ਗੁਰਬਾਣੀ ਤੇ ਮਨੁੱਖ ਦੀ ਆਜ਼ਾਦੀ- ਭਾਗ -1

 kishan singh delhiਮਿਸਲਾਂ ਦੇ ਸਮਾਜ ਦੀ ਕੁੱਖ ਵਿਚ ਪੈਣ ਤੋਂ ਲਗਕੇ ਅੱਜ ਤਕ ਸਿੱਖਾਂ ਨੇ ਗੁਰਬਾਣੀ ਨੂੰ ਆਪਣੇ ਸੂਤ ਕੀਤਾ ਹੈ ਪਰ ਆਪ ਉਸ ਦੇ ਰੁਖ਼ ਨਹੀਂ ਹੋਏ। ਗੁਰਬਾਣੀ ਨਾਲ ਉਹੋ ਕੁੱਝ ਹੋਇਆ ਹੈ ਜੋ ਇਨਸਾਨੀਅਤ ਤੇ ਮਨੁੱਖ ਦੀ ਆਜ਼ਾਦੀ ਪੇਸ਼ ਕਰਦੀਆਂ ਮਹਾਨ ਕਾਵਿਕ ਰਚਨਾਵਾਂ ਨਾਲ ਹੁੰਦਾ ਆਇਆ ਹੈ। ਰਚੇ ਜਾਣ ਦੇ ਕੁੱਝ ਚਿਰ ਮਗਰੋਂ, ਉਹ ਰਚਨਾਵਾਂ ਜਿਸ ਚੀਜ਼ ਦੇ ਵਿਰੁੱਧ ਸਨ, ਅਗਲਿਆਂ ਨੇ ਉਨ੍ਹਾਂ ਨੂੰ ਉਸੇ ਦੀ ਹਮਾਇਤ ਵਾਸਤੇ ਵਰਤਿਆ ਹੈ। ਕਾਵਿਕ ਰਚਨਾਵਾਂ ਦਾ ਮਤਲਬ ਤਾਂ ਅਕਸਰ ਵਿਆਖਿਆ ਕਰਕੇ ਜੀਉਂਦਿਆਂ ਨੇ ਹੀ ਕੱਢਣਾ ਹੁੰਦਾ ਹੈ; ਉਨ੍ਹਾਂ ਰਚਨਾਵਾਂ ਨੇ ਆਪਣੀ ਵਿਆਖਿਆ ਆਪ ਤਾਂ ਕਰਨੀ ਹੀ ਨਹੀਂ ਹੁੰਦੀ। ਉਨ੍ਹਾਂ ਨੇ ਉਠ ਕੇ ਇਹ ਤਾਂ ਆਖ ਹੀ ਨਹੀਂ ਦੇਣਾ ਹੁੰਦਾ ਕਿ ਮੇਰਾ ਮਤਲਬ ਇਹ ਤਾਂ ਹਰਗਿਜ਼ ਨਹੀਂ ਸੀ। ਸੰਸਾਰ ਦਿਆਂ ਕਾਵਿਕ ਸ਼ਾਹਕਾਰਾਂ ਨਾਲ ਇਹ ਉਪੱਦਰ ਹੁੰਦਾ ਹੀ ਆਇਆ ਹੈ।

ਜਿਨ੍ਹਾਂ ਦਾ ਮਨੋਰਥ ਕੂੜ ਕਮਾਉਣਾ ਹੁੰਦਾ ਹੈ, ਉਹ ਸਮੇਤ ਸਾਹਿੱਤਿਕ ਸ਼ਾਹਕਾਰਾਂ ਦੇ, ਹਰ ਚੀਜ਼ ਨੂੰ, ਹਰ ਰਚਨਾਂ ਨੂੰ, ਆਪਣੇ ਰੁਖ਼ ਕਰਕੇ ਆਪਣੇ ਹਿਤ ਵਾਸਤੇ ਵਰਤਦੇ ਹਨ। ਜਿਸ ਸ਼ੈ ਦਾ ਵੀ ਅਸਰ ਮਨੁੱਖਾਂ ਦੇ ਮਨ ਉ¤ਤੇ ਹੋ ਸਕਦਾ ਹੈ, ਵਾਹ ਲਗਦੀ ਉਹ ਉਸ ਦਾ ਮੂੰਹ ਆਪਣੇ ਹੱਥ ਵਿਚ ਰੱਖਦੇ ਹਨ। ਸਾਹਿੱਤਿਕ ਸ਼ਾਹਕਾਰਾਂ ਨਾਲ ਇਹ ਉਪੱਦਰ ਹੋਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਜਦੋਂ ਸਮਾਜ ਦੀ ਚੇਤਨਾ ਦਾ ਰੂਪ ਬਦਲ ਜਾਵੇ ਅਤੇ ਉਨ੍ਹਾਂ ਦਾ ਰੂਪ ਤੇ ਮੁਹਾਂਦਰਾ ਸਮਾਜ ਦਾ ਪ੍ਰਚਲਤ ਸਿੱਕਾ ਨਾ ਰਹੇ। ਗੁਰਬਾਣੀ ਨਾਲ ਇਹੋ ਕੁੱਝ ਹੀ ਹੋਇਆ ਹੈ। ਜਿਸ ਮਾਇਆ ਦੇ ਨਿਜ਼ਾਮ ਦੇ ਵਿਰੁੱਧ ਗੁਰਬਾਣੀ ਜਹਾਦ ਕਰਦੀ ਹੈ, ਉਸੇ ਕੋਲੋਂ ਹੀ ਉਸ ਦੀ ਪੁਸ਼ਟੀ ਕਰਵਾਈ ਜਾਂਦੀ ਰਹੀ ਹੈ।

ਇਸ ਨੂੰ ਅੱਜ ਕੱਲ ਦੀ ਬੋਲੀ ਵਿਚ ਰੀਵੀਯਨਇਜ਼ਮ (Revisionism) ਕਿਹਾ ਜਾਂਦਾ ਹੈ। ਇਹ ਲਫ਼ਜ਼ ਨਵਾਂ ਹੈ ਪਰ ਕਰਤੱਵ ਪੁਰਾਣਾ ਤੁਰਿਆ ਆਉਂਦਾ ਹੈ। ਗੁਰਬਾਣੀ ਦੀ ਹਾਲਤ ਤਾਂ ਇਹ ਹੋ ਚੁੱਕੀ ਹੈ ਕਿ ਜਦੋਂ ਇਹ ਕਹੀਏ ਗੁਰਬਾਣੀ ਸਮਾਜ ਵਿਚ ਮਨੁੱਖ ਦੀ ਆਜ਼ਾਦੀ ਦਾ ਮਸਲਾ ਖੜਾ ਕਰਦੀ ਹੈ ਤਾਂ ਗੁਰਬਾਣੀ ਦੇ ਪਰੰਪਰਾਗਤ ਵਿਦਵਾਨ ਕੰਨ ਖੜੇ ਕਰ ਲੈਂਦੇ ਹਨ, ਜਿਵੇਂ ਕੋਈ ਅਨਹੋਣੀ ਹੋ ਗਈ ਹੁੰਦੀ ਹੈ; ਹਾਲਾਂਕਿ ਗੁਰਬਾਣੀ ਮਸਲਾ ਹੀ ਇੱਥੋਂ ਸ਼ੁਰੂ ਕਰਦੀ ਹੈ ਕਿ ਮਨੁੱਖ ਮਾਇਆ ਦੇ ਬੰਧਨ ਵਿਚ ਹੈ ਅਤੇ ਉਸ ਦੀ ਗਤੀ ਇਸ ਬੰਧਨ ਨੂੰ ਤੋੜਨ ਵਿਚ ਹੈ। ਗੁਰਬਾਣੀ ਮਾਇਆ ਦਾ ਲਫ਼ਜ਼ੀ ਮਤਲਬ ਸਪਸ਼ਟ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡਦੀ। ਉਹ ਇਸ ਨੂੰ ‘ਜ਼ਰ’ ਕਹਿੰਦੀ ਹੈ। ਨਾਲ ਹੀ ਸਾਫ਼ ਦੱਸਦੀ ਹੈ ਕਿ ਇਸ ‘ਜ਼ਰ’ ਨੇ ਦੁਨੀਆਂ ਕੁਰਾਹੇ ਪਾਈ ਹੋਈ ਹੈ, ਖ਼ੁਆਰ ਕੀਤੀ ਹੋਈ ਹੈ ਅਤੇ ਇਹ ਮਾਇਆ ਪਾਪਾਂ ਬਗ਼ੈਰ ਇਕੱਠੀ ਨਹੀਂ ਹੁੰਦੀ ਅਤੇ ਮਰਨ ਲੱਗਿਆਂ ਨਾਲ ਨਹੀਂ ਜਾਂਦੀ। ਗੁਰਬਾਣੀ ਦੇ ਮੁਤਾਬਿਕ ਪਾਪ, ਗੁਨਾਹ, ਭੈੜ ਸਾਰਾ ਹੈ ਹੀ ਮਾਇਆ, ਜ਼ਰ ਦੀ ਸਮਾਜ ਵਿਚ ਸਰਦਾਰੀ ਕਰਕੇ। ਬਾਣੀ ਦੀ ਬੋਲੀ ਵਿਚ ਕੁਰਾਹੇ ਪੈਣਾ, ਮਾਇਆ ਦੇ ਅਧੀਨ ਹੋ ਕੇ ਤੁਰਨ, ਉਸ ਦੇ ਤੋਰਿਆਂ ਤੁਰਨ, ਜ਼ਰ ਨੂੰ ਜ਼ਿੰਦਗੀ ਦਾ ਮਨੋਰਥ ਬਣਾਉਣ ਵਿਚ ਹੈ। ਅਖੌਤੀ ਸਮਾਜ-ਵਾਦੀਆਂ ਦੀ ਤਾਂ ਇਹ ਸੁਣ ਕੇ ਖ਼ਾਨਿਓਂ ਹੀ ਜਾਂਦੀ ਹੈ ਹਾਲਾਂਕਿ ਸਮਾਜਵਾਦੀ ਸਾਇੰਸ ਇਹ ਸਪਸ਼ਟ ਕਰਦੀ ਹੈ ਕਿ ਮਨੁੱਖ ਗ਼ੁਲਾਮ ਇਸ ਵਾਸਤੇ ਹੈ ਕਿ ਸਮਾਜ ਵਿਚ ਸਰਦਾਰੀ ਸਰਮਾਏ ਤੇ ਜਾਇਦਾਦ ਦੀ ਹੈ, ਮਨੁੱਖ ਦੀ ਨਹੀਂ। ਉਨ੍ਹਾਂ ਦਾ ਕਿਆਸ ਹੈ ਕਿ ਇਹ ਮੁਮਕਿਨ ਹੀ ਕਿਸ ਤਰ੍ਹਾਂ ਹੈ ਕਿ ਸਨਅਤੀ ਮਜ਼ਦੂਰ ਦੇ ਸਮਾਜਿਕ ਸਟੇਜ ਉ¤ਤੇ ਆਉਣ ਤੇ ਉਸ ਦਾ ਹਿਤ ਪ੍ਰਗਟ ਕਰਦੇ ਮਾਰਕਸ ਤੋਂ ਪਹਿਲਾਂ ਕਿਸੇ ਨੂੰ ਇਨਸਾਨੀਅਤ ਤੇ ਸਰਬੱਤ ਦੀ ਆਜ਼ਾਦੀ ਦੀ ਸੂਝ ਹੋ ਸਕਦੀ? ਵੈਸੇ ਸਮਾਜ ਦੇ ਇਤਿਹਾਸ ਤੋਂ ਉਹ ਵੀ ਅਨਭੋਲ ਨਹੀਂ ਕਿ ਗ਼ੁਲਾਮ ਆਪਣੀ ਆਜ਼ਾਦੀ ਵਾਸਤੇ ਬਾਰ ਬਾਰ ਲੜੇ।

ਕਿਸਾਨ ਮੁੜ ਮੁੜ ਫ਼ਿਊਡਲ ਨਿਜ਼ਾਮ ਦੇ ਖ਼ਿਲਾਫ਼ ਜੂਝੇ, ਜਦੋਂ ਕਿ ਉਨ੍ਹਾਂ ਦੀ ਬੰਦ ਖ਼ਲਾਸ ਇਤਿਹਾਸਕ ਤੌਰ ਉ¤ਤੇ ਸੰਭਵ ਹੀ ਨਹੀਂ ਸੀ। ਉਨ੍ਹਾਂ ਦੀ ਆਜ਼ਾਦੀ ਨੂੰ ਸਮਾਜ ਦੇ ਪਦਾਰਥਕ ਹਾਲਾਤ ਅਜੇ ਰਾਹ ਹੀ ਨਹੀਂ ਸਨ ਦੇਂਦੇ। ਇਸ ਤੱਥ ਤੋਂ ਵੀ ਉਹ ਨਾਵਾਕਿਫ਼ ਨਹੀਂ ਕਿ ਮਹਾਨ ਸਾਹਿੱਤ ਤੇ ਕਲਾ ਅਮਰ ਹੁੰਦੀਆਂ ਹਨ ਅਤੇ ਜੀਉਂਦੇ, ਜ਼ਿੰਦਗੀ ਉ¤ਤੇ ਹਰ ਦਮ ਲਾਗੂ ਹੁੰਦੇ ਵਸਤੂ ਤੋਂ ਬਗ਼ੈਰ, ਨਿਰੇ ਰੂਪ ਦੇ ਆਸਰੇ ਕੋਈ ਰਚਨਾ ਵੀ ਚਰੰਜੀਵ ਨਹੀਂ ਹੋ ਸਕਦੀ। ਨਾਲੇ ਰੂਪ ਤਾਂ ਉਨ੍ਹਾਂ ਦਾ ਸਮਾਜ ਦਾ ਚਲਦਾ ਸਿੱਕਾ ਰਿਹਾ ਹੀ ਨਹੀਂ ਹੁੰਦਾ, ਬੁੱਢਾ ਹੋ ਚੁੱਕਾ ਹੁੰਦਾ ਹੈ; ਅਗਲੀ ਪੀਹੜੀ ਦੀ ਜ਼ਿੰਦਗੀ ਦੀ ਅਸਲੀਅਤ ਨੂੰ ਪ੍ਰਗਟ ਕਰਨ ਦੇ ਸਮਰੱਥ ਨਹੀਂ ਰਿਹਾ ਹੁੰਦਾ। ਸਾਹਿੱਤਿਕ ਰਚਨਾਂ ਦਾ ਰੂਪ ਪ੍ਰਚਲਿਤ ਚੇਤਨਾ ਨਾਲ ਸੰਬੰਧਿਤ ਹੁੰਦਾ ਹੈ। ਉੁਸ ਦਾ ਅਕਸ ਹੁੰਦਾ ਹੈ। ਚੇਤਨਾ ਦੇ ਗ਼ੈਰ ਸਾਇੰਟਿਫ਼ਿਕ ਸਾਬਤ ਹੋਣ ਨਾਲ ਰੂਪ ਵੀ ਰਚਨਾਤਮਕ ਸ਼ਕਤੀ ਵਾਸਤੇ ਸੌੜਾ ਹੋ ਜਾਂਦਾ ਹੈ। ਸਦੀਆਂ ਬੱਧੀ ਮਹਾਨ ਕਲਾ ਤੇ ਸਾਹਿੱਤ ਮਨੁੱਖੀ ਮਨ ਨੂੰ ਆਪਣੇ ਵਿਚ ਲੀਨ ਤਾਂ ਹੀ ਕਰਦੇ ਆਏ ਹਨ, ਅਤੇ ਉਸ ਦੀ ਹਮਦਰਦੀ ਤੇ ਦਿਲਚਸਪੀ ਤਾਂ ਹੀ ਜਗਾ ਸਕੇ ਹਨ, ਜੇ ਉਹ ਕਿਸੇ ਪੱਖੋਂ ਮਨੁੱਖ ਦੇ ਸਦੀਵੀ ਮਸਲੇ ਨੂੰ ਖੜਾ ਕਰਦੇ ਹੋਣ। ਮਨੁੱਖ ਦਾ ਹਮੇਸ਼ਾਂ ਦਾ ਇਕ ਹੀ ਮਸਲਾ ਹੈ ਅਤੇ ਉਹ ਹੈ ਉਸ ਦੀ ਆਜ਼ਾਦੀ।

ਪੀੜ੍ਹੀਓਂ ਪੀੜ੍ਹੀ ਉਸੇ ਮਸਲੇ ਦਾ ਰੂਪ ਹੀ ਬਦਲਦਾ ਹੈ। ਮਹਾਨ ਕਲਾ ਤੇ ਸਾਹਿੱਤ ਦੀ ਅਮਰਤਾ ਕੂੜ ਦੇ ਵਪਾਰੀਆਂ ਦੇ ਰਹਿਮ ੳੁੱਤੇ ਨਿਰਭਰ ਨਹੀਂ ਹੁੰਦੀ ਅਤੇ ਨਾ ਹੀ ਉਨ੍ਹਾਂ ਦੇ ਕੰਮ ਆਉਣ ਕਰਕੇ ਹੁੰਦੀ ਹੈ। ਜੇ ਸ਼ੇਕਸਪੀਅਰ ਤੇ ਈਸਕੀਲਸ ਇਨ੍ਹਾਂ ਦੇ ਰੱਖੇ ਹੋਏ ਰਹੇ ਹੁੰਦੇ ਤਾਂ ਉਹ ਮਾਰਕਸ ਨੂੰ ਮਹਾਨ ਤੇ ਪਿਆਰੇ ਨ ਲੱਗਦੇ। ਇਹ ਕੂੜ ਦੇ ਵਪਾਰੀ ਮਹਾਨ ਸਾਹਿੱਤਿਕ ਰਚਨਾਵਾਂ ਵਿਚ ਆਪਣਾ ਅਰਥ ਪਾਉਣ ਲਈ ਇਸ ਵਾਸਤੇ ਮਜ਼ਬੂਰ ਹੁੰਦੇ ਹਨ ਕਿ ਉਨ੍ਹਾਂ ਰਚਨਾਵਾਂ ਨੇ ਤਾਂ ਮਰਨਾ ਹੁੰਦਾ ਹੀ ਨਹੀਂ, ਮਨੁੱਖਾਂ ਦੀ ਹਮਦਰਦੀ ਤੇ ਵਫ਼ਾਦਾਰੀ ਉਨ੍ਹਾਂ ਆਪਣੇ ਲਈ ਹਰ ਹਾਲਤ ਵਿਚ ਜਗਾਉਣੀ ਹੁੰਦੀ ਹੈ, ਇਸ ਵਾਸਤੇ ਇਨ੍ਹਾਂ ਨੂੰ ਉਨ੍ਹਾਂ ਦੀ ਵਸਤੂ ਆਪਣੇ ਅਨੁਸਾਰੀ ਬਣਾ ਕੇ ਲਾਜ਼ਮੀ ਪੇਸ਼ ਕਰਨੀ ਪੈਂਦੀ ਹੈ। ਜੇ ਇਨ੍ਹਾਂ ਰਚਨਾਵਾਂ ਦਾ ਸਦਾ ਸਦਾ ਲਈ ਜੀਉਂਦੇ ਤੁਰੀ ਆਉਣਾ ਲਾਜ਼ਮੀ ਨਾ ਹੋਵੇ ਤਾਂ ਇਹ ਕੂੜ ਦੇ ਵਪਾਰੀ ਉਨ੍ਹਾਂ ਨੂੰ ਪੂਰੀ ਤਰ੍ਹਾਂ ਠੱਪ ਕੇ ਆਪਣੀਆਂ ਨਵੀਆਂ ਰਚਨਾਵਾਂ ਖੜੀਆਂ ਕਰ ਲੈਂਦੇ।
    ਗੁਰਬਾਣੀ ਮਨੁੱਖ ਦੀ, ਸਰਬੱਤ ਦੀ ਆਜ਼ਾਦੀ ਦਾ ਮਸਲਾ ਖੜਾ ਕਰਦੀ ਹੈ। ਖੜਾ ਕਰਦੀ ਹੈ ਆਪਣੇ ਦੌਰ ਦੀ ਚੇਤਨਾ ਦੇ ਰੂਪ ਰਾਹੀਂ-ਮਜ਼ਹਬੀ ਸ਼ਕਲ ਵਿਚ। ਇਸ ਨੁੰ ਸਮਝਣ ਵਾਸਤੇ ਕਵਿਤਾ ਦੇ ਸੱਚ ਨੂੰ ਸਮਝਣ ਦਾ ਵੱਲ ਆਉਣਾ ਲਾਜ਼ਮੀ ਹੈ। ਇਹ ਵੱਲ ਕਈ ਵੇਰ ਅੱਗੇ ਸਮਝਾਇਆ ਜਾ ਚੁੱਕਾ ਹੈ, ਪਰ ਪੰਜਾਬੀ ਸਾਹਿੱਤ ਤੇ ਗੁਰਬਾਣੀ ਨਾਲ ਸੰਬੰਧਿਤ ਲੋਕਾਂ ਵਿਚ ਇਸ ਨੇ ਅਜੇ ਘਰ ਨਹੀਂ ਕੀਤਾ। ਇਸ ਵਾਸਤੇ ਗੁਰਬਾਣੀ ਵਿੱਚੋਂ ਮਨੁੱਖ ਦੀ ਆਜ਼ਾਦੀ ਦਾ ਮਸਲਾ ਪੇਸ਼ ਕਰਨ ਵਾਸਤੇ ਇਸਦਾ ਜ਼ਿਕਰ ਕਰਨਾ ਬੇਲੋੜਾ ਨਹੀਂ ਹੋਵੇਗਾ।
    ਇਹ ਸਾਧਾਰਨ ਸਚਾਈ ਹੈ ਕਿ ਸਾਹਿੱਤ ਸਮਾਜਿਕ, ਮਨੁੱਖੀ ਅਸਲੀਅਤ ਨੂੰ ਅਕਸਦਾ ਹੈ, ਵਾਸਤਵਿਕ ਹਾਲਾਤ ਨਾਲ ਉਲਝੀ ਵਾਸਤਵਿਕ ਮਨੁੱਖੀ ਸ਼ਖ਼ਸੀਅਤ ਨੂੰ ਮੂਰਤੀਮਾਨ ਕਰਦਾ ਹੈ। ਮਨੁੱਖੀ ਜਜ਼ਬਾ ਚਿਤਰਦਾ ਹੈ। ਗੱਲ ਹੋਰ ਸਪਸ਼ਟ ਕਰਨੀ ਹੋਵੇ ਤਾਂ ਇਉਂ ਕਹਿਣਾ ਚਾਹੀਦਾ ਹੈ ਕਿ ਉਹ ਸਮਾਜਿਕ ਮਨੁੱਖੀ ਅਮਲ ਨੂੰ ਸਮਕਾਲੀ ਚੇਤਨਾ ਰਾਹੀਂ ਅਕਸਦਾ ਹੈ। ਉਹ ਚੇਤਨਾ ਉਸੇ ਅਮਲ ਤੋਂ ਪੈਦਾ ਹੁੰਦੀ ਹੈ, ਉਸੇ ਨੂੰ ਅਕਸਦੀ ਤੇ ਪ੍ਰਗਟ ਕਰਦੀ ਹੈ; ਪੈਦਾ ਹੋ ਕੇ ਆਜ਼ਾਦ ਹੋਂਦ ਹੁੰਦੀ ਹੈ ਅਤੇ ਉਸੇ ਅਮਲ ਉੱਤੇ ਮੋੜਵਾਂ ਅਸਰ ਪਾਉਂਦੀ ਹੈ-ਉਸ ਨਾਲ ਡਾਇਲੈਕਟਿਕ ਤੌਰ ਉ¤ਤੇ ਸੰਬੰਧਿਤ ਹੁੰਦੀ ਹੈ।
    ਇਹ ਗੱਲ ਸਿੱਧੀ ਜਿਹੀ ਲਗਦੀ ਹੈ ਪਰ ਇਸ ਵਿਚ ਭੇਦ ਹੈ ਤੇ ਉਹ ਭੇਦ ਸਮਝਣਾ ਲਾਜ਼ਮੀ ਹੈ। ਜ਼ਿੰਦਗੀ ਹੈ ਤਾਂ ਇਕਾਈ ਪਰ ਇਹ ਆਪਸ ਵਿਚ ਸੰਬੰਧਿਤ ਦੋ ਪੱਧਰਾਂ ਉ¤ਤੇ ਜੀਵੀ ਜਾਂਦੀ ਹੈ। ਜ਼ਿੰਦਗੀ ਦਾ ਅਮਲ ਤੇ ਉਸ ਦਾ ਸਿੱਧਾਂਤ, ਉਸ ਦੀ ਚੇਤਨਾ ਪੱਲੇ ਯਥਾਰਥ ਥੋੜ੍ਹਾ ਡੂੰਘਾ ਹੋਵੇ ਭਾਵੇਂ ਬਹੁਤਾ, ਅਮਲ ਤੇ ਨੀਂਹ ਦੀ ਪੱਧਰ ਉ¤ਤੇ ਜ਼ਿੰਦਗੀ ਹਮੇਸ਼ਾ ਵਾਸਤਵਿਕ ਹੁੰਦੀ ਹੈ। ਉ¤ਥੇ ਨਾ ਕੋਈ ਭੁਲੇਖਾ ਹੁੰਦਾ ਹੈ ਨਾ ਕੋਈ ਗ਼ਲਤੀ। ਪੈਦਾਵਾਰ ਦੀਆਂ ਸ਼ਕਤੀਆਂ ਦੀ ਪੱਧਰ ਕੋਈ ਵੀ ਹੋਵੇ, ਪੈਦਾਵਾਰ ਦੀ ਟੈਕਨੀਕ ਹਮੇਸ਼ਾਂ ਸਾਇੰਟਿਫ਼ਿਕ ਹੁੰਦੀ ਹੈ। ਸਾਇੰਟਿਫ਼ਿਕ ਨਾ ਹੋਵੇ ਤਾਂ ਪੈਦਾਵਾਰ ਨਹੀਂ ਹੋ ਸਕਦੀ। ਆਰਥਿਕ-ਸਮਾਜਿਕ ਰਿਸ਼ਤੇ ਤੇ ਮਨੁੱਖੀ ਸ਼ਖ਼ਸੀਅਤ ਜੋ ਕਿ ਉਨ੍ਹਾਂ ਰਿਸ਼ਤਿਆਂ ਦੀ ਢਾਲੀ ਢਲਦੀ ਹੈ, ਜੋ ਕਿ ਉਨ੍ਹਾਂ ਰਿਸ਼ਤਿਆਂ ਦੀ ਸ਼ਕਲ ਵਿਚ ਉਸ ਟੈਕਨੀਕ ਨੂੰ ਵਰਤਦੀ ਹੈ, ਦੋਵੇਂ ਲਾਜ਼ਮੀ ਉਸ ਟੈਕਨੀਕ ਦੀ ਵਰਤੋਂ ਦੇ ਅਨਕੂਲ ਢਲਦੇ ਹਨ, ਉਨ੍ਹਾਂ ਰਿਸ਼ਤਿਆਂ ਵਿਚ ਪ੍ਰੋਤੇ ਮਨੁੱਖ ਵਾਸਤਵਿਕ ਪੱਧਰ ਉ¤ਤੇ ਵਾਸਤਵਿਕ ਅਮਲ ਕਰਦੇ ਹਨ, ਟੈਕਨੀਕ ਨੂੰ ਵਰਤ ਕੇ ਪੈਦਾਵਾਰ ਕਰਦੇ ਹਨ।
    ਅਮਲ ਦੀ ਪੱਧਰ ਉ¤ਤੇ ਤਾਂ ਜ਼ਿੰਦਗੀ ਹਮੇਸ਼ਾਂ ਯਥਾਰਥਕ ਹੁੰਦੀ ਹੈ ਪਰ ਉਸ ਅਮਲ ਦਾ ਸਿੱਧਾਂਤ ਸਾਇੰਟਿਫ਼ਿਕ ਨਹੀਂ ਹੁੰਦਾ। ਹੋ ਹੀ ਨਹੀਂ ਸਕਦਾ, ਭਾਵੇਂ ਜਿਨ੍ਹਾਂ ਦਾ ਉਹ ਸਿੱਧਾਂਤ ਹੁੰਦਾ ਹੈ ਉਹ ਉਸ ਨੂੰ ਸੱਚ ਹੀ ਸਮਝਦੇ ਹਨ। ਇਸ ਦਾ ਕਾਰਨ ਇਹ ਹੈ ਕਿ ਇਕ ਤਾਂ ਸਾਇੰਸ ਦੀ ਉਸਾਰੀ ਸਮਾਜਿਕ ਮਨੁੱਖੀ ਅਮਲ ਨੁੰ ਸਹੀ ਸਮਝਣ ਜੋਗੀ ਨਹੀਂ ਹੁੰਦੀ, ਦੂਜੇ ਜਿਨ੍ਹਾਂ ਦੀ ਉਹ ਸੱਭਿਅਤਾ ਤੇ ਅਮਲ ਹੁੰਦਾ ਹੈ ਉਹ ਅਚੇਤ ਜਾਂ ਸੁਚੇਤ ਆਪਣੇ ਕੀਤੇ ਨੂੰ ਰੈਸ਼ਨਲਾਈਜ਼ ਕਰਦੇ ਹਨ। ਸੱਚ ਦਾ ਸਾਹਮਣਾ ਨਹੀਂ ਕਰਦੇ। ਵਿਅਕਤੀਆਂ ਵਾਂਗ ਸੱਭਿਆਤਾਵਾਂ ਵੀ ਆਪਣੇ ਕੀਤੇ ਨੂੰ ਰੈਸ਼ਨਲਾਈਜ਼ ਕਰਦੀਆਂ ਹਨ। ਇਨ੍ਹਾਂ ਤੋਂ ਇਲਾਵਾ ਜੇ ਫ਼ਰਜ਼ ਕਰੋ ਸੱਭਿਅਤਾ ਦਾ ਰੈਸ਼ਨੇਲ ਸਮਕਾਲੀ ਸਾਇੰਸ ਦੇ ਅਨਕੂਲ ਵੀ ਹੋਵੇ ਤਾਂ ਵੀ ਉਸ ਵਿੱਚ ਭੁਲੇਖੇ (ਲਿਲੁਸੋਿਨ) ਹੁੰਦੇ ਹਨ। ਸਾਹਿੰਸ ਵਿੱਚੋਂ ਗ਼ਲਤੀਆਂ ਲੱਭ ਕੇ ਉਸ ਦੀ ਤਰਮੀਮ ਹੁੰਦੀ ਚਲੀ ਜਾਂਦੀ ਹੈ। ਇਸੇ ਦਾ ਨਾਂ ਸਾਇੰਸ ਦੀ ਉਸਾਰੀ ਹੈ ਅਤੇ ਇਹ ਵੇਗ ਹਮੇਸ਼ਾਂ ਚਲਦਾ ਹੀ ਜਾਵੇਗਾ। ਆਉਣ ਵਾਲੀਆਂ ਪੀਹੜੀਆਂ ਦਾ ਆਪਣੇ ਤੋਂ ਪਹਿਲਾਂ ਹੋਇਆਂ ਦੇ ਸਿੱਧਾਂਤਾਂ ਵਿੱਚੋਂ ਭੁਲੇਖੇ ਲੱਭ ਲੈਣਾ ਲਾਜ਼ਮੀ ਅਮਰ ਹੈ। ਸੋ ਜ਼ਿੰਦਗੀ ਦੇ ਸਿੱਧਾਂਤ, ਸਮਾਜਿਕ ਮਨੁੱਖੀ ਅਮਲ ਦੇ ਰੈਸ਼ਨੇਲ, ਵਿਚ ਭੁਲੇਖੇ ਦਾ ਅੰਸ਼, ਹਮੇਸ਼ਾ ਹੁੰਦਾ ਹੈ।

ਚਲਦਾ…………………..

ਪ੍ਰੋ. ਕਿਸ਼ਨ ਸਿੰਘ ਦਿੱਲੀ