ਗੁਰਬਾਣੀ ਗੁਰੂ ਕਿਵੇਂ ਹੈ?

0
16

A A A

61146_135596573153307_3649756_n
ਨਾਨਕ ਪਾਤਸ਼ਾਹ ਦਾ ਗੁਰੂ ਕੌਣ ਸੀ?

ਇਸ ਲੇਖ ਵਿੱਚ ਇਹ ਵਿਚਾਰਾਂ ਹਨ ਕਿ ਕੀ ਦੇਹਧਾਰੀ ਗੁਰੂ ਬਿਨਾਂ ਨਾਮੁ ਦੀ ਪ੍ਰਾਪਤੀ ਹੋ ਸੱਕਦੀ ਹੈ ਕਿ ਨਹੀਂ? ਬਾਬੇ ਨਾਨਕ  ਦਾ ਗੁਰੂੁ ਕੌਣ ਸੀ ਅਤੇ ਉਨ੍ਹਾਂ ਨੇ ਸਿੱਖਾਂ ਨੂੰ ਕਿਸ ਗੁਰੂੁ ਦੇ ਲੜ  ਲੱਗਣ ਦਾ ਹੁਕਮ ਕੀਤਾ ਸੀ।ਕੀ ਬਾਣੀ ਪੜ੍ਹ ਕੇ ਸੁਨਾਣ ਵਾਲਾ ਜਾਂ ਗੁਰਬਾਣੀ ਦੇ ਅਰਥ ਕਰ ਕੇ ਸਮਝਾਣ ਵਾਲਾ ਮਨੁੱਖ ਗੁਰੂੁ ਪਦਵੀ ਲੈ ਸੱਕਦਾ ਹੈ?ਕੀ ਗੁਰਬਾਣੀ ਆਪਹੂੰ ਨਹੀਂ ਬੋਲਦੀ?ਕੀ ਮੌਕੇ ਦੇ ਡਾਕਟਰ ਬਿਨਾ ਰੋਗੀ ਦਾ ਰੋਗ  ਦੂਰ ਨਹੀਂ ਹੋ ਸੱਕਦਾ? ਇਸ ਦਲੀਲ ਵਿੱਚ ਕਿਨ੍ਹਾਂ ਕੁ ਵਜਨ ਹੈ ਕਿ ਭਾਵੇਂ ਰੋਗੀ ਕੋਲ ਸਾਰੀਆਂ  ਦਵਾਈਆਂ ਮੌਜੂਦ ਹਨ ਪਰ ਜਦ ਤਾਈਂ ਰੋਗੀ ਦੀ ਡਾਕਟਰ ਵੱਲੋਂ ਜਾਂਚ ਨਾ ਹੋਵ,ੇ ਰੋਗੀ ਦਾ ਰੋਗ ਦੂਰ ਨਹੀਂ ਹੋ ਸੱਕਦਾ?
ਉਪਰੋਕਤ ਸਾਰੇ ਸਵਾਲਾਂ ਉੱਤੇ ਵਿਸਥਾਰ ਨਾਲ ਵਿਚਾਰ ਕਰਨ ਦੀ ਲੋੜ ਇਸ ਕਰਕੇ ਪਈ ਹੈ ਕਿ ਮੌਜੂਦਾ ਸਮੇਂ ਅੰਦਰ ਖੁੰਭਾਂ ਵਾਂਗੂੰ ਘਰ ਘਰ  “ਗੁਰੂ” ਬਣੇ ਬੈਠੇ ਹਨ ਅਤੇ ਨਿੱਤ ਨਵੇਂ ਪੈਦਾ ਹੋ ਰਹੇ ਹਨ ਖਾਸ ਕਰਕੇ ਗੁਰੂ ਪੀਰਾਂ ਦੀ ਧਰਤੀ ਪੰਜਾਬ ਵਿੱਚ ਤਾਂ ਇਨ੍ਹਾਂ ਦਾ ਹੜ੍ਹ ਜਿਹਾ ਹੀ ਆਇਆ ਪਿਆ ਹੈ।ਕਿਹਾ ਜਾਂਦਾ ਹੈ ਕਿ ਪੰਜਾਬ ਦੇ ਬਾਰਾਂ ਹਜਾਰ ਪਿੰਡਾਂ ਨਾਲੋਂ ਇਨ੍ਹਾਂ ਗੁਰੁ ਡੰਮਾਂ ਦੀ ਗਿਣਤੀ ਵੱਧ ਹੈ ਅਤੇ ਇਹ ਲੋਕ ਭੋਲੇ ਭਾਲੇ ਗੁਰਮਤਿ ਸਿਧਾਂਤਾਂ ਤੋ ਕੋਰੇ ਲੋਕਾਂ ਨੂੰ ਗੁਰਬਾਣੀ ਦੇ ਹੀ ਤੋੜ ਮਰੋੜ ਕੇ ਆਪਣੇ ਮਤਲਬ ਦੇ ਅਰਥ ਕੱਢ ਕੇ ਅਤੇ ਆਮ ਜਨਤਾ ਨੂੰ ਗੁਮਰਾਹ ਕਰਕੇ ਆਪਣੀ ਦੁਕਾਨਦਾਰੀ ਚਲਾ ਰਹੇ ਹਨ।ਇਹ ਲੋਕ ਬੜੀ ਚਲਾਕੀ ਨਾਲ  ਆਮ ਪਬਲਿਕ ਨੂੰ ਠੱਗਦੇ ਹਨ ਅਤੇ ਉਨ੍ਹਾਂ ਕੋਲੋਂ ਠੱਗੀ ਮਾਇਆ ਦੇ ਨਾਲ ਆਪ ਐਸ਼ੋ ਇਸ਼ਰਤ ਨਾਲ ਲਗਜ਼ਰੀ ਕਾਰਾਂ ਤੇ ਘੁੰਮਦੇ ਹਨ ਅਤੇ ਭੋਲੀਆਂ ਭਾਲੀਆਂ ਬੀਬੀਆਂ ਦਾ ਸਰੀਰਕ ਸ਼ੋਸ਼ਨ ਕਰਦੇ ਹਨ।ਆਮ ਲੋਕ ਇਨ੍ਹਾਂ ਦੇ ਜਾਲ ਦੇ ਫੰਧੇ ਵਿੱਚ ਫਸ ਜਾਂਦੇ ਹਨ ਅਤੇ ਇਵੇਂ ਸਿੱਖੀ ਸਿਧਾਤਾਂ ਨੂੰ ਢਾਹ ਲੱਗਦੀ ਹੈ।ਇਸ ਕਰਕੇ ਇਸ ਲੇਖ ਨੂੰ ਜਰਾ ਖੁਲੇ ਦਿਮਾਗ (ੋਪੲਨ ਮਨਿਦ) ਨਾਲ ਵਿਚਾਰਿਆਂ,ਸਹੀ ਨਿਰੋਲ ਤੱਤ ਗੁਰਮਤਿ ਦੀ ਸੋਝੀ ਪੈ ਸਕੇਗੀ।ਪਾਠਕ ਜਣ ਬਿਨਾਂ ਪੱਖ ਪਾਤ ਤੋਂ ਨਿਰਨਾ ਕਰ ਸੱਕਣਗੇ ਕਿ ਗੁਰਮਤਿ ਕੀ ਹੈ?
ਇਹ ਮੰਨਿਆ ਪ੍ਰਮੰਨਿਆ ਸਿਧਾਂਤ ਹੈ ਕਿ ਜੋ “ਇਸ਼ਟ” ਗੁਰੂ ਦਾ ਹੁੰਦਾ ਹੈ,ਓਹੀ “ਇਸ਼ਟ” ਸਿੱਖ ਦਾ ਹੁੰਦਾ ਹੈ।ਸੋ ਅਸੀਂ ਸਭ ਤੋਂ ਪਹਿਲਾਂ ਇਹ ਨਿਰਣਾਂ ਕਰਨਾਂ ਹੈ ਕਿ ਗੁਰੂ ਨਾਨਕ ਪਾਤਸ਼ਾਹ ਦਾ “ਇਸ਼ਟ”( ਗੁਰੂ) ਕੌਣ ਸੀ ਅਤੇ ਹਜ਼ੂਰ ਨੇ ਸਾਨੂੰ ਕਿਸ ਦੇ ਲੜ ਲਾਇਆ ਹੈ?ਇਸ ਪ੍ਰਸ਼ਨ ਦੇ ਉੱਤਰ ਵਾਸਤੇ ਸਾਨੂੰ ਬਹੁਤਾ ਕੋਈ ਇਤਿਹਾਸ ਜਾਂ ਕੋਈ ਪੁਸਤਕਾਂ ਖੋਜਣ ਦੀ ਲੋੜ ਨਹੀਂ ਸਗੋਂ ਆਓ! ਪਾਤਸ਼ਾਹ ਕੋਲੋਂ ਹੀ ਇਸ ਦਾ ਉੱਤਰ ਪੁੱਛਦੇ ਹਾਂ ਕਿ ਹਜ਼ੂਰ ਜੀਓ! ਆਪ ਹੀ ਦੱਸੋ ਕੇ ਤੁਹਾਡਾ ਗੁਰੂ ਕੌਣ ਹੈ?
ਗੁਰੂ ਨਾਨਕ ਸਾਹਿਬ ਜਦੋਂ ਆਪਣੇ ਪ੍ਰਚਾਰਕ ਦੌਰਿਆਂ ਤੇ ਸਨ ਤਾਂ ਇੱਕ ਵੇਰਾਂ ਸਿੱਧਾਂ ਨੇ ਉਨ੍ਹਾਂ ਨੂੰ ਇਹ ਸਵਾਲ ਪੁੱਛਿਆ ਸੀ ਜੋ ਸ੍ਰੀ ਗੁਰੁ ਗ੍ਰੰਥ ਸਾਹਿਬ  ਵਿੱਚ “ਸਿਧ ਗੋਸਟਿ”ਸਿਰਲੇਖ ਦੀ ਬਾਣੀ ਵਿੱਚ ਦਰਜ ਹੈ। ਪ੍ਰਸ਼ਨ ਇਸ ਤਰਾਂ ਹੈ –
“ਕਵਣ ਮੂਲ ਕਵਣ ਮਤਿ ਵੇਲਾ॥ਤੇਰਾ ਕਵਣ ਗੁਰੂ ਜਿਸਕਾ ਤੂ ਚੇਲਾ॥ਕਵਣੁ ਕਥਾ ਲੇ ਰਹਹੁ ਨਿਰਾਲੇ॥ਬੋਲੈ ਨਾਨਕੁ ਸੁਣਹੁ ਤੁਮ ਬਾਲੇ॥ਏਸੁ ਕਥਾ ਕਾ ਦੇਇ ਬਿਚਾਰੁ॥ਭਵਜਲੁ ਸਬਦਿ ਲੰਘਾਵਣਹਾਰੁ॥ਅੰਕ-942॥            ਅਰਥ:- ਨਾਨਕ ਨੂੰ ਜੋਗੀ ਨੇ ਸੰਬੋਧਨ ਹੋਕੇ ਇਹ ਕਿਹਾ ਕਿ  ਹੇ ਬਾਲੜੇ! ਸੁਣ।ਇਸ ਗੱਲ ਉਪਰ ਆਪਣੇ ਵਿਚਾਰ ਸਪਸ਼ਟ ਕਰ ਕਿ ਤੂੰ ਕਰਤਾ (ਮੁੱਢ) ਕਿਸ ਨੂੰ ਮੰਨਦਾ ਹੈਂ?ਕਿਸ ਦੇ ਮਤਿ ਦਾ ਤੂੰ ਚੇਲਾ ਹੈਂ?ਕਿਸ ਮਤਿ ਦੇ ਗਿਆਨ ਨੂੰ ਤੂੰ ਗੁਰੂੁ ਬਖਸ਼ਿਸ਼ ਕਰਕੇ ਜਾਣਿਆ ਹੈ?ਕਿਸ ਗੱਲ ਕਰਕੇ ਤੂੰ ਉਸ ਨੂੰ ਵਿਲੱਖਣ ਕਰਕੇ ਜਾਣ ਰਿਹਾ ਹੈਂ?ਇਸ ਗੱਲ ਉਪਰ ਆਪਣਾ ਵਿਚਾਰ ਸਪੱਸ਼ਟ ਕਰ ਕਿ ਉਹ ਕੌਣ ਹੈ ਜਿਸ ਦੀ ਬਖਸ਼ਿਸ਼ ਭਵਸਾਗਰ ਤੋਂ ਪਾਰ ਲੰਘਾਵਨ ਦੇ ਸਮਰੱਥ ਹੈ?

ਉੱਤਰ ਵਿੱਚ ਹਜ਼ੂਰ ਪਾਤਸ਼ਾਹ ਫੁਰਮਾਉਦੇ ਹਨ:-
“ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ਸਬਦੁ ਗੁਰੁੂ ਸਰਤਿ ਧੁਨਿ ਚੇਲਾ॥ਅਕਥ ਕਥਾ ਲੇ ਰਹਉ ਨਿਰਾਲਾ॥ਨਾਨਕ ਜੁਗਿ ਜੁਗਿ ਗੁਰ ਗੋਪਾਲਾ॥ਏਕੁ ਸਬਦਿ ਜਿਤੁ ਕਥਾ ਵੀਚਾਰੀ॥ਗੁਰਮੁਖਿ ਹਉਮੈ ਅਗਨਿ ਨਿਵਾਰੀ॥ਅੰਕ-943॥
ਅਰਥ:-ਹੇ ਭਾਈ! ਜਿਸ ਸਦੀਵੀ ਸਥਿਰ ਰਹਿਣ ਵਾਲੇ ਸਤਿਗੁਰ ਦੀ ਬਖਸ਼ਿਸ਼ (ਸਬਦਿ)ਨਾਲ ਮਨੁੱਖ  ਦੇ ਸੁਆਸਾਂ ਦੀ ਅਰੰਭਤਾ ਹੁੰਦੀ ਹੈ, ਉਸ ਸੱਚੇ ਦਾ ਸੱਚ ਹੀ ਮੇਰਾ ਮਤਿ ਭਾਵ ਮਾਰਗ ਹੈ।ਉਸ ਦੀ ਉੱਤਮ ਬਖਸ਼ਿਸ਼(ਸਬਦਿ)ਗਿਆਨ ਦੀ ਸੁਰ ਦਾ ਮੈਂ ਚੇਲਾ ਹਾਂ। ਭਾਵ ਉਸ ਦੀ ਬਖਸ਼ਿਸ਼ ਗਿਆਨ ਹੀ ਮੇਰਾ ਗੁਰੂ ਹੈ।ਉਸ ਅਕੱਥ ਰੂਪ ਹਰੀ ਦੀ ਉੱਤਮ ਬਖਸ਼ਿਸ਼ ਹੀ ਨਿਰਾਲੀ ਭਾਵ ਵਿਲੱਖਣ ਹੈ।ਉਹ ਪਾਲਕ ਅਤੇ ਰੱਖਿਅਕ ਹਰੀ ਹੀ ਹੈ ਜਿਸ ਦੀ (ਗੁਰ) ਬਖਸ਼ਿਸ਼ ਜੁਗਿ ਜੁਗਿ ਭਾਵ ਹਰ ਸਮੇਂ, ਮੁੱਢ ਕਦੀਮ ਤੋਂ ਹੀ ਵਰਤ ਰਹੀ ਹੈ।ਜਿਸ ਨੇ ਉਸ ਅਕਥ ਰੂਪ ਹਰੀ ਨੂੰ ਜਾਣ ਲਿਆ ਹੈ ਉਸ ਅਕੱਥ ਰੂਪ ਹਰੀ ਦੀ ਬਖਸ਼ਿਸ਼ ਸਦਕਾ ਹੀ ਹਉਮੇ, ਦੀ ਅਗਨੀ ਬੁੱਝ ਬੁੱਝਦੀ ਹੈ।ਉਸੇ ਦੀ ਬਖਸ਼ਿਸ਼ ਨਾਲ ਹੀ ਸੰਸਾਰੀ ਹਉਮੇ ਦੇ ਭਰਮ ਤੋਂ ਪਾਰ ਹੋਇਆ ਜਾ ਸੱਕਦਾ ਹੈ।
ਆਓ! “ਸਤਿਗੁਰ” ਪਦ ਦੀ ਵਿਆਖਿਆ ਗੁਰਬਾਣੀ ਵਿੱਚੋਂ ਹੀ ਸਮਝੀਏ।
ਸਤਿਗੁਰੁ ਮੇਰਾ ਸਦਾ ਸਦਾ ਨ ਆਵੈ ਨ ਜਾਇ॥ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ॥759॥ਮੇਰਾ ਸਤਿਗੁਰੂ ਸਦਾ ਕਾਇਮ ਰਹਿਣ ਵਾਲਾ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਹੈ।ਉਹ ਨਾਸ ਰਹਿਤ ਹੈ ਅਤੇ ਸਰਬ ਸਮਰੱਥ ਹੈ।ਉਹ ਸਭ ਦੇ ਵਿੱਚ ਸਮਾਇਆ ਹੋਇਆ ਹੈ।
ਉਪਰ ਲਿਖਿਤ ਵਿਆਖਿਆ ਤੋਂ ਇੱਕ ਸਵਾਲ ਪੈਦਾ ਹੋਇਆ ਕਿ ਉਹ ਹਸਤੀ ਤਾਂ ਨਿਰੰਕਾਰ ਹੈ। ਉਪਦੇਸ਼ ਦਾਤਾ ਕਿਕੂੰ ਹੋਇਆ?ਇਸ ਗੁੰਝਲ ਨੂੰ ਗੁਰੁ ਨਾਨਕ ਪਾਤਸ਼ਾਹ ਨੇ ਇੰਜ ਖੋਹਲਿਆ ਹੈ:-
ਜੈਸੀ ਮੈਂ ਆਵੇੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ॥722॥ਅਰਥ: ਹੇ ਭਾਈ ਲਾਲੋ!ਮੈਨੂੰ ਜਿਵੇਂ ਮੇਰੇ ਮਾਲਕ ਵੱਲੋਂ ਬਾਣੀ ਆ ਰਹੀ  ਹੈ, ਮੈਂ ਉਹੀ ਗਿਆਨ ਕਰ ਰਿਹਾ ਹਾਂ। ਭਾਵ ਮੇਰਾ ਇਹ ਆਪਣਾ ਕਲਪਤ ਸਿਧਾਂਤ ਨਹੀਂ,ਨਾ ਹੀ ਇਹ ਮੇਰੇ ਆਪਣੇ ਵਿਚਾਰ ਹਨ। ਇਹ ਤਾਂ ਰੱਬ ਜੀ ਵਲੋਂ ਮੈਨੂੰ ਆ ਰਹੀ ਹੈ ਤੇ ਮੈਂ ਜਗਤ ਨੂੰ ਇਸ ਦਾ ਗਿਆਨ ਕਰ ਰਿਹਾ ਹਾਂ।ਜਾਂ:-
“ਤਾ ਮੈ ਕਹਿਆ ਕਹਿਣੁ ਜਾ ਤੁਝੈ ਕਹਾਇਆ॥566॥
 ਹੇ ਨਿਰੰਕਾਰ ਜੀ ਮੈਂ ਓਹੀ ਗੱਲ ਕਹੀ ਹੈ ਜੋ ਤੁਸੀਂ ਮੈਨੂੰ ਕਹਿਣ ਨੂੰ ਆਖੀ ਹੈ।ਇਹ ਮੇਰੀ ਕੋਈ ਆਪਣੀ ਗੱਲ ਨਹੀਂ।
“ਸਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ॥125॥”ਬ੍ਰਹਮ ਤੋ”ਅੰਮ੍ਰਿਤਮਈ  ਬਾਣੀ ਉਪਜ ਰਹੀ ਹੈ, ਮੈਂ ਗੁਰਮੁਖਾਂ ਨੂੰ ਆਖ ਕੇ ਸੁਣਾ ਰਿਹਾ ਹਾਂ।
ਚੌਥੇ ਜਾਮੇਂ ਵਿੱਚ ਫੁਰਮਾ ਰਹੇ ਹਨ:- “ਦਾਸਨਿ ਦਾਸ ਕਹੈ ਜਨੁ ਨਾਨਕ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ”॥734॥ਦਾਸਾਂ ਦਾ ਦਾਸ ਬਾਬਾ ਨਾਨਕ ਕਹਿ ਰਿਹਾ ਹੈ ਕਿ ਹੇ ਪ੍ਰਭੂ! ਜੇਹਾ ਵਖਿਆਨ ਕਰਨ ਵਾਸਤੇ ਤੂੰ ਮੈਨੂੰ ਹੁਕਮ ਕੀਤਾ ਹੈ ਮੈਂ ਤਾਂ ਓਹੀ ਵਖਿਆਨ ਕਰ ਰਿਹਾ ਹਾਂ।
ਪੰਜਵੇਂ ਜਾਮੇਂ ਵਿੱਚ ਭੀ ਬਾਬਾ ਜੀ ਉਪਦੇਸ਼ ਕਰ ਰਹੇ ਹਨ:- “ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ”॥763॥ਮੈ ਆਪ ਕੁਝ ਬੋਲਣ ਨਹੀਂ ਜਾਣਦਾ ਜੋ ਹੁਕਮੀਂ ਦਾ ਹੁਕਮ ਹੋਇਆ ਹੈ ਮੈਂ ਉਹੀ ਕਹਿਆ ਹੈ।
ਯਥਾ:-“ਧੁਰ ਕੀ ਬਾਣੀ ਆਈ॥ਤਿਨਿ ਸਗਲੀ ਚਿੰਤ ਮਿਟਾਈ”॥628॥
 “ਜੈਸੋ ਗੁਰ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ”॥214॥
“ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ॥727॥ਜਿਸ ਤਰਾਂ ਮੈਨੂੰ ਅਕਾਲਪੁਰਖੁ ਵਲੋਂ ਉਪਦੇਸ ਹੋਇਆ ਹੈ, ਹੇ ਭਾਈ! ਤੁਸੀਂ ਭੀ ਸੁਣੋਂ।
“ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕੁ ਗੁਰ ਮਿਲਿਆ ਸੋਈ ਜੀਉ”॥ਯਾਨੀ:- ਜੋ ਹਸਤੀ ਪਾਰਬ੍ਰਹਮ ਪਰਮੇਸਰ ਹੈ ਨਾਨਕ ਦਾ ਓਹੀ ਗੁਰੂ ਹੈ।
ਇਹ ਅਟੱਲ ਸਚਾਈ ਹੈ ਕਿ ਜੋ ਬਾਣੀ ਬਾਬੇ ਨਾਨਕ ਦੇ ਹਿਰਦੇ ਵਿੱਚ ਉਤਰੀ ਹੈ,ਉਹ ਨਿਰੰਕਾਰ ਅਤੇ ਉਸ ਤੋਂ ਆਈ ਬਾਣੀ, ਇੱਕ ਹੈ।ਬੋਲਣਹਾਰੇ ਦੇ ਬੋਲ ਅਤੇ ਬੋਲਣਹਾਰਾ, ਇੱਕ ਹੁੰਦੇ ਹਨ।ਇਨ੍ਹਾਂ ਵਿੱਚ ਕੋਈ ਭਿੰਨ ਭੇਦ ਨਹੀਂ।ਇਸ ਸਚਾਈ ਨੂੰ ਗੁਰਮਤਿ ਬਾਣੀ ਦੇ ਇਨ੍ਹਾਂ ਸ਼ਬਦਾਂ ਰਾਹੀਂ ਖੋਲਦੀ ਹੈ:-
“ਸਤਿਗੁਰ ਕੀ ਬਾਣੀ ਸਤਿ ਸਰੂਪੁ ਹੈ ਗੁਰਬਾਣੀ ਬਣੀਐ॥304॥ਸਤਿਗੁਰ ਤੋਂ ਆਈ ਬਾਣੀ ਨਿਰਸੰਦੇਹ ਹੀ ਸਤਿ ਸਰੂਪ ਹੈ, ਤਾਂ ਤੇ ਇਸ ਅਨੁਸਾਰ ਆਪਣਾ ਜੀਵਨ ਬਣਾਈਏ।ਯਥਾ: “ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ॥39॥ਹੇ ਭਾਈ ਗੁਰਮੁਖੋ!ਬ੍ਰਹਮੁ ਅਤੇ ਬ੍ਰਹਮੁ ਤੋਂ ਆਈ ਬਾਣੀ, ਇਕ ਹਨ।ਕੋਈ ਭੇਦ ਨਹੀਂ, ਇਸ ਸ਼ਬਦ ਰਾਹੀਂ ਹੀ ਬ੍ਰਹਮੁ ਨਾਲ ਮਿਲਾਵਾ ਹੋ ਸੱਕਦਾ ਹੈ।
“ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡ ਅਵਰੁ ਨ ਕੋਇ॥515॥ਅਰਥ: ਹੇ ਬਾਣੀ!ਤੂੰ ਵਾਹ ਵਾਹ ਹੈਂ ਕਿਉਂਕਿ ਤੂੰ ਨਿਰੰਕਾਰ ਤੋਂ ਆਈ ਹੈਂ ਅਤੇ ਨਿਰੰਕਾਰ ਸਰੂਪ ਹੈਂ। ਇਸ ਵਾਸਤੇ ਇਸ ਬਾਣੀ ਤੋਂ ਵੱਡਾ ਕੋਈ ਨਹੀਂ। ਕਿਉਂਕਿ ਨਿਰੰਕਾਰ ਤੋਂ ਵੱਡਾ ਹੋਰ ਕੌਣ ਹੋ ਸੱਕਦਾ ਹੈ।
“ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ॥1239॥ਹੇ ਗੁਰਮੁਖੋ!ਨਾਮੁ ਤੋਂ ਆਈ ਬਾਣੀ, ਨਾਮੁ ਸਰੂਪ ਹੈ।ਇਸ ਬ੍ਰਹਮੁ ਸਰੂਪ ਬਾਣੀ ਰਾਹੀਂ ਨਾਮੁ ਰਿਦੈ ਵਿੱਚ ਵਸਾਵੋਗੇ ਤਾਂ ਨਿਸਚਿਤ ਹੀ ਨਾਮ ਰਿਦੈ ਵਿੱਚ ਵੱਸ ਜਾਵੇਗਾ।
ੳਪੁਰੋਕਤ ਪ੍ਰਮਾਣਾਂ ਤੋਂ ਸਿੱਧ ਹੋਇਆ ਕਿ ਨਾਮ- ਜਿਥੋਂ ਬਾਣੀ ਉਤਰੀ ਹੈ-ਉਹ ਅਤੇ ਬਾਣੀ ਇਕ ਹਨ।ਕੋਈ ਉੱਕਾ ਹੀ ਭਿੰਨ ਭੇਦ ਨਹੀਂ।ਇਸ ਵਿੱਚ ਸਿਧਾਂਤ ਇਹ ਦਰਸਾਇਆ ਗਿਆ ਹੈ ਕਿ ਹੁਕਮੀ ਅਤੇ ਹੁਕਮ ਇੱਕ ਹਨ।ਹੁਕਮੀ ਹੋਇਆ ਪਾਰਬ੍ਰਹਮ ਅਤੇ ਉਸ ਦਾ ਹੁਕਮ ਹੋਇਆ ਸਬਦ(ਬਾਣੀ) ਇੱਕ ਹੀ ਹਨ।
ਹੁਣ ਇਹ ਤਾਂ ਸਪਸ਼ਟ ਹੋ ਗਿਆ ਕਿ ਨਾਨਕ ਪਾਤਸ਼ਾਹ ਨੇ ਆਪਣਾ ਗੁਰੂ ਸ਼ਬਦ ਯਾਨਿ ਕਿ ਗਿਆਨ ਮੰਨਿਆ ਹੈ।ਕਿਉਂਕਿ ਬ੍ਰਹਮ ਅਤੇ ਬ੍ਰਹਮ ਤੋਂ ਗੁਰੂ ਹਿਰਦੈ ਵਿੱਚ ਉਤਰੀ ਬਾਣੀ ਇੱਕ ਹੈ।ਅੱਗੋਂ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਨੂੰ ਕਿਸ ਦੇ ਲੜ ਲਾਇਆ ਹੈ?ਆਓ! ਓਹਨਾਂ ਤੋਂ ਹੀ ਪੁੱਛੀਏ।ਤਾਂ ਪਾਤਸ਼ਾਹ ਫੁਰਮਾਂਦੇ ਹਨ: “ਹਰਿ ਜੀਓ ਸਬਦਿ ਪਛਾਣੀਐ ਸਾਚਿ ਰਤੇ ਗੁਰਵਾਕਿ॥55॥ਹੇ ਭਾਈ! ਹਰੀ ਨੂੰ ਸ਼ਬਦ ਦੁਆਰਾ ਹੀ ਪਛਾਣੋਂ ਅਤੇ ਉਸ ਸਦਾ ਸੱਚ ਸਰੂਪ ਹਰੀ ਵਿੱਚ ਗੁਰਵਾਕ ਭਾਵ ਬਾਣੀ ਨਾਲ ਰੱਤੇ ਜਾਉ।ਭਾਵ ਇਹ ਹੈ ਕਿ ਹਰੀ ਵਿੱਚ ਪ੍ਰਵੇਸ਼,ਹਰੀ ਦੀ ਬਾਣੀ ਨਾਲ ਹੀ ਹੁੰਦਾ ਹੈ ਤੇ ਹਰੀ ਦੀ ਪਛਾਣ ਆ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਕੋਈ ਸਾਧਨ ਨਹੀਂ।ਹਰੀ ਦੀ ਬਾਣੀ ਹੀ ਹਰੀ ਰੂਪ ਹੈ।

ਸ਼ਬਦ ਰਾਹੀਂ ਹਰੀ ਪ੍ਰਮਾਤਮਾ ਨੂੰ ਪਛਾਨਣ ਬਾਰੇ ਆਓ! ਹੋਰ ਗੁਰਬਾਣੀ ਦੇ ਸ਼ਬਦ ਵਿਚਾਰੀਏ।
“ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ॥58॥
“ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ॥59॥
“ਬਿਨੁ ਗੁਰਸਬਦੁ ਨ ਛੁਟਸਿ ਕੋਇ॥839॥
“ਸਬਦਿ ਗੁਰੂੁ ਭਵਸਾਗਰੁ ਤਰੀਐ ਇਤ ਉਤ ਏਕੋ ਜਾਣੈ॥944॥
“ਸਭਸੈ ਊਪਰ ਗੁਰਸਬਦੁ ਬੀਚਾਰੁ॥ਹੋਰ ਕਥਨੀ ਬਦਉ ਨ ਸਗਲੀ ਛਾਰੁ॥904॥ ਭਾਵ ਸਾਰੀਆਂ ਵਿਚਾਰਾਂ ਤੋਂ ਉੱਤੇ ਗੁਰ ਸ਼ਬਦ ਵੀਚਾਰ ਹੈ, ਨਾ ਕੋਈ ਹੋਰ ਵਿਚਾਰ ਮੈਂ ਕਥਨ ਕਰਦਾ ਹਾਂ ਅਤੇ ਨਾ ਹੀ ਝਗੜਾ ਕਰਦਾ ਹਾਂ ਕਿਉਂ ਕਿ ਉਹ ਸਾਰੀਆਂ ਵਿਚਾਰਾਂ ਇਉਂ ਹਨ ਜਿਵੇਂ ਸੁਆਹ ਯਾਨਿ ਵਿਅਰਥ ਹਨ।
ਜਿਵੇਂ; “ਬਾਬਾ ਹੋਰ ਮਤਿ ਹੋਰ ਹੋਰ॥ਜੇ ਸਉ ਵੇਰ ਕਮਾਈਐ ਕੂੜੈ ਕੂੜਾ ਜੋਰ॥17॥ਹੇ ਬਾਬਾ!ਹੋਰ ਮਤਾਂ ਹੋਰ ਪਾਸੇ ਲੈ ਜਾਣ ਵਾਲੀਆਂ ਹਨ ਜੇ ਇਨ੍ਹਾਂ ਮਤਾਂ ਦੀ ਕਮਾਈ ਕਰੀਏ ਤਾਂ ਕੂੜ ਹੀ ਪੱਲੇ ਪੈਂਦਾ ਹੈ ਕਿਉਂਕਿ ਉਨ੍ਹਾਂ ਮੱਤਾਂ ਦਾ ਆਧਾਰ ਕੂੜ ਹੈ ਤਾਂ ਫਿਰ ਕੂੜ ਹੀ ਪੱਲੇ ਪੈਣਾਂ ਹੋਇਆ।ਗੁਰੁ ਬਾਬੇ ਨੇ ਇਸ ਬਾਣੀ ਪ੍ਰਥਾਏ ਇੰਜ ਫੁਰਮਾਇਆ ਹੈ:-“ਸਤਿਗੁਰ ਬਚਨਿ ਮੇਰੋ ਮਨੁ ਮਾਨਿਆ ਹਰਿ ਪਾਏ ਪ੍ਰਾਨ ਅਧਾਰਾ॥1198॥ਸਤਿਗੁਰ ਰਾਹੀਂ ਮੇਰਾ ਮਨ ਮੰਨਿਆ ਹੈ ਅਤੇ ਪ੍ਰਾਣਾਂ ਦਾ ਆਸਰਾ ਹਰੀ ਮੈਨੂੰ ਮਿਲ ਪਿਆ ਹੈ।
ਹੁਣ ਵਿਚਾਰ ਗੋਚਰੀ ਗੱਲ ਇਹ ਹੈ ਕਿ ਜਦ ਐਨੀ ਸਪਸ਼ਟਤਾ ਨਾਲ ਗੁਰੁ ਨਾਨਕ ਸਾਹਿਬ ਫੁਰਮਾ ਰਹੇ ਹਨ ਕਿ ਗੁਰਬਾਣੀ ਰਾਹੀਂ ਹੀ ਬ੍ਰਹਮ ਨੂੰ ਪਛਾਣਿਆ ਜਾ ਸੱਕਦਾ ਹੈ, ਕਿਸੇ ਹੋਰ ਤਰੀਕੇ ਨਾਲ ਨਹੀਂ ਤਾਂ ਫਿਰ ਕਿਉਂ ਨਾ ਅਸੀਂ ਬਾਬੇ ਦੇ ਇਸ ਉਪਦੇਸ਼ ਨੂੰ ਮੰਨ ਕੇ ਗੁਰਬਾਣੀ ਦਾ ਲੜ ਫੜੀਏ।ਕਿਉਂ ਕਿਸੇ ਦੇਹ ਧਾਰੀ ਦੇ ਪਿਛੇ ਲੱਗ ਕੇ ਆਪਣਾ ਸਮਾਂ ਵਿਅਰਥ ਜ਼ਾਇਆ ਕਰੀਏ।ਆਓ! ਕੁਝ ਹੋਰ ਉਪਦੇਸ਼ ਸੁਣੀਏ:-
“ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥635॥
“ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮ ਪਾਇਦਾ॥1066॥
“ਨਾਨਕ ਗੁਰਬਾਣੀ ਹਰਿ ਪਾਇਆ ਹਰਿ ਜਪੁ ਜਾਪਿ ਸਮਾਹਾ ਹੇ॥1059॥
“ਗੁਰਬਾਣੀ ਤੇ ਹਰਿ ਮਨਿ ਵਸਾਏ॥ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ॥644॥
ਹਜ਼ੂਰ ਨੇ ਇਹ ਸਿਧਾਂਤ ਕਾਇਮ ਕਰ ਦਿੱਤਾ ਕਿ ਹੇ ਭਾਈ, ਕਿਸੇ ਦੇਹ ਧਾਰੀ ਕੋਲ ਜਾਣ ਦੀ ਲੋੜ ਨਹੀਂ। ਸਬਦ ਹੀ ਗੁਰੂ ਹੈ ਇਸ ਦੀ ਕਮਾਈ ਕਰੋ। ਪਰੀ-ਪੂਰਨ ਬ੍ਰਹਮ ਵਿੱਚ ਲੀਨ ਹੋ ਜਾਉਗੇ।
ਕੁਝ ਸਵਾਲ ਅਤੇ ਉੱਤਰ
ਸਵਾਲ: ਕੀ ਬਾਣੀ ਆਪਹੂੰ ਨਹੀਂ ਬੋਲਦੀ? ਇਸ ਵਾਸਤੇ ਕੀ ਦੇਹ ਧਾਰੀ ਦੀ ਲੋੜ ਹੈ?
ਉੱਤਰ:ਜੀ, ਬਾਣੀ ਬੋਲਦੀ ਹੈ।ਆਓ ਸਮਝੀਏ-ਸਰੀਰ ਦੇ ਜਿਸ ਹਿੱਸੇ ਵਿੱਚ ਸਮਝ ਦਾ ਟਿਕਾਣਾ ਹੈ ਉਸ ਥਾਂ ਤੇ ਆਵਾਜ ਪਹੁੰਚਾਣ ਦੇ ਪ੍ਰਭੂ ਨੇ ਦੋ ਰਸਤੇ ਰੱਖੇ ਹਨ।ਇੱਕ ਕੰਨ ਅਤੇ ਦੂਸਰਾ ਅੱਖਾਂ।ਜੋ ਸ਼ਬਦ(ਆਵਾਜ) ਕੰਨ ਸੁਣਦੇ ਹਨ ਉਹ ਸਮਝ ਵਾਲੀ ਥਾਂ ਪਹੁੰਚ ਜਾਂਦੀ ਹੈ।2.ਜੋ ਲਿਖਤ ਅੱਖਾਂ ਪੜਨ ਉਹ ਭੀ ਵਿਚਾਰ ਵਾਲੀ ਥਾਂ ਤੇ ਪਹੁੰਚ ਜਾਂਦੀ ਹੈ।ਇਸ ਤੋਂ ਸਿੱਧ ਹੋਇਆ ਕਿ ਗੁਰਬਾਣੀ ਬੋਲਦੀ ਹੈ।ਇਸ ਲਈ ਦੇਹ ਧਾਰੀ ਦੀ ਲੋੜ ਨਹੀਂ।
ਸਵਾਲ-ਕੀ ਅਨਪੜ ਵਾਸਤੇ ਦੇਹ ਧਾਰੀ ਦੀ ਲੋੜ ਹੈ?
ਉੱਤਰ- ਅਨਪੜ੍ਹ ਮਨੁੱਖ ਦੂਸਰੇ ਕੋਲੋਂ ਸ਼ਬਦ ਸੁਣਦਾ ਜਰੂਰ ਹੈ ਪਰ ਪੜ੍ਹ ਕੇ ਸੁਣਾਉਣ ਵਾਲਾ ਗੁਰੁ ਦੀ  ਪਦਵੀ ਹਾਸਲ ਨਹੀਂ ਕਰ ਸੱਕਦਾ ਜਿਵੇਂ ਸਕੂਲਾਂ ਕਾਲਜਾਂ ਵਿੱਚ ਵਿਦਵਾਨਾਂ ਦੇ ਸਿਧਾਂਤ ਪੜ੍ਹਾਉਣ ਵਾਲਾ ਅਧਿਆਪਕ ਉਸ ਵਿਦਵਾਨ ਦਾ ਦਰਜਾ ਨਹੀਂ ਹਾਸਲ ਕਰ ਲੈਂਦਾ ਜਿਸ ਦਾ ਸਿਧਾਂਤ ਉਹ ਪੜ੍ਹਾ ਰਿਹਾ ਹੈ।ਜਿਵੇ-ਨਿਊਟਨ ਦਾ “ਲਾਅ”ਪੜ੍ਹਾਉਨ ਵਾਲਾ ਆਪ ਨਿਊਟਨ ਨਹੀਂ ਬਣ ਜਾਂਦਾ।ਕਵੀ ਕਾਲੀਦਾਸ ਜਾਂ ਸ਼ੈਕਸਪੀਅਰ ਦੀਆਂ ਰਚਨਾਵਾਂ ਪੜ੍ਹਾਉਣ ਵਾਲੇ ਕਾਲੀਦਾਸ ਜਾਂ ਸ਼ੈਕਸਪੀਅਰ ਨਹੀਂ ਬਣ ਜਾਂਦੇ।ਜਿਸ ਤੋਂ ਸਪਸ਼ਟ ਹੈ ਕਿ ਦੇਹ ਧਾਰੀ ਗੁਰੂ ਦੀ ਲੋੜ ਨਹੀਂ।
ਸਵਾਲ-ਕੀ ਡਾਕਟਰ ਦੇ ਮਰੀਜ ਨੂੰ ਵੇਖੇ ਬਿਨਾਂ ਅਤੇ ਦਵਾਈ ਤਜ਼ਵੀਜ਼ ਕੀਤੇ ਬਿਨਾਂ ਮਰੀਜ ਠੀਕ ਹੋ ਸੱਕਦਾ ਹੈ?ਕਿਉਂਕਿ ਮਰੀਜ ਨੂੰ ਦਵਾਈ ਦਾ ਪਤਾ ਨਹੀਂ?
ਉੱਤਰ-ਇਹ ਗੱਲ ਠੀਕ ਹੈ ਕਿ ਬਿਨਾਂ ਡਾਕਟਰ ਦੇ ਦੇਖੇ ਅਤੇ ਦਵਾਈ ਤਜਵੀਜ ਕੀਤੇ ਮਰੀਜ ਠੀਕ ਨਹੀਂ ਹੋ ਸੱਕਦਾ ਪਰ ਇੱਥੇ ਇਹ ਗੱਲ ਲਾਗੂ ਹੀ ਨਹੀਂ ਹੁੰਦੀ। ਆਓ! ਸਮਝੀਏ-ਸਾਰੀ ਮਨੁੱਖ ਜਾਤੀ,ਭਾਵੇਂ ਕਿਸੇ ਦੇਸ਼, ਨਸਲ,ਰੰਗ ਦਾ ਭੀ ਹੋਵੇ ਅਤੇ ਰੋਗ ਇੱਕੋ ਹੀ ਹੋਵੇ ਅਤੇ ਉਸ ਦਾ ਦਾਰੂ ਭੀ ਇੱਕ ਹੀ ਹੋਵੇ ਅਤੇ ਉਹ ਦਾਰੂ ਮਨੁੱਖ ਆਪ ਕਰ ਸੱਕਦਾ ਹੋਵੇ ਤਾਂ ਫਿਰ ਮੌਕੇ ਤੇ ਡਾਕਟਰ ਸੱਦਣ ਦੀ ਲੋੜ ਨਹੀਂ ਅਤੇ ਨਾਂ ਹੀ ਨੁਸਖਾ ਤਜਵੀਜ ਕਰਨ ਦੀ ਲੋੜ ਹੈ।ਜਿਵੇਂ-“ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰ ਜੋਗੀ॥1104॥ਹੁਣ ਰੋਗ ਹਉਮੇਂ ਦਾ ਹੈ ਤੇ ਸਾਰੇ ਸੰਸਾਰ ਨੂੰ ਚੰਬੜਿਆ ਹੋਇਆ ਹੈ।ਹੁਣ ਇਹ ਤਾਂ ਪਤਾ ਲੱਗ ਗਿਆ ਕਿ ਰੋਗ ਹਉਮੇ ਦਾ ਹੈ ਅਤੇ ਸਾਰਾ ਸੰਸਾਰ ਇਸ ਨਾਲ ਗ੍ਰਸਤ ਹੈ। ਹੁਣ ਇਸ ਦੀ ਦਵਾਈ ਕੀ ਹੈ? ਇਸ ਬਾਰੇ ਗੁਰਮਤਿ ਇਉਂ ਦਰਸਾਉਂਦੀ ਹੈ। “ਸੰਸਾਰ ਰੋਗੀ ਨਾਮੁ ਦਾਰੂ ਮੈਲ ਲਾਗੈ ਸਚੁ ਬਿਨਾ॥687॥ਅਰਥਾਤ ਸੰਸਾਰ ਰੋਗੀ ਹੈ, ਰੋਗ ਹਉਮੇ  ਦਾ ਹੈ ਅਤੇ ਦਵਾਈ ਹੈ “ਨਾਮੁ”ਤੇ ਜੇ ਨਾਮ ਨਾ ਲਈਏ ਤਾਂ ਹਉਮੇ ਰੂਪੀ ਮੈਲ ਬਦੋਬਦੀ ਚੰਬੜ ਜਾਂਦੀ ਹੈ ਕਿਉਂਕਿ “ ਹਉਮੈ ਦੀਰਘੁ ਰੋਗ ਹੈ ਦਾਰੂ ਭੀ ਇਸ ਮਾਹਿ॥ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥469॥ਹਉਮੇ ਦਾ ਰੋਗ ਬੜਾ ਦੀਰਘ ਤਾਂ ਹੈ ਪਰ ਇਸ ਦਾ ਦਾਰੂ ਭੀ ਹੈ। ਇਹ ਲਾ-ਇਲਾਜ ਰੋਗ ਨਹੀਂ।ਜਿਸ ਉੱਤੇ ਕਿਰਪਾ ਹੋ ਜਾਏ ਉਹ ਗੁਰਸਬਦ ਭਾਵ ਗੁਰਬਾਣੀ ਦੀ ਕਮਾਈ ਕਰਦਾ ਹੈ ਅਤੇ ਨਾਮੁ ਦਾ ਦਾਰੂ ਲਾ ਕੇ ਇਸ ਰੋਗ ਤੋਂ ਛੁਟਕਾਰਾ ਪਾ ਲੈਂਦਾ ਹੈ।
ਹੁਣ ਦੱਸੋ ਕਿ ਮੌਕੇ ਦੇ ਡਾਕਟਰ ਦੀ ਕੀ ਲੋੜ ਰਹਿ ਗਈ?ਜਦ ਸਾਰੀ ਮਨੁੱਖਤਾ ਇੱਕੋ ਰੋਗ ਵਿੱਚ ਗ੍ਰਸਤ ਹੈ ਤਾਂ ਨਾਮੁ ਰੂਪੀ ਦਾਰੂ ਵਰਤੇ, ਰੋਗ ਠੀਕ ਹੋ ਜਾਵੇਗਾ। ਦੇਹ ਧਾਰੀਆਂ ਦੇ ਪਿਛੇ ਭਟਕਣ ਦੀ ਕੋਈ ਲੋੜ ਨਹੀਂ।
ਪਰ ਅਫਸੋਸ! ਜਿਸ ਬਾਣੀ ਦੇ ਸੁਨਹਿਰੀ ਸਿਧਾਂਤ ਨੂੰ ਗੁਰੁ ਬਾਬੇ ਨੇ ਦਸ ਜਾਮਿਆਂ ਵਿੱਚ 239 ਸਾਲ ਦਾ ਸਮਾਂ ਲਗਾ ਕਿ ਅਤੇ ਅਨੇਕਾਂ ਘਾਲਣਾਂ ਘਾਲ ਕੇ, ਅਸਹਿ ਅਤੇ ਅਕਹਿ ਕਸ਼ਟ ਝੱਲ ਕੇ,ਤੱਤੀਆਂ ਤਵੀਆਂ ਦਾ ਸੇਕ ਆਪਣੇ ਪਿੰਡੇ ਤੇ ਜਰ ਕੇ, ਸਰਬੰਸ ਵਾਰ ਕੇ ਅਤੇ ਅਣਗਿਣਤ ਸ਼ਹੀਦੀਆਂ ਪਾਕੇ ਇਸ ਸੰਸਾਰ ਨੂੰ ਇੱਕ ਅਦੁੱਤੀ ਦੇਣ ਦਿੱਤੀ ਸੀ ਨੂੰ ਅਸੀਂ ਭੁਲਾ ਕੇ ਗੁਰੂਡੰਮ ਦੀ ਦਲਦਲ ਵਿੱਚ ਫਸੀ ਜਾ ਰਹੇ ਹਾਂ। ਆਪਣੀਆਂ ਅੱਖਾਂ ਸਾਹਮਣੇ ਨਿੱਤ ਦੇਖਦੇ ਹਾਂ ਕਿ ਇਨ੍ਹਾਂ ਡੇਰਿਆਂ ਤੇ ਰੋਜ਼ਾਨਾ ਕੀ ਕੁਕਰਮ ਹੁੰਦੇ ਪਏ ਹਨ ਪਰ ਫਿਰ ਭੀ ਆਪਣੀਆਂ ਅੱਖਾਂ ਮੀਟ ਕੇ “ਅੰਧੀ ਰਯਤਿ ਗਿਆਨ ਵਿਹੂਣੀ”ਬਣੀ ਜਾ ਰਹੇ ਹਾਂ।ਸਾਨੂੰ ਇਸ ਸੱਚ ਦੀ ਬਾਣੀ ਨਾਲੋਂ ਤੋੜਨ ਵਾਸਤੇ ਇੱਕ ਨਹੀਂ ਅਨੇਕ ਤਰਾਂ ਦੀਆਂ ਘਾੜਤਾਂ ਘੜੀਆਂ ਜਾ ਚੁੱਕੀਆਂ ਹਨ ਅਤੇ ਨਿੱਤ ਨਵੀਆਂ ਹੋਰ ਘੜੀਆਂ ਜਾ ਰਹੀਆਂ ਹਨ।ਪੰਜਾਬ ਵਿੱਚ ਡੇਰਾਵਾਦ ਦਾ ਉਭਾਰ ਇਸੇ ਦੀ ਇੱਕ ਕੜੀ ਹੈ।ਗੁਰੁ ਗ੍ਰੰਥ ਸਾਹਿਬ ਦਾ ਸ਼ਰੀਕ ਪੇਦਾ ਕਰਨ ਵਾਸਤੇ ਇਸ ਦੇ ਬਰਾਬਰ ਅਖੌਤੀ ਦਸਮ ਗ੍ਰੰਥ(ਬਚਿੱਤਰ ਨਾਟਕ) ਜਿਸ ਵਿੱਚ ਔਰਤ ਨੂੰ ਨੀਵਾਂ ਵਖਾਉਣ ਵਾਲੀ (ਤ੍ਰੀਆ ਚਰਿੱਤਰ)ਵਰਗੀ ਅਸ਼ਲੀਲਤਾ ਭਰਪੂਰ ਰਚਨਾ, ਦਾ ਪਰਕਾਸ਼ ਕੀਤਾ ਜਾ ਰਿਹਾ ਹੈ ਜਦਕਿ ਗੁਰੁ ਗ੍ਰੰਥ ਸਾਹਿਬ ਦਾ ਉਪਦੇਸ਼ ਹੈ “ਸਾਹਿਬੁ ਮੇਰਾ ਏਕੋ ਹੈ ॥ਏਕੋ ਹੈ ਭਾਈ ਏਕੋ ਹੈ॥ਤਾਂ ਫਿਰ ਇਸ ਦਾ ਸ਼ਰੀਕ ਦੂਸਰਾ ਕੋਈ ਕਿਵੇਂ ਬਣ ਸੱਕਦਾ ਹੈ?ਅਸੀਂ ਆਪਣੇ ਵੱਡਮੁਲੇ ਅਤੇ ਗੌਰਵਮਈ ਵਿਰਸੇ ਤੋਂ ਅਵੇਸਲੇ ਹੋ ਰਹੇ ਹਾਂ।ਉਨ੍ਹਾਂ ਪੁਰਾਤਨ ਸਿੱਖਾਂ ਨੂੰ ਭੁੱਲ ਗਏ ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਅਤੇ ਦੁਨੀਆਂ ਵਿੱਚ ਲਾਮਿਸਾਲ ਕੁਬਾਨੀਆਂ ਦਾ ਇਤਿਹਾਸ ਰਚਿਆ ਜਿਸ ਨੂੰ ਅੱਜ ਸਮੁੱਚਾ ਸੰਸਾਰ ਨਤਮਸਤਕ ਹੁੰਦਾ ਹੈ।ਜਿਨ੍ਹਾਂ ਭਰਮਾਂ, ਵਹਿਮਾਂ, ਫੋਕਟ ਕਰਮ ਕਾਂਡਾਂ, ਅੰਧਵਿਸ਼ਵਾਸਾਂ ਵਿੱਚੋਂ ਸਾਨੂੰ ਗੁਰੁ ਨੇ ਕੱਢਿਆ ਸੀ ਉਸੇ ਦਲਦਲ ਵਿੱਚ ਇਕ ਵਾਰ ਫਿਰ  ਤੋਂ ਫਸੀ ਜਾ ਰਹੇ ਹਾਂ।ਅਸਲੀਅਤ ਨੂੰ ਛੱਡ ਕੇ ਦੰਭੀ, ਪਖੰਡੀ,ਭੇਖੀ ਅਤੇ ਮਾਇਆਧਾਰੀ ਡੇਰੇਦਾਰਾਂ ਦੇ ਭਰਮਜਾਲ ਵਿੱਚ ਫਸੀ ਜਾ ਰਹੇ ਹਾਂ।
“ਉੱਚਾ ਦਰ ਬਾਬੇ ਨਾਨਕ ਦਾ” ਦੀ ਸਰਪ੍ਰਸਤੀ ਹੇਠ ਚੱਲ ਰਹੀ “ਏਕਸ ਕੇ ਬਾਰਕ ਜਥੇਬੰਦੀ”, ਗੁਰੁ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਪੂਰਨ ਤੌਰ ਤੇ ਸਮਰਪਤ ਹੈ ਅਤੇ ਸਾਡਾ ਟੀਚਾ ਸੰਸਾਰ ਦੇ ਹਰੇਕ ਪ੍ਰਾਣੀ ਤੱਕ ਇਸ ਵਿਚਾਰਧਾਰਾ ਨੂੰ ਪਹੁੰਚਾਣ ਦਾ ਹੈ। ਸਾਡਾ ਇਹ ਮੰਨਣਾ ਹੈ ਕਿ ਹਰੇਕ ਮਾਈ ਭਾਈ ਬੱਚੇ ਬੁੱਢੇ ਨੂੰ ਸਾਲ ਵਿੱਚ ਇੱਕ ਗੁਰੁ ਗ੍ਰੰਥ ਸਾਹਿਬ ਦਾ ਸੰਪੂਰਨ ਸਹਿਜ( ਵਿਚਾਰ ਕੇ)ਪਾਠ ਕਰਨਾ ਚਾਹੀਦਾ ਹੈ।ਅਤੇ ਸਾਡਾ ਇਹ ਮੰਨਣਾ ਹੈ ਕਿ ਅਗਰ ਕੋਈ ਮਨੁੱਖ ਇਸ ਤਰ੍ਹਾਂ ਬਾਣੀ ਦਾ ਅਧਿਐਨ ਕਰਦਾ ਹੈ ਤਾਂ ਉਹ ਕਦੇ ਭੀ ਕਿਸੇ ਦੇਹਧਾਰੀ ਮਗਰ ਨਹੀਂ ਭਟਕੇਗਾ।ਇਸ ਵਾਸਤੇ ਸਾਡੀ ਇਹ ਜਥੇਬੰਦੀ ਕਿਸੇ ਭੀ ਤਰ੍ਹਾਂ ਦੇ ਸਹਿਯੋਗ ਵਾਸਤੇ ਹਮੇਸ਼ਾਂ ਤੱਤਪਰ ਹੈ।ਸੋ ਆਓ! ਇੱਕ ਵਾਰ ਫਿਰ ਤੋਂ ਗੁਰੁ ਗ੍ਰੰਥ ਸਾਹਿਬ ਦੀ ਬਾਣੀ ਦੇ ਉਪਦੇਸ਼ ਨੂੰ ਸਮਝੀਏ ਅਤੇ ਸੌਖਾ ਅਤੇ ਸਫਲ ਜੀਵਨ ਬਤੀਤ ਕਰਨ ਵਿੱਚ ਕਾਮਯਾਬ ਹੋਈਏ।
ਕਰਨੈਲ ਸਿੰਘ

ਸੰਯੋਜਕ, ਏਕਸ ਕੇ ਬਾਰਕ ਸਿਰਸਾ।
9416440061