ਦੱਬਿਆਂ ਕੁਚਲਿਆਂ ਨੂੰ ਬਰਾਬਰੀ ਦਾ ਹੱਕ ਦੇਣ ਦਾ ਅਹਿਦ ਹੈ ਵਿਸਾਖੀ

0
11

A A A

61146_135596573153307_3649756_n
ਵਿਸਾਖੀ ਦਾ ਤਿਉਹਾਰ ਸਾਰੇ ਭਾਰਤ ਵਰਸ਼ ਵਿੱਚ ਸਾਰੀਆਂ ਕੌਮਾਂ ਵੱਲੋਂ ਆਪੋ ਆਪਣੇ ਢੰਗ ਨਾਲ ਸਦੀਆਂ ਤੋਂ ਮਨਾਇਆ ਜਾਂਦਾ ਆ ਰਿਹਾ ਹੈ।ਇਹ ਜਿਥੇ ਇੱਕ ਮੌਸਮੀ ਤਿਉਹਾਰ ਹੈ ਉੱਥੇ ਇਸ ਦਾ ਇਤਿਹਾਸਕ ਪਿਛੋਕੜ ਭੀ ਬਹੁਤ ਮਹੱਤਵਪੂਰਨ ਹੈ।ਇਸੇ ਦਿਨ 1699 ਵਿੱਚ ਸਾਹਿਬੇਕਮਾਲ ਗੁਰੁ ਗੋਬਿੰਦ ਸਿੰਘ ਸਾਹਿਬ ਨੇ ਆਪਣੀ ਮਨੋਵਿਗਿਆਨਕ ਸੋਚ ਰਾਹੀਂ ਇਕ ਐਸਾ ਚਮਤਕਾਰ ਕਰ ਵਿਖਾਇਆ ਜਿਸ ਨੂੰ ਵੇਖ ਕੇ ਨਾ ਕੇਵਲ ਭਾਰਤ ਦੇ ਸਗੋਂ ਪੂਰੀ ਦੁਨੀਆਂ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਭੀ ਦੰਗ ਰਹਿ ਗਏ ਜਦੋਂ ਇਸ ਮਰਦ ਅਗੰਮੜੇ ਨੇ ਭਾਰਤ ਵਿੱਚ ਸਦੀਆਂ ਤੋਂ ਚੱਲੀ ਆ ਰਹੀ ਬਿਪਰਵਾਦੀ ਵਰਨਵੰਡ ਅਤੇ ਊਚ ਨੀਚ ਦੀ ਵਿਵਸਥਾ ਦਾ ਭੋਗ ਪਾ ਕੇ ਇਨ੍ਹਾਂ  ਦੱਬੇ ਕੁਚਲਿਆਂ,ਲਤਾੜਿਆਂ ਹੋਇਆਂ ਨੂੰ ਨਾ ਕੇਵਲ ਦੂਸਰਿਆਂ ਦੇ ਬਰਾਬਰ ਹੀ ਲਿਆ ਖੜਾ ਕੀਤਾ ਸਗੋਂ ਇਨ੍ਹਾਂ ਦੀ ਸਹਾਇਤਾ ਨਾਲ ਇੱਕ ਅਜਿਹੀ ਤਾਕਤਵਰ ਫੌਜ ਤਿਆਰ ਕਰ ਦਿੱਤੀ ਜਿਸ ਫੌਜ ਨੇ ਅੱਗੇ ਚੱਲ ਕੇ ਉਹ ਇਤਿਹਾਸ ਰਚਿਆ ਜਿਸ ਦਾ ਦੁਨੀਆਂ ਵਿੱਚ ਕੋਈ ਸਾਨ੍ਹੀ ਨਹੀਂ।ਇਨ੍ਹਾਂ ਮਰਜੀਵੜਿਆਂ ਨੇ ਪੂਰੇ ਹਿੰਦੁਸਤਾਨ ਦੀ ਤਸਵੀਰ ਹੀ ਬਦਲ ਕੇ ਰੱਖ ਦਿੱਤੀ।ਇਸ ਬਾਰੇ ਇਕ ਵਿਦਵਾਨ ਦੇ ਬੋਲ ਸਭ ਨੂੰ ਯਾਦ ਹੋਣਗੇ: ਨਾ ਕਹੋਂ ਅਬ ਕੀ ਨਾ ਕਹੋਂ ਤਬ ਕੀ ਅਗਰ ਨਾ ਹੋਤੇ ਗੁਰੁ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।
ਜਿਹੜਾ ਮੁਲਖ ਜਰਵਾਣਿਆਂ ਦੇ ਹਮਲਿਆਂ ਕਰਕੇ ਸਦੀਆਂ ਤੋਂ ਗੁਲਾਮੀਂ ਦੀਆਂ ਬੇੜੀਆਂ ਵਿੱਚ ਜਕੜਿਆ ਹੋਇਆ ਸੀ ਅਤੇ  ਜੋ ਲੋਕ ਹਿੰਦੁਸਤਾਨ ਦੇ  ਧੁਰ ਅੰਦਰ ਤੱਕ ਬੇ ਰੋਕ ਟੋਕ ਜਾ ਕੇ ਲੁਟਾਂ ਖੋਹਾਂ ਕਰਕੇ ਇਥੋਂ ਦੀ ਦੌਲਤ ਲੁੱਟ ਕੇ ਲੈ ਜਾਂਦੇ ਸਨ।ਇਥੋਂ ਦੀਆਂ ਧੀਆਂ ਭੈਣਾਂ ਦੀਆਂ ਮਛਕਾਂ ਬੰਨ ਅੱਗੇ ਲਾਕੇ ਲੈ ਤੁਰਦੇ ਸਨ ਉਨ੍ਹਾਂ ਦੀ ਬੇਪਤੀ ਕੀਤੀ ਜਾਂਦੀ ਸੀ ਅਤੇ ਗਜਨੀ ਦੇ ਬਜ਼ਾਰਾਂ ਵਿੱਚ ਟਕੇ ਟਕੇ ਦਾ ਮੁੱਲ ਪਾ ਕੇ ਵੇਚ ਦਿੱਤੀਆਂ ਜਾਂਦੀਆਂ ਸਨ।ਅਤੇ ਇੱਥੋਂ ਦੇ ਵਰਣਵੰਡ ਦੀਆਂ ਬੇੜੀਆਂ ਵਿੱਚ ਜਕੜੇ ਲੋਕ ਹੱਥ ਮਲਦੇ ਰਹਿ ਜਾਂਦੇ ਸਨ ਇਹ ਇਤਨੇ ਕਮਦਿਲੇ ਹੋ ਚੁੱਕੇ ਸਨ ਕਿ ਚਿੜੀ ਫਟਕਣ ਤੇ ਭੀ ਡਰ ਜਾਂਦੇ ਕਹਿੰਦੇ ਕਿ ਅਸੀਂ ਤਾਂ ਕੇਵਲ ਤੱਕੜੀ ਤੋਲਣ ਜਾਣਦੇ ਹਾਂ।ਇਥੇ ਪਖੰਡਾਂ, ਵਹਿਮਾਂ ਭਰਮਾਂ,ਧਾਗੇ ਤਵੀਤਾਂ,ਜੰਤਰਾਂ ਮੰਤਰਾਂ,ਤਾਂਤਰਿਕਾਂ, ਜੋਗੀਆਂ,ਪਹਾੜਾਂ ਦੀਆਂ ਗੁਫਾਵਾਂ ਵਿੱਚ ਛੁਪ ਕੇ ਬੈਠੇ ਸਾਧੂਆਂ ਧੂਣੀਆਂ ਤਪਾਉਣ ਵਾਲੇ ਸਾਧਾਂ ਦਾ ਹੀ ਬੋਲਬਾਲਾ ਸੀ। ਬਾਬੇ ਨਾਨਕ ਨੇ ਬਾਣੀ ਵਿੱਚ ਇਨ੍ਹਾਂ ਦੀ ਹਾਲਤ ਬਾਰੇ ਇਉਂ ਬਿਆਨ ਕੀਤਾ ਹੈ:
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ॥ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ॥ਕਲ ਮਹਿ ਰਾਮ ਨਾਮੁ ਸਾਰੁ॥ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥ਰਹਾਉ॥ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ॥ਮਗਰ ਪਾਛੈ ਕਛੁ ਨ ਸੂਝੇੈ ਇਹੁ ਪਦਮੁ ਅਲੋਅ॥ ਖਤ੍ਰੀਆ ਤ ਧਰਮ ਛੋਡਿਆ ਮਲੇਛ ਭਾਖਿਆ ਗਹੀ॥ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ॥ ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸ॥ ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ॥ਅੰਕ 663॥

ਆਸਾ ਦੀ ਵਾਰ ਵਿੱਚ ਭੀ ਬਾਬੇ ਨਾਨਕ ਨੇ ਇਨ੍ਹਾਂ ਦੇ ਪਾਜ ਖੋਲੇ ਹਨ: ਮਥੈ ਟਿਕਾ ਤੇੜ ਧੋਤੀ ਕਖਾਈ॥ ਹਥਿ ਛੁਰੀ ਜਗਤ ਕਸਾਈ॥ਨੀਲ ਵਸਤ੍ਰ ਪਹਿਰਿ ਹੋਵਹਿ ਪਰਵਾਣੁ॥ਮਲੇਛ ਧਾਨੁ ਲੇ ਪੂਜਹਿ ਪੁਰਾਣੁ॥ਅਭਾਖਿਆ ਕਾ ਕੁਠਾ ਬਕਰਾ ਖਾਣਾ॥ਚਉਕੇ ਉਪਰਿ ਕਿਸੈ ਨ ਜਾਣਾ॥ਦੇ ਕੈ ਚਉਕਾ ਕਢੀ ਕਾਰ॥ਉਪਰਿ ਆਇ ਬੈਠੇ ਕੂੜਿਆਰ॥ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ਅੰਕ 472॥
ਪਰ ਗੁਰੁ ਵੱਲੋਂ ਵਰੋਸਾਏ  ਇਨ੍ਹਾਂ ਸਿਰਲੱਥ ਯੋਧਿਆਂ ਨੇ ਨਾ ਕੇਵਲ ਉਨ੍ਹਾਂ ਜਰਵਾਣਿਆਂ ਦਾ ਅੱਗੇ ਤੋਂ ਇਧਰ ਆਉਣ ਦਾ ਰਸਤਾ ਹੀ ਬੰਦ ਕੀਤਾ ਸਗੋਂ ਉਨ੍ਹਾਂ ਨੂੰ ਧੁਰ ਅੰਦਰ ਤੱਕ ਪਛਾੜ ਕੇ ਕਾਬਲ ਕੰਧਾਰ ਤੱਕ ਆਪਣੀ ਬਾਦਸ਼ਾਹਤ ਕਾਇਮ ਕੀਤੀ ਅਤੇ ਇਨ੍ਹਾਂ ਸਿੰਘ ਸਰਦਾਰਾਂ ਨੇ ਉਨ੍ਹਾਂ ਜਰਵਣਿਆਂ, ਜਿਹੜੇ ਆਪਣੇ ਆਪ ਨੂੰ ਅਜਿੱਤ ਸਮਝਦੇ ਸਨ, ਅੰਦਰ ਅਜਿਹਾ ਡਰ ਪਾਇਆ ਕਿ ਆਪਣੇ ਰੋਂਦੇ ਬੱਚਿਆਂ ਨੂੰ ਚੁੱਪ ਕਰਵਾਉਣ ਵਾਸਤੇ ਭੀ ਇਨ੍ਹਾਂ ਸਰਦਾਰਾਂ ਦਾ ਨਾਮ ਵਰਤਿਆ ਜਾਂਦਾ ਸੀ। ਮਾਵਾਂ ਬੱਚਿਆਂ ਨੂੰ ਕਹਿੰਦੀਆਂ ਸਨ ਚੁੱਪ ਕਰ “ਨਲੂਆ ਆ ਜਾਊਗਾ”।ਸੋ ਇਹ ਸਾਰਾ ਪਰਤਾਪ ਉਸ ਸਰਬੰਸ ਦਾਨੀ ਦਾ ਹੀ ਸੀ ਜਿਸ ਦੀ ਬਦੌਲਤ ਇਹ ਸਭ ਸੰਭਵ ਹੋ ਸੱਕਿਆ।ਪਰੰਤੂ ਇਹ ਸਭ ਕੁਝ ਇਨ੍ਹਾਂ ਸੌਖਾ ਨਹੀਂ ਸੀ ਸਗੋਂ ਇਸ ਵਾਸਤੇ ਬਹੁਤ ਵੱਡੀਆਂ ਕੁਰਬਾਨੀਆਂ ਦੇਣੀਆਂ ਪਈਆਂ ਜਿਸ ਨਾਲ ਇਤਿਹਾਸ ਦੇ ਪੰਨੇ ਭਰੇ ਪਏ ਹਨ।ਜਿਥੇ ਇੱਕ ਪਾਸੇ ਬਾਹਰੀ ਤਾਕਤਾਂ ਨਾਲ ਮੁਕਾਬਲਾ ਸੀ ਉੱਥੇ ਅੰਦਰੂਨੀ ਸ਼ਕਤੀਆਂ ਜੋ ਇਸ ਬਿਪਰਵਾਦੀ ਵਰਣਵੰਡ ਦੇ ਖਾਤਮੇ ਤੋਂ ਦੁਖੀ ਸਨ ਨਾਲ ਭੀ ਝੂਜਨਾਂ ਪੈਂਦਾ ਰਿਹਾ। 
ਇਤਿਹਾਸ ਇਸ ਗੱਲ ਦਾ ਗਵਾਹ ਹੈ ਛੇਵੇਂ ਗੁਰੁ ਹਰਗੋਬਿੰਦ ਸਾਹਿਬ ਨੇ ਇਨ੍ਹਾਂ ਪਹਾੜੀ ਰਾਜਿਆਂ ਦੇ ਵਡੇਰਿਆਂ ਨੂੰ ਮਨੁੱਖੀ ਹੱਕਾਂ ਦੀ ਰਾਖੀ ਕਰਦਿਆਂ ਹੋਇਆਂ ਗਵਾਲੀਅਰ ਦੀ ਕੈਦ ਵਿੱਚੋਂ ਆਪਣੀ ਰਿਹਾਈ ਦੇ ਨਾਲ ਉਨ੍ਹਾਂ 52 ਪਹਾੜੀ ਰਾਜਿਆਂ ਦੀ ਰਿਹਾਈ ਦੀ ਸ਼ਰਤ ਰੱਖੀ ਕਿ ਉਨ੍ਹਾਂ (ਪਹਾੜੀ ਰਾਜਿਆਂ)ਦੀ ਰਿਹਾਈ ਉਨ੍ਹਾਂ( ਗੁਰੁ ਸਾਹਿਬ) ਦੇ ਨਾਲ ਹੀ ਹੋਵੇਗੀ ਬਾਵਜੂਦ ਇਸ ਦੇ ਇਨ੍ਹਾਂ ਜਾਤਿ ਅਭਿਮਾਨੀਆਂ ਅਤੇ ਅਹਿਸਾਨ ਫਰਾਮੋਸ਼ਾਂ ਨੇ ਗੁਰੁ ਗੋਬਿੰਦ ਸਿੰਘ ਸਾਹਿਬ ਨਾਲ ਬੇਵਜ੍ਹਾਂ ਦੁਸ਼ਮਨੀ ਵਿੱਢੀ ਅਤੇ ਅਤੇ ਦੇਸ਼ ਭਗਤੀ ਅਤੇ ਧਰਮ ਯੁੱਧ ਦੇ ਖਿਲਾਫ ਦੁਸ਼ਮਨ ਦਾ ਸਾਥ ਦੇ ਕੇ ਆਪਣੇ ਧਰਮ ਅਤੇ ਦੇਸ਼ ਨਾਲ ਧ੍ਰੌਹ ਕਮਾਇਆ।


ਪਰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਅੱਜ ਉਹੀ ਬਿਪਰਵਾਦੀ ਤਾਕਤਾਂ ਫਿਰ ਤੋਂ ਜੋਰ ਫੜ ਰਹੀਆਂ ਹਨ। ਅਤੇ ਅੱਜ ਫਿਰ ਵਹਿਮਾਂ ਭਰਮਾਂ ਪਖੰਡਾਂ ਅਤੇ ਜਾਤਿ ਪਾਤਿ ਦਾ ਜਾਲ ਫੈਲਾਇਆ ਜਾ ਰਿਹਾ ਹੈ।ਸਭ ਤੋਂ ਵੱਡਾ ਦੁੱਖ ਉਸ ਵੇਲੇ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਬਾਬੇ ਨਾਨਕ ਦੇ ਪੈਰੋਕਾਰ, ਜਿਨ੍ਹਾਂ ਨੇ ਦੂਸਰੀਆਂ ਕੌਮਾਂ ਨੂੰ ਇਸ ਲਾਹਨਤ ਤੋਂ ਮੁਕਤ ਕਰਨਾਂ ਸੀ ਉਹ ਖੁਦ ਹੀ ਇਸ ਦੇ ਮੱਕੜ ਜਾਲ ਵਿੱਚ ਫਸ ਚੁੱਕੇ ਹਨ।ਜਿਨ੍ਹਾਂ ਨੂੰ ਕਦੇ ਗੁਰੁ ਨੇ “ਰੰਗਰੇਟੇ ਗੁਰੁ ਕੇ ਬੇਟੇ” ਕਹਿ ਕੇ ਗਲੇ ਲਗਾਇਆ ਸੀ ਅਤੇ ਕਿਹਾ ਸੀ “ਇਨਹੀ ਕੀ ਕਿਰਪਾ ਕੇ ਸਜੇ ਹਮ ਹੈਂ ਨਹੀਂ ਮੋ ਸੋ ਗਰੀਬ ਕਰੋਰੀ ਪਰੇ” “ਇਨ ਗਰੀਬ ਸਿੱਖਨ ਕੋ ਦਿਊਂ ਪਾਤਸ਼ਾਹੀ ਯਾਦ ਕਰੇਂ ਹਮਰੀ ਗੁਰਿਆਈ” ਵਰਗੇ ਲਕਬ ਦੇ ਕੇ ਵਡਿਆਇਆ ਸੀ । ਅੱਜ ਉਨ੍ਹਾਂ ਨੂੰ ਦੁਰਕਾਰਿਆ ਜਾ ਰਿਹਾ ਹੈ।ਪਿੰਡਾਂ ਵਿੱਚ ਜਿਥੇ ਕਿਤੇ ਉਹ ਆਪਣਾਂ  ਬਣਦਾ ਹੱਕ ਮੰਗਦੇ ਹਨ ਉਥੇ ੳਨ੍ਹਾਂ ਨਾਲ ਸਮਾਜਿਕ ਬਾਈ ਕਾਟ ਕੀਤਾ ਜਾਂਦਾ ਹੈ।ਕਿਤੇ ਹੱਥ ਪੈਰ ਵੱਢ ਦਿੱਤੇ ਜਾਂਦੇ ਹਨ ਕਿਤੇ ਅਬਲਾਵਾਂ ਨੂੰ ਬੱਸਾਂ ਵਿੱਚੋਂ ਧੱਕਾ ਦੇ ਕੇ ਬਾਹਰ ਸੁੱਟ ਦਿੱਤਾ ਜਾਦਾ ਹੈ। ਪੰਜਾਬ ਦੀ ਗੁਰੂਆਂ ਵਲੋਂ ਵਰੋਸਾਈ ਧਰਤੀ ਉੱਤੇ ਆਪਣਿਆਂ ਵੱਲੋਂ ਆਪਣਿਆਂ ਉਤੇ ਹੀ ਇਸ ਤਰਾਂ ਦੇ ਜੁਲਮ ਤਾਂ ਪਹਿਲੋਂ ਕਦੇ ਨਹੀਂ ਸੀ ਹੋਏ।  ਉਨ੍ਹਾਂ ਦੀਆਂ ਧੀਆਂ ਭੈਣਾਂ ਨੂੰ ਆਪਣੇ ਖੇਤਾਂ ਵਿੱਚ ਨਹੀਂ ਵੜਨ ਦਿੱਤਾ ਜਾਂਦਾ।ਖੇਤਾਂ ਵਿੱਚੋਂ ਪੱਠਾ ਦੱਥਾ ਲੇਣ ਗਈਆਂ ਦੀ ਬੇਪਤੀ ਕੀਤੀ ਜਾਂਦੀ ਹੈ।ਧਾਰਮਕ ਅਸਥਾਨਾਂ ਵਿੱਚ ਭੀ ੳਨ੍ਹਾਂ ਨਾਲ ਚੰਗਾ ਸਲੂਕ ਨਹੀਂ ਕੀਤਾ ਜਾਂਦਾ।ਜਿਸ ਦੀ ਵਜ੍ਹਾ ਕਰਕੇ ਜਾਤ ਪਾਤ ਅਧਾਰਤ ਨਿੱਤ ਧਾਰਮਕ ਅਸਥਾਨ ਉਸਾਰੇ ਜਾ ਰਹੇ ਹਨ ਜਾਂ ਫਿਰ ਇਹ ਲੋਕ ਡੇਰਿਆਂ ਵੱਲ ਰੁਖ ਕਰਦੇ ਹਨ ਇਹੀ ਕਾਰਨ ਹੈ ਕਿ  ਅੱਜ ਕਿਹਾ ਜਾ ਰਿਹਾ ਹੈ ਪੰਜਾਬ ਵਿੱਚ ਪਿੰਡਾਂ ਨਾਲੋਂ ਡੇਰਿਆਂ ਦੀ ਗਿਣਤੀ ਜਿਆਦਾ ਹੈ।

ਇਨ੍ਹਾਂ ਸਭ ਦੀ ਵੱਖ ਵੱਖ ਮਰਿਆਦਾ ਵੱਖਰਾ ਵੱਖਰਾ ਭੇਸ ਹੈ ਅੱਜ ਕਿਥੇ ਗਿਆ ਗੁਰੁ ਦਾ ਉਹ ਉਪਦੇਸ਼: ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰਹਾਈ॥ 611॥ ਅਤੇ  ਸਾਹਿਬ ਮੇਰਾ ਏਕੋ ਹੈ ਏਕੋ ਹੈ ਭਾਈ ਏਕੋ ਹੈ॥350॥ਗੁਰੁ ਸਾਹਿਬ ਨੇ ਤਾਂ ਉਸ ਵੇਲੇ ਜਿਨ੍ਹਾਂ ਨੇ ਇਸ ਵਿਵਸਥਾ ਦੇ ਖਿਲਾਫ ਆਵਾਜ ਬੁਲੰਦ ਕੀਤੀ ੳਨ੍ਹਾਂ ਅਖੌਤੀ ਨੀਵੀ ਜਾਤਿ ਵਾਲਿਆਂ ਨੂੰ ਆਪਣੇ ਬਰਾਬਰ ਦਾ ਦਰਜਾ ਦੇ ਕੇ ਸਦੀਵੀ ਤੌਰ ਤੇ ਗੁਰੁ ਗ੍ਰੰਥ ਸਾਹਿਬ ਵਿੱਚ ਮਾਣ ਬਖਸ਼ਿਆ ਪਰ ਅੱਜ ਸਾਡੀ ਬੇਰੁਖੀ ਕਰਕੇ ਸਭ ਨੇ ਆਪਣੇ ਅਪਣੇ ਧਰਮ ਗ੍ਰੰਥ ਭੀ ਵੱਖ ਕਰ ਲਏ ਹਨ ਇਸ ਤੋਂ ਵੱਡੀ ਬਦਕਿਸਮਤੀ ਸਾਡੀ ਕੀ ਹੋ ਸਕਦੀ ਹੈ । ਅਸੀਂ ਸਿੱਖੀ ਦੀ ਅੱਜ ਦੀ ਹਾਲਤ ਵੇਖ ਕੇ ਝੁਰਦੇ ਹਾਂ। ਪਰ ਕਦੇ ਨਹੀਂ ਸੋਚਿਆਂ ਕੇ ਅਸੀਂ ਖੁਦ ਹੀ ਇਸ ਦੇ ਗੁਨਾਹਗਾਰ ਹਾਂ। ਸਭ ਤੋਂ ਵੱਧ ਦੁੱਖ ਸਾਡੇ ਪੜ੍ਹੇ ਲਿਖੇ ਅਤੇ ਆਪਣੇ ਆਪ ਨੂੰ ਵਿਦਵਾਨ ਕਹਾਂਉਂਦੇ ਤਬਕੇ ਨੂੰ ਵੇਖ ਕੇ ਹੁੰਦਾ ਹੈ ਜਦੋਂ ਆਪਣੇ ਨਾਵਾਂ ਮਗਰ ਗੁਰੁ ਵੱਲੋਂ ਬਖਸ਼ਿਆ ਬਰਾਬਰੀ ਦਾ ਟਾਈਟਲ “ਸਿੰਘ” ਲਾਹ ਕੇ ਜਾਤਿ ਗੋਤਿ ਚਿਪਕਾ ਲੈਂਦੇ ਹਨ ਜਿਸ ਤੋਂ ਉਨ੍ਹਾਂ ਦੀ ਮਾਨਸਿਕਤਾ ਸਪਸ਼ਟ ਝਲਕਦੀ ਹੈ।


ਸੋ, ਦਾਸ ਦੀ ਸਾਰੀ ਕੌਮ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਓ ਇਸ ਵਿਸਾਖੀ ਤੇ ਇਕ ਵਾਰ ਫਿਰ ਤੋਂ ਪ੍ਰਣ ਕਰੀਏ ਕਿ ਅਸੀਂ ਗੁਰੁੂ ਦੇ ਦੱਸੇ ਬਰਾਬਰੀ ਦੇ ਮਾਰਗ ਉੱਤੇ ਚੱਲ ਕੇ ਆਪਣੇ ਅੰਦਰੋਂ ਜਾਤਿ ਪਾਤਿ ਰੂਪੀ ਹਉਮੇਂ ਦਾ ਤਿਆਗ ਕਰਕੇ ਆਪਸੀ ਭਾਈ ਚਾਰਕ ਸਾਂਝ, ਭਰਾਤਰੀ ਭਾਵ ਕਾਇਮ ਕਰੀਏ। “ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤ॥ ਜਪੁਜੀ ਸਾਹਿਬ ਦੀ ਬਾਣੀ ਰਾਹੀਂ ਬਾਬਾ ਨਾਨਕ ਜੀ ਇਹੀ ਉਪਦੇਸ਼ ਕਰ ਰਹੇ ਹਨ ਕਿ ਅਸੀਂ ਸਭ ਭੇਣਾਂ ਭਰਾਵਾਂ ਨੂੰ ਆਪਣੇ ਬਰਾਬਰ ਦਾ ਸਮਝੀਏ।ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥1185 

ਕਰਨੈਲ ਸਿੰਘ ਸਿਰਸਾ 
9416440061

 

Previous articleGuru Nanak Scholarship
Next articleਗੁਰਬਾਣੀ ਤੇ ਮਨੁੱਖ ਦੀ ਆਜ਼ਾਦੀ- ਭਾਗ -2
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?