ਦੋ ਤਲਵਾਰਾਂ ਬੱਧੀਆਂ

0
11

A A A

davinder singh artist

ਗੁਰ ਬਿਲਾਸ ਪਾ: 6 ਦੇ ਲਿਖਾਰੀ ਨੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਨਕਲ ਕਰਕੇ ਆਪਣੇ ਇਸ ਗ੍ਰੰਥ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ|

ਦੇਖੋ ਪਹਿਲਾਂ ਭਾਈ ਗੁਰਦਾਸ ਜੀ ਦੀ  ਪਹਿਲੀ ਵਾਰ ਦੀ 48ਵੀਂ ਪਉੜੀ :-
1. ਪੰਜ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ|
2. ਅਰਜਨ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ|
3. ਚਲੀ ਪੀੜੀ ਸੋਢੀਆਂ ਰੂਪੁ ਦਿਖਾਵਣਿ ਵਾਰੋ ਵਾਰੀ|
4. ਦਲ ਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ|

ਹੁਣ ਦੋਖੋ, ਗੁਰਬਿਲਾਸ ਪਾ:6 ਦੇ ਪਹਿਲੇ ਅਧਿਆਇ ਦੀ ਚੌਪਈ ਨੰ:28 ਅਤੇ 29 :-
ਪੰਜ ਪਿਯਾਲੇ ਪੰਜ ਪੀਰਾਰੀ| ਛਠਮ ਪੀਰ ਬੈਠਾ ਗੁਰ ਭਾਰੀ|
ਅਰਜਨ ਕਾਯਾਂ ਪਲਟਿ ਧਰਾਈ| ਮੂਰਤਿ ਹਰਿ ਗੋਬਿੰਦ ਬਨਾਈ|28|
ਚਲੀ ਪੀੜ੍ਹੀ ਸੋਢ ਬੰਸਾਰੀ| ਰੂਪ ਦਿਖਾਵਨ ਵਾਰੋ ਵਾਰੀ|
ਦਲ ਭੰਜਨ ਗੁਰ ਸੂਰ ਅਪਾਰਾ| ਬੜ ਜੋਧਾ ਬੜ ਪਰਉਪਕਾਰੀ|29|

ਗੁਰਬਿਲਾਸ ਦੇ ਲਿਖਾਰੀ ਵੱਲੋਂ  ਭਾਈ ਗੁਰਦਾਸ ਜੀ ਦੀ ਵਾਰਾਂ ਵਿਚੋਂ ਕੀਤੀ ਨਕਲ ਸਾਫ਼ ਝਲਕ ਰਹੀ ਹੈ| ਜਿਸ ਤੋਂ ਸਾਬਤ ਹੁੰਦਾ ਹੈ ਕਿ ਗੁਰ ਬਿਲਾਸ ਪਾ:6 ਦੇ ਲਿਖਾਰੀ ਕੋਲ ਸਿੱਖ ਧਰਮ ਨਾਲ ਸਬੰਧਤ ਗ੍ਰੰਥ ਮੌਜੂਦ ਸਨ, ਜਿਨ੍ਹਾਂ ਦਾ ਸਹਾਰਾ ਲੈ ਕੇ ਗੁਰਮਤਿ ਵਿਰੋਧੀ ਗ੍ਰੰਥ ਲਿਖ ਕੇ ਸਿੱਖ-ਇਤਿਹਾਸ ਨੂੰ ਵਿਗਾੜਿਆ| 
ਗੁਰਬਿਲਾਸ ਦਾ ਲਿਖਾਰੀ ਇਸ ਗ੍ਰੰਥ ਦੇ ਪਹਿਲੇ ਅਧਿਆਇ ਦੀ ਚੌਪਈ ਨੰ:135 ਵਿਚ ਗੁਰੂ ਹਰਿਗੋਬਿੰਦ ਸਾਹਿਬ ਨੂੰ ਮੀਰੀ-ਪੀਰੀ ਦੀਆਂ ਦੋ ਕ੍ਰਿਪਾਨਾਂ ਸਮੇਤ ਅਕਾਲ ਤਖ਼ਤ ਤੇ ਬੈਠਾ ਦਿਖਾਉਂਦਾ ਹੈ :-
ਹਰਿ ਗੋਬਿੰਦ ਸੁਭ ਨਾਮ ਕਹਾਵੈ| ਬਹੁ ਮਲੇਛ ਕੋ ਮਾਰਿ ਗਿਰਾਵੈ|
ਮੀਰੀ ਪੀਰੀ ਧਾਰਿ ਕ੍ਰਿਪਾਨ| ਬੈਠੇਗਾ ਸੁੱਭ ਤਖਤ ਅਕਾਲ|135|

ਹੈਰਾਨੀ ਦੀ ਗੱਲ ਇਹ ਹੈ ਕਿ ਭਾਈ ਗੁਰਦਾਸ ਜਿਸ ਨੇ ਗੁਰੂ ਅਮਰਦਾਸ ਜੀ ਤੋਂ ਲੈ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵਾਪਰਿਆ ਸਾਰਾ ਇਤਿਹਾਸ ਆਪਣੀਆਂ ਅੱਖਾਂ ਨਾਲ ਦੇਖਿਆ ਪਰ ਉਨ੍ਹਾਂ ਨੇ ਆਪਣੀਆਂ ਵਾਰਾਂ ਵਿਚ ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ ਕੇ ਅਕਾਲ ਤਖ਼ਤ ਤੇ ਬੈਠੇ|
ਅਸਲ ਵਿਚ ਢਾਢੀ ਨੱਥਾ ਅਤੇ ਅਬਦੁੱਲਾ ਦੀਆਂ ਵਾਰਾਂ ਜਿਸ ਵਿਚ ਲਿਖਿਆ ਹੈ ਕਿ ਗੁਰੂ ਹਰਿਗੋਬੰਦ ਸਾਹਿਬ ਨੇ ਮੀਰੀ ਅਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਸਨ| ਜਿਸ ਨੂੰ ਆਧਾਰ ਬਣਾ ਕੇ ਗੁਰ ਬਿਲਾਸ ਦੇ ਲਿਖਾਰੀ ਨੇ ਮੀਰੀ-ਪੀਰੀ ਦੀਆਂ ਕ੍ਰਿਪਾਨਾਂ ਲਿਖ ਦਿੱਤੀਆਂ ਪਰ ਦੋ ਕ੍ਰਿਪਾਨਾਂ ਅਤੇ ਅਕਾਲ ਤਖ਼ਤ ਦਾ ਪ੍ਰਸੰਗ ਭਾਈ ਗੁਰਦਾਸ ਜੀ ਦੀ ਵਾਰਾਂ ਵਿਚੋਂ ਨਹੀਂ ਮਿਲਦਾ|

ਦੋ ਤਲਵਾਰਾਂ ਦਾ ਪ੍ਰਸੰਗ ਜਿਹੜਾ ਢਾਢੀਆਂ ਵੱਲੋਂ ਅਕਸਰ ਸਟੇਜਾਂ ਤੇ ਹਰ ਥਾਂ ਸੁਣਾਇਆ ਜਾਂਦਾ ਹੈ, ਉਹ ਇਸ ਪ੍ਰਕਾਰ ਹੈ :-
ਦੋ ਤਲਵਾਰਾਂ ਬੱਧੀਆਂ, ਇਕ ਮੀਰੀ ਦੀ, ਇਕ ਪੀਰੀ ਦੀ|
ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰ ਦੀ|

ਨੋਟ ਕਰਨ ਵਾਲੀਆਂ ਕੁੱਝ ਗੱਲਾਂ:-

ਪਹਿਲੀ ਪੰਕਤੀ ਵਿਚ ਦੋ ਤਲਵਾਰਾਂ ਕਿਹੜੀਆਂ-ਕਿਹੜੀਆਂ ਹਨ? ਜਵਾਬ ਹੈ: (ਇਕ ਮੀਰੀ ਦੀ, ਇਕ ਪੀਰੀ ਦੀ) ਮੀਰੀ ਤੋਂ ਭਾਵ ਹੈ ਸਰਦਾਰੀ ਅਤੇ ਪੀਰੀ ਤੋਂ ਭਾਵ ਹੈ ਗੁਰਿਆਈ| ਜੇਕਰ ਸਿੱਖੀ-ਸਿਧਾਂਤਾਂ ਅਨੁਸਾਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਪੀਰੀ ਅਰਥਾਤ ਗੁਰਿਆਈ ਹੋਣਾ ਚਾਹੀਦਾ ਸੀ ਪਰ ਇੱਥੇ ਪਹਿਲਾਂ ਮੀਰੀ ਅਰਥਾਤ ਸਰਦਾਰੀ ਨੂੰ ਮੁੱਖ ਦਰਜਾ ਦਿੱਤਾ ਗਿਆ ਹੈ ਅਤੇ ਗੁਰਿਆਈ ਨੂੰ ਦੂਜਾ ਦਰਜਾ ਦਿੱਤਾ ਗਿਆ ਹੈ| ਅਜਿਹਾ ਕਿਉਂ ?

ਨੋਟ ਕਰਨ ਵਾਲੀ  ਦੂਜੀ ਗੱਲ ਇਹ ਹੈ ਕਿ ਇਸ ਪੰਕਤੀ ਵਿਚ ਦੋ ਤਲਵਾਰਾਂ (ਇਕ ਮੀਰੀ ਦੀ, ਇਕ ਪੀਰੀ ਦੀ) ਲਿਖਣ ਤੋਂ ਬਾਅਦ ਵਿਸ਼ਰਾਮ ਚਿੰਨ੍ਹ ਲਗਾ ਕੇ ਸੰਕੇਤ ਦਿੱਤਾ ਗਿਆ ਹੈ ਕਿ ਇੱਥੇ ਪਹਿਲੀ ਪੰਕਤੀ ਦੀ ਗੱਲ ਪੂਰੀ ਹੋ ਚੁੱਕੀ ਹੈ|
ਹੁਣ ਗੱਲ ਕਰਦੇ ਹਾਂ ਦੂਜੀ ਪੰਕਤੀ ਦੀ, ਜਿਸ ਵਿਚ ਲੁਕਵੇਂ ਢੰਗ ਨਾਲ ਤਿੰਨ ਤਲਵਾਰਾਂ ਦਾ ਵੀ ਜਿਕਰ ਕੀਤਾ ਹੋਇਆ ਹੈ| ਉਹ ਤਿੰਨ ਤਲਵਾਰਾਂ ਕਿਹੜੀਆਂ-ਕਿਹੜੀਆਂ ਹਨ? ਜਵਾਬ ਹੈ:( ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰ ਦੀ) ਅਜ਼ਮਤ ਤੋਂ ਭਾਵ ਹੈ: ਵਡਿਆਈ, ਬਜੁਰਗੀ | ਰਾਜ ਤੋਂ ਭਾਵ ਹੈ: ਰਾਜਾ , ਰਿਆਸਤ| ਵਜੀਰ ਤੋਂ ਭਾਵ ਹੈ:ਮੰਤਰੀ| ਜੇਕਰ ਕੋਈ ਦੋ ਤਲਵਾਰਾਂ (ਇਕ ਮੀਰੀ ਦੀ, ਇਕ ਪੀਰੀ ਦੀ|)ਮੰਨਦਾ ਹੈ ਤਾਂ ਫਿਰ ਦੂਜੀ ਪੰਕਤੀ ਵਿਚ ਤਿੰਨ ਤਲਵਾਰਾਂ( ਇਕ ਅਜ਼ਮਤ ਦੀ, ਇਕ ਰਾਜ ਦੀ, ਇਕ ਰਾਖੀ ਕਰੇ ਵਜੀਰ ਦੀ) ਵੀ ਮੰਨਣੀਆਂ ਪੈਣਗੀਆਂ| ਇਸ ਤਰ੍ਹਾਂ ਤਲਵਾਰਾਂ ਦੀ ਗਿਣਤੀ ਪੰਜ ਹੋ ਜਾਂਦੀ ਹੈ|

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਪੰਜ ਤਲਵਾਰਾਂ ਦੀ ਵੱਖਰੀ-ਵੱਖਰੀ ਵਰਤੋਂ ਕਰਨ ਲਈ, ਉਨ੍ਹਾਂ ਤੇ ਵੱਖਰਾ- ਵੱਖਰਾ ਨਾਂ ਲਿਖਿਆ ਗਿਆ ਹੋਵੇਗਾ ਤਾਂ ਜੋ ਲੋੜ ਪੈਣ ਤੇ ਉਸੀ ਤਲਵਾਰ ਦੀ ਵਰਤੋਂ ਕੀਤੀ ਜਾਵੇ ਜਿਹੜੀ ਜਿਸ ਮਨਰੋਥ ਲਈ ਪਹਿਨੀ ਗਈ ਹੈ| ਪਹਿਲਾਂ ਮਨੋਰਥ ਦੇਖਣਾ ਅਤੇ ਬਾਅਦ ਵਿਚ ਉਸ ਮਨੋਰਥ ਨੂੰ ਪੂਰਾ ਕਰਨ ਲਈ ਤਲਵਾਰ ਛਾਂਟਣੀ, ਇਹ ਤਾਂ ਬਹੁਤ ਵੱਡੀ ਮੁਸੀਬਤ ਬਣ ਗਈ ਹੋਵੇਗੀ| ਗੁਰਬਿਲਾਸ ਦੇ ਲਿਖਾਰੀ ਨੇ ਤਾਂ ਦੋ ਤਲਵਾਰਾਂ ਹੀ ਲਿਖਿਆਂ ਸਨ ਪਰ ਢਾਢੀ ਨੱਥਾ ਅਤੇ ਅਬਦੁੱਲਾ ਆਪਣੀਆਂ ਵਾਰਾਂ ਦੇ ਪ੍ਰਸੰਗ ਵਿਚ ਲੁਕਵੇਂ ਢੰਗ ਨਾਲ ਪੰਜ ਤਲਵਾਰਾਂ ਦਾ ਜਿਕਰ ਕਰਦੇ ਹਨ| ਸਿੱਖ ਕਿਹੜੀ ਗੱਲ ਨੂੰ ਠੀਕ ਮੰਨਣਗੇ?

ਯਾਦ ਰੱਖੋ, ਤਲਵਾਰ ਇਕ ਹਥਿਆਰ ਦਾ ਨਾਂ ਹੈ| ਇਹ ਕਿਸੇ ਵੀ ਧਾਤ ਦੀ ਹੋ ਸਕਦੀ ਹੈ ਪਰ ਇਸ ਦਾ ਮੁੱਖ ਕੰਮ ਹੈ ਕਿਸੇ ਨੂੰ ਜਾਨ ਤੋਂ ਮਾਰਨਾ| ਪਰ ਕੋਈ ਵੀ ਤਲਵਾਰ ਆਪਣੇ ਆਪ ਵਿਚ ਕਿਸੇ ਦਾ ਕੁੱਝ ਸੰਵਾਰ ਨਹੀਂ ਸਕਦੀ ਅਤੇ ਨਾ ਹੀ ਕਿਸੇ ਦਾ ਕੁੱਝ ਵਿਗਾੜ ਸਕਦੀ ਹੈ| ਤਲਵਾਰ ਅਕਸਰ ਰਾਜੇ-ਮਹਾਰਾਜਿਆਂ ਦੇ ਕੋਲ ਹੁੰਦੀ ਸੀ ਜਾਂ ਮੈਦਾਨੇ ਜੰਗ ਵਿਚ ਲੜਨ ਵਾਲੇ ਸੈਨਿਕਾਂ ਕੋਲ ਵੀ ਹੁੰਦੀ ਸੀ| ਤਲਵਾਰ ਦੀ ਵਰਤੋਂ ਕਿਸੇ ਦੀ ਰੱਖਿਆ ਲਈ ਕੀਤੀ ਜਾ ਸਕਦੀ ਹੈ ਜਾਂ ਫਿਰ ਕਿਸੇ ਉਤੇ ਜੁਲਮ ਕਰਨ ਲਈ ਵੀ ਕੀਤੀ ਜਾ ਸਕਦੀ ਹੈ| ਇਕ ਤਲਵਾਰ ਦੀ ਵਰਤੋਂ ਨਾਲ ਅਨੇਕਾਂ ਲੋਕਾਂ ਦੀ ਰੱਖਿਆ ਕੀਤੀ ਜਾ ਸਕਦੀ ਹੈ| ਇਸੇ ਤਰ੍ਹਾਂ ਇਕ ਤਲਵਾਰ ਦੀ ਵਰਤੋਂ ਨਾਲ ਅਨੇਕਾਂ ਲੋਕਾਂ ਤੇ ਜੁਲਮ ਵੀ ਕੀਤੇ ਜਾ ਸਕਦੇ ਹਨ| ਇਹ ਕਿਸੇ ਮਨੁੱਖ ਦੀ ਵਿਚਾਰਧਾਰਾ ਤੇ ਨਿਰਭਰ ਕਰਦਾ ਹੈ ਕਿ ਉਹ ਤਲਵਾਰ ਦੀ ਵਰਤੋਂ ਕਿਸ ਕੰਮ ਲਈ ਕਰਨਾ ਚਾਹੁੰਦਾ ਹੈ| ਪਰ ਅਨੇਕਾਂ ਕੰਮ ਕਰਨ ਲਈ ਅਨੇਕਾਂ ਤਲਵਾਰਾਂ ਨਹੀਂ ਪਹਿਨੀਆਂ ਜਾ ਸਕਦੀਆਂ| ਤਲਵਾਰ ਤਾਂ ਇਕ ਹੀ ਬਹੁਤ ਹੁੰਦੀ ਹੈ|

ਭਾਵੇਂ ਢਾਢੀ ਨੱਥਾ ਅਤੇ ਅਬਦੁੱਲਾ ਦੀਆਂ ਵਾਰਾਂ ਵਿਚ ਪੰਜ ਤਲਵਾਰਾਂ ਦਾ ਜਿਕਰ ਮਿਲਦਾ ਹੈ ਪਰ ਸਿੱਖ-ਕੌਮ ਵਿਚ ਗੁਰੂ ਸਾਹਿਬ ਵੱਲੋਂ ਦੋ ਤਲਾਵਾਰਾਂ ਪਹਿਨਣ ਦਾ ਪ੍ਰਸੰਗ ਵਧੇਰੇ ਪ੍ਰਚੱਲਤ ਹੈ| ਦੋ ਤਲਵਾਰਾਂ ਦੇ ਪ੍ਰਸੰਗ ਨੇ ਬਾਕੀ ਗੁਰੂ ਸਾਹਿਬਾਨਾਂ ਦੇ ਜੀਵਨ ਉੱਤੇ ਵੀ ਬਹੁਤ ਵੱਡੇ ਪ੍ਰਸ਼ਨ ਚਿੰਨ੍ਹ ਲਗਾ ਦਿੱਤੇ ਹਨ| ਜਿਵੇਂ ਕਿ :-
1. ਕੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜੁਨ ਪਾਤਸ਼ਾਹ ਤੱਕ ਸਾਰੇ ਗੁਰੂ ਸਾਹਿਬਾਨ ਦੋ ਤਲਵਾਰਾਂ ਤੋਂ ਸੱਖਣੇ ਸਨ?
2. ਕੀ ਦੋ ਤਲਵਾਰਾਂ ਪਹਿਨਣ ਦਾ ਵਿਧਾਨ ਕੇਵਲ ਗੁਰੂ ਹਰਿਗੋਬਿੰਦ ਸਾਹਿਬ ਤਕ ਹੀ ਸੀਮਤ ਰਿਹਾ?
3. ਕੀ ਗੁਰੂ ਹਰਿ ਰਾਇ ਸਾਹਿਬ ਤੋਂ ਲੈ ਕੇ  ਗੁਰੂ ਗੋਬਿੰਦ ਸਿੰਘ ਜੀ ਤਕ ਸਾਰੇ ਗੁਰੂ ਸਾਹਿਬਾਨ ਦੋ ਤਲਵਾਰਾਂ ਤੋਂ ਸਖਣੇ ਸਨ? 

ਉਕਤ ਸਵਾਲਾਂ ਦੇ ਜਵਾਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਅਤੇ ਸਿੱਖ-ਇਤਿਹਾਸ ਤੋਂ ਮਿਲ ਜਾਂਦੇ ਹਨ| ਹੁਣ ਦੇਖੋ ਸਿੱਖ ਇਤਿਹਾਸ ਦੀਆਂ ਤਲਵਾਰਾਂ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਸਿੱਖ ਹੁਣ ਤਕ ਪਹਿਨਦੇ ਆ ਰਹੇ ਹਨ| ਗੁਰਬਾਣੀ ਦਾ ਫ਼ੁਰਮਾਨ ਹੈ :-
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਹੀ ਹੇ|| (ਗੁ. ਗ੍ਰੰ.ਸਾ. ਪੰਨਾ-1022)
ਅਰਥ : ਜਿਹੜਾ ਮਨੁੱਖ ਗੁਰੂ ਤੋਂ ਮਿਲੇ ਗਿਆਨ ਦੀ ਤਲਵਾਰ ਲੈ ਕੇ ਆਪਣੇ ਮਨ ਨਾਲ ਲੜਾਈ ਕਰਦਾ ਹੈ, ਉਸ ਦੇ ਮਨ ਦੇ ਕਾਮਾਦਿਕ ਫੁਰਨੇ ਬੰਦ ਹੋ ਜਾਂਦੇ ਹਨ| 
ਇਹ ਫ਼ੁਰਮਾਨ ਗੁਰੂ ਨਾਨਕ ਸਾਹਿਬ ਦਾ ਹੈ| ਗੁਰਬਾਣੀ ਗਿਆਨ ਖੜਗ (ਤਲਵਾਰ) ਨਾਲ ਮਨੁੱਖ ਝੂਠ ਤੇ ਫ਼ਤਹਿ ਪਾ ਲੈਂਦਾ ਹੈ|  ਗੁਰਬਾਣੀ ਗਿਆਨ ਦੀ ਖੜਗ ਸਦਕਾ ਹੀ  ਗੁਰੂ ਨਾਨਕ ਸਾਹਿਬ ਨੇ ਫੌਜਾਂ ਦੇ ਮਾਲਕ ਬਾਬਰ ਵਰਗੇ ਬਾਦਸ਼ਾਹ ਉੱਤੇ ਸੱਚ ਦੇ ਵਾਰ ਕੀਤੇ ਸਨ| ਜਿਸ ਕਰਕੇ ਬਾਬਰ ਨੂੰ ਵੀ ਝੁਕਣਾ ਪੈ ਗਿਆ ਸੀ| ਇਹ ਗਿਆਨ ਖੜਗ ਗੁਰੂ ਗੋਬਿੰਦ ਸਿੱਘ ਜੀ ਤਕ ਸਾਰੇ ਗੁਰੂ-ਸਾਹਿਬਾਨ ਕੋਲ ਸੀ| 
ਦੂਜੀ ਖੜਗ ਗੁਰੂ ਹਰਿਗੋਬਿੰਦ ਸਾਹਿਬ ਨੇ ਉਨ੍ਹਾਂ ਜ਼ੁਲਮੀ ਲੋਕਾਂ ਵਿਰੁੱਧ ਚੁੱਕੀ ਜਿਹੜੇ ਗਿਆਨ ਖੜਗ ਨਾਲ ਸੁਧਰਨ ਵਾਲੇ ਨਹੀਂ ਸਨ| ਗੁਰੂ ਸਾਹਿਬ ਨੇ ਅਜਿਹੇ ਲੋਕਾਂ ਨੂੰ ਸੋਧਣ ਲਈ ਆਪਣੇ ਹੱਥ ਵਿਚ ਧਾਤ ਖੜਗ (ਲੋਹੇ ਦੀ ਤਲਵਾਰ) ਫੜ ਲਈ| ਇਹ ਧਾਤ ਖੜਗ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਪਹਿਨਦੇ ਆਏ| ਭੰਗਾਣੀ ਦੀ ਜੰਗ ਤੋਂ ਪਹਿਲਾਂ ਗੁਰੂ ਦੇ ਸਿੱਖਾਂ ਨੇ ਵੀ ਪਹਿਨ ਲਈ ਸੀ| ਖੰਡੇ-ਬਾਟੇ ਦੀ ਪਾਹੁਲ ਛਕਣ ਵਾਲੇ ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ ਅਤੇ ਖ਼ਾਲਸਾ ਫ਼ੌਜ ਦੇ ਸਿੱਖ-ਸੂਰਬੀਰਾਂ ਨੇ ਪਹਿਨ ਕੇ ਮੁਗ਼ਲਾਂ ਦੇ ਅਤਿਅਚਾਰਾਂ ਦਾ ਟਾਕਰਾ ਕੀਤਾ| ਅੱਜ ਵੀ ਗੁਰੂ ਦਾ ਸਿੱਖ ਪਹਿਲਾਂ ਗਿਆਨ ਖੜਗ, ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਨਦਾ ਹੈ ਅਤੇ ਦੂਜੀ ਧਾਤ ਖੜਗ, ਖੰਡੇ-ਬਾਟੇ ਦੀ ਪਹੁਲ ਛਕਣ ਵੇਲੇ ਪਹਿਨਦਾ ਹੈ|
ਸੋ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਬਾਣੀ ਗਿਆਨ ਖੜਗ ਦੇ ਨਾਲ ਨਾਲ ਧਾਤ ਖੜਗ ਪਹਿਨ ਕੇ ਸਿੱਖਾਂ ਨੂੰ ਮੈਦਾਨੇ ਜੰਗ ਦੇ ਵਿਚ ਜਾਣ ਲਈ ਤਿਆਰ ਕੀਤਾ| ਗੁਰੂ ਸਾਹਿਬ ਨੇ ਇਹ ਦੋਨੋਂ ਖੜਗਾਂ ਅਪਨਾ ਕੇ ਸਿੱਖ-ਕੌਮ ਨੂੰ ਸੰਤ-ਸਿਪਾਹੀਆਂ ਦੇ ਮਾਰਗ ਤੇ ਤੋਰ ਦਿੱਤਾ| ਗੁਰੂ ਸਾਹਿਬ ਦਾ ਇਹ ਕ੍ਰਾਂਤੀਕਾਰੀ ਫੈਸਲਾ, ਉਸ ਸਮੇਂ ਦੀ ਮੁਗ਼ਲ ਹਕੂਮਤ ਦੇ ਜ਼ੁਲਮਾਂ ਵਿਰੁੱਧ ਡਟਣ ਦਾ ਦੂਰ-ਅੰਦੇਸ਼ੀ ਅਤੇ ਦਲੇਰੀ ਭਰਿਆ ਕਾਰਨਾਮਾ ਕਿਹਾ ਜਾ ਸਕਦਾ ਹੈ|

ਹੁਣ ਦੇਖੋ, ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕਿਹੜੇ ਤਖ਼ਤ ਦੀ ਗੱਲ ਕੀਤੀ ਹੈ?

(1) 24ਵੀਂ ਵਾਰ ਦੀ 8ਵੀਂ ਪਉੜੀ ਦੀ ਪਹਿਲੀ ਅਤੇ 6ਵੀਂ ਪੰਕਤੀ :-
ਗੁਰੂ ਅੰਗਦ ਗੁਰੁ ਅੰਗ ਤੇ ਅੰਮ੍ਰਿਤ ਬਿਰਖੁ ਅੰਮ੍ਰਿਤ ਫਲ ਫਲਿਆ|
ਨਿਹਚਲ ਸਚਾ ਤਖਤੁ ਹੈ ਅਬਿਚਲ ਰਾਜ ਨ ਹਲੈ ਹਲਿਆ|

ਅਰਥਾਤ ਗੁਰੂ ਅੰਗਦ (ਗੁਰੂ ਨਾਨਕ ਪਾਤਸ਼ਾਹ ਦੇ ਅੰਗ ਸਰੀਰ ) ਰੂਪੀ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਦਾ ਫਲ ਫਲਿਆ| ਇਸ ਕਰਕੇ ਨਿਹਚਲ (ਅਚਲ) ਸੱਚਾ ਤਖ਼ਤ ਹੈ, ਅਟੱਲ ਰਾਜ ਹੈ, ਕਿਸੇ ਦਾ ਹਿਲਾਇਆ ਹਿੱਲ ਨਹੀਂ ਸਕਦਾ (ਭਾਵ ਇਸ ਤਖ਼ਤ ਦੀ ਹੋਂਦ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ)|

(2) 24ਵੀਂ ਵਾਰ ਦੀ 19ਵੀਂ ਪਉੜੀ ਦੀ ਪਹਿਲੀ, ਦੂਜੀ ਅਤੇ ਤੀਜੀ ਪੰਕਤੀ :-
ਪਿਉ ਦਾਦਾ ਪੜਦਾਦਿਅਹੁ ਕੁਲ ਦੀਪਕੁ ਅਜਰਾਵਰ ਨਤਾ|
ਤਖਤੁ ਬਖਤੁ ਲੈ ਮਲਿਆ ਸਬਦ ਸੁਰਤਿ ਵਾਪਾਰਿ ਸਪਤਾ|
ਗੁਰਬਾਣੀ ਭੰਡਾਰੁ ਭਰਿ ਕੀਰਤਨੁ ਕਥਾ ਰਹੈ ਰੰਗ ਰਤਾ|

ਅਰਥਾਤ ਪਿਤਾ (ਗੁਰੂ ਰਾਮਦਾਸ ਜੀ), ਦਾਦਾ (ਗੁਰੂ ਅਮਰਦਾਸ ਜੀ), ਪੜਦਾਦਾ (ਗੁਰੂ ਅੰਗਦ ਜੀ ਅਤੇ ਨਾਨਕ ਜੀ ਦੀ ਕੁਲ) ਦਾ ਦੀਵਾ ਅਜਰ ਤੇ ਅਮਗ (ਪੜਪੋਤਾ) ਪੰਜਵੀਂ ਥਾਉਂ ਗੁਰੂ ਅਰਜੁਨ ਪਾਤਸ਼ਾਹ ਹੋਏ| ਤਖ਼ਤ ਅਤੇ ਬਖਤ (ਭਾਗ) ਨੂੰ ਮੱਲ ਲਿਆ, ਸ਼ਬਦ-ਸੁਰਤ ਦਾ ਪਤਵੰਤਾ ਵਪਾਰ ਕੀਤਾ| ਗੁਰਬਾਣੀ ਦਾ ਭੰਡਾਰ ਪੋਥੀ (ਗੁਰੂ ਗ੍ਰੰਥ ਸਾਹਿਬ) ਭਰ ਦਿੱਤਾ  ਅਤੇ ਅੱਠੇ ਪਹਿਰ ਕਥਾ-ਕੀਰਤਨ ਦੇ ਰੰਗ ਵਿਚ ਰੰਗੇ ਰਹਿੰਦੇ ਸਨ|

(3) 26ਵੀਂ ਵਾਰ ਦੀ 32ਵੀਂ ਪਉੜੀ ਦੀ 7ਵੀਂ ਪੰਕਤੀ :-
ਇਕ ਦੋਹੀ ਟਕਸਾਲ ਇਕ ਕੁਤਬਾ ਤਖਤੁ ਸਚਾ ਦਰਗਾਹੀ|
ਅਰਥਾਤ ਇਕ ਅਕਾਲਪੁਰਖ ਦੇ ਨਾਮ ਦੀ ਦੋਹੀ, ਇਕੋ ਟਕਸਾਲ (ਸਾਧ-ਸੰਗਤ), ਕੁਤਬਾ (ਗੁਰੂਬਾਣੀ ਦੀ ਪੋਥੀ), ਇਕੋ ਨਾਨਕ ਜੋਤਿ, ਇਕੋ ਤਖ਼ਤ (ਗੁਰਿਆਈ ਦੀ ਗੱਦੀ) ਸੱਚੀ ਦਰਗਾਹ ਅਰਥਾਤ ਸੱਚੀ ਨਯਾਇ ਸਭਾ ਹੈ, ਬਾਕੀ ਹੋਰ ਝੂਠੀਆਂ ਪਾਤਸ਼ਾਹੀਆਂ ਹਨ|
ਉਕਤ ਵਾਰਾਂ ਵਿਚ ਭਾਈ ਗੁਰਦਾਸ ਜੀ ਨੇ ਉਸ ਸੱਚੇ ਤਖ਼ਤ ( ਗੁਰਗੱਦੀ ਤਖ਼ਤ) ਦੀ ਗੱਲ ਸਮਝਾਈ ਹੈ ਜਿਹੜਾ ਤਖ਼ਤ  ਗੁਰੂ ਨਾਨਕ ਸਾਹਿਬ ਨੇ ਕਾਇਮ ਕੀਤਾ ਸੀ ਅਤੇ ਜਿਸ ਤੇ ਨਾਨਕ ਜੋਤਿ ਗੁਰੂ  ਬਿਰਾਜਮਾਨ ਹੁੰਦੇ ਆਏ| ਜਿਸ ਤਖ਼ਤ ਤੇ ਹੁਣ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹੈ|  ਇਹੋ ਗੁਰੂ ਦਾ ਸੱਚਾ ਤਖ਼ਤ ਹੈ ਜਿਸ ਦੀ ਹੋਂਦ ਨੂੰ ਕੋਈ ਖ਼ਤਮ ਨਹੀਂ ਕਰ ਸਕਦਾ|

ਹੁਣ ਦੇਖੋ, ਸੱਚੇ ਤਖ਼ਤ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ੁਰਮਾਨ :-
(1.) ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ|| (ਗੁ. ਗ੍ਰੰ.ਸਾ. ਪੰਨਾ-966)
ਅਰਥ: ਗੁਰੂ ਨਾਨਕ ਸਾਹਿਬ ਨੇ ਸੱਚ ਰੂਪ ਕਿਲ੍ਹਾ ਬਣਾ  ਕੇ ਅਤੇ ਪੱਕੀ ਨੀਂਹ ਰੱਖ ਕੇ ਧਰਮ ਦਾ ਰਾਜ ਚਲਾਇਆ| 
(2.) ਨਾਨਕੁ ਕਾਇਆ ਪਲਟੁ ਕਰਿ  ਮਲਿ ਤਖਤੁ ਬੈਠਾ ਸੈ ਡਾਲੀ|| (ਗੁ. ਗ੍ਰੰ.ਸਾ. ਪੰਨਾ-967)
ਅਰਥ:  ਸੈਕੜੇਂ ਸੇਵਕਾਂ ਵਾਲਾ ਗੁਰੂ ਨਾਨਕ ਸਰੀਰ ਵਟਾ ਕੇ ਭਾਵ ਗੁਰੂ ਅੰਗਦ ਜੀ ਦੇ ਸਰੂਪ ਵਿਚ ਗੱਦੀ (ਤਖ਼ਤ) ਸੰਭਾਲ ਕੇ ਬੈਠਾ ਹੋਇਆ ਹੈ| 
(3.) ਬਿਦਮਾਨ ਗੁਰਿ ਆਪਿ ਥਾਪਉ ਥਿਰੁ  ਸਾਚਉ ਤਖਤੁ ਗੁਰੂ ਰਾਮਦਾਸੈ|| (ਗੁ. ਗ੍ਰੰ.ਸਾ. ਪੰਨਾ-1404)
ਅਰਥ:  ਗੁਰੂ ਅਮਰਦਾਸ ਜੀ ਨੇ ਆਪ ਹੀ ਗੁਰੂ ਰਾਮਦਾਸ ਜੀ ਦਾ ਸੱਚਾ ਤਖਤ ਨਿਹਚਲ ਟਿਕਾ ਦਿੱਤਾ ਹੈ| 
(4.) ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ|| (ਗੁ. ਗ੍ਰੰ.ਸਾ. ਪੰਨਾ-968)
ਅਰਥ: ਉਹ ਸੱਚਾ ਤਖ਼ਤ ਜਿਸ ਉਤੇ ਪਹਿਲੇ ਚਾਰ ਗੁਰੂ ਆਪੋ-ਆਪਣੇ ਸਮੇਂ ਬਿਰਾਜਮਾਨ ਹੁੰਦੇ ਆਏ ਸਨ, ਹੁਣ ਗੁਰੂ ਅਰਜੁਨ ਪਾਤਸ਼ਾਹ ਬੈਠਾ ਹੋਇਆ ਹੈ, ਸਤਿਗੁਰੂ ਦਾ ਚੰਦੋਆ ਚਮਕ ਰਿਹਾ ਹੈ (ਭਾਵ ਗੁਰੂ ਸਾਹਿਬ ਦਾ ਤੇਜ਼ ਪ੍ਰਤਾਪ ਸਾਰੇ ਪਾਸੇ ਪਸਰ ਰਿਹਾ ਹੈ)|

ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵਿਚ ਹੋਰ ਵੀ ਅਨੇਕਾਂ ਫ਼ੁਰਮਾਨ ਹਨ, ਜਿਨ੍ਹਾਂ ਵਿਚ ਸਾਨੂੰ ਇਹੋ ਸਮਝਾਇਆ ਹੈ ਕਿ ਕੇਵਲ ਇਕੋ ਸੱਚਾ ਤਖ਼ਤ ਨਾਨਕ ਗੁਰੂ ਸਾਹਿਬ ਦਾ ਹੈ, ਜਿਸ ਤੇ ਨਾਨਕ ਜੋਤਿ ਗੁਰੂ ਵਾਰੋ ਵਾਰੀ ਬਿਰਾਜਮਾਨ ਰਹੇ ਅਤੇ ਜਿਸ ਤੇ ਹੁਣ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਹਨ| ਜਿਸ ਦੀ ਪਾਤਸ਼ਾਹੀ ਸਦਾ ਲਈ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:
(5) ਕਾਇਮੁ ਦਾਇਮੁ ਸਦਾ ਪਾਤਿਸਾਹੀ|| ਦੋਮ ਨ ਸੇਮ ਏਕ ਸੋ ਆਹੀ|| (ਗੁ. ਗ੍ਰੰ.ਸਾ. ਪੰਨਾ-345)
ਅਰਥ: ਇਸ ਤਖ਼ਤ ਦੇ ਮਾਲਕ ਦੀ ਅਵਸਥਾ ਇਕ ਐਸੀ ਪਾਤਸ਼ਾਹੀ ਵਾਲੀ ਹੈ, ਜੋ ਸਦਾ ਟਿਕੀ ਰਹਿਣ ਵਾਲੀ ਹੈ, ਉਸ ਅਵਸਥਾ ਵਿਚ ਕਦੇ ਫ਼ਰਕ ਨਹੀਂ ਪੈਂਦਾ, ਭਾਵ ਹਰ ਸਮੇਂ ਇਕੋ ਜਿਹੀ ਰਹਿੰਦੀ ਹੈ| 
ਗੁਰੂ ਨਾਨਕ ਸਾਹਿਬ ਦੇ ਤਖ਼ਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਵਲ ਗੁਰੂ ਦਾ ਤਖ਼ਤ ਹੀ ਸੰਸਾਰ ਦਾ ਸਰਬ-ਉੱਚ ਅਤੇ ਨਿਹਚਲ ਤਖ਼ਤ ਹੈ| ਜਿਸ ਦੇ ਸਾਹਮਣੇ ਦੁਨੀਆਂ ਦੇ ਹੋਰ ਸਾਰੇ ਤਖ਼ਤ ਅਤੇ ਪਾਤਸ਼ਾਹੀਆਂ ਤੁੱਛ ਹਨ|

ਪ੍ਰਚਲਤ ਅਕਾਲ ਤਖ਼ਤ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਦੇ ਪੰਨਾ-36 ਤੇ ਅਕਾਲਬੁੰਗਾ ਲਿਖਿਆ ਹੈ| ਸ. ਮਹਿੰਦਰ ਸਿੰਘ ਜੋਸ਼ ਨੇ ਲਿਖਿਆ ਹੈ ਕਿ ਜਿਹੜਾ ਹੁਕਮਨਾਮਾ 1887 ਈ: ਵਿਚ ਪ੍ਰੋ: ਗੁਰਮੁੱਖ ਸਿੰਘ ਨੂੰ ਸਿੱਖੀ ਵਿਚੋਂ ਛੇਕਣ ਅਤੇ ਗਿਆਨੀ ਦਿੱਤ ਸਿੰਘ ਵਿਰੁੱਧ ਭੰਡੀ ਪ੍ਰਚਾਰ ਕਰਨ ਲਈ ਜਾਰੀ ਕੀਤਾ ਗਿਆ ਸੀ, ਉਸ ਤੇ ਅਕਾਲਬੁੰਗਾ ਲਿਖਿਆ ਹੋਇਆ ਹੈ| ਲਗਦਾ ਹੈ ਕਿ ਦੋ ਤਲਵਾਰਾਂ ਅਤੇ ਅਕਾਲ ਤਖ਼ਤ ਲਿਖਣ ਦਾ ਇਤਿਹਾਸ ਬਾਅਦ ਵਿਚ ਪ੍ਰਚਲਤ ਕੀਤਾ ਗਿਆ|

ਇਸ ਲਈ ਸਿੱਖਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਗੁਰਮਤਿ ਵਿਰੋਧੀ ਲੋਕਾਂ ਦੀਆਂ ਝੂਠੀਆਂ, ਮਨਘੜਤ ਅਤੇ ਭੁਲੇਖਾ ਪਾਉੂ ਰਚਨਾਵਾਂ ਅਤੇ ਗ੍ਰੰਥਾਂ ਤੋਂ ਬਚਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਨੀ ਅਤੇ ਸਮਝਣੀ ਚਾਹੀਦੀ ਹੈ| ਜੇਕਰ ਸਿੱਖ ਅਜਿਹਾ ਨਹੀਂ ਕਰਦੇ ਤਾਂ ਯਾਦ ਰੱਖੋ, ਅਨਪੜ੍ਹ ਤਾਂ ਕੀ ਵੱਡੀਆਂ-ਵੱਡੀਆਂ ਡਿਗਰੀਆਂ ਵਾਲੇ ਸਿੱਖ ਵੀ ਗੁਰਮਤਿ ਵਿਰੋਧੀ ਲੋਕਾਂ ਦੀਆਂ ਚਾਲਾਂ ਵਿਚ ਫੱਸ ਕੇ ਆਪਣੀ ਅਕਲ ਦਾ ਜਨਾਜ਼ਾ ਹੀ ਕੱਢਣਗੇ| ਕਾਸ਼ ! ਸਿੱਖਾਂ ਨੂੰ ਇਹ ਸੱਚ ਜਲਦੀ ਤੋਂ ਜਲਦੀ ਸਮਝ ਆ ਜਾਵੇ|

ਦਵਿੰਦਰ ਸਿੰਘ, ਆਰਟਿਸਟ, ਖਰੜ|
ਮੋਬਾਇਲ ਨੰ:97815-09768