖੁਸ਼ੀ ਮੇਂ ਦੀਪਮਾਲਾ ਕੀ ਗਈ| ਹਰਿਮੰਦਰ ਸਾਹਬਿ ਜੀ ਮੇਂ ਦੀਆ ਬਾਤੀ (ਦੀਵਾ-ਬੱਤੀ) ਕੀ ਸੇਵਾ ਮਿਹਰਬਾਨ ਕੀ ਲਾਈ| 
ਕੁੱਝ ਸਵਾਲ :
1. ਸਾਰੇ ਸਿੱਖ ਜਾਣਦੇ ਹਨ ਕਿ ਬਾਬਰ ਦੇ ਸਿਪਾਹੀਆਂ ਨੇ ਹਿੰਦੁਸਤਾਨ ਦੇ ਲੋਕਾਂ ਦੀ ਮਾਰ-ਧਾੜ ਕਰਦੇ ਸਮੇਂ ਅਣ-ਗਿਣਤ ਨਿਹੱਥੇ ਗ਼ਰੀਬ ਲਾਚਾਰ ਲੋਕਾਂ ਨੂੰ ਬੰਦੀ ਬਨਾਉਣ ਸਮੇਂ, ਗੁਰੂ ਨਾਨਕ ਸਾਹਿਬ ਅਤੇ ਭਾਈ ਮਰਦਾਨਾ ਜੀ ਨੂੰ ਵੀ ਕੈਦ ਕਰ ਲਿਆ ਸੀ, ਪਰ ਬਾਬਰ ਨੇ ਗੁਰੂ ਸਾਹਿਬ ਤੋਂ ਪ੍ਰਭਾਵਤ ਹੋ ਕੇ ਸਾਰੇ ਕੈਦੀਆਂ ਨੂੰ ਰਿਹਾਅ ਕਰ ਦਿੱਤਾ ਸੀ| ਜਿਸ ਕਰਕੇ ਗੁਰੂ ਸਾਹਿਬ ਨੂੰ ਬੰਦੀ ਛੋੜ ਕਿਹਾ ਜਾਂਦਾ ਹੈ| ਗੁਰੂ ਹਰਿਗੋਬਿੰਦ ਸਾਹਿਬ ਨੇ 52 ਕੈਦੀ ਰਾਜਿਆਂ ਨੂੰ ਰਿਹਾਅ ਕਰਵਾਇਆ ਸੀ, ਪਰ ਗੁਰੂ ਨਾਨਕ ਸਾਹਿਬ ਨੇ ਅਣ-ਗਿਣਤ ਗ਼ਰੀਬ ਲਾਚਾਰ ਲੋਕਾਂ ਨੂੰ ਰਿਹਾਅ ਕਰਵਾਇਆ ਸੀ| ਕੀ ਸਿੱਖਾਂ ਨੇ ਗੁਰੂ ਨਾਨਕ ਸਾਹਿਬ ਦੇ ਰਿਹਾਅ ਹੋਣ ਅਤੇ ਅਣ-ਗਿਣਤ ਗ਼ਰੀਬ ਲਾਚਾਰ ਲੋਕਾਂ ਨੂੰ ਰਿਹਾਅ ਕਰਾਉਣ ਦੀ ਖੁਸ਼ੀ ਵਿਚ ਵੀ ਕਦੇ ਦੀਵੇ ਜਗਾਏ ਹਨ?  
2. ਸ੍ਰ: ਮਹਿੰਦਰ ਸਿੰਘ ਜੋਸ਼ ਨੇ ਆਪਣੀ ਪੁਸਤਕ ‘ਗੁਰੂ ਤੇਗ ਬਹਾਦਰ ਸਾਹਿਬ ਦੀ ਜੀਵਨ ਗਾਥਾ’ ਦੇ ਪੰਨਾ-55 ਅਤੇ ਪੰਨਾ-66 ਉੱਤੇ, ਭੱਟ ਵਹੀ ਜਾਦੋ ਬੰਸੀਆਂ ਮੁਤਾਬਕ ਔਰੰਗਜ਼ੇਬ ਦੇ ਹੁਕਮ ਨਾਲ ਗੁਰੂ ਤੇਗ਼ ਬਾਹਦਰ ਜੀ ਨੂੰ ਦੋ ਵਾਰ ਗ੍ਰਿਫ਼ਤਾਰ ਕਰ ਲਿਆ ਗਿਆ ਸੀ| ਪਹਿਲੀ ਗ੍ਰਿਫ਼ਤਾਰੀ  ਵਿਚ  ਇਕ ਮਹੀਨਾ ਕੈਦ ਰੱਖਣ ਤੋਂ ਬਾਅਦ 13 ਦਸੰਬਰ, 1665 ਨੂੰ ਰਿਹਾਅ ਕਰ ਦਿੱਤੇ ਗਏ ਸਨ| ਦੂਜੀ ਗ੍ਰਿਫ਼ਤਾਰੀ  ਵਿਚ 2 ਮਹੀਨੇ 13 ਦਿਨ ਦੀ ਕੈਦ ਉਪਰੰਤ ਰਿਹਾਅ ਕਰ ਦਿਤੇ ਗਏ ਸਨ| ਕੀ ਸਿੱਖਾਂ ਨੇ  ਗੁਰੂ ਤੇਗ਼ ਬਹਾਦਰ ਜੀ ਦੇ ਰਿਹਾਅ ਹੋਣ ਦੀ ਖੁਸ਼ੀ ਵਿਚ ਵੀ ਕਦੇ ਦੀਵੇ ਜਗਾਏ ਹਨ?
3. ਸ਼ਬਦ ਕੋਸ਼ ਦੇ ਪੰਨਾ-497 ਤੇ ਲਿਖਿਆ ਹੈ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੰਦੀ-ਛੋੜ ਦਾ ਦਰਜਾ ਦਿੱਤਾ ਗਿਆ  ਸੀ| ਇਸ ਸਬੰਧੀ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਸਿੱਖ ਤਵਾਰੀਖ਼ ਵਿਚ ਲਿਖਿਆ ਹੈ ਕਿ 10 ਅਪ੍ਰੈਲ 1761 ਦੇ ਦਿਨ ਸਿੱਖਾਂ ਦਾ ਸਰਬੱਤ ਖ਼ਾਲਸਾ ਇਕੱਠ ਅੰਮ੍ਰਿਤਸਰ ਵਿਖੇ ਹੋਇਆ ਸੀ| ਇਸ ਮੌਕੇ ਤੇ ਬਹੁਤ ਸਾਰੇ ਹਿੰਦੂ ਲੋਕ ਖ਼ਾਲਸਾ ਫੌਜ ਦੇ ਜੱਥੇਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਕੋਲ ਫ਼ਰਿਆਦੀ ਹੋਏ| ਇਸ ਸਬੰਧੀ ਅਠਾਰਵੀਂ ਸਦੀ ਦੀ ਇਕ ਰਚਨਾ :-
ਵੇ ਮੋੜੀਂ ਭਾਈ ਕੱਛ ਵਾਲਿਆ ਸਿਰਦਾਰਾ| ਧੀ ਸਾਡੀ ਗਈ, ਬਸਰੇ ਨੂੰ ਗਈ|
ਏਨ੍ਹਾਂ ਦੀਆਂ ਗੁੱਡੀਆਂ ਭੁਆਈਂ ਸਿੰਘਾ ਛਈ| ਵੇ ਮੋੜੀਂ ਭਾਈ ਕੱਛ ਵਾਲਿਆ ਸਿਰਦਾਰਾ|

ਹਿੰਦੂਆਂ ਦੇ ਵਿਰਲਾਪ ਅਤੇ ਅਰਜੋਈਆਂ ਨੂੰ ਸੁਣ ਕੇ ਸਰਦਾਰ ਜੱਸਾ ਸਿੰਘ  ਅਤੇ ਖ਼ਾਲਸਾ ਫੌਜ ਦੇ ਜਰਨੈਲਾਂ ਨੇ ਮੁੜ ਅਫ਼ਗਾਨ ਫੌਜਾਂ  ਤੇ ਹਮਲਾ ਕਰਕੇ 2200 ਹਿੰਦੂ ਕੁੜੀਆਂ ਨੂੰ ਰਿਹਾਅ ਕਰਵਾਇਆ| ਇਸ ਕਰਕੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਬੰਦੀ ਛੋੜ ਕਿਹਾ ਗਿਆ| ਕੀ ਸਿੱਖਾਂ ਨੇ ਇਸ ਰਿਹਾਈ ਦੀ ਖੁਸ਼ੀ ਵਿਚ ਵੀ ਕਦੇ ਦੀਵੇ ਜਗਾਏ ਹਨ? ਇਨ੍ਹਾਂ ਸਵਾਲਾਂ ਦੇ ਜਵਾਬ ਨਾਂਹ ਵਿਚ ਹੀ ਮਿਲਦੇ ਹਨ|
ਹੁਣ ਦੇਖੋ ਭਾਈ ਗੁਰਦਾਸ ਜੀ ਦੀ 19ਵੀਂ ਵਾਰ ਦੀ 6ਵੀਂ ਪਉੜੀ ਵਿਚ, ਦੀਵਾਲੀ ਵਾਲੇ ਦਿਨ ਸਿੱਖ ਨੂੰ ਦੀਵੇ ਬਾਲਣ ਦੀ ਕੋਈ ਹਦਾਇਤ ਨਹੀਂ ਕੀਤੀ ਗਈ :- 
1. ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ|   2. ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ|
3. ਫੁੱਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ|   4. ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ|
5. ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ|   6. ਗੁਰਮੁਖਿ ਸੁਖਫਲ ਦਾਤਿ ਸਬਦਿ ਸਮ੍ਹਾਲੀਅਨਿ||6||

ਅਰਥ:1. ਦੀਵਾਲੀ ਦੀ ਰਾਤ ਘਰੋ-ਘਰੀਂ ਦੀਵੇ ਬਾਲੇ ਜਾਂਦੇ ਹਨ, ਪਰ ਕੁੱਝ ਚਿਰ ਮਗਰੋਂ ਦੀਵਿਆਂ ਦੀ ਰੋਸ਼ਨੀ ਖ਼ਤਮ ਹੋ ਜਾਂਦੀ ਹੈ| 
2. ਰਾਤ ਨੂੰ ਵੱਡੇ-ਛੋਟੇ ਤਾਰੇ ਅਕਾਸ਼ ਵਿਚ ਚਮਕਦੇ ਹਨ, ਪਰ ਦਿਨ ਚੜ੍ਹਦੇ ਉਨ੍ਹਾਂ  ਦੀ ਰੋਸ਼ਨੀ ਵੀ ਅਲੋਪ ਹੋ ਜਾਂਦੀ ਹੈ| 
3. ਫੁੱਲਾਂ ਦੇ ਬਗ਼ੀਚਿਆਂ ਵਿਚ ਫੁੱਲ ਖਿੜਦੇ ਹਨ, ਪਰ ਉਹ ਵੀ ਚੁਣ-ਚੁਣ ਕੇ ਤੋੜ ਲਏ ਜਾਂਦੇ ਹਨ ਜਾਂ ਮੁਰਝਾ  ਜਾਂਦੇ ਹਨ| 
4. ਯਾਤਰੀ ਲੋਕ ਤੀਰਥਾਂ ਉੱਤੇ ਟੋਲੀਆਂ ਵਿਚ ਨਜ਼ਰ ਆਉਂਦੇ ਹਨ, ਪਰ ਉਨ੍ਹਾਂ ਦੇ ਜਾਣ ਮਗਰੋਂ ਸਾਰੀ ਰੋਣਕ ਖ਼ਤਮ ਹੋ ਜਾਂਦੀ ਹੈ| 
5. ਹਰੀ ਚੰਦਉਰੀ ਦੇ ਨਗਰ ਦਿਖਾਵੇ ਮਾਤਰ ਨਜ਼ਰ ਆਉਂਦੇ ਹਨ, ਇਹ ਕਾਲਪਨਿਕ ਮੇਲਾ ਵੀ ਥੋੜੇ ਚਿਰ ਦਾ ਹੈ|  
6. ਪਰ ਗੁਰਮੁੱਖਾਂ ਨੂੰ ਆਤਮਕ ਸੁੱਖਾਂ ਦੀ ਦਾਤ ਗੁਰੂ ਦੇ ਸ਼ਬਦ ਦੁਆਰਾ ਪ੍ਰਾਪਤ ਹੋਈ ਹੈ ਜੋ ਕਦੇ ਖ਼ਤਮ ਨਹੀਂ ਹੁੰਦੀ| 
ਇਸ ਵਾਰ ਵਿਚ  ‘ਦੀਵਾਲੀ ਦੀ ਰਾਤ ਦੀਵੇ ਬਾਲੀਅਨ’ ਦੀ ਥਾਂ ਦੀਵਾਲੀ ਦੀ ਰਾਤ ਦੀਵੇ ਬਾਲਿਓ ਦਾ ਕੋਈ ਜ਼ਿਕਰ ਨਹੀਂ ਹੈ, ਜਿਸ ਤੋਂ ਇਹ ਪ੍ਰਤੀਤ ਹੁੰਦਾ ਹੋਵੇ ਕਿ ਇਸ ਵਾਰ ਵਿਚ ਸਿੱਖਾਂ ਨੂੰ ਦੀਵਾਲੀ ਦੀ ਰਾਤ ਦੀਵੇ ਬਾਲਣ ਦੀ ਕੋਈ ਹਦਾਇਤ ਕੀਤੀ ਹੋਵੇ|  ਪਰ ਦਰਬਾਰ ਸਾਹਿਬ ਵਿਚ ਇਸ ਵਾਰ ਦੀ ਪਹਿਲੀ ਪੰਕਤੀ ‘ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ’ ਨੂੰ ਵਾਰ ਵਾਰ  ਗਾ ਕੇ ਭੋਲੇ-ਭਾਲੇ ਅਤੇ ਸਿੱਖੀ-ਸਿਧਾਂਤਾਂ ਤੋਂ ਅਣਜਾਣ ਸਿੱਖਾਂ ਵਿਚ ਦੀਵਾਲੀ ਮਨਾਉਣ ਅਤੇ ਦੀਵੇ ਬਾਲਣ ਦੇ ਭਰਮ ਨੂੰ ਪੱਕਾ ਜ਼ਰੂਰ ਕੀਤਾ ਜਾ ਰਿਹਾ ਹੁੰਦਾ ਹੈ| 
ਹੁਣ ਦੇਖੋ ਦੀਵਾਲੀ ਵਾਲੇ ਦਿਨ ਸਿੱਖੀ-ਸਿਧਾਂਤਾਂ ਦੀ ਘੋਰ-ਅਵੱਗਿਆ ਕਰਕੇ ਸਿੱਖ ਆਪਣੀ ਬੇ-ਸਮਝੀ ਦਾ ਪ੍ਰਗਟਾਵਾ ਕਿਵੇਂ ਕਰਦੇ ਹਨ? 
1. ਭਾਈ ਗੁਰਦਾਸ ਜੀ ਦੀ ਇਸ ਵਾਰ ਵਿਚ ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ| ਵੱਲ ਸਿੱਖਾਂ ਦਾ ਧਿਆਨ ਤਾਂ ਚਲਾ ਜਾਂਦਾ ਹੈ ਪਰ ਇਸ ਦੀ ਛੇਵੀਂ ਪੰਕਤੀ ਗੁਰਮੁਖਿ ਸੁਖਫਲ ਦਾਤਿ ਸਬਦਿ ਸਮ੍ਹਾਲੀਅਨਿ||6|| ਵੱਲ ਧਿਆਨ ਕਦੇ ਨਹੀਂ ਜਾਂਦਾ| ਜਿਸ ਵਿਚ ਭਾਈ ਗੁਰਦਾਸ ਜੀ ਨੇ ਗੁਰੂ ਦੇ ਸ਼ਬਦ (ਗੁਰਬਾਣੀ) ਦੀ ਸਦੀਵੀ ਰੋਸ਼ਨੀ ਅੱਗੇ ਦੀਵਾਲੀ ਦੀ ਰੋਸ਼ਨੀ ਨੂੰ ਵੀ ਤੁੱਛ ਦਸਿਆ ਹੈ ਕਿਉਂਕਿ ਅੱਖਾਂ ਨੂੰ ਚੁੰਧਿਆ ਦੇਣ ਵਾਲੀ ਰੋਸ਼ਨੀ ਵੀ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਤੋਂ ਨਹੀਂ ਬਚਾ ਸਕਦੀ|  ਗੁਰਬਾਣੀ ਦਾ ਫ਼ੁਰਮਾਨ ਹੈ:-
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ|| 
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ|| (ਗੁ.ਗ੍ੰ.ਸਾ.ਪੰਨਾ-463)

ਅਰਥ: ਜੇ ਸੈਂਕੜੇ ਚੰਦਰਮਾ  ਅਤੇ ਹਜ਼ਾਰਾਂ ਸੂਰਜਾਂ ਦੇ ਚੜ੍ਹਨ ਨਾਲ ਬਹੁਤ ਸਾਰਾ ਚਾਨਣ ਹੋ ਜਾਵੇ ਤਾਂ ਵੀ ਸੱਚੇ ਗੁਰੂ ਤੋਂ ਬਿਨਾਂ ਚਾਰੇ ਪਾਸੇ ਅਗਿਆਨਤਾ ਦਾ ਘੁੱਪ ਹਨੇਰਾ ਹੀ ਹਨੇਰਾ ਹੈ| 
ਗੁਰਬਾਣੀ ਅਨੁਸਾਰ ਹਨੇਰੇ ਵਿਚ ਦੀਵੇ ਬਾਲਣ ਦਾ ਤਾਂ ਜਿਕਰ ਮਿਲਦਾ ਹੈ ਪਰ ਕਿਸੇ ਖੁਸੀਂ ਨੂੰ ਪ੍ਰਗਟ ਕਰਨ ਲਈ ਦੀਵੇ ਬਾਲਣ ਦੀ ਕੋਈ ਹਦਾਇਤ ਨਹੀਂ ਹੈ| ਕੇਵਲ ਗੁਰੂ ਦਾ ਗਿਆਨ ਹੀ ਉਹ ਰੋਸ਼ਨੀ ਹੈ ਜਿਸ ਅੱਗੇ ਸੰਸਾਰ ਦੀਆਂ ਸਾਰੀਆਂ ਰੋਸ਼ਨੀਆਂ ਬੁੱਝ ਜਾਂਦੀਆਂ ਹਨ| ਗੁਰਬਾਣੀ ਦਾ ਫੁਰਮਾਨ ਹੈ :-
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ|| (ਗੁ.ਗ੍ੰ.ਸਾ.ਪੰਨਾ-39)
ਅਰਥ : ਜਿਵੇਂ ਰਾਤ ਦੇ ਹਨੇਰੇ ਵਿਚ ਦੀਵਾ ਬਾਲ ਦਿੱਤਾ ਜਾਏ ਤਾਂ ਹਨੇਰਾ ਦੂਰ ਹੋ ਜਾਂਦਾ ਹੈ ਤਿਵੇਂ ਗੁਰ ਦੇ ਗਿਆਨ ਦੀ ਰੋਸ਼ਨੀ ਨਾਲ ਮਨੁੱਖ ਦੇ ਜੀਵਨ ਵਿਚੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ| 
ਸਿੱਖ ਆਪਣੀ ਬੇ-ਸਮਝੀ ਦਾ ਹਨੇਰਾ ਦੂਰ ਕਰਨ ਲਈ ਗੁਰੂ ਦੇ ਗਿਆਨ ਵਾਲਾ ਦੀਵਾ ਗੁਰਦੁਆਰਿਆਂ, ਘਰਾਂ ਅਤੇ ਆਪਣੇ ਹਿਰਦੇ ਵਿਚ ਕਦੋਂ ਜਗਾਣਗੇ? 
2. ਸਿੱਖ ਨੂੰ ਹਰ ਪ੍ਰਕਾਰ ਦੇ ਨਸ਼ੇ ਕਰਨ ਦੀ ਸਖ਼ਤ ਮਨਾਹੀ ਹੈ, ਪਰ ਦੀਵਾਲੀ ਵਾਲੇ ਦਿਨ ਅਣ-ਗਿਣਤ ਸਿੱਖ ਠੇਕਿਆਂ ਤੋ ਸ਼ਰਾਬ ਖ਼ਰੀਦ ਰਹੇ ਹੁੰਦੇ ਹਨ ਅਤੇ ਘਰਾਂ ਵਿਚ ਸ਼ਰਾਬ ਪੀ ਕੇ ਸਿੱਖੀ-ਸਿਧਾਂਤਾਂ ਦੀ ਘੋਰ  ਅਵੱਗਿਆ ਕਰ ਰਹੇ ਹੁੰਦੇ ਹਨ| ਗੁਰਬਾਣੀ ਦਾ ਫੁਰਮਾਨ ਹੈ:-
ਜਿਤ ਪੀਤੈ ਮਤਿ ਦੂਰਿ ਹੋਇ ਬਰਲ ਪਵੈ ਵਿਚਿ ਆਇ||
ਆਪਣਾ ਪਰਾਇਆ ਨਾ ਪਛਾਣਈ ਖਸਮਹੁ ਧਕੇ ਖਾਇ|| (ਗੁ.ਗ੍ੰ.ਸਾ ਪੰਨਾ-554)

ਅਰਥ: ਸ਼ਰਾਬ ਪੀਣ ਨਾਲ ਮਨੁੱਖ ਦੀ ਅਕਲ ਦੂਰ ਹੋ ਜਾਂਦੀ ਹੈ ਅਤੇ ਆਪਣਾ ਝੱਲਪੁਣਾ ਖਿਲਾਰਨ ਲੱਗ ਪੈਂਦਾ ਹੈ|  ਆਪਣੇ ਪਰਾਏ ਦੀ ਉਸ ਨੂੰ ਪਛਾਣ ਨਹੀਂ ਰਹਿੰਦੀ| ਖਸਮ ਪ੍ਰਭੂ ਵਲੋਂ ਧੱਕੇ ਪੈਂਦੇ ਹਨ| 
ਗੁਰਬਾਣੀ ਦਾ ਦੂਜਾ ਫ਼ੁਰਮਾਨ :-
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ|| (ਗੁ.ਗ੍ੰ.ਸਾ.ਪੰਨਾ-554)
ਅਰਥ: ਐਸੀ ਚੰਦਰੀ ਸ਼ਰਾਬ ਮਨੁੱਖ ਨੂੰ ਭੁੱਲ ਕੇ ਨਹੀਂ ਪੀਣੀ ਚਾਹੀਦੀ|  
ਸਿੱਖ ਹਰ ਪ੍ਰਕਾਰ ਦੇ ਨਸ਼ੇ ਛੱਡ ਕੇ  ਗੁਰ-ਗਿਆਨ ਦਾ ਨਸ਼ਾ ਕਦੋਂ ਕਰਨਗੇ  ਜਿਹੜਾ ਕਦੇ ਨਹੀਂ ਉਤਰਦਾ? 
3. ਦੀਵਾਲੀ ਵਾਲੇ ਦਿਨ ਸਿੱਖ ਆਪਣੇ ਪਿੰਡਾਂ ਅਤੇ  ਸ਼ਹਿਰਾਂ ਵਿਚ ਬਣਾਈਆਂ ਸਮਾਧਾਂ, ਪੱਥਰਾਂ,  ਪੱਥਰ ਦੀਆਂ ਮੂਰਤੀਆਂ ਅਤੇ ਖੂਹਾਂ ਅੱਗੇ ਦੀਵੇ ਬਾਲ ਕੇ ਮੱਥੇ ਟੇਕ ਕੇ ਪਖੰਡ ਕਰਦੇ  ਹਨ| ਗੁਰਬਾਣੀ ਦਾ ਫ਼ੁਰਮਾਨ ਹੈ :-
ਜੋ ਪਾਥਰ ਕੀ ਪਾਂਈ ਪਾਇ|| ਤਿਸ ਕੀ ਘਾਲ ਅਜਾਂਈ ਜਾਇ|| (ਗੁ.ਗ੍ੰ.ਸਾ.ਪੰਨਾ-1160)
ਅਰਥ: ਜੋ ਮਨੁੱਖ ਪੱਥਰਾਂ, ਸਮਾਧਾਂ ਅਤੇ ਪੱਥਰ ਦੀਆਂ ਮੂਰਤੀਆਂ ਅੱਗੇ ਮੱਥੇ ਰਗੜਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ, ਉਨ੍ਹਾਂ ਦੀ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ (ਭਾਵ ਉਨ੍ਹਾਂ ਨੂੰ ਕੋਈ ਆਤਮਕ ਲਾਭ ਨਹੀਂ ਹੁੰਦਾ)|
ਪਿੰਡਾਂ/ਕਸਬਿਆਂ/ਸ਼ਹਿਰਾਂ ਵਿਚ  ਸਿੱਖ  ਆਪਣੇ ਘਰਾਂ ਵਿਚ ਮਿੱਟੀ ਦੀ ਹਟੜੀ ਜੋ ਕਿ ਇਕ ਮੰਦਰ ਹੁੰਦਾ ਹੈ, ਉਸ ਅੱਗੇ ਮੱਥੇ ਟੇਕ ਕੇ ਸਿੱਖੀ-ਸਿਧਾਂਤਾਂ ਦੀਆਂ ਧੱਜੀਆਂ ਉਡਾ  ਰਹੇ ਹੁੰਦੇ ਹਨ ਕਿਉਂਕਿ ਸਿੱਖ ਕਿਸੇ ਮੰਦਰ ਦੀ ਪੂਜਾ ਨਹੀਂ ਕਰਦਾ| ਗੁਰਬਾਣੀ ਦਾ ਫ਼ੁਰਮਾਨ ਹੈ:-
ਹਿੰਦੂ ਪੂਜੈ ਦੇਹੁਰਾ  ਮੁਸਲਮਾਣੁ ਮਸੀਤਿ|| ਨਾਮੇ ਸੋਈ ਸੇਵਿਆ ਜਹ  ਦੇਹੁਰਾ ਨਾ ਮਸੀਤਿ|| (ਗੁ.ਗ੍ੰ.ਸਾ.ਪੰਨਾ-875)
ਅਰਥ: ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਹਿੰਦੂ ਮੰਦਰ ਵਿਚ ਜਾਂਦਾ ਹੈ ਅਤੇ ਮੁਸਲਮਾਨ ਮਸੀਤ ਵਿਚ ਜਾਂਦਾ ਹੈ ਪਰ ਮੈਂ ਵੀ ਪਰਮਾਤਮਾ ਦੀ ਬੰਦਗੀ ਕਰਦਾ ਹਾਂ ਜਿੱਥੇ ਨਾ ਕੋਈ ਮੰਦਰ ਹੈ ਅਤੇ ਨਾ ਕੋਈ ਮਸੀਤ ਹੈ| 
ਜਿਹੜੇ ਦੀਵਾਲੀ ਵਾਲੇ ਦਿਨ ਮੜ੍ਹੀਆਂ ਵਿਚ ਜਾ ਕੇ ਦੀਵੇ ਰੱਖਦੇ ਹਨ ਅਤੇ ਆਪਣੇ ਵੱਡੇ-ਵਡੇਰਿਆਂ ਦੀ ਮੜ੍ਹੀਆਂ ਵਿਚ ਪੂਜਾ ਕਰਦੇ ਹਨ, ਉਹ  ਗੁਰਬਾਣੀ ਹੁਕਮਾਂ ਦੀ ਘੋਰ ਅਵੱਗਿਆ ਕਰਦੇ ਹਨ| ਗੁਰਬਾਣੀ ਦਾ ਫੁਰਮਾਨ ਹੈ :
ਦੁਬਿਧਾ ਨਾ ਪੜਉ ਹਰਿ ਬਿਨ ਹੋਰ ਨ ਪੂਜਉ ਮੜੈ ਮਸਾਣਿ ਨ ਜਾਈ||  (ਗੁ.ਗ੍ਰੰ.ਸਾ.ਪੰਨਾ-864)
ਅਰਥਾਤ ਗੁਰੂ ਸਾਹਿਬ ਸਮਝਾਉਂਦੇ ਹਨ ਕਿ ਇਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਦੀ ਸੇਵਾ-ਭਗਤੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਮਾਧਾਂ ਅਤੇ ਮੜ੍ਹੀਆਂ ਨੂੰ ਪੂਜਣਾ ਚਾਹੀਦਾ ਹੈ| 
ਦੀਵਾਲੀ ਵਾਲੇ ਦਿਨ ਸਿੱਖ-ਗੁਰੂ ਸਾਹਿਬਾਨਾਂ ਦੀਆਂ ਮਨੋਕਲਪਿਤ ਤਸਵੀਰਾਂ ਅੱਗੇ ਮੱਥੇ ਟੇਕ ਕੇ ਸਿੱਖੀ-ਸਿਧਾਂਤਾਂ ਦੀ ਘੋਰ-ਅਵੱਗਿਆ ਕਰਦੇ ਹਨ| ਅਜਿਹੇ ਸਿੱਖਾਂ ਨੂੰ ਅਜੇ ਤਕ ਆਪਣੇ ਗੁਰੂ ਦਾ ਹੀ ਪਤਾ ਨਹੀਂ ਕਿ ਸਿੱਖ ਦਾ ਗੁਰੂ ਕੌਣ ਹੈ? ਗੁਰਬਾਣੀ ਅਨੁਸਾਰ ਗੁਰੂ ਦੀ ਮੂਰਤ ਕਿਹੜੀ ਹੈ?:-
ਗੁਰ ਕੀ ਮੂਰਤਿ ਮਨ ਮਹਿ ਧਿਆਨੁ|| ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ|| (ਗੁ.ਗ੍ਰੰ.ਸਾ.ਪੰਨਾ-634)
ਅਰਥ: ਗੁਰੂ ਦਾ ਸ਼ਬਦ ਹੀ ਗੁਰੂ ਦੀ ਮੂਰਤੀ ਹੈ| ਗੁਰੂ ਦੀ ਇਸ ਸ਼ਬਦ ਰੂਪੀ ਮੂਰਤੀ ਦਾ ਧਿਆਨ ਆਪਣੇ ਮਨ ਵਿਚ ਟਿਕਾਉ|
ਭਾਈ ਗੁਰਦਾਸ ਜੀ ਗੁਰੂ ਦੀ ਮੂਰਤਿ ਬਾਰੇ ਆਪਣੀ  24ਵੀਂ ਵਾਰ ਦੀ 25ਵੀ ਪਉੜੀ ਵਿਚ ਲਿਖਦੇ ਹਨ :-
ਗੁਰਮੂਰਤਿ ਗੁਰ ਸਬਦ ਹੈ  ਸਾਧਸੰਗਤਿ ਵਿਚਿ ਪਰਗਟੀ ਆਇਆ|
ਅਰਥਾਤ ਗੁਰੂ ਦੀ ਮੂਰਤ ਗੁਰੂ ਦਾ ਸ਼ਬਦ ਹੈ ਜੋ ਗੁਰੂ ਦੀ ਸੰਗਤ ਵਿਚ ਸਦਾ ਪ੍ਰਗਟ ਰਹਿੰਦਾ ਹੈ| 
ਯਾਦ ਰੱਖੋ ! ਜਿਸ ਵਿਚ ਗੁਰੂ ਦੀ ਬਾਣੀ ਹੈ, ਉਹ ਗ੍ਰੰਥ ਸਿੱਖ ਦਾ ਗੁਰੂ ਹੈ| ਮਨੋ-ਕਲਪਿਤ ਤਸਵੀਰਾਂ ਜਾਂ ਮੂਰਤੀਆਂ ਅੰਦਰ ਗੁਰੂ ਦੀ ਬਾਣੀ  ਨਹੀਂ ਹੈ| ਇਸ ਲਈ ਇਹ ਤਸਵੀਰਾਂ ਜਾਂ ਮੂਰਤੀਆਂ ਸਿੱਖ ਦਾ ਗੁਰੂ ਨਹੀਂ ਹਨ|
ਸਿੱਖ ਆਪਣੇ ਗੁਰੂ ਦੀ ਪਛਾਣ ਕਦੋਂ ਕਰਨਗੇ ? 
4. ਸਿੱਖ ਦੀਵਾਲੀ ਵਾਲੇ ਦਿਨ ਕਰੋੜਾਂ ਰੁਪਿਆਂ ਦੀ ਆਤਿਸ਼ਬਾਜ਼ੀ ਚਲਾ ਕੇ ਆਪਣੇ ਗੁਰੂ ਹਰਿਗੋਬਿੰਦ ਸਾਹਿਬ ਦੀ ਨਿਰਾਦਰੀ ਕਰਕੇ ਕਿੰਨੇ ਖੁਸ਼ ਹੁੰਦੇ ਹਨ ਅਤੇ ਆਪਣੇ ਧਰਮ ਦੇ ਸਿਧਾਂਤਾਂ ਦੀਆਂ ਧੱਜੀਆਂ ਉਡਾ ਕੇ ਵੀ ਕਿੰਨੇ ਖੁਸ਼ ਹੁੰਦੇ ਹਨ| ਦੂਜੇ ਪਾਸੇ ਗੁਰਦੁਆਰਿਆਂ ਵਿਚ ਮਾਇਆਧਾਰੀ ਸਿੱਖ ਦੀਵਾਲੀ ਵਾਲੇ ਦਿਨ ਗੋਲਕਾਂ ਵਿਚ ਮਾਇਆ ਇਕੱਠੀ ਕਰਕੇ ਬਹੁਤ ਖੁਸ਼ ਹੁੰਦੇ ਹਨ| 
ਬੇਸ਼ੱਕ ਸਿੱਖ-ਕੌਮ ਬਹਾਦਰਾਂ ਦੀ ਕੌਮ ਹੈ, ਜਿਸ ਦੀ ਬਹਾਦਰੀ ਨੂੰ ਦੁਨੀਆਂ ਦੇ ਹਰ ਪ੍ਰਕਾਰ ਦੇ ਹਥਿਆਰਾਂ ਨੇ ਸਮੇਂ-ਸਮੇਂ ਤੇ ਪਰਖ ਲਿਆ ਹੈ| ਪਰ ਅੱਜ ਬਹਾਦਰਾਂ ਦੀ ਕੌਮ ਨੇ ਹਿੰਦੂ-ਮਤ ਦੇ ਤਿਉਹਾਰ ਮਨਾ ਕੇ ਆਪਣਾ ਦੀਵਾਲਾ ਆਪ ਹੀ ਕੱਢ ਲਿਆ ਹੋਇਆ ਹੈ| ਜਿਸ ਕਰਕੇ ਸਿੱਖ  ਆਪਣੇ ਗੁਰੂ ਦੀਆਂ ਨਜ਼ਰਾਂ ਵਿਚ ਦੀਵਾਲੀਏ ਸਾਬਤ ਹੋ ਰਹੇ ਹਨ| 
ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕ ਗੱਲ ਹਮੇਸ਼ਾ  ਯਾਦ ਰੱਖਣੀ ਹੋਵੇਗੀ  ਕਿ ਸਿੱਖ ਉਹ ਇਨਸਾਨ ਹਨ ਜੋ ਖੁਸ਼ੀ ਅਤੇ ਗ਼ਮੀ ਤੋਂ ਨਿਰਲੇਪ ਹਨ| ਜਿਨ੍ਹਾਂ ਦੀ ਕੌਮ ਦਾ ਕੋਈ ਵੀ  ਤਿਉਹਾਰ ਨਾ ਤਾਂ ਦੀਵੇ ਜਗਾਉਣ ਲਈ ਬਣਿਆ ਹੈ ਅਤੇ ਨਾ ਹੀ ਤਿਉਹਾਰਾਂ ਦੇ ਨਾਂ ਤੇ ਗੋਲਕਾਂ ਭਰਨ ਲਈ ਬਣਿਆ ਹੈ| ਸਿੱਖਾਂ ਦਾ ਹਰ-ਇਕ ਤਿਉਹਾਰ ਆਪਣੇ ਗੁਰੂ ਕੋਲੋਂ ਗੁਰਬਾਣੀ ਸਿੱਖਿਆ ਹਾਸਲ ਕਰਨ ਲਈ ਬਣਿਆ ਹੈ| ਇਸ ਲਈ ਐ ਗੁਰੂ ਦੇ ਸਿੱਖੋ! ਹੋਰ ਕੌਮਾਂ ਵਾਂਗ ਸਾਨੂੰ ਵੀ ਆਪਣੇ ਤਿਉਹਾਰ ਮਨਾਉਣੇ ਚਾਹੀਦੇ ਹਨ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਅਨੁਸਾਰ ਚੱਲ ਕੇ ਗੁਰੁ ਦੇ ਸਿੱਖ ਬਣਨਾ ਚਾਹੀਦਾ ਹੈ ਨਾ ਕੇ ਗੁਰਬਾਣੀ ਹੁਕਮਾਂ ਦੀ ਉਲੰਘਣਾ ਕਰਕੇ ਦੀਵਾਲੀਏ ਸਿੱਖ|  

ਦਵਿੰਦਰ ਸਿੰਘ, ਆਰਟਿਸਟ, ਖਰੜ|
ਮੋਬਾਇਲ ਨੰ: 97815-09768