ਸਿੱਖੋ ! ਕੁੱਝ ਤਾਂ ਸਿੱਖੋ !!

0
14

A A A

davinder s

                                   ਫ਼ੈਸਲਾ ਸਿੱਖਾਂ ਦੇ ਹੱਥ, ਉਹ ਕੀ ਬਣਨਾ ਚਾਹੁੰਦੇ ਹਨ ?
ਕਈ ਸਾਲ ਪੁਰਾਣੀ ਗੱਲ ਹੈ| ਮੇਰੇ ਇਕ ਦੋਸਤ ਨੇ ਆਪਣੇ ਸਕੂਟਰ ਦੀ ਸਟਿੱਪਣੀ ਦੇ ਕਵਰ ਉੱਤੇ, ਮੇਰੇ ਕੋਲੋਂ ਪੇਂਟ ਨਾਲ ਲਿਖਵਾਇਆ ਹੋਇਆ ਸੀ : ਸਿੱਖੋ ! ਕੁੱਝ ਤਾਂ ਸਿੱਖੋ !! ਸਵੇਰੇ-ਸ਼ਾਮ ਜਦੋਂ ਉਹ ਆਪਣੇ ਸਕੂਟਰ ਰਾਹੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਜਾਂਦਾ ਸੀ ਤਾਂ ਲੋਕ ਇਹ ਅਜੀਬ ਨਾਹਰਾ ਪੜ੍ਹ ਕੇ ਬਹੁਤ ਹੈਰਾਨ ਹੁੰਦੇ ਸਨ| ਪਰ ਕਈ ਸਿੱਖ, ਉਸ ਦਾ ਸਕੂਟਰ ਰੋਕ ਕੇ, ਉਸ ਨਾਲ ਲੜ ਵੀ ਪੈਂਦੇ ਸਨ ਅਤੇ ਉਸ ਨੂੰ 
ਆਖਦੇ, “ਸਰਦਾਰਾ ! ਸਕੂਟਰ ਦੀ ਸਟਿੱਪਣੀ ਵਾਲਾ ਕਵਰ ਉਤਾਰ ਦੇ ਕਿਉਂ ਸਿੱਖਾਂ ਦੀ ਬੇਜ਼ਤੀ ਕਰਦਾ ਫਿਰਦੈਂ ?” ਮੇਰੇ ਦੋਸਤ ਨੇ ਅਜਿਹੇ ਸਿੱਖਾਂ ਨੂੰ ਸਮਝਾਉਣਾ ਕਿ ਮੈਂ ਆਪਣੇ ਸਕੂਟਰ ਪਿੱਛੇ ਲਿਖਵਾਇਆ ਹੈ, ਤੁਹਾਡੇ ਸਕੂਟਰ ਪਿੱਛੇ ਨਹੀਂ| ਮੈਂਨੂੰ ਦੱਸੋ, ਇਸ ਵਿਚ ਗ਼ਲਤ ਕੀ ਹੈ?

ਇਹ ਸਿਲਸਿਲਾ ਕਈ ਦਿਨ ਇਸੇ ਤਰ੍ਹਾਂ ਹੀ ਚਲਦਾ ਰਿਹਾ| ਪਰ ਇਹ ਨਾਹਰਾ ਉਨ੍ਹਾਂ ਸਿੱਖਾਂ ਨੂੰ ਪਸੰਦ ਨਾ ਆਇਆ ਜਿਹੜੇ ਸਿੱਖੀ-ਸਿਧਾਂਤਾਂ ਨੂੰ ਸਿੱਖਣ ਵਿਚ ਵੀ ਆਪਣੀ ਬੇਜ਼ਤੀ ਸਮਝਦੇ ਸਨ| ਇਸ ਲਈ ਉਨ੍ਹਾਂ ਨੇ ਇਕ ਦਿਨ ਮੌਕਾ ਪਾ ਕੇ ਮੇਰੇ ਦੋਸਤ ਦੇ ਸਕੂਟਰ ਦੀ ਸਟਿੱਪਣੀ ਵਾਲਾ ਕਵਰ ਉਤਾਰਿਆ ਅਤੇ ਤਿੱਤਰ ਹੋ ਗਏ|

ਦੇਖਿਆ ਜਾਵੇ, ਮੇਰੇ ਦੋਸਤ ਦੀ ਪ੍ਰੇਰਣਾ ਗ਼ਲਤ ਨਹੀਂ ਸੀ ਕਿਉਂਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸ਼ੇਰ ਦਾ ਬੱਚਾ ਜਨਮ ਤੋਂ ਸ਼ੇਰ ਹੀ ਪੈਦਾ ਹੁੰਦਾ ਹੈ ਅਤੇ ਇਕ ਮਨੁੱਖ ਦਾ ਬੱਚਾ ਜਨਮ ਤੋਂ ਮਨੁੱਖ ਹੀ ਪੈਦਾ ਹੁੰਦਾ ਹੈ| ਪਰ ਇਕ ਡਾਕਟਰ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਡਾਕਟਰ ਪੈਦਾ ਨਹੀਂ ਹੁੰਦਾ, ਇਕ ਇੰਜੀਨੀਅਰ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਇੰਜੀਨੀਅਰ ਪੈਦਾ ਨਹੀਂ ਹੁੰਦਾ ਅਤੇ ਇਕ ਵਕੀਲ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਵਕੀਲ ਪੈਦਾ ਨਹੀਂ ਹੁੰਦਾ| ਇਸੇ ਤਰ੍ਹਾਂ ਇਕ ਮੁਸਲਮਾਨ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਮੁਸਲਮਾਨ ਪੈਦਾ ਨਹੀਂ ਹੁੰਦਾ, ਇਕ ਹਿੰਦੂ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਹਿੰਦੂ ਪੈਦਾ ਨਹੀਂ ਹੁੰਦਾ, ਇਕ ਇਸਾਈ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਇਸਾਈ ਪੈਦਾ ਨਹੀਂ ਹੁੰਦਾ ਅਤੇ ਇਕ ਸਿੱਖ ਦੇ ਘਰ ਪੈਦਾ ਹੋਣ ਵਾਲਾ ਬੱਚਾ ਜਨਮ ਤੋਂ ਸਿੱਖ ਪੈਦਾ ਨਹੀਂ ਹੁੰਦਾ| ਹਰ ਇਕ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਉਹੀ ਕੁੱਝ ਬਨਾਉਣਾ ਚਾਹੁੰਦੇ ਹਨ ਜੋ ਉਹ ਆਪ ਹੋਣ| ਪਰ ਕਿਸੇ ਨੇ ਕੀ ਬਣਨਾ ਹੈ? ਉਹ ਬੱਚਿਆਂ ਦੀ ਆਪਣੀ ਇੱਛਾ ਤੇ ਨਿਰਭਰ ਕਰਦਾ ਹੈ| sikho

ਦੇਖੋ, ਗੁਰੂ ਨਾਨਕ ਸਾਹਿਬ ਦੇ ਮਾਤਾ-ਪਿਤਾ ਆਪਣੇ ਪੁੱਤਰ ਨੂੰ ਜਨੇਊ ਪੁਆ ਕੇ ਹਿੰਦੂ ਰੀਤਾਂ-ਰਸਮਾਂ ਵਿਚ ਢਾਲਣਾ ਚਾਹੁੰਦੇ ਸਨ ਪਰ ਗੁਰੂ ਸਾਹਿਬ ਨੇ ਸਦੀਆਂ ਪੁਰਾਣੀਆਂ ਰੀਤਾਂ-ਰਸਮਾਂ ਨੂੰ ਦਲੇਰੀ ਨਾਲ ਠੁਕਰਾ ਕੇ ਇਕ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਜਨਮ ਦਿੱਤਾ| ਅਜਿਹਾ ਕਰਕੇ ਗੁਰੂ ਸਾਹਿਬ ਨੇ ਆਪਣੇ ਮਾਤਾ-ਪਿਤਾ, ਪੁਜਾਰੀ ਸ਼੍ਰੇਣੀ, ਰਿਸ਼ਤੇਦਾਰਾਂ ਅਤੇ ਸਮਾਜ ਨੂੰ ਦੱਸ ਦਿੱਤਾ ਕਿ ਮੇਰਾ ਰਸਤਾ ਸੱਚ ਦਾ ਮਾਰਗ ਹੈ, ਜਿਸ ਵਿਚ ਧਰਮ ਦੇ ਨਾਂ ਤੇ ਕੀਤੇ ਜਾਂਦੇ ਪਖੰਡਾਂ, ਕਰਮਕਾਂਡਾਂ, ਵਹਿਮਾਂ-ਭਰਮਾਂ, ਅੰਧ-ਵਿਸ਼ਵਾਸਾਂ ਨੂੰ ਕੋਈ ਥਾਂ ਨਹੀਂ ਹੈ| ਗੁਰੂ ਸਾਹਿਬ ਨੇ ਇਸ ਕ੍ਰਾਂਤੀਕਾਰੀ ਵਿਚਾਰਧਾਰਾ ਨੂੰ ਦੇਸ-ਵਿਦੇਸਾਂ ਵਿਚ ਦੂਰ-ਦੁਰਾਡੀਆਂ ਥਾਂਵਾਂ ਤੇ ਪ੍ਰਚਾਰਿਆ| ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਸੁਣਿਆ, ਸਮਝਿਆ ਅਤੇ ਆਪਣੇ ਜੀਵਨ  ਵਿਚ ਲਾਗੂ ਕੀਤਾ, ਉਹ ਸੰਸਾਰ ਵਿਚ ਸਿੱਖ ਦੇ ਨਾਮ ਨਾਲ ਉਭਰੇ|

ਸਭ ਤੋਂ ਪਹਿਲਾਂ ਸਾਨੂੰ ਗੁਰੂ ਨਾਨਕ ਸਾਹਿਬ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਇਸ ਲੋਕਾਈ ਨੂੰ ਅਗਿਆਨਤਾ ਦੇ ਹਨੇਰੇ ਵਿਚੋਂ ਕੱਢ ਕੇ ਸੱਚ-ਧਰਮ ਦੇ ਪਾਂਧੀ ਬਣਾਇਆ| ਇਸ ਤੋਂ ਬਾਅਦ ਉਨ੍ਹਾਂ ਭਾਰਤੀ, ਹਿੰਦੂ ਲੋਕਾਂ ਤੋਂ ਬਲਿਹਾਰੇ ਜਾਣਾ ਚਾਹੀਦਾ ਹੈ, ਜਿਨ੍ਹਾਂ ਨੇ ਸਦੀਆਂ ਪੁਰਾਣੀਆਂ ਰੀਤਾਂ-ਰਸਮਾਂ ਨੂੰ ਦਲੇਰੀ ਨਾਲ ਤਿਆਗ ਕੇ, ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਦੀ ਕਦਰ ਕਰਦੇ ਹੋਏ, ਉਨ੍ਹਾਂ ਨੂੰ ਦਲੇਰੀ ਨਾਲ ਅਪਣਾ ਕੇ ਸਿੱਖ ਬਣਨਾ ਪ੍ਰਵਾਨ ਕਰ ਲਿਆ ਸੀ| ਇਸ ਤੋਂ ਇਲਾਵਾ ਉਨ੍ਹਾਂ ਸ਼ੂਦਰ ਲੋਕਾਂ ਤੋਂ ਵੀ ਬਲਿਹਾਰੇ ਜਾਣਾ ਚਾਹੀਦਾ ਹੈ, ਜਿਨ੍ਹਾਂ ਨੂੰ ਉਸ ਸਮੇਂ ਦੀ ਪੁਜਾਰੀ ਸ਼੍ਰੇਣੀ ਨੇ ਧਰਮ ਤੋਂ ਬਾਹਰ ਕੱਢਿਆ ਹੋਇਆ ਸੀ ਪਰ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਸਿੱਖ ਬਣਨਾ ਪ੍ਰਵਾਨ ਕਰ ਲਿਆ ਸੀ ਅਤੇ ਆਪਣੇ ਪ੍ਰਵਾਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਸਿੱਖੀ ਲਾਗੂ ਕਰਕੇ ਇਕ ਵੱਖਰੀ ਸਿੱਖ-ਕੌਮ ਬਨਾਉਣ ਵਿਚ ਆਪਣਾ ਬਹੁ-ਮੁੱਲਾ ਯੋਗਦਾਨ ਪਾਇਆ ਸੀ|

ਯਾਦ ਰੱਖੋ, ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨਦਾ ਹੈ ਅਤੇ ਉਨ੍ਹਾਂ ਅਨੁਸਾਰ ਚਲਦਾ ਹੈ, ਕੇਵਲ ਉਹ ਮਨੁੱਖ ਹੀ ਸਿੱਖੀ ਵਿਚ ਪ੍ਰਵਾਨ ਹੈ| ਪਰ ਜਿਹੜਾ ਗੁਰੂ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਦਾ ਹੈ ਅਤੇ ਆਪਣੀ ਮਨ-ਮਰਜ਼ੀ ਅਨੁਸਾਰ ਚਲਦਾ ਹੈ, ਉਹ ਸਿੱਖੀ ਵਿਚ ਪ੍ਰਵਾਨ ਨਹੀਂ ਹੈ| ਇਸ ਦਾ ਪ੍ਰਤੱਖ ਸਬੂਤ ਗੁਰੂ ਨਾਨਕ ਸਾਹਿਬ ਨੇ ਆਪਣੇ ਹੁੰਦਿਆਂ ਹੀ ਲਾਗੂ ਕਰ ਦਿੱਤਾ ਸੀ| ਗੁਰੂ ਸਾਹਿਬ ਦੀਆਂ ਨਜ਼ਰਾਂ ਵਿਚ ਭਾਈ ਲਹਿਣਾ ਜੀ ਹੁਕਮ ਮੰਨਣ ਕਰਕੇ ਪ੍ਰਵਾਨ ਹੋਏ ਸਨ| ਪਰ ਇਸ ਦੇ ਉਲਟ ਗੁਰੂ ਸਾਹਿਬ ਦੇ ਆਪਣੇ ਪੁੱਤਰ, ਉਨ੍ਹਾਂ ਦੀਆਂ ਨਜ਼ਰਾਂ ਵਿਚ ਪ੍ਰਵਾਨ ਨਾ ਹੋ ਸਕੇ ਕਿਉਂਕਿ ਉਹਨਾਂ ਦੇ ਪੁੱਤਰਾਂ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਆਪਣੇ ਗੁਰਪਿਤਾ ਦੇ ਹੁਕਮਾਂ ਦੀ ਸਾਰੀ ਉਮਰ ਅਵੱਗਿਆ ਕਰਦੇ ਰਹੇ ਸਨ| ਗੁਰਬਾਣੀ ਦਾ ਫੁਰਮਾਨ ਹੈ :-
ਸਚੁ ਜਿ ਗੁਰਿ ਫੁਰਮਾਇਆ  ਕਿਉ ਏਦੂ ਬੋਲਹੁ ਹਟੀਐ||
ਪੁਤ੍ਰੀ ਕਉਲੁ ਨ ਪਾਲਿਓ  ਕਰਿ ਪੀਰਹੁ ਕੰਨ" ਮੁਰਟੀਐੈ||
ਦਿਲਿ ਖੋਟੈ ਆਕੀ ਫਿਰਨਿ"   ਬੰਨਿ" ਭਾਰੁ ਉਚਾਇਨ" ਛਟੀਐ|| (ਗੁ.ਗ੍ਰੰ.ਸ.ਪੰਨਾ-967)

ਸੱਤੇ ਬਲਵੰਡ ਦੀ ਵਾਰ ਵਿਚ ਗੁਰਬਾਣੀ ਨੇ ਸਮਝਾਇਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੋ ਵੀ ਹੁਕਮ ਕੀਤਾ, ਭਾਈ ਲਹਿਣਾ ਜੀ ਨੇ ਉਸ ਨੂੰ ਸੱਚ ਕਰਕੇ ਮੰਨਿਆ, ਉਸ ਨੂੰ ਮੰਨਣ ਤੋਂ ਇੰਨਕਾਰੀ ਨਾ ਹੋਏ, ਪਰ ਸਤਿਗੁਰੂ ਜੀ ਦੇ ਪੁੱਤਰਾਂ ਨੇ ਕੋਈ ਵੀ ਹੁਕਮ ਨਾ ਮੰਨਿਆ, ਉਹ ਸਤਿਗੁਰੂ ਜੀ ਦੇ ਹਰ ਹੁਕਮ ਨੂੰ ਪਿੱਠ ਦੇ ਕੇ ਹੀ ਮੋੜਦੇ ਰਹੇ| ਦਿਲ ਦੇ ਖੋਟੇ ਹੋਣ ਕਰਕੇ, ਗੁਰੂ ਹੁਕਮਾਂ ਵੱਲੋਂ ਆਕੀ ਹੋਏ ਫਿਰਦੇ ਰਹੇ ਅਤੇ ਦੁਨੀਆਂ ਦੇ ਫ਼ਜ਼ੂਲ ਧੰਦਿਆਂ ਦਾ ਭਾਰ ਬੰਨ ਕੇ ਚੁੱਕੀ ਫਿਰਦੇ ਰਹੇ|
ਇਹੋ ਹਾਲ ਬਾਬਾ ਪ੍ਰਿਥੀ ਚੰਦ, ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ, ਧੀਰਮੱਲ ਅਤੇ ਬਾਬਾ ਰਾਮ ਰਾਇ ਦਾ ਸੀ, ਜਿਹੜੇ ਗੁਰੂ ਹੁਕਮਾਂ ਅਨੁਸਾਰ ਨਾ ਚਲ ਸਕੇ, ਜਿਸ ਕਰਕੇ ਸਤਿਗੁਰਾਂ ਨੇ ਉਨ੍ਹਾਂ ਤੋਂ ਸਦਾ ਲਈ ਨਾਤਾ ਤੋੜ ਲਿਆ ਸੀ| ਜੇਕਰ ਸਿੱਖ-ਸਤਿਗੁਰਾਂ ਨੇ ਆਪਣੇ ਬੱਚਿਆਂ ਨੂੰ ਸਿੱਖੀ-ਸਿਧਾਂਤਾਂ ਅਨੁਸਾਰ ਨਾ ਚਲਣ ਕਰਕੇ, ਉਨ੍ਹਾਂ ਸਾਰਿਆਂ ਨੂੰ ਸਿੱਖੀ ਵਿਚ ਪ੍ਰਵਾਨ ਨਹੀਂ ਕੀਤਾ ਤਾਂ ਅੱਜ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਅਵੱਗਿਆ ਕਰ ਰਹੇ ਹਨ, ਉਨ੍ਹਾਂ ਨੂੰ ਸਿੱਖ ਕਿਵੇਂ ਪ੍ਰਵਾਨ ਕੀਤਾ ਜਾ ਸਕਦਾ ਹੈ?

ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਸਦੀਆਂ ਪਹਿਲਾਂ ਭਾਰਤ ਵਿਚ ਧਰਮ ਦੇ ਨਾਂ ਤੇ ਜਿਹੜੀਆਂ ਰੀਤਾਂ-ਰਸਮਾਂ ਕੀਤੀਆਂ ਜਾਂਦੀਆਂ ਸਨ ਅਤੇ ਜਿਹੜੀਆਂ ਹੁਣ ਵੀ ਕੀਤੀਆਂ ਜਾ ਰਹੀਆਂ ਹਨ, ਉਹ ਇਸ ਪ੍ਰਕਾਰ ਹਨ :-
1. ਬ੍ਰਾਹਮਣ ਦੇਵਤਾ ਦੀ ਸਿੱਖਿਆ ਅਨੁਸਾਰ ਜਨੇਊ ਧਾਰਨ ਕਰਨਾ ਅਤੇ ਉਸ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਹਰ ਇਕ ਹਿੰਦੂ ਲਈ ਅਤਿ ਜ਼ਰੂਰੀ ਹੈ|
2. ਘਰ ਵਿਚ ਪੈਦਾ ਹੋਏ ਬੱਚੇ ਦਾ ਮੁੰਡਨ ਕਰਵਾਉਣ ਲਈ ਧਾਰਮਕ ਰਸਮ ਅਦਾ ਕਰਨੀ ਤਾਂ ਜੋ ਬੱਚਾ ਵੱਡਾ ਹੋ ਕੇ ਸਾਰੀ ਉਮਰ ਆਪਣੇ ਕੇਸ-ਦਾੜ੍ਹੀ ਕਟਾਉਣ ਨੂੰ ਆਪਣੀ ਰਸਮ ਸਮਝ ਕੇ ਨਿਭਾਉਂਦਾ ਰਹੇ|
3. ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਬੁੱਤਾਂ, ਤਸਵੀਰਾਂ, ਖੇੜਿਆਂ, ਥਾਂਨਾਂ, ਦਰਖ਼ਤਾਂ, ਖੂਹਾਂ ਅਤੇ ਸੱਪਾਂ ਗੁੱਗਾ ਆਦਿ ਦੀ ਪੂਜਾ ਕਰਨੀ|
4. ਰਾਤਾਂ ਨੂੰ ਜਗਰਾਤੇ ਕਰਨੇ| ਦੇਵੀਆਂ ਦੀ ਉਸਤਤਿ ਵਿਚ ਭਜਨ ਗਾਉਣੇ ਅਤੇ ਮੱਥੇ ਤੇ ਤਿਲਕ ਲਾਉਣੇ|
5. ਦੇਵੀ-ਦੇਵਤਿਆਂ ਦੀ ਖੁਸ਼ੀ ਪ੍ਰਾਪਤ ਕਰਨ ਲਈ ਹਵਨ ਕਰਨੇ ਅਤੇ ਬਲੀਆਂ ਦੇਣੀਆਂ| ਇਸ ਤੋਂ ਇਲਾਵਾ ਮੂਰਤੀਆਂ ਅੱਗੇ ਕੁੰਭ,  ਨਾਰੀਅਲ ਰੱਖਣਾ, ਭੋਗ ਲਵਾਉਣੇ ਅਤੇ ਜੋਤਾਂ ਬਾਲ ਕੇ ਆਰਤੀ ਕਰਨੀ|
6. ਸਮਾਧੀਆਂ ਲਾਉਣੀਆਂ, ਮਾਲਾ ਫੇਰ ਕੇ ਜਪ ਕਰਨੇ, ਤੰਤਰ-ਮੰਤਰਾਂ ਦਾ ਰਟਨ ਕਰਨਾ|
7. ਜਾਤੀ-ਵੰਡ ਅਨੁਸਾਰ ਉੱਚੀ ਜਾਂ ਨੀਵੀਂ ਜਾਤ ਵਿਚ ਭਰੋਸਾ ਰੱਖਣਾ ਅਤੇ ਆਪਣੀ ਆਪਣੀ ਜਾਤ ਵਿਚ ਵਿਆਹ ਕਰਨੇ|
8. ਰਾਸ਼ੀ-ਫਲ ਦੇਖ ਕੇ ਚੰਗੇ-ਮਾੜੇ ਦਿਨਾਂ ਦੀ ਵਿਚਾਰ ਕਰਨੀ| ਪਾਧੇਂ ਕੋਲੋਂ ਪੁੱਛ ਕੇ ਮੁਹਰਤ ਕਢਾ ਕੇ ਕੰਮ ਅਰੰਭ ਕਰਨੇ, ਖ਼ਰੀਦ ਕਰਨੀ  ਅਤੇ ਵਿਆਹ ਕਰਨੇ|  
9. ਬਿੱਲੀ ਦਾ ਰਸਤਾ ਕੱਟਣਾ, ਨਿੱਛ ਮਾਰਨਾ, ਘਰ ਤੋਂ ਜਾਣ ਸਮੇਂ ਖਾਲੀ ਬਾਲਟੀ ਦੇ ਦਰਸ਼ਨ ਨੂੰ ਅਪ-ਸ਼ਗਨ ਮੰਨਣਾ|  
10. ਜਨਮ-ਕੰਡਲੀ ਬਨਾਉਣੀ, ਵਿਆਹਾਂ ਦੇ ਸਾਹੇ ਕਢਵਾਉਣੇ, ਵਿਆਹ ਸਮੇਂ ਸਿਹਰਾ ਬੰਨਣਾ, ਜੈ-ਮਾਲਾ ਪਾਉਣੀ ਅਤੇ ਦਾਜ ਲੈਣਾ|
11. ਦਿਨਾਂ ਅਤੇ  ਮਹੀਨਿਆਂ ਨੂੰ ਸ਼ੁੱਭ ਜਾਣ ਕੇ ਤਿਥਾਂ-ਵਾਰਾਂ, ਸੰਗਰਾਂਦ, ਮੱਸਿਆਂ, ਪੂਰਨਮਾਸੀ ਆਦਿ ਮਨਾਉਣੀ|
12. ਔਰਤਾਂ ਅਤੇ ਮਰਦਾਂ ਵੱਲੋਂ ਕਈ ਤਰ੍ਹਾਂ ਦੇ ਵਰਤ ਰੱਖਣੇ| ਕਰਵੇ ਚੌਥ ਅਤੇ ਆਹੋਈ ਮਾਤਾ ਦਾ ਵਰਤ ਰੱਖਣਾ|
13. ਸੂਤਕ-ਪਾਤਕ, ਸੁੱਚ-ਭਿੱਟ, ਕਰਮ-ਕਾਂਡ, ਵਹਿਮ-ਭਰਮ, ਪਖੰਡ, ਅੰਧ-ਵਿਸ਼ਵਾਸ ਵਿਚ ਭਰੋਸਾ  ਰੱਖਣਾ|
14. ਤਿਉਹਾਰ: ਰੱਖੜੀ, ਭਈਆ-ਦੂਜ, ਟਿੱਕਾ, ਲੋਹੜੀ, ਕਰਵਾ ਚੌਥ, ਕੰਜਕਾਂ, ਨਵਰਾਤਰੇ, ਦੁਸਹਿਰਾ, ਦੀਵਾਲੀ, ਹੌਲੀ ਆਦਿ|
15. ਪ੍ਰਾਣੀ ਦੀ ਮੌਤ ਉਪਰੰਤ ਮ੍ਰਿਤਕ ਨੂੰ ਇਸ਼ਨਾਨ ਕਰਾਉਣੇ, ਨਵੇਂ ਕੱਪੜੇ ਪਹਿਨਾਉਣੇ, ਹਥੇਲੀ ਤੇ ਆਟੇ ਦੇ ਦੀਵੇ ਬਾਲਣੇ, ਪੇੜੇ ਮਨਸਾਉਣੇ, ਮ੍ਰਿਤਕ ਦੇ ਪੈਰਾਂ ਵਿਚ ਮੱਥੇ ਟੇਕਣੇ, ਬੈਬਾਨ ਕੱਢਣੇ, ਅੱਧ-ਮਾਰਗੀ ਘੜੇ ਭੰਨਣੇ, ਫੁੱਲ ਚੁਗਣੇ ਤੇ ਗੰਗਾ ਵਿਚ ਪਾਉਣੇ ਅਤੇ ਪ੍ਰੇਤ ਆਦਿ ਵਿਚ ਵਿਸ਼ਵਾਸ ਰੱਖਣਾ|
16. ਮ੍ਰਿਤਕ ਦੀ ਆਤਮਾ ਨੂੰ ਸ਼ਾਂਤੀ ਦੇਣ ਲਈ ਗਰੁੜ ਪੁਰਾਣ ਦਾ ਪਾਠ ਕਰਨਾ, ਮ੍ਰਿਤਕ ਦੇ ਨਾਂ ਤੇ ਭਾਂਡੇ-ਬਿਸਤਰੇ ਦੇਣੇ, ਬਰਸੀਆਂ ਮਨਾਉਣੀਆਂ|
17. ਸੁੱਚ-ਭਿੱਟ ਕਰਕੇ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨੇ ਅਤੇ ਮ੍ਰਿਤਕ ਦੇ ਨਾਂ ਤੇ ਦਾਨ-ਪੁੰਨ ਕਰਨਾ|  
18. ਪਿੱਤਰ ਲੋਕ ਵਿਚ ਰਹਿਣ ਵਾਲੇ ਵੱਡੇ-ਵਡੇਰਿਆਂ ਦੀ ਤ੍ਰਿਪਤੀ ਲਈ ਸ਼ਰਾਧ ਕਰਨੇ ਅਤੇ ਬਸਤਰ ਭੇਟ ਕਰਨਾ ਆਦਿ|  ਇਹ ਸਾਰੀਆਂ ਰੀਤਾਂ-ਰਸਮਾਂ ਧਰਮ ਦੇ ਨਾਂ ਤੇ ਹਿੰਦੂ ਲੋਕ ਸਦੀਆਂ ਤੋਂ ਲੈ ਕੇ ਹੁਣ ਤਕ ਕਰਦੇ ਆ ਰਹੇ ਹਨ|

ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਜਿਹੜਾ ਮਨੁੱਖ ਉਕਤ ਰੀਤਾਂ-ਰਸਮਾਂ ਆਪਣੇ ਜੀਵਨ ਵਿਚ ਕਰਦਾ ਹੈ, ਉਹ ਮਨੁੱਖ ਭਾਵੇਂ ਸਿੱਖ ਦੇ ਭੇਖ ਵਿਚ ਹੀ ਕਿਉਂ ਨਾ ਹੋਵੇ, ਉਸ ਨੂੰ ਹਿੰਦੂ ਕਰਕੇ ਜਾਣਿਆ ਜਾਂਦਾ ਹੈ| ਹਿੰਦੂਮਤ ਦੀਆਂ ਰੀਤਾਂ-ਰਸਮਾਂ ਦੇ ਧਾਰਨੀ ਭੇਖੀ ਸਿੱਖਾਂ ਨੂੰ ਜਦੋਂ ਕੋਈ ਹਿੰਦੂ ਕਹਿੰਦਾ ਹੈ ਤਾਂ ਸਿੱਖ ਚਿੜ੍ਹ ਜਾਂਦੇ ਹਨ| ਅਜਿਹੇ ਸਿੱਖਾਂ ਨੂੰ ਕਿਸੇ ਦੀ ਗੱਲ ਤੇ ਗੁੱਸਾ ਕਰਨ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਤੋਂ ਸੇਧ ਲੈ ਕੇ ਸੱਚ ਨੂੰ ਸਮਝਣਾ ਚਾਹੀਦਾ ਹੈ :-
ਜੈਸਾ ਕਰੈ ਕਹਾਵੈ ਤੈਸਾ  ਐਸੀ ਬਨੀ ਜਰੂਰਤਿ|| (ਗੁ. ਗ੍ਰੰ..ਸ.ਪੰਨਾ-1245)
ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ|| (ਗੁ. ਗ੍ਰੰ..ਸ.ਪੰਨਾ-469)

ਅਰਥ: ਇਹ ਕੁਦਰਤੀ ਗੱਲ ਹੈ ਕਿ ਮਨੁੱਖ ਆਪਣੇ ਜੀਵਨ ਵਿਚ ਜਿਹੋ ਜਿਹੇ ਕੰਮ ਕਰਦਾ ਹੈ, ਉਸੇ ਤਰ੍ਹਾਂ ਦਾ ਉਸ ਦਾ ਨਾਮ ਪੈ ਜਾਂਦਾ ਹੈ|

ਹੁਣ ਦੇਖੋ, ਜਿਹੜਾ ਮਨੁੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ ਅਤੇ ਆਪਣੇ ਗੁਰੂ ਦੀ ਗੁਰਬਾਣੀ ਸਿੱਖਿਆ ਅਨੁਸਾਰ ਚਲਦਾ ਹੈ, ਉਸ ਨੂੰ ਸਿੱਖ ਕਿਹਾ ਜਾਂਦਾ ਹੈ| ਅਜਿਹੇ ਸਿੱਖ ਦੇ ਜੀਵਨ ਵਿਚ ਹੇਠ ਲਿਖੇ ਗੁਣ ਦੇਖੇ ਜਾ ਸਕਦੇ ਹਨ :-
1.  ਸਿੱਖ ਸਭ ਤੋਂ ਪਹਿਲਾਂ ਹਉਮੈਂ ਅਧੀਨ ਕੀਤੀਆਂ ਜਾਂਦੀਆਂ ਲੋਕਾਂ ਚਾਰੀ ਰੀਤਾਂ-ਰਸਮਾਂ ਦਾ ਤਿਆਗ ਕਰਦਾ ਹੈ|
2.  ਸਿੱਖ ਆਪਣੀ ਮਨਮਤਿ ਦਾ ਤਿਆਗ ਕਰਕੇ ਗੁਰੂ ਦੀ ਮਤਿ ਹਾਸਲ ਕਰਕੇ ਉਸ ਅਨੁਸਾਰ ਚਲਦਾ ਹੈ|  
3.  ਸਿੱਖ ਕੇਵਲ ਇਕ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਅਕਾਲਪੁਰਖ ਨੂੰ ਮੰਨਦਾ ਹੈ, ਕਿਸੇ ਹੋਰ ਨੂੰ ਨਹੀ|
4.  ਸਿੱਖ ਆਪਣੇ ਜੀਵਨ ਦਾ ਆਧਾਰ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਦਰਜ ਗੁਰਬਾਣੀ ਨੂੰ ਹੀ ਮੰਨਦਾ ਹੈ, ਕਿਸੇ ਹੋਰ ਨੂੰ ਨਹੀਂ|
5.  ਸਿੱਖ ਕੇਵਲ ਸ਼ਬਦ-ਗੁਰੂ ਨੂੰ ਹੀ ਆਪਣਾ ਗੁਰੂ ਮੰਨਦਾ ਹੈ, ਕਿਸੇ ਦੇਹਧਾਰੀ ਸਾਧ-ਸੰਤ ਜਾਂ ਗੁਰੂ ਨੂੰ ਨਹੀਂ|
6.  ਸਿੱਖ ਆਪਣੀ ਅਰਦਾਸ ਕੇਵਲ ਅਕਾਲਪੁਰਖ ਜਾਂ ਸਤਿਗੁਰੂ ਅੱਗੇ ਹੀ ਕਰਦਾ ਹੈ, ਕਿਸੇ ਹੋਰ ਅੱਗੇ ਨਹੀਂ|  
7.  ਸਿੱਖ ਦੀ ਸ਼ਕਲ ਕੁਦਰਤੀ ਹੈ ਬਨਾਉਟੀ ਨਹੀਂ| ਇਸ ਲਈ ਸਿੱਖ ਆਪਣੇ ਕੇਸ-ਦਾੜ੍ਹੀ, ਭਰਵੱਟਿਆਂ ਅਤੇ ਕੇਸਾਂ ਨੂੰ ਭੁੱਲ ਕੇ ਨਹੀਂ ਕਟਾਉਂਦਾ| ਭਾਈ ਤਾਰੂ ਸਿੰਘ ਜੀ ਦੀ ਕੁਰਬਾਨੀ ਇਸ ਗੱਲ ਦਾ ਪ੍ਰਤੱਖ ਸਬੂਤ ਹੈ ਕਿ ਸਿੱਖ ਨੂੰ ਮਰਨਾ ਪ੍ਰਵਾਨ ਹੈ ਪਰ ਆਪਣੇ ਕੇਸਾਂ ਨੂੰ ਕਟਾਉਣਾ ਪ੍ਰਵਾਨ ਨਹੀਂ|
8. ਸਿੱਖ ਨੂੰ ਕੇਵਲ ਆਪਣੇ ਸਤਿਗੁਰੂ ਦੀ ਗੁਰਬਾਣੀ ਦਾ ਅੰਮ੍ਰਿਤ ਰੂਪੀ ਨਸ਼ਾ ਸਾਰੀ ਉਮਰ ਰਹਿੰਦਾ ਹੈ| ਇਸ ਲਈ ਉਹ ਆਪਣੇ ਜੀਵਨ ਵਿਚ ਕਿਸੇ ਪ੍ਰਕਾਰ ਦਾ ਹੋਰ ਨਸ਼ਾ ਨਹੀਂ ਕਰਦਾ|
9.  ਸਿੱਖ ਕੇਵਲ ਗੁਰੂ ਦਾ ਸਿੱਖ ਹੈ, ਉਸ ਦੀ ਕੋਈ ਜਾਤ ਨਹੀਂ|  
10. ਸਿੱਖ ਆਪਣਾ ਅਤੇ ਆਪਣੇ ਪ੍ਰਵਾਰ ਦਾ ਜੀਵਨ ਨਿਰਬਾਹ ਨੇਕ ਕਮਾਈ ਕਰਕੇ ਕਰਦਾ ਹੈ, ਕਿਸੇ ਹੋਰ ਢੰਗ ਹੇਰਾਫੇਰੀ,   ਮਿਲਾਵਟ, ਰਿਸ਼ਵਤ, ਬੇਈਮਾਨੀ ਜਾਂ ਭੀਖ ਮੰਗ ਕੇ ਨਹੀਂ|
11. ਸਿੱਖ ਆਪਣੀ ਕਮਾਈ ਵਿਚੋਂ ਲੋੜਵੰਦਾਂ ਦੀ ਸਹਾਇਤਾ ਕਰਦਾ ਹੈ|
12.  ਸਿੱਖ ਪਹਿਲਾਂ ਆਪ ਅਗਿਆਨਤਾ ਦੇ ਹਨ੍ਹੇਰੇ ਵਿਚ ਨਿਕਲ ਕੇ ਦੂਜਿਆਂ ਨੂੰ ਵੀ ਅਗਿਆਨਤਾ ਦੇ ਹਨ੍ਹੇਰੇ ਵਿਚੋਂ ਕੱਢਣ ਦੇ  ਉਪਰਾਲੇ ਕਰਦਾ ਰਹਿੰਦਾ ਹੈ|
13. ਸਿੱਖ ਆਪ ਗੁਰਬਾਣੀ ਤੋਂ ਧਰਮ ਦੀ ਸੱਚੀ ਸਿੱਖਿਆ ਹਾਸਲ ਕਰਦਾ ਹੈ ਅਤੇ ਹੋਰਨਾਂ ਵਿਚ ਵੀ ਪ੍ਰਚਾਰਦਾ ਹੈ| ਧਰਮ ਦੇ ਨਾਂ ਤੇ ਝੂਠੀਆਂ ਮਨਘੜਤ ਕਥਾ-ਕਹਾਣੀਆਂ ਸੁਣਾ ਕੇ ਕਿਸੇ ਨੂੰ ਕੁਰਾਹੇ ਨਹੀਂ ਪਾਉਂਦਾ|
14. ਸਿੱਖ ਆਪਣੀ ਨਿਆਰੀ ਪਹਿਚਾਣ ਲਈ ਖੰਡੇ-ਬਾਟੇ ਦੀ ਪਾਹੁਲ ਛਕਦਾ ਹੈ ਅਤੇ ਝੂਠ ਨਹੀਂ ਬੋਲਦਾ|
15. ਸਿੱਖ ਆਪਣੇ ਆਚਰਣ ਨੂੰ ਹਮੇਸ਼ਾ ਬਰਕਰਾਰ ਰੱਖਦਾ ਹੈ ਕਿਉਂਕਿ ਉੱਚਾ ਆਚਰਣ ਸਿੱਖੀ ਦਾ ਥੰਮ ਹੈ| ਜਿਸ ਸਿੱਖ ਦਾ ਆਚਰਣ  ਗੰਦਾ ਹੈ, ਉਸ ਦੀਆਂ ਉਪਰੋਕਤ ਸਾਰੀਆਂ ਗੱਲਾਂ ਪਖੰਡ ਬਣ ਕੇ ਰਹਿ ਜਾਂਦੀਆਂ ਹਨ|
16. ਸਿੱਖ ਔਰਤ ਅਤੇ ਮਰਦ, ਮਨੁੱਖ ਦੇ ਜਨਮ-ਮਰਨ ਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਹਨ| ਇਸ ਲਈ ਆਪਣੇ ਮਰਨ ਤੋਂ ਪਹਿਲਾਂ ਹੀ ਆਪਣਾ ਜੀਵਨ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਨੁਸਾਰ ਬਣਾ ਕੇ, ਆਪਣੀ ਭਟਕ ਰਹੀ ਆਤਮਾ ਨੂੰ ਗੁਰੂ- ਚਰਨਾਂ ਵਿਚ ਟਿਕਾਉਂਦੇ ਹਨ|

ਹਿੰਦੂ ਅਤੇ ਸਿੱਖ ਦੀ ਜੀਵਨ ਮਰਿਆਦਾ ਪੜ੍ਹ ਕੇ ਹਰ ਇਕ ਸਿੱਖ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਕਿਹੜੇ ਮਨੁੱਖ ਨੂੰ ਹਿੰਦੂ ਕਿਹਾ ਜਾਂਦਾ ਹੈ ਅਤੇ ਕਿਹੜੇ ਮਨੁੱਖ ਨੂੰ ਸਿੱਖ ਕਿਹਾ ਜਾਂਦਾ ਹੈ| ਹਿੰਦੂ ਅਤੇ ਸਿੱਖ ਦੀ ਜੀਵਨ ਮਰਿਆਦਾ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ| ਇਸ ਕਰਕੇ ਗੁਰਬਾਣੀ ਵਿਚ ਸਪੱਸ਼ਟ ਫ਼ੁਰਮਾਨ ਕਰ ਦਿੱਤਾ ਹੈ :-
(ੳ) ਨਾ ਹਮ ਹਿੰਦੂ ਨ ਮੁਸਲਮਾਨ|| (ਗੁ. ਗ੍ਰੰ.ਸ.ਪੰਨਾ-1136)
(ਅ) ਹਮਰਾ ਝਗਰਾ ਰਹਾ ਨ ਕਊ|| ਪੰਡਿਤ ਮੁਲਾਂ ਛਾਡੇ ਦੋਊ|| (ਗੁ. ਗ੍ਰੰ.ਸ.ਪੰਨਾ-1158-59)

ਅਰਥ: ਹੇ ਭਾਈ! ਪੰਡਿਤ ਅਤੇ ਮੁੱਲਾਂ ਦੋਨੋਂ ਛੱਡ ਦਿੱਤੇ ਹਨ| ਹੁਣ ਮੇਰਾ ਇਨ੍ਹਾਂ ਦੇ ਧਰਮ-ਕਰਮ ਨਾਲ ਕੋਈ ਵਾਸਤਾ ਨਹੀਂ ਰਿਹਾ|
(ੲ) ਪੰਡਿਤ ਮੁਲਾਂ ਜੋ ਲਿਖਿ ਦੀਆ|| ਛਾਡਿ ਚਲੇ ਹਮ ਕਛੁ ਨ ਲੀਆ|| (ਗੁ. ਗ੍ਰੰ.ਸ.ਪੰਨਾ-1159)
ਅਰਥ: ਹੇ ਭਾਈ! ਪੰਡਿਤ ਅਤੇ ਮੌਲਵੀਆਂ ਨੇ ਜੋ ਕੁੱਝ ਵੀ ਲਿਖਿਆ ਹੈ, ਉਸ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ|

ਪਰ ਜਿਹੜਾ ਮਨੁੱਖ ਆਪਣੇ ਆਪ ਨੂੰ ਅਖਵਾਉਂਦਾ ਤਾਂ ਸਿੱਖ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਉਕਤ ਗੁਰਬਾਣੀ ਹੁਕਮਾਂ ਤੋਂ ਉਲਟ ਜੀਵਨ ਦੇ ਸਾਰੇ ਕੰਮ ਹਿੰਦੂਮਤ ਵਾਲੇ ਕਰਦਾ ਹੈ, ਉਹ ਮਨੁੱਖ ਸਿੱਖ ਅਖਵਾਉਣ ਦੇ ਬਿਲਕੁਲ ਕਾਬਲ ਨਹੀਂ ਹੈ ਕਿਉਂਕਿ ਜਿਹੜੀਆਂ ਰੀਤਾਂ-ਰਸਮਾਂ, ਕੇਸਾਧਾਰੀ ਜਾਂ ਕੇਸ-ਦਾੜ੍ਹੀ ਕਟਾਉਣ ਵਾਲੇ ਹਿੰਦੂ ਲੋਕ, ਧਰਮ ਦੇ ਨਾਂ ਤੇ ਕਰਦੇ ਦੇਖੇ ਜਾਂਦੇ ਹਨ, ਉਹੀ ਰੀਤਾਂ-ਰਸਮਾਂ, ਕੇਸ-ਦਾੜ੍ਹੀ ਕਟਾਉਣ ਵਾਲੇ ਜਾਂ ਕੇਸਾਧਾਰੀ ਪਗੜੀ ਬੰਨਣ ਵਾਲੇ ਜਾਂ ਖੰਡੇ-ਬਾਟੇ ਦੀ ਪਾਹੁਲ ਛਕਣ ਵਾਲੇ ਸਿੱਖ ਅਕਸਰ ਗੁਰਦੁਆਰਿਆਂ ਜਾਂ ਘਰਾਂ ਵਿਚ ਕਰਦੇ ਆਮ ਦੇਖੇ ਜਾ ਸਕਦੇ ਹਨ|

ਕਈ ਸਿੱਖ ਆਖ ਦਿੰਦੇ ਹਨ ਕਿ ਅਸੀਂ ਜਨੇਊ ਨਹੀਂ ਪਾਉਂਦੇ, ਇਸ ਲਈ ਅਸੀਂ ਹਿੰਦੂ ਕਿਵੇਂ ਹੋਏ? ਯਾਦ ਰੱਖੋ, ਸਾਰੇ ਹਿੰਦੂ ਵੀ ਜਨੇਊ ਨਹੀਂ ਪਾਉਂਦੇ, ਪਰ ਉਹ ਸਾਰੇ ਕੰਮ, ਹਿੰਦੂਮਤ ਵਾਲੇ ਹੀ ਕਰਦੇ ਹਨ| ਬੇਸ਼ੱਕ ਸਿੱਖ ਜਨੇਊ ਨਹੀਂ ਪਾਉਂਦੇ, ਪਰ ਅੱਜ ਸਾਰੇ ਕੰਮ ਹਿੰਦੂਆਂ ਵਾਲੇ ਹੀ ਕਰਦੇ ਹਨ|

ਸੰਸਾਰ ਵਿਚ ਅਣ-ਗਿਣਤ ਹਿੰਦੂ, ਮੁਸਲਮਾਨ, ਅੰਗਰੇਜ਼ ਜਾਂ ਹੋਰ ਲੋਕ ਵੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸੀਸ ਝੁਕਾਉਂਦੇ ਹਨ ਜਾਂ ਮੱਥੇ ਟੇਕਦੇ ਹਨ, ਪਰ ਸਿੱਖਾਂ ਨੇ ਉਨ੍ਹਾਂ ਨੂੰ ਕਦੇ ਸਿੱਖ ਨਹੀਂ ਮੰਨਿਆ| ਗੱਲ ਸੱਚੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨੇ ਬਗੈਰ ਕੋਈ ਵੀ ਮਨੁੱਖ ਸਿੱਖ ਨਹੀਂ ਬਣ ਸਕਦਾ| ਕੀ ਇਹ ਗੱਲ ਸਿੱਖਾਂ ਉੱਤੇ ਵੀ ਲਾਗੂ ਹੁੰਦੀ ਹੈ ਜਾਂ ਨਹੀਂ ? ਜੇਕਰ ਹਾਂ ਤਾਂ ਗੁਰਬਾਣੀ ਦਾ ਫੁਰਮਾਨ ਹੈ : ਬੋਲੀਐ ਸਚੁ ਧਰਮੁ ਝੂਠ ਨ ਬੋਲੀਐ|| (ਗੁ. ਗ੍ਰੰ.ਸ.ਪੰਨਾ-488) ਅਨੁਸਾਰ ਸਾਨੂੰ ਸੱਚ ਬੋਲਣਾ ਪਵੇਗਾ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨੇ ਬਗੈਰ ਆਪਣੇ ਆਪ ਨੂੰ ਸਿੱਖ ਸਮਝ ਰਹੇ ਹਨ ਜਾਂ ਖ਼ਾਲਸਾ ਸਮਝ ਰਹੇ ਹਨ, ਉਹ ਕੋਰਾ ਝੂਠ ਬੋਲ ਰਹੇ ਹਨ ਕਿਉਂਕਿ ਅੱਜ ਜੋ ਵੀ ਕੰਮ ਧਰਮ ਦੇ ਨਾਂ ਤੇ ਕੀਤੇ ਜਾ ਰਹੇ ਹਨ, ਉਹ ਸਿੱਖਾਂ ਜਾਂ ਖ਼ਾਲਸਿਆਂ ਵਾਲੇ ਨਹੀਂ ਸਗੋਂ ਹਿੰਦੂ ਅਖਵਾਉਣ ਵਾਲੇ ਹੀ ਕੀਤੇ ਜਾ ਰਹੇ ਹਨ| ਇਸ ਗੱਲ ਵਿਚ ਰਤਾ ਵੀ ਝੂਠ ਨਹੀਂ ਹੈ| ਜਿਵੇਂ ਕਿ :-
1. ਆਪਣੇ ਆਪ ਨੂੰ ਸਿੱਖ ਕਹਿਣ ਨਾਲ ਕੋਈ ਮਨੁੱਖ ਸਿੱਖ ਨਹੀਂ ਬਣ ਜਾਂਦਾ|
2. ਅੱਜ ਜਿਹੜੇ ਸਿੱਖ ਅਗਿਆਨਤਾਵਸ ਹਿੰਦੂਮਤ ਦੀਆਂ ਸਦੀਆਂ ਪੁਰਾਣੀਆਂ ਰੀਤਾਂ-ਰਸਮਾਂ ਅਪਨਾ ਕੇ ਆਪਣੇ ਅੰਦਰ ਸਿੱਖ ਹੋਣ ਦਾ ਭਰਮ ਪੈਦਾ ਕਰ ਚੁੱਕੇ ਹਨ, ਉਹ ਸਾਰੇ ਬ੍ਰਾਹਮਣ ਦੇਵਤਾ ਦਾ ਪਾਣੀ ਭਰਦੇ ਹਨ|  
3. ਕਿਸੇ ਦੇ ਮਨ ਵਿਚ ਰਾਜ ਕਰਨਾ ਕੋਈ ਸੌਖੀ ਗੱਲ ਨਹੀਂ ਹੈ, ਪਰ ਬ੍ਰਾਹਮਣ ਦੇਵਤਾ ਹਰ ਸਿੱਖ ਦੇ ਮਨ ਵਿਚ ਆਪਣਾ ਤਖਤ ਲਾ ਕੇ ਰਾਜ ਕਰ ਰਿਹਾ ਹੈ| ਬ੍ਰਾਹਮਣ ਰਾਜਾ ਜਦੋਂ ਵੀ ਕਿਸੇ ਸਿੱਖ ਨੂੰ ਹੁਕਮ ਕਰਦਾ ਹੈ ਤਾਂ ਸਿੱਖ ਉਸ ਦੇ ਹੁਕਮ ਦੀ ਤੁਰੰਤ ਪਾਲਣਾ ਕਰਦਾ ਹੈ|
4. ਇਹ ਇਕ ਕੌੜਾ ਸੱਚ ਹੈ ਕਿ ਅੱਜ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਅਵੱਗਿਆ ਕਰ ਸਕਦਾ ਹੈ ਪਰ ਆਪਣੇ ਅੰਦਰ ਬੈਠੇ ਬ੍ਰਾਹਮਣ ਦੇਵਤਾ ਦਾ ਨਹੀਂ| ਗੁਰਦੁਆਰਿਆਂ ਜਾਂ ਘਰਾਂ ਵਿਚ ਹਰ ਥਾਂ ਪ੍ਰਤੱਖ ਦੇਖਿਆ ਜਾ ਸਕਦਾ ਹੈ|
5. ਸਿੱਖ-ਕੌਮ ਦੀ ਮੌਜੂਦਾ ਹਾਲਤ ਦੇਖ ਕੇ ਇਹ ਵੀ ਕੌੜਾ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੱਖਾਂ ਨੂੰ ਛੱਡ ਕੇ ਅੱਜ ਸਮੁੱਚੀ ਸਿੱਖ-ਕੌਮ ਮਾਨਸਿਕ ਤੌਰ ਤੇ ਹਿੰਦੂ ਮਰਿਆਦਾ ਵਿਚ ਪੂਰੀ ਤਰ੍ਹਾਂ ਢਲ ਚੁੱਕੀ ਹੈ|  
6. ਯਾਦ ਰੱਖੋ, ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜੇ ਲੋਕ, ਹਿੰਦੂਆਂ ਅਤੇ ਸ਼ੂਦਰਾਂ ਵਿਚੋਂ ਸਿੱਖ ਬਣੇ ਸਨ, ਉਨ੍ਹਾਂ ਵਰਗੀ ਦਲੇਰੀ ਅੱਜ ਦੇ ਸਿੱਖਾਂ ਵਿਚ ਬਿਲਕੁਲ ਨਜ਼ਰ ਨਹੀਂ ਆਉਂਦੀ|
7. ਇਸ ਗੱਲ ਵਿਚ ਰਤਾ ਵੀ ਝੂਠ ਨਹੀਂ ਹੈ ਕਿਉਂਕਿ ਅੱਜ ਗੁਰਦੁਆਰਿਆਂ ਅਤੇ ਘਰਾਂ ਵਿਚ ਕੀਤੀਆਂ ਜਾਂਦੀਆਂ ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਨੂੰ ਤਿਆਗਣ ਅਤੇ ਗੁਰਮਤਿ ਨੂੰ ਲਾਗੂ ਕਰਨ ਵਿਚ ਸਿੱਖ ਬੜੇ ਹੀ ਡਰਪੋਕ ਅਤੇ ਲਾਚਾਰ ਨਜ਼ਰ ਆਉਂਦੇ ਹਨ|
8. ਜਦੋਂ ਕੋਈ ਗੁਰੂ ਦਾ ਸਿੱਖ ਗੁਰਦੁਆਰਿਆਂ ਜਾਂ ਘਰਾਂ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਪ੍ਰਚਾਰਨ ਜਾਂ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਹਿੰਦੂਮਤ ਦੇ ਧਾਰਨੀ ਸਿੱਖ, ਉਸ ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸੂਰਮੇ ਬਣ ਜਾਂਦੇ ਹਨ| ਪਰ ਹਿੰਦੂਮਤ ਦੀਆਂ ਰੀਤਾਂ-ਰਸਮਾਂ ਨੂੰ ਤਿਅਗਣ ਸਮੇਂ ਅਤੇ ਗੁਰਮਤਿ ਨੂੰ ਅਪਨਾਉਣ ਸਮੇਂ, ਅਜਿਹੇ ਸਿੱਖਾਂ ਦੀ ਦਲੇਰੀ ਕਿੱਥੇ ਚਲੀ ਜਾਂਦੀ ਹੈ?
9. ਜਾਤੀ-ਵੰਡ ਹਿੰਦੂਮਤ ਦਾ ਬੁਨਿਆਦੀ ਸਿਧਾਂਤ ਹੈ| ਗੁਰਮਤਿ ਵਿਚ ਜਾਤ-ਪਾਤ ਨੂੰ ਕੋਈ ਥਾਂ ਨਹੀਂ ਪਰ ਸਮੁੱਚੀ ਸਿੱਖ-ਕੌਮ ਉੱਚੀਆਂ-ਨੀਵੀਂਆਂ ਜਾਤਾਂ ਵਿਚ ਵੰਡੀ ਹੋਣ ਕਰਕੇ, ਬੱਚਿਆਂ ਦੇ ਨਾਤੇ-ਰਿਸ਼ਤੇ ਆਪਣੀ ਜਾਤ-ਬਰਾਦਰੀ ਵਿਚ ਕਰਕੇ ਹਿੰਦੂਮਤ ਦੇ ਬੁਨਿਆਦੀ ਸਿਧਾਂਤ ਦੀ ਇੰਨ-ਬਿੰਨ ਪਾਲਣਾ ਕਰਦੀ ਹੈ|
10. ਵਿਆਹਾਂ ਦੇ ਸਾਹੇ ਕਢਾਉਣੇ, ਸੇਹਰਾ ਬੰਨਣਾ, ਜੈ ਮਾਲਾ ਪਾਉਣੀ ਅਤੇ ਦਾਜ ਲੈਣਾ ਆਦਿ|
11. ਅੱਜ ਸਿੱਖ ਇਕ ਸਰਬ-ਵਿਆਪਕ ਅਤੇ ਸਰਬ ਸ਼ਕਤੀਮਾਨ ਅਕਾਲਪੁਰਖ ਨੂੰ ਛੱਡ ਕੇ ਭਗਉਤੀ (ਦੁਰਗਾ ਮਾਤਾ) ਅੱਗੇ ਅਰਦਾਸਾਂ ਕਰਕੇ ਹਿੰਦੂਮਤ ਦੇ ਦੇਵੀ-ਦੇਵਤਿਆਂ ਦੀ ਅਰਾਧਨਾ ਕਰਦੇ ਹਨ|
12. ਸਿੱਖ, ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਬੁੱਤਾਂ, ਤਸਵੀਰਾਂ ਅੱਗੇ ਮੱਥੇ ਰਗੜਦੇ ਹਨ| ਖੇੜਿਆਂ, ਥਾਂਨਾਂ, ਦਰਖ਼ਤਾਂ, ਖੂਹਾਂ ਅਤੇ ਸੱਪਾਂ ਗੁੱਗਾ ਆਦਿ ਦੀ ਪੂਜਾ ਕਰਦੇ ਹਨ|
13.  ਘਰਾਂ ਵਿਚ ਹਵਨ ਅਤੇ ਜਗਰਾਤੇ ਕਰਾਉਣੇ| ਮੱਥੇ ਤੇ ਤਿਲਕ ਲਾਉਣੇ। ਸਿੱਖ ਔਰਤਾਂ ਵੱਲੋਂ ਕਰਵੇ ਚੌਥ ਅਤੇ ਆਹੋਈ ਮਾਤਾ ਦੇ ਵਰਤ ਰੱਖਣੇ|
14. ਅਖੰਡ ਪਾਠ ਦੀ ਆੜ ਵਿਚ ਕੁੰਭ ਅਤੇ ਨਾਰੀਅਲ ਰੱਖਣੇ, ਜੋਤ ਜਗਾਉਣੀ, ਗੁਰੂ ਸਾਹਿਬ ਨੂੰ ਭੋਗ ਲਵਾਉਣੇ ਅਤੇ ਜੋਤਾਂ ਬਾਲ ਕੇ  ਆਰਤੀਆਂ ਕਰਨੀਆਂ| ਮਾਲਾ ਫੇਰਨੀਆਂ ਅਤੇ ਸਮਾਧੀਆਂ ਲਾਉਣੀਆਂ|
15. ਸਿੱਖਾਂ ਵੱਲੋਂ ਕਿਸੇ ਪ੍ਰਾਣੀ ਦੇ ਚਲਾਣੇ ਉਪਰੰਤ ਧਾਹਾਂ ਮਾਰਨੀਆਂ, ਮ੍ਰਿਤਕ ਦੀ ਦੇਹ ਨੂੰ ਮੱਥੇ ਟੇਕਣੇ, ਹਥੇਲੀ ਤੇ ਦੀਵਾ ਜਗਾਉਣਾ,  ਅੱਧ-ਮਾਰਗੀ ਘੜਾ ਭੰਨਣਾ, ਅੰਗੀਠੇ ਵਿਚੋਂ ਫੁਲ ਚੁਗਣੇ ਅਤੇ ਉਨ੍ਹਾਂ ਨੂੰ ਗੰਗਾ ਜਾਂ ਪਾਤਾਲਪੁਰੀ ਪਾਉਣਾ|
16. ਮ੍ਰਿਤਕ ਪ੍ਰਾਣੀ ਦੇ ਨਮਿਤ ਪਾਠ ਕਰਕੇ ਆਤਮਾ ਨੂੰ ਸ਼ਾਤੀ ਦੇਣ ਦੇ ਪਖੰਡ ਕਰਨੇ| ਇਸ ਤੋਂ ਇਲਾਵਾ ਮ੍ਰਿਤਕ ਨੂੰ ਭਾਂਡੇ ਬਿਸਤਰੇ ਦੇਣੇ|
17. ਸਲਾਨਾ ਬਰਸੀਆਂ ਮਨਾਉਣੀਆਂ| ਵੱਡੇ-ਵਡੇਰਿਆਂ ਦੇ ਸਰਾਧਾਂ ਲਈ ਸਿੱਖੀ ਭੇਖ ਵਿਚ ਪੰਜ ਬ੍ਰਾਹਮਣਾਂ ਨੂੰ ਭੋਜਨ ਖੁਆਣਾ|
18. ਸਿੱਖਾਂ ਵੱਲੋਂ ਆਪਣੇ ਕੇਸ-ਦਾੜ੍ਹੀ ਕਟਾ ਕੇ ਹਿੰਦੂਮਤ ਦੀ ਸਦੀਆਂ ਪੁਰਾਣੀ ਮੁੰਡਨ ਰਸਮ ਨੂੰ ਪੂਰਾ ਕਰਨਾ|  
19. ਸਿੱਖਾਂ ਵੱਲੋਂ ਹਰ ਸਾਲ ਹਿੰਦੂਮਤ ਦੇ ਤਿਉਹਾਰ: ਰੱਖੜੀ, ਭਈਆ-ਦੂਜ, ਟਿੱਕਾ, ਕਰਵਾ ਚੌਥ, ਕੰਜਕਾਂ, ਨਵਰਾਤਰੇ, ਦੁਸਹਿਰਾ, ਦੀਵਾਲੀ, ਲੋਹੜੀ, ਹੌਲੀ ਆਦਿ ਮਨਾਉਣੇ|
20. ਗੁਰਦੁਆਰਿਆਂ ਵਿਚ ਤਿਥਾਂ-ਵਾਰਾਂ, ਸੰਗਰਾਂਦ, ਮੱਸਿਆਂ, ਪੂਰਨਮਾਸੀ ਆਦਿ ਮਨਾਉਣੀਆਂ|
21. ਇਸ ਤੋਂ ਇਲਾਵਾ ਹਿੰਦੂਮਤ ਦੀਆਂ ਰੀਤਾਂ-ਰਸਮਾਂ ਜਿਵੇਂ ਜਨਮ-ਕੁੰਡਲੀ, ਰਾਸ਼ੀਫਲ ਅਤੇ ਹੋਰ ਵਹਿਮ-ਭਰਮ ਆਦਿ ਕਰਨੇ|
22.ਉਕਤ ਕੰਮਾਂ ਕਰਕੇ ਅੱਜ ਬ੍ਰਾਹਮਣ ਦੇਵਤਾ ਦਾ ਜਾਦੂ ਸਮੁੱਚੀ ਸਿੱਖ-ਕੌਮ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ|

ਗੁਰਬਾਣੀ ਦਾ ਇਹ ਸਦੀਵੀ ਸੱਚ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਉਕਤ ਕੰਮਾਂ ਨੂੰ ਤਿਆਗਣ ਉਪਰੰਤ ਹੀ ਕੋਈ ਮਨੁੱਖ ਸਿੱਖੀ ਮਾਰਗ ਉਤੇ ਚਲਣ ਲਈ ਆਪਣਾ ਰਸਤਾ ਸਾਫ਼ ਕਰ ਸਕਦਾ ਹੈ| ਗੁਰਬਾਣੀ ਦੇ ਫ਼ੁਰਮਾਨ ਹਨ :-
ਪ੍ਰਥਮੇ ਤਿਆਗੀ ਹਉਮੈ ਪ੍ਰੀਤਿ|| ਦੁਤੀਆ ਤਿਆਗੀ ਲੋਗਾ ਰੀਤਿ|| (ਗੁ.ਗ੍ਰੰ.ਸਾ.ਪੰਨਾ-370)
ਅਰਥ: ਸਭ ਤੋਂ ਪਹਿਲਾਂ ਆਪਣੀ ਹਉਮੈ ਨਾਲ ਪ੍ਰੀਤ ਪਾਉਣੀ ਛੱਡ ਅਤੇ ਲੋਕਾਂ ਦੀਆਂ ਰੀਤਾਂ-ਰਸਮਾਂ (ਭਾਵ ਹਿੰਦੂਮਤ ਦੀਆਂ ਰੀਤਾਂ-ਰਸਮਾਂ) ਨੂੰ ਛੱਡ|
ਹਿੰਦੂਮਤ ਦੀਆਂ ਰੀਤਾਂ-ਰਸਮਾਂ ਛੱਡਣ ਉਪਰੰਤ ਸਾਨੂੰ ਆਪਣੀ ਮਤ ਦਾ ਵੀ ਤਿਆਗ ਕਰਨਾ ਪਵੇਗਾ| ਗੁਰਬਾਣੀ ਦਾ ਫ਼ੁਰਮਾਨ ਹੈ:-
ਇਤੁ ਮਾਰਗਿ ਚਲੇ ਭਾਈਅੜੇ  ਗੁਰੁ ਕਹੈ ਸੁ ਕਾਰ ਕਮਾਇ ਜੀਉ||
ਤਿਆਗੇਂ ਮਨ ਕੀ ਮਤੜੀ  ਵਿਸਾਰੇਂ ਦੂਜਾ ਭਾਉ ਜੀਉ|| ( ਗੁ. ਗ੍ਰੰ..ਸ.ਪੰਨਾ- 763)

ਅਰਥ: ਜਿਹੜੇ ਗੁਰ ਭਾਈ ਇਸ ਰਸਤੇ ਤੇ ਚਲਦੇ ਹਨ, ਉਹ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਦੇ ਹਨ| ਇਸ ਲਈ ਹੇ ਭਾਈ! ਜੇ ਤੂੰ ਵੀ ਪਹਿਲਾਂ ਆਪਣੇ ਮਨ ਦੀ ਕੋਝੀ ਮਤ ਦਾ ਤਿਆਗ ਕਰ ਦੇਵੇਂ ਅਤੇ ਪ੍ਰਭੂ ਤੋਂ ਬਿਨਾਂ ਹੋਰ ਮਾਇਆ ਦੇ ਪ੍ਰਭਾਵਾਂ ਦਾ ਅਸਰ ਕਬੂਲ ਨਾ ਕਰੇਂ ਤਾਂ ਤੈਂਨੂੰ ਕੋਈ ਦੁੱਖ-ਕਲੇਸ਼ ਨਹੀਂ ਵਿਆਪੇਗਾ|

ਸੱਚ ਜਾਣਿਓ! ਦਲੇਰੀ ਤੋਂ ਬਿਨਾਂ ਨਾ ਤਾਂ ਲੋਕਾਂਚਾਰੀ ਰੀਤਾਂ-ਰਸਮਾਂ ਤਿਆਗੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਦਲੇਰੀ ਤੋਂ ਬਿਨਾਂ ਸਿੱਖੀ-ਸਿਧਾਂਤਾਂ ਨੂੰ ਅਪਨਾਇਆ ਜਾ ਸਕਦਾ| ਗੁਰੂ ਦੀ ਮਤਿ ਹਾਸਲ ਕਰਨ ਲਈ ਜਦੋਂ ਕੋਈ ਆਪਣੀ ਹਉਮੈ, ਲੋਕਾਂਚਾਰੀ ਰੀਤਾਂ-ਰਸਮਾਂ ਅਤੇ ਆਪਣੀ ਮਤ ਦਾ ਤਿਆਗ ਕਰਨ ਦੀ ਦਲੇਰੀ ਕਰਦਾ ਹੈ ਤਾਂ ਉਸ ਲਈ ਸਿੱਖ ਬਣਨ ਦਾ ਰਾਹ ਪੱਧਰਾ ਹੋ ਜਾਂਦਾ ਹੈ ਕਿਉਂਕਿ ਸਿੱਖੀ ਦਾ ਅਰੰਭ ਉੱਥੋਂ ਹੁੰਦਾ ਹੈ ਜਿੱਥੇ ਬ੍ਰਾਹਮਣੀ ਰੀਤਾਂ-ਰਸਮਾਂ ਦਾ ਅੰਤ ਹੁੰਦਾ ਹੈ| ਜਿਹੜਾ ਮਨੁੱਖ ਹਿੰਦੂ ਰੀਤਾਂ ਰਸਮਾਂ ਨਹੀਂ ਛੱਡ ਸਕਦਾ, ਉਹ ਸਿੱਖੀ ਮਾਰਗ ਦਾ ਪਾਂਧੀ ਨਹੀਂ ਬਣ ਸਕਦਾ| ਹੁਣ ਦੇਖੋ, ਗੁਰੂ ਹੁਕਮਾਂ ਅਨੁਸਾਰ ਚਲਣ ਵਾਲੇ ਅਤੇ ਨਾ ਚਲਣ ਵਾਲੇ ਸਿੱਖ ਪ੍ਰਤੀ ਗੁਰਬਾਣੀ ਦਾ ਫ਼ੈਸਲਾ :-
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ||
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ|| (ਗੁ.ਗ੍ਰੰ.ਸਾ.ਪੰਨਾ-601)

ਅਰਥ: ਉਹੀ ਮਨੁੱਖ ਗੁਰੂ ਦਾ ਸਿੱਖ ਹੈ, ਗੁਰੂ ਦਾ ਮਿੱਤਰ ਹੈ, ਗੁਰੂ ਦਾ ਰਿਸ਼ਤੇਦਾਰ ਹੈ, ਜਿਹੜਾ ਗੁਰੂ ਦੇ ਗੁਰਬਾਣੀ ਹੁਕਮਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ| ਪਰ ਜਿਹੜਾ ਮਨੁੱਖ ਗੁਰੂ ਦੇ ਹੁਕਮਾਂ ਦੀ ਉਲੰਘਣਾ ਕਰਕੇ ਆਪਣੀ ਮਰਜ਼ੀ ਅਨੁਸਾਰ ਚਲਦਾ ਹੈ, ਉਹ ਅਗਿਆਨਤਾ ਦੇ ਹਨੇਰੇ ਵਿਚ  ਭਟਕ ਕੇ ਦੁੱਖ ਹੀ ਪਾਉਂਦਾ ਹੈ|

ਯਾਦ ਰੱਖੋ, ਦੁਨੀਆਂ ਦਾ ਕੋਈ ਵੀ ਧਰਮ ਨਾ ਤਾਂ ਕਿਸੇ ਜ਼ੋਰ ਨਾਲ ਲਾਗੂ ਕੀਤਾ ਜਾ ਸਕਦਾ ਹੈ, ਨਾ ਹੀ ਕੋਈ ਲਾਲਚ ਦੇ ਕੇ ਫ਼ੈਲਾਇਆ ਜਾ ਸਕਦਾ ਹੈ ਅਤੇ ਨਾ ਹੀ ਤਲਵਾਰ ਦੇ ਜ਼ੋਰ ਨਾਲ ਮੰਨਣ ਲਈ ਮਜ਼ਬੂਰ ਹੀ ਕੀਤਾ ਜਾ ਸਕਦਾ ਹੈ| ਸਿੱਖ-ਇਤਿਹਾਸ ਗਵਾਹ ਹੈ ਕਿ ਜਦੋਂ ਔਰੰਗਜੇਬ ਨੇ ਹਿੰਦੂ ਲੋਕਾਂ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਮਾਨ ਬਣਾਉਣ ਲਈ ਮਜ਼ਬੂਰ ਕੀਤਾ ਸੀ ਤਾਂ ਕਸ਼ਮੀਰੀ ਬ੍ਰਾਹਮਣਾਂ ਨੇ ਅਨੰਦੁਪਰ ਪਹੁੰਚ ਕੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਰਣ ਵਿਚ ਫ਼ਰਿਆਦ ਕੀਤੀ ਕਿ ਸਾਡੀ ਮਦਦ ਕਰੋ| ਗੁਰੂ ਸਾਹਿਬ ਨੇ ਉਨ੍ਹਾਂ ਦੀ ਫ਼ਰਿਆਦ ਸੁਣ ਕੇ ਔਰੰਗਜੇਬ ਵੱਲੋਂ ਹਿੰਦੂਆਂ ਤੇ ਕੀਤੇ ਜਾਂਦੇ ਧੱਕੇ ਦੇ ਵਿਰੋਧ ਵਿਚ ਦਿੱਲੀ ਜਾ ਕੇ ਆਪਣੀ ਕੁਰਬਾਨੀ ਦੇ ਦਿੱਤੀ ਸੀ| ਦੂਜੇ ਪਾਸੇ ਔਰੰਗਜ਼ੇਬ  ਆਪਣਾ ਵਿਰੋਧ ਕਰਨ ਵਾਲੀ ਹਰ ਤਾਕਤ ਨੂੰ ਕੁਚਲ ਦੇਣਾ ਚਾਹੁੰਦਾ ਸੀ| ਸਿੱਖ-ਸਤਿਗੁਰਾਂ ਵੱਲੋਂ ਮੁਗ਼ਲ-ਹਕੂਮਤ ਦੇ ਜ਼ੁਲਮਾਂ ਵਿਰੁੱਧ ਡਟਣ ਕਰਕੇ, ਉਸ ਸਮੇਂ ਦੀਆਂ ਮੁਗ਼ਲ ਹਕੂਮਤਾਂ ਸਿੱਖਾਂ ਦੀ ਕੱਟੜ ਦੁਸ਼ਮਣ ਬਣ ਗਈਆਂ| ਸਮੇਂ ਦੀਆਂ ਹਕੂਮਤਾਂ ਸਿੱਖਾਂ ਦਾ ਖੁਰਾਖੋਜ ਮਿਟਾਉਣ ਦੇ ਰਾਹੇ ਪੈ ਗਈਆਂ| ਜਦੋਂ ਉਨ੍ਹਾਂ ਨੇ ਹਿੰਦੂ ਲੋਕਾਂ ਵਾਂਗ ਸਿੱਖਾਂ ਨੂੰ ਵੀ ਮੁਸਲਮਾਨ ਬਨਾਉਣ ਲਈ ਆਪਣੀ ਤਾਕਤ ਦੀ ਵਰਤੋਂ ਕੀਤੀ ਤਾਂ ਸਿੱਖਾਂ ਨੇ ਜ਼ਬਰ-ਜ਼ੁਲਮ ਕਰਨ ਵਾਲੀਆਂ ਹਕੂਮਤਾਂ ਦਾ ਸਾਰਾ ਭੁਲੇਖਾ ਹਮੇਸ਼ਾ ਲਈ ਦੂਰ ਕਰ ਦਿੱਤਾ ਕਿ ਕੋਈ ਵੀ ਡਰ ਜਾਂ ਲਾਲਚ ਦੇ ਕੇ ਸਿੱਖਾਂ ਦਾ ਧਰਮ ਨਹੀਂ ਬਦਲਿਆ ਜਾ ਸਕਦਾ| ਔਰੰਗਜੇਬ ਅਤੇ ਉਸ ਤੋਂ ਬਾਅਦ ਵਾਲੇ ਹਾਕਮਾਂ ਨੇ ਆਪਣੀ ਅੱਖੀਂ ਦੇਖ ਲਿਆ ਸੀ ਕਿ ਸਿੱਖਾਂ ਨੂੰ ਆਪਣਾ ਧਰਮ ਆਪਣੀ ਜਾਨ ਤੋਂ ਵੀ ਪਿਆਰਾ ਹੈ| ਸਿੱਖ ਮਰ ਸਕਦਾ ਹੈ ਧਰਮ ਨਹੀਂ ਬਦਲ ਸਕਦਾ| ਸਿੱਖ ਆਪਣੇ ਕੇਸਾਂ ਲਈ ਸਿਰ ਦਾ ਖੋਪਰ ਲੁਹਾ ਸਕਦਾ ਹੈ ਪਰ ਕੇਸ ਕਟਾਉਣੇ ਉਸ ਨੂੰ ਪ੍ਰਵਾਨ ਨਹੀਂ| 
ਸਿੱਖ-ਇਤਿਹਾਸ ਇਹ ਵੀ ਗਵਾਹੀ ਭਰਦਾ ਹੈ ਕਿ ਸਿੱਖ-ਕੌਮ ਵਿਚ ਸਿੱਖੀ ਪ੍ਰਤੀ ਐਨਾ ਪਿਆਰ ਅਤੇ ਦ੍ਰਿੜਤਾ ਸੀ ਕਿ ਦੁਨੀਆਂ ਦੀ ਕੋਈ ਵੀ ਤਾਕਤ ਸਿੱਖਾਂ ਨੂੰ ਸਿੱਖੀ ਤੋਂ ਇਕ ਇੰਚ ਵੀ ਦੂਰ ਨਾ ਕਰ ਸਕੀ| ਇਸ ਦੇ ਉਲਟ ਜਿਨ੍ਹਾਂ-ਜਿਨ੍ਹਾਂ ਨੇ ਵੀ ਸਿੱਖੀ-ਸਿਧਾਂਤਾਂ ਅਤੇ ਸਿੱਖ-ਕੌਮ ਦਾ ਖੁਰਾ-ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ, ਆਖਰ ਇਕ ਦਿਨ ਉਹ ਸਾਰੇ ਆਪਣਾ ਸਭ ਕੁੱਝ ਗੁਆ ਕੇ ਅੰਤ ਨੂੰ ਕਬਰਾਂ ਦੇ ਹਨ੍ਹੇਰੇ ਵਿਚ ਸਦਾ ਲਈ ਸੌਂ ਗਏ|

ਪਰ ਅੱਜ ਸਿੱਖੀ ਦੇ ਦੁਸ਼ਮਣ ਕੌਣ ਕੌਣ ਹਨ ?
ਜਵਾਬ : ਉਹ ਭੇਖੀ ਸਿੱਖ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਘੋਰ-ਅਵੱਗਿਆ ਕਰਕੇ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ, ਸਿੱਖੀ-ਸਿਧਾਂਤਾਂ, ਸਿੱਖ-ਸਤਿਗੁਰਾਂ, ਸਿੱਖਾਂ ਦੀਆਂ ਮਹਾਨ ਕੁਰਬਾਨੀਆਂ ਅਤੇ ਸਿੱਖਾਂ ਦੀ ਹੋਂਦ ਨੂੰ ਮਿੱਟੀ ਵਿਚ ਮਿਲਾਉਣ ਲਈ ਮੁਗ਼ਲ ਹੁਕਮਰਾਨਾ ਵਾਲਾ ਰਾਹ ਅਪਨਾਇਆ ਹੋਇਆ ਹੈ|
ਇਸ ਤੋਂ ਇਲਾਵਾ ਉਹ ਸਿੱਖ, ਜਿਨ੍ਹਾਂ ਨੇ ਕਸਮ ਖਾ ਰੱਖੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਨਾ ਤਾਂ ਗੁਰਬਾਣੀ ਪੜ੍ਹਣੀ ਹੈ, ਨਾ ਹੀ ਕੁੱਝ ਸਿੱਖਣਾ ਹੈ ਅਤੇ ਨਾ ਹੀ ਗੁਰਦੁਆਰਿਆਂ ਜਾਂ ਘਰਾਂ ਵਿਚ ਸਿੱਖੀ-ਸਿਧਾਂਤਾਂ ਨੂੰ ਲਾਗੂ ਹੋਣ ਦੇਣਾ ਹੈ| ਸਾਡੀ ਨੌਜਵਾਨ ਪੀੜ੍ਹੀ ਵੀ ਘੱਟ ਨਹੀਂ, ਉਸ ਨੇ ਵੀ ਕਸਮ ਖਾ ਰੱਖੀ ਹੈ ਕਿ  ਮੂੰਹ ਤੇ ਕੇਸ-ਦਾੜ੍ਹੀ ਰੱਖਣੀ ਨਹੀਂ ਅਤੇ ਸਿਰ ਤੇ ਦਸਤਾਰ ਬੰਨਣੀ ਨਹੀਂ| 
ਅੱਜ ਸਿੱਖਾਂ ਦੀ ਹਾਲਤ ਐਸੀ ਬਣ ਚੁੱਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਗੁਰਬਾਣੀ ਹੁਕਮਾਂ ਦੀ ਅਵੱਗਿਆ ਕਰਨ ਵਾਲੇ ਸਿੱਖਾਂ ਨੂੰ ਗੁਰੂ ਸਾਹਿਬ ਆਪਣਾ ਸਿੱਖ ਪ੍ਰਵਾਨ ਨਹੀਂ ਕਰਦੇ, ਦੂਜੇ ਪਾਸੇ ਹਿੰਦੂ ਰੀਤਾਂ-ਰਸਮਾਂ ਕਰਨ ਕਰਕੇ, ਜਦੋਂ ਕੋਈ ਉਨ੍ਹਾਂ ਨੂੰ ਹਿੰਦੂ ਕਹਿੰਦਾ ਹੈ ਤਾਂ ਅਜਿਹੇ ਸਿੱਖ ਆਪਣੇ ਆਪ ਨੂੰ ਹਿੰਦੂ ਅਖਵਾਉਣਾ ਪ੍ਰਵਾਨ ਨਹੀਂ ਕਰਦੇ| ਇਸ ਹਾਲਤ ਵਿਚ ਸਿੱਖ ਨਾ ਘਰ ਦੇ ਰਹੇ ਨਾ ਹੀ ਘਾਟ ਦੇ ਰਹੇ|

ਇਸ ਦੁਬਿੱਧਾ ਦਾ ਇਕੋ ਹੱਲ ਹੈ ਕਿ ਜੇਕਰ ਅਸੀਂ ਆਪਣੇ ਆਪ ਨੂੰ ਸਿੱਖ ਅਖਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਣੀ, ਸਮਝਣੀ ਅਤੇ ਆਪਣੇ ਜੀਵਨ ਵਿਚ ਲਾਗੂ ਕਰਨੀ ਹੋਵੇਗੀ ਤਾਂ ਹੀ ਅਸੀਂ ਆਪਣੇ ਗੁਰੂ ਦੀਆਂ ਨਜ਼ਰਾਂ ਅਤੇ ਸਮਾਜ ਦੀਆਂ ਨਜ਼ਰਾਂ ਵਿਚ ਸਿੱਖ ਅਖਵਾਉਣ ਦੇ ਹੱਕਦਾਰ ਹੋਵਾਂਗੇ| ਸਾਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਜਿਸ ਮਨੁੱਖ ਨੂੰ ਮੱਝ ਅਤੇ ਹਾਥੀ ਦੀ ਜਾਣਕਾਰੀ ਹੈ, ਉਹ ਸਿਆਣਾ ਮਨੁੱਖ, ਮੱਝ ਨੂੰ ਮੱਝ ਅਤੇ ਹਾਥੀ ਨੂੰ ਹਾਥੀ ਹੀ ਆਖੇਗਾ ਪਰ ਮੱਝ ਨੂੰ ਹਾਥੀ ਆਖ ਕੇ ਆਪਣੀ ਮੂਰਖਤਾ ਦਾ ਸਬੂਤ ਦੇਣ ਲਈ ਕਦੇ ਤਿਆਰ ਨਹੀਂ ਹੋਵੇਗਾ| ਇਸੇ ਤਰ੍ਹਾਂ ਕੋਈ ਵੀ ਸਿਆਣਾ ਮਨੁੱਖ ਜਿਸ ਨੂੰ ਸਿੱਖ ਦੇ ਗੁਣਾਂ ਦੀ ਪੂਰੀ ਜਾਣਕਾਰੀ ਹੈ, ਜਦੋਂ ਉਹ ਕਿਸੇ ਮਨੁੱਖ ਵਿਚ ਸਿੱਖੀ ਵਾਲੇ ਗੁਣ ਦੇਖੇਗਾ ਤਾਂ ਉਹ ਉਸ ਨੂੰ ਸਿੱਖ ਹੀ ਆਖੇਗਾ ਪਰ ਜਿਹੜਾ ਕੰਮ ਹੀ ਹਿੰਦੂ ਰੀਤਾਂ-ਰਸਮਾਂ ਵਾਲੇ ਕਰਦਾ ਹੈ, ਉਸ ਨੂੰ ਉਹ ਹਿੰਦੂ ਹੀ ਆਖੇਗਾ|  ਜਿਹੜੇ ਸਿੱਖਾਂ ਨੇ ਬਾਹਰੋਂ ਕੇਵਲ ਸਿੱਖਾਂ ਵਾਲਾ ਭੇਖ ਹੀ ਬਣਾਇਆ ਹੋਇਆ ਹੈ ਅਤੇ ਜੀਵਨ ਦੇ ਸਾਰੇ ਕੰਮ ਸਿੱਖੀ-ਸਿਧਾਂਤਾਂ ਤੋਂ ਉਲਟ ਹੀ ਕਰਦੇ ਹਨ, ਗੁਰੂ ਗੋਬਿੰਦ ਸਿੰਘ ਜੀ ਅਜਿਹੇ ਭੇਖੀ ਸਿੱਖਾਂ ਦੀ ਤੁਲਨਾ ਮਨੁੱਖ ਨਾਲ ਨਹੀਂ ਸਗੋਂ ਖੋਤੇ ਉਤੇ ਸ਼ੇਰ ਦੀ ਖੱਲ ਨਾਲ ਕਰਦੇ ਹਨ| ਹੁਣ ਫ਼ੈਸਲਾ ਸਿੱਖਾਂ ਨੇ ਕਰਨਾ ਹੈ|  ਉਹ ਕੀ ਬਣਨਾ ਚਾਹੁੰਦੇ ਹਨ ਅਤੇ ਕੀ ਅਖਵਾਉਣਾ ਪਸੰਦ ਕਰਦੇ ਹਨ?

ਦਵਿੰਦਰ ਸਿੰਘ, ਆਰਟਿਸਟ, ਖਰੜ|
ਮੋਬਾਇਲ ਨੰ:  97815-09768