ਮਾਨਸਿਕਤਾ ਵਿੱਚ ਧਸ ਗਈ ਗੁਲਾਮੀ

0
12

A A A

navdeep-kaur-u-k ਜਦੋਂ ਮੇਂ ਸਮੁੱਚੇ ਤੌਰ ਤੇ ਔਰਤ ਨਾਲ ਹੋ ਰਹੇ ਵਰਤਾਰੇ ਨੂੰ ਵੇਖਣ ਸਮਝਣ ਤੇ ਜਾਨਣ ਦਾ ਯਤਨ ਕਰਦੀ ਹਾਂ ਤਾਂ ਹੈਰਾਨ ਹੁੰਦੀ ਹਾਂ ਕਿ ਸਦੀਆਂ ਤੋਂ ਬੇ-ਇਨਸਾਫੀ ਦਾ ਸ਼ਿਕਾਰ ਬਣੀ ਨਾਰੀ ਕਿਸ ਮਿੱਟੀ ਦੀ ਬਣੀ ਹੋਈ ਹੈ। ਇੰਨਾਂ ਜ਼ੁਲਮ ਇੰਨੀ ਧੱਕੇਸ਼ਾਹੀ ਇਹਦੇ ਨਾਲ ਹੋਈ ਪਰ ਫਿਰ ਵੀ ਉਸੇ ਤਰਾਂ ਆਪਣੇ ਫਰਜ਼ ਨਿਭਾ ਰਹੀ ਹੈ, ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ, ਬਦਲੇ ਦੀ ਭਾਵਨਾ ਵੀ ਨਹੀਂ। ਫਿਰ ਕਈ ਵਾਰੀ ਇੰਝ ਵੀ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਇਸਦੀ ਸੋਚਣ, ਸਮਝਣ ਅਤੇ ਵਿਚਾਰਨ ਦੀ ਸ਼ਕਤੀ ਹੀ ਖਤਮ ਹੋ ਗਈ ਹੈ । ਇਸਨੂੰ ਹੁਣ ਅਹਿਸਾਸ ਹੀ ਨਹੀਂ ਹੁੰਦਾ ਕਿ ਇਹ ਵਰਤਾਰਾ ਗਲਤ ਹੋ ਰਿਹਾ ਹੈ । ਜਿਵੇਂ ਸਦੀਆਂ ਤੋਂ ਭਾਰਤ ਦੇ ਅਸਲ ਨਿਵਾਸੀਆਂ ਨੂੰ ਇਹ ਭੁੱਲ ਗਿਐ ਕਿ ਉਹ ਵੀ ਕਦੀ ਆਜ਼ਾਦ ਸਨ, ਇਥੋਂ ਦੇ ਹੁਕਮਰਾਨ ਸਨ। ਸ਼ਾਨਦਾਰ ਜ਼ਿੰਦਗੀ ਬਤੀਤ ਕਰਦੇ ਸਨ ਪਰ ਗੁਲਾਮੀ ਉਹ ਵੀ ਪੀੜੀ ਦਰ ਪੀੜੀ ਨੇ ਅਜ਼ਾਦੀ ਦਾ ਅਹਿਸਾਸ ਹੀ ਖਤਮ ਕਰ ਦਿੱਤਾ ਤੇ ਗੁਲਾਮੀ ਕਰਨ ਦੀ ਆਦਤ ਪੈ ਗਈ । ਮਾਨਸਿਕਤਾ ਵਿੱਚ ਧਸ ਗਈ ਗੁਲਾਮੀ।

ਇਹੀ ਹਾਲ ਔਰਤ ਦਾ ਹੋਇਆ । ਕਿਉਂ ਹੋਇਆ? ਕਿਵੇਂ ਹੋਇਆ? ਕਈ ਸਵਾਲ ਨੇ ਸਾਡੇ ਸਾਹਮਣੇ। ਬਹੁਤ ਸਾਰੇ ਵਿਦਵਾਨਾਂ ਨੇ ਆਪਣੇ-ਆਪਣੇ ਢੰਗ ਨਾਲ ਕੋਸਿਸ਼ ਵੀ ਕੀਤੀ ਹੈ ਸਦੀਆਂ ਦੇ ਇਸ ਵਰਤਾਰੇ ਨੂੰ ਸਮਝਕੇ ਸਾਡੇ ਅੱਗੇ ਪਰਤਾਂ ਖੋਲਣ ਦੀ ।

ਸ਼ੁਰੂ- ਸ਼ੁਰੂ ਵਿੱਚ ਔਰਤ ਮਰਦ ਦੀ ਬਰਾਬਰੀ ਦੀ ਸਾਥੀ ਹੈ ਉਹਦੇ ਹਰ ਦੁੱਖ-ਸੁੱਖ ਦੀ ਭਾਈਵਾਲ ਪਰ ਸਮਾਂ ਪਾਕੇ ਹੌਲੀ-ਹੌਲੀ ਉਸਨੂੰ ਆਪਣੀ ਗੁਲਾਮੀ ਹੇਠ ਲੈ ਆਂਦਾ ਗਿਆ ਇਹ ਆਪਾਂ ਸਾਰੇ ਜਾਣਦੇ ਹਾਂ । ਫਿਰ ਖਰੀਦਿਆ ਤੇ ਵੇਚਿਆ ਜਾਣ ਲੱਗਾ। ਇੱਕ –ਇੱਕ ਮਰਦ ਧੱਕੇ ਨਾਲ ਕਈ-ਕਈ ਔਰਤਾਂ ਨੂੰ ਆਪਣੇ ਹਰਮ ਅੰਦਰ ਕੈਦ ਕਰਨ ਵਿੱਚ ਸ਼ਾਨ ਮਹਿਸੂਸ ਕਰਨ ਲੱਗ ਪਿਆ। ਔਰਤ ਦੀ ਕੁੱਖੋਂ ਜਨਮ ਲੈਕੇ ਉਹਦੀ ਗੋਦ ਵਿੱਚ ਖੇਡਕੇ ਵੀ ਉਹਦਾ ਦੁਸ਼ਮਣ ਬਨਣ ਵਿੱਚ ਰਤਾ ਦੇਰੀ ਨਾ ਲਾਈ। ਇਹਦੇ ਵਿੱਚ ਸਭ ਤੋਂ ਵੱਡਾ ਹੱਥ ਸਮੇਂ ਦੇ ਬੁੱਧੀਜੀਵੀਆਂ ਦਾ ਰਿਹਾ। ਭਾਵੇਂ ਉਹ ਬ੍ਰਾਹਮਣ ਸੀ ਜਾਂ ਜੋਗੀ ਜਾਂ ਕਿਸੇ ਹੋਰ ਮੱਤ ਨਾਲ ਸੰਬੰਧਿਤ ਸਨ। ਸ਼ਾਇਦ ਇਹ ਇਹ ਲੋਕ ਔਰਤ ਦੀ ਅੰਦਰੂਨੀ ਸਕਤੀ ਤੋਂ ਡਰਦੇ ਸੀ। ਸੋ ਆਪਣਾ ਭਾਵ ਮਰਦ ਦਾ ਦਬਦਬਾ ਕਾਇਮ ਰੱਖਣ ਲਈ ਉਹਨਾਂ ਕਦਮ-ਕਦਮ ਤੇ ਔਰਤ ਨੂੰ ਅਪਮਾਨਿਤ ਕੀਤਾ ਤੇ ਗੁਲਾਮੀ ਦੇ ਸੰਗਲਾਂ ਵਿੱਚ ਜਕੜ ਦਿੱਤਾ। ਆਪਣੇ ਧਾਰਮਿਕ ਗ੍ਰੰਥਾਂ ਵਿੱਚ ਫੁਰਮਾਨ ਦਰਜ ਕਰ ਦਿੱਤੇ ਕਿ ਔਰਤ ਬਚਪਨ ਵਿੱਚ ਆਪਣੇ ਪਿਤਾ ਦੀ ਛਤਰ –ਛਾਇਆ ਵਿੱਚ ਰਹੇ ਤੇ ਪਿਤਾ ਦੀ ਮਰਜ਼ੀ ਤੋਂ ਬਿਨਾਂ ਕੁਝ ਨਾ ਕਰੇ। ਪਿਤਾ ਭਾਵੇਂ ਬੱਚੀ ਨੂੰ ਬੁੱਢੇ ਹੱਥ ਵੇਚ ਦੇਵੇ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ। ਘਰ ਦੀ ਚਾਰਦੀਵਾਰੀ ਵਿੱਚ ਵੀ ਜਿੰਨਾ ਮਰਜ਼ੀ ਸੋਸ਼ਣ ਹੋਵੇ ਤਾਂ ਵੀ ਜ਼ੁਬਾਨ ਨਾ ਖੋਲੇ। ਜੇ ਥੋੜੀ ਵੱਡੀ ਹੋ ਗਈ ਤਾਂ ਭਰਾ ਦੀ ਮਰਜ਼ੀ ਚੱਲੇਗੀ ਉਹ ਜਿਵੇਂ ਚਾਹੇ ਕਰੇ, ਭੈਣ ਬਸ ਹਰ ਵਖਤ ਉਹਦੀ ਸੁੱਖ ਮੰਗੇ। ਉਹਦੀਆਂ ਘੋੜੀਆਂ ਗਾਵੇ। ਜੇ ਘਰ ਵਿਚ ਭਰਾ ਨਹੀਂ ਤਾਂ ਉਹਦਾ ਕੋਈ ਵਜੂਦ ਹੀ ਨਹੀਂ ਉਹ ਤਾਂ ਪੱਥਰ ਹੈ ਰੂੜੀ ਦਾ ਕੂੜਾ ਹੈ ਬਸ, ਉਹਦੀ ਨਾ ਸਮਝ ਚੱਲੇਗੀ ਨਾ ਜ਼ੁਬਾਨ। ਜਦੋਂ ਵਿਆਹ ਦਿੱਤੀ ਤਾਂ ਖਸਮ ਦੀ ਤਾਬਿਆਦਾਰ ਹੋਕੇ ਰਹੇ।  ਉਹ ਭਾਵੇਂ ਸ਼ਰਾਬੀ ਹੋਵੇ, ਅਯਾਸ਼ ਹੋਵੇ, ਮਾਰਦਾ ਕੁੱਟਦਾ ਹੋਵੇ, ਜੁਆਰੀ ਹੋਵੇ, ਅਪਾਹਜ ਹੋਵੇ , ਬੁੱਢਾ ਹੋਵੇ ਪਰ ਔਰਤ ਲਈ ਉਹ ਦੇਵਤਾ ਹੈ ਮੁਕਤੀ ਦਾਤਾ ਹੈ । ਉਹਦਾ ਰੱਬ ਹੈ ਸੋ ਕਿਸੇ ਤਰਾਂ ਦੀ ਕੋਈ ਵੀ ਸ਼ਿਕਾਇਤ ਨਹੀਂ ਕਰ ਸਕਦੀ । ਉਹ ਪਤੀਦੇਵ ਭਾਵੇਂ ਧੱਕੇ ਮਾਰਕੇ ਘਰੋਂ ਕੱਢ ਦੇਵੇ, ਭਾਵੇਂ ਭੁੱਖੀ-ਨੰਗੀ ਰੱਖੇ, ਭਾਵੇਂ ਜੂਏ ਵਿੱਚ ਹਾਰ ਦੇਵੇ, ਭਾਵੇਂ ਸੌ-ਸੌ ਇਲਜ਼ਾਮ ਲਾਵੇ ਪਰ ਕੋਈ ਸੁਣਵਾਈ ਨਹੀਂ । ਕਿਉਂਕਿ ਨਾਰੀ ਦੇ ਨਸੀਬਾਂ ਵਿੱਚ ਤਾਂ ਧੁਰੋਂ ਲਿਖਿਆ ਹੋਇਆ ਹੈ ਕਿ ਇਹ ਸਾਰਾ ਕੁੱਝ ਉਹ ਉਜਰ ਵੀ ਨਹੀਂ ਕਰ ਸਕਦੀ, ਉੱਚਾ ਸਾਹ ਨਹੀਂ ਲੈ ਸਕਦੀ। ਆਪਣੇ ਉੱਪਰ ਹੁੰਦੇ ਜ਼ੁਲਮ ਦੇ ਖਿਲਾਫ ਆਵਾਜ਼ ਵੀ ਨਹੀਂ ਚੁੱਕ ਸਕਦੀ ।

ਤੁਲਸੀ ਦਾਸ ਵਰਗੇ ‘ਮਹਾਨ ਧਾਰਮਿਕ’ ਵਿਅਕਤੀ ਨੇ ਤਾਂ ਹੱਦ ਹੀ ਮੁਕਾ ਦਿੱਤੀ ਅਪਮਾਨ ਦੀ ਜਦੋਂ ਇਹ ਲਿਖਿਆ ਕਿ “ਢੋਰ, ਗਵਾਰ, ਪਸ਼ੂ ਔਰ ਨਾਰੀ-ਇਹ ਸਭ ਤਾੜਨ ਕੇ ਅਧਿਕਾਰੀ'' । ਜੋਗੀ ਜੀ ਮਹਾਰਾਜ ਗੋਰਖ ਨਾਥ ਜੀ ਭਲਾ ਪਿੱਛੇ ਕਿਵੇਂ ਰਹਿੰਦੇ ਸੋ ਉਹ ਵੀ ਫੁਰਮਾਨ ਕਰ ਗਏ । “ਦਾਮ ਕਾਢ ਬਾਘਣਿ ਲੈ ਆਇਆ, ਮਾਉ ਕਹੈ ਮੇਰਾ ਪੁੱਤ ਵਿਆਹਿਆ । ਗੀਲੀ ਲਕੜ ਕੋ ਘੁਣ ਲਾਇਆ, ਤਿਨ ਡਾਲ ਮੂਲ ਸਭ ਖਾਇਆ” ।

ਜਦੋਂ ਮਨੂੰ ਸਿਮਰਤੀ ਜਾਂ ਫਿਰ ਚਾਣਕਿਆ ਨੀਤੀ ਪੜ੍ਹਦੇ ਹਾਂ ਤਾਂ ਔਰਤ ਦਾ ਜਿਸ ਤਰ੍ਹਾਂ ਤਿਰਸਕਾਰ ਕੀਤਾ ਹੋਇਆ ਮਿਲਦਾ ਹੈ ਉਹ ਬਰਦਾਸਤ ਤੋਂ ਪਰੇ ਹੈ । ਚਾਣਕਿਆ ਨੇ ਇੱਕ ਨਵੀਂ ਪਿਰਤ ਪਾਈ ਕਿ ਨਿੱਕੀਆਂ ਬੱਚੀਆਂ ਨੂੰ ਥੋੜ੍ਹਾ-ਥੋੜ੍ਹਾ ਹਰ ਰੋਜ਼ ਖਾਣੇ ਵਿੱਚ ਜ਼ਹਿਰ ਮਿਲਾਕੇ ਦੇ ਦਿਓ ਫਿਰ ਉਹ ਵੱਡੀਆਂ ਹੋਈਆਂ ਦੇਖਣ ਨੂੰ ਤਾਂ ਕੁੜੀਆਂ ਲੱਗਣਗੀਆਂ ਪਰ ਅੰਦਰੋਂ ਜ਼ਹਿਰੀਆਂ ਨਾਗਣਾਂ । ਇਹ ਮੁਟਿਅਰਾਂ ਆਪਣੇ ਦੁਸ਼ਮਣਾਂ ਨੂੰ ਖਤਮ ਕਰਨ ਦੇ ਕੰਮ ਲਿਆਂਦੀਆਂ ਜਾਂਦੀਆਂ । ਗਰੀਬ ਘਰਾਂ ਦੀਆਂ ਸੋਹਣੀਆਂ ਬੱਚੀਆਂ ਮਾਪਿਆਂ ਤੋਂ ਖਰੀਦਕੇ ਇਸ ਤਰਾਂ ਤਿਆਰ ਕਰਕੇ ਵਰਤੀਆਂ ਜਾਣ ਲੱਗੀਆਂ, ਇਹਨਾਂ ਵਿਚਾਰੀਆਂ ਕੁੜੀਆਂ ਦਾ ਨਾ ਕੋਈ ਪਰਿਵਾਰ ਨਾ ਆਪਣਾ, ਬੱਸ ਵਰਤੇ ਜਾਣ ਜੋਗੀਆਂ ਵਸਤੂਆਂ ਬਣਾ ਦਿੱਤੀਆਂ । ਇਹ ਵਰਤਾਰਾ ਸਦੀਆਂ ਤੱਕ ਚਲਦਾ ਰਿਹਾ, ਇਹਨਾਂ ਬੱਚੀਆਂ ਨੂੰ ਵਿਸ਼-ਕੰਨਿਅਵਾਂ ਦਾ ਨਾਮ ਦਿੱਤਾ ਗਿਆ । ਇਹ ਵੀ ਮਰਦ ਪ੍ਰਧਾਨ ਸਮਾਜ ਤੇ ਪੁਜਾਰੀ ਨੇ ਹੀ ਆਪਣੇ ਸ਼ੈਤਾਨ ਦਿਮਾਗ ਨਾਲ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਵਾਸਤੇ ਤਿਆਰ ਕੀਤੀਆਂ । ਔਰਤਾਂ ਆਪਣੀ ਮਰਜ਼ੀ ਨਾਲ ਤਾਂ ਵਿਸ਼-ਕੰਨਿਆਵਾਂ ਨਹੀਂ ਬਣੀਆਂ ਪਰ ਕਸੂਰ ਸਾਰਾ ਇਹਨਾਂ ਦੇ ਮੱਥੇ ਮੜ੍ਹ ਦਿੱਤਾ ਗਿਆ ।

ਚਲਾਕ ਪੁਜਾਰੀ ਜਮਾਤ ਨੇ ਵੈਸੇ ਤਾਂ ਔਰਤ ਨਾਲ ਨਫ਼ਰਤ ਕੀਤੀ ਪਰ ਸਮਾਜ ਦੇ ਲੋਕਾਂ ਨੂੰ ਕਿਹਾ (ਉਪਦੇਸ਼ ਦਿੱਤਾ) ਕਿ ਜਿ ਆਪਣੀਆਂ ਅੱਠ-ਨੌ ਸਾਲਾਂ ਦੀਆਂ ਬਾਲੜੀਆਂ ਨੂੰ ਮੰਦਰਾਂ ਵਿੱਚ ਚੜਾਉਗੇ ਤਾਂ ਦੇਵਤੇ ਦੀ ਖੁਸ਼ੀ ਪ੍ਰਾਪਤ ਕਰੋਗੇ। ਅਗਲੇ ਜਨਮ ਵਿੱਚ ਖੁਸ਼ੀਆਂ ਮਿਲਣਗੀਆਂ, ਧਨ ਦੌਲਤਾਂ ਦਾ ਘਾਟਾ ਨਹੀਂ ਰਹੇਗਾ, ਹੋ ਸਕਦਾ ਸਵਰਗ ਦੀ ਟਿਕਟ ਵੀ ਮਿਲ ਜਾਵੇ। ਇਸ ਗੱਲ ਦਾ ਇੰਨਾ ਜਿਆਦਾ ਪ੍ਰਚਾਰ ਕੀਤਾ ਗਿਆ ਕਿ ਗਰੀਬ ਲੋਕ ਆਪਣੀਆਂ ਬੇਟੀਆਂ ਨੂੰ ਮੰਦਰ ਦੇ ਬੁਤਾਂ ਨਾਲ ਵਿਆਹੁਣ ਲੱਗ ਪਏ ਅਤੇ ਪੁਜਾਰੀ ਨੇ ਰੱਜਕੇ ਉਨ੍ਹਾਂ ਦਾ ਸਰੀਰਕ ਸ਼ੋਸ਼ਣ ਕੀਤਾ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਜਿਸਮ ਵੇਚਣ ਵਾਲੇ ਬਾਜ਼ਾਰਾਂ ਵਿੱਚ ਖੂਨ ਦੇ ਹੰਝੂ ਕੇਰਨ ਲਈ ਭੇਜ ਦਿੱਤਾ ਜਾਂਦਾ। ਇਨ੍ਹਾਂ ਔਰਤਾਂ ਨੂੰ ਦੇਵਦਾਸੀਆਂ ਦਾ ਨਾਂ ਦਿੱਤਾ ਗਿਆ। ਇਹ ਭੈੜੀ ਪ੍ਰਥਾ ਅੱਜ ਵੀ ਹਿੰਦੋਸਤਾਨ ਵਿੱਚ ਲੁਕ ਛਿਪਕੇ ਜਾਰੀ ਹੈ। ਹੁਣ ਦਸੋ ਇੱਥੇ ਵੀ ਔਰਤ ਦਾ ਕੀ ਕਸੂਰ ਹੈ ? ਕੀ ਉਹ ਆਪਣੀ ਮਰਜੀ ਨਾਲ ਇਹ ਅਪਮਾਨਿਤ ਜੀਵਨ ਚੁਣਦੀ ਹੈ ? ਫਿਰ ਕਸੂਰ ਇਸਦਾ ਹੀ ਕਿਓਂ ਕੱਢਿਆ ਜਾਂਦਾ ਹੈ। ਹੋਰ ਤਾਂ ਹੋਰ ਇਥੋਂ ਦੇ ਭਗਵਾਨ ਵੀ ਸੋਲ੍ਹਾਂ ਹਜ਼ਾਰ ਔਰਤਾਂ ਦੇ ਪਤੀ ਬਣੇ ਦਿਖਾਈ ਦਿੰਦੇ ਹਨ। ਇੱਕ ਬੰਦਾ 16000 ਔਰਤਾਂ ਦੇ ਸ਼ਾਇਦ ਚਿਹਰੇ ਵੀ ਯਾਦ ਨਾਂ ਰੱਖ ਸਕੇ ਤਾਂ ਉਨ੍ਹਾਂ ਨਾਲ ਦੁਖ-ਸੁਖ ਦੀ ਸਾਂਝ ਕਿਵੇਂ ਰੱਖ ਸਕਦਾ ਹੈ ? ਕੀ ਇਹ ਅਨਿਆਇ ਨਹੀਂ ? ਜਦੋਂ ਭਗਵਾਨ ਇਹ ਕਰ ਸਕਦਾ ਫਿਰ ਰਾਜਿਆਂ ਮਹਾਰਾਜਿਆਂ ਅਤੇ ਪੰਡਤਾਂ-ਪੁਜਾਰੀਆਂ ਨੂੰ ਕੀਹਨੇ ਰੋਕਣਾ। ਕਿਹੋ ਜਿਹਾ ਦੋਗਲਾਪਣ ਹੈ ਪੁਜਾਰੀ ਲੋਕਾਂ ਦਾ ! ਇੱਕ ਪਾਸੇ ਔਰਤ ਦੇ ਨੇੜ੍ਹੇ ਨਹੀਂ ਜਾਣਾ ਉਹ ਬਹੁਤ ਬੁਰੀ ਹੈ, ਧਰਮ ਤੋਂ ਡੇਗ ਦਿੰਦੀ ਹੈ, ਉਹਦੇ ਅੰਦਰ ਰੂਹ ਨਹੀਂ ਹੁੰਦੀ, ਉਸਦੀ ਮੱਤ ਗਿੱਚੀ ਪਿੱਛੇ ਹੁੰਦੀ ਹੈ, ਉਹ ਕੁਦਰਤ ਦੀ ਮਜ਼ੇਦਾਰ ‘ਗਲਤੀ’ ਹੈ, ਉਹ ਖਾਸ ਧਾਰਮਿਕ ਅਸਥਾਨਾਂ ਤੇ ਦਾਖਲ ਨਹੀਂ ਹੋ ਸਕਦੀ, ਪੂਜਾ ਨਹੀਂ ਕਰ ਸਕਦੀ ਅਤੇ ਪੁਜਾਰੀ ਨਹੀਂ ਬਣ ਸਕਦੀ। ਦੂਜੇ ਪਾਸੇ ਔਰਤ ਬਿਨ੍ਹਾ ਸਰਦਾ ਵੀ ਨਹੀਂ। ਕਦਮ ਕਦਮ ਤੇ ਔਰਤ ਦਾ ਸਾਥ ਚਾਹੀਦਾ। ਹਰ ਰੂਪ ਵਿੱਚ ਔਰਤ ਉਸਦਾ ਸਾਥ ਦਿੰਦੀ ਹੈ। ਆਪਣਾ ਦੁੱਖ ਭੁਲਾਕੇ ਉਸਦੀ ਹਰ ਖੁਸ਼ੀ ਦਾ ਖਿਆਲ ਰੱਖਦੀ ਹੈ, ਪਰ ਫਿਰ ਵੀ ਗਾਲ੍ਹਾਂ ਕੱਢਣ ਲੱਗਿਆਂ ਉਹ ਅੱਗਾ-ਪਿੱਛਾ ਨਹੀਂ ਦੇਖਦਾ। ਔਰਤ ਨੂੰ ਅਪਮਾਨਿਤ ਕਰਨਾ ਆਪਣਾ ਅਧਿਕਾਰ ਸਮਝਦਾ ਹੈ। ਇੱਕ ਮਰਦ ਔਰਤ ਨੂੰ ਆਪਣੀ ਪ੍ਰਾਪਰਟੀ ਸਮਝਦਾ ਹੈ ਆਪਣੀ ਜੀਵਨ ਸੰਗਿਨੀ ਜਾਂ ਦੁੱਖਾਂ-ਸੁੱਖਾਂ ਦੀ ਭਾਈਵਾਲ ਨਹੀਂ।

ਅੱਜ ਵੀ ਜਦੋਂ ਦੇਖਦੀ ਹਾਂ ਕਿ ਮੇਰੇ ਗੁਰੂ ਸਾਹਿਬਾਨ ਨੇ ਔਰਤ ਨੂੰ ਕਿੰਨਾ ਮਾਣ ਦਿੱਤਾ। ਆਪਣੀ ਭੈਣ ਜੀ, ਮਾਤਾ ਜੀ ਅਤੇ ਪਤਨੀ ਦਾ ਕਦੀਂ ਤਿਰਸਕਾਰ ਨਹੀਂ ਕੀਤਾ ਬਲਕਿ ਗੁਰਬਾਣੀ ਅੰਦਰ ਔਰਤ ਦੇ ਹੱਕ ਵਿੱਚ ਸ਼ਬਦ ਤੱਕ ਦਰਜ ਕਰ ਦਿੱਤੇ ਅਤੇ ਪ੍ਰੈਕਟੀਕਲ ਰੂਪ ਵਿੱਚ ਵੀ ਹਰ ਤਰ੍ਹਾਂ ਦਾ ਜੋ ਧੱਕਾ ਬੀਬੀਆਂ ਨਾਲ ਕੀਤਾ ਜਾ ਰਿਹਾ ਸੀ ਉਹਦੇ ਤੋਂ ਸਮਾਜ ਨੂੰ ਰੋਕਿਆ ਅਤੇ ਅਵਾਜ਼ ਬੁਲੰਦ ਕੀਤੀ। ਸਮੇਂ ਦੀ ਹਕੂਮਤ ਤੋਂ ਸਤੀ ਪ੍ਰਥਾ ਬੰਦ ਕਰਵਾਉਣ ਦੇ ਹੁਕਮ ਜਾਰੀ ਕਰਵਾਏ। ਬੀਬੀਆਂ ਨੂੰ ਲੰਗਰ ਦੀਆਂ ਪ੍ਰਬੰਧਕ ਬਣਾਇਆ, ਪ੍ਰਚਾਰਕ ਬਣਾਇਆ, ਜੰਗੀ ਜਰਨੈਲ ਬਣਾਇਆ। ਗੁਰੂ ਕਾਲ ਅਤੇ ਬਾਅਦ ਵਿੱਚ ਵੀ ਉਹ ਕਥਾ, ਕੀਰਤਨ ਤੇ ਵਖਿਆਨ ਸੰਗਤਾਂ ਵਿੱਚ ਆਮ ਹੀ ਕਰਿਆ ਕਰਦੀਆਂ ਸਨ। ਕੌਮ ਦੀ ਖਾਲਸਾਈ ਫੌਜ ਦੀਆਂ ਜਥੇਦਾਰ ਤੱਕ ਬਣਕੇ ਕੌਮ ਦੀ ਅਗਵਾਈ ਕੀਤੀ। ਹਰ ਬਿਖੜੇ ਸਮੇਂ ਆਪਣੇ ਭਰਾਵਾਂ ਦਾ ਡੱਟਕੇ ਸਾਥ ਦਿੱਤਾ। ਮਾਈ ਭਾਗ ਕੌਰ, ਬੀਬੀ ਦੀਪ ਕੌਰ, ਬੀਬੀ ਸ਼ਰਨ ਕੌਰ, ਮਹਾਰਾਣੀ ਸਦਾ ਕੌਰ, ਰਾਜਕੁਮਾਰੀ ਸਾਹਿਬ ਕੌਰ ਵਰਗੀਆਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਾਹਮਣੇ ਹਨ। ਪਰ ਜਿੱਥੇ ਦੂਜੀਆਂ ਕੌਮਾਂ ਨੇ ਔਰਤਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਸ਼ੁਰੂ ਕਰ ਦਿੱਤਾ ਹੈ ਉੱਥੇ ਸਿੱਖ ਪੰਥ ਮੈਨੂੰ ਹਾਲੇ ਵੀ ਸੁੱਤਾ ਹੋਇਆ ਨਜ਼ਰ ਆਉਂਦਾ ਹੈ। ਸਾਡੇ ਕੋਲ ਸ਼ਾਨਾਮਤਾ ਵਿਰਸਾ ਹੈ, ਗੁਰਬਾਣੀ ਦੇ ਸਿਧਾਂਤ ਹਨ, ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ, ਪਰ ਜੇ ਨਹੀਂ ਹੈ ਤਾਂ ਅਮਲ ਨਹੀਂ ਹੈ।

ਮੈਂ ਜਦੋਂ ਆਪਣੇ ਆਲੇ-ਦੁਆਲੇ ਦੇਖਦੀ ਹਾਂ ਤਾਂ ਇਹੀ ਮਹਿਸੂਸ ਹੁੰਦਾ ਹੈ ਕਿ ਜਿੰਨੀ ਅਸੁਰੱਖਿਅਤ ਔਰਤ ਅੱਜ ਹੈ ਇੰਨੀ ਸ਼ਾਇਦ ਕਦੇ ਵੀ ਨਹੀਂ ਸੀ। ਜੇ ਹੈ ਵੀ ਸੀ ਤਾਂ ਉਦੋਂ ਸਾਡੀ ਸੋਚ ਇੰਨੀ ਵਿਕਸਤ ਵੀ ਨਹੀਂ ਸੀ। ਹੁਣ ਤਾਂ ਅਸੀਂ ਬਹੁਤ ਅਗਾਂਹਵਧੂ ਕਹਾਉਂਦੇ ਹਨ ਪਰ ਆਪਣੇ ਘਰਾਂ ਅੰਦਰ ਝਾਤੀ ਮਾਰੋ; ਕੀ ਬੀਬੀਆਂ ਨਾਲ ਦੁਰਵਿਵਹਾਰ ਨਹੀਂ ਹੋ ਰਿਹਾ, ਉਨ੍ਹਾਂ ਦਾ ਸ਼ੋਸ਼ਣ ਨਹੀਂ ਕੀਤਾ ਜਾ ਰਿਹਾ ? ਸਕੂਲ ਜਾ ਰਹੀਆਂ ਬੱਚੀਆਂ ਦੇ ਚਿਹਰਿਆਂ ਤੇ ਤੇਜ਼ਾਬ ਸੁੱਟਕੇ ਉਨ੍ਹਾਂ ਨੂੰ ਸਦਾ ਲਈ ਕਰੂਪ ਬਣਾ ਦੇਣਾ, ਕੀ ਧਰਮ ਇਹੀ ਸਿਖਾਉਂਦਾ ਹੈ ? ਕੁੱਖਾਂ ਅੰਦਰ ਹੀ ਧੀ ਦਾ ਕਤਲ ਕਰਕੇ ਅਫਸੋਸ ਨਹੀਂ ਬਲਕਿ ਸੁਰਖੁਰੂ ਮਹਿਸੂਸ ਕਰਨਾ, ਕੀ ਇਹ ਹੈ ਅੱਜ ਦੀ ਉੱਚ ਸਿਖਿਆ ? ਰੂੜੀਆਂ ਜਾਂ ਗੰਦੇ ਨਾਲਿਆਂ ਦੇ ਉੱਪਰ ਬੱਚੀਆਂ ਦੇ ਭਰੂਣ ਕੁੱਤੇ ਘੜੀਸ ਰਹੇ ਹਨ ਤੇ ਰਾਹਗੀਰ ਕੋਲੋਂ ਦੀ ਚੁੱਪ ਕਰਕੇ ਲੰਘ ਜਾਂਦੇ ਨੇ, ਕੀ ਇਹ ਸਭਿਅਕ ਸਮਾਜ ਹੈ ? ਨਾ ਔਰਤ ਘਰ ਅੰਦਰ ਮਹਿਫੂਜ਼ ਆ ਨਾ ਬਾਹਰ। ਦਾਜ ਦੀ ਖਾਤਰ ਸਾੜ ਦੇਣਾ ਜਾਂ ਸਿਰਫ ਲੜਕੀਆਂ ਨੂੰ ਜਨਮ ਦੇਂਦੀ ਹੈ ਇਸ ਲਈ ਘਰੋਂ ਕੱਢ ਦੇਣਾ, ਇਹ ਆਮ ਜਹੀ ਗੱਲ ਹੋ ਗਈ ਹੈ। ਸਫ਼ਰ ਕਰਦਿਆਂ ਕਿਤੇ ਕੱਲੀ ਰਹਿ ਗਈ ਤਾਂ ਵੀ ਬਘਿਆੜਾਂ ਦੀ ਨਿਆਈ ਉਹਦੀ ਬੋਟੀ ਬੋਟੀ ਨੋਚਣ ਤੋਂ ਸੰਕੋਚ ਨਹੀਂ ਕਰਦੇ ਅੱਜ ਦੇ ਸਿਖਿਅਤ ਸਮਾਜ ਦੇ ਪੜ੍ਹੇ-ਲਿਖੇ ਤੇ ਸਿਆਣੇ ਮਰਦ। ਮੈਂ ਡਾਕਟਰ ਹਰਸ਼ਿੰਦਰ ਕੌਰ ਦੀ ਲਿਖੀ ਹੋਈ ਕਿਤਾਬ ‘ਡਾਕਟਰ ਦੀ ਨਿਜੀ ਡਾਇਰੀ’ ਪੜ੍ਹੀ ਤਾਂ ਮੇਰੇ ਲੂੰ ਕੰਢੇ ਖੜੇ ਹੋ ਗਏ। ਜੋ ਸੱਚੀਆਂ ਘਟਨਾਵਾਂ ਉਹਦੇ ਅੰਦਰ ਡਾਕਟਰ ਜੀ ਨੇ ਦਰਜ਼ ਕੀਤੀਆਂ ਨੇ ਸਾਰੀਆਂ ਹੀ ਦਿਲ ਕੰਬਾਊ ਹਨ। ਪ੍ਰੋਫੈਸਰ ਇੰਦਰ ਸਿੰਘ ਘੱਗਾ ਜੀ ਦੀ ਕਿਤਾਬ ‘ਬੇਗਾਨੀ ਧੀ ਪਰਾਇਆ ਧਨ’ ਪੜ੍ਹੀ। ਉਸ ਅੰਦਰ ਲੇਖਕ ਨੇ ਦੱਸਿਆ ਕਿ ਔਰਤ ਨਾਲ ਕਦਮ ਕਦਮ ਤੇ ਕਿਵੇਂ ਜਿਆਦਤੀਆਂ ਹੁੰਦੀਆਂ ਆਈਆਂ ਹਨ। ਗੁਰਬਾਣੀ ਰਚਣ ਵਾਲੇ ਮਹਾਪੁਰਖਾਂ ਨੇ ਬੀਬੀਆਂ ਦਾ ਹਮੇਸ਼ਾਂ ਸਤਿਕਾਰ ਕੀਤਾ ਹੈ ਅਤੇ ਕਈ ਵਾਰ ਤਾਂ ਆਪਣੇ ਆਪ ਨੂੰ ਔਰਤ ਦੇ ਰੂਪ ਵਿੱਚ ਚਿਤਵਿਆ ਹੈ। ਪਰ ਅੱਜ ਦੇ ਕਈ ਅਖੌਤੀ ਮਹਾਂਪੁਰਖ ਉਪਦੇਸ਼ ਦਿੰਦੇ ਦਿਖਾਈ ਦਿੰਦੇ ਹਨ ਕਿ “ਭਾਈ ਬੀਬੀ ਦਾ ਸਥਾਨ ਸਿਰਫ ਘਰ ਦੀ ਚਾਰ ਦੀਵਾਰੀ ਹੈ। ਪਤੀ ਦੀ ਤਾਬਿਆਦਾਰ ਰਹੇ। ਧਰਮ-ਕਰਮ ਦੀ ਗੱਲ ਉਹਦੇ ਤੋਂ ਹੀ ਸੁਣ ਲਿਆ ਕਰੇ, ਬਾਹਰਲੀ ਦੁਨਿਆ ਅੰਦਰ ਕਦਮ ਵੀ ਰੱਖਣ ਦੀ ਜਰੂਰਤ ਨਹੀਂ ਹੈ।” ਇਹ ਲਫ਼ਜ ਧਰਮ ਸਿੰਘ ਨਿਹੰਗ ਦੇ ਹਨ। ਵਾਹ! ਵਾਹ!! ਦੁਨਿਆ ਕਿੱਥੇ ਦੀ ਕਿੱਥੇ ਪਹੁੰਚ ਗਈ ਹੈ ਪਰ ਸਾਡੇ ਪ੍ਰਚਾਰਕ ਕਹਿ ਰਹੇ ਹਨ ਕਿ ਬੀਬੀਆਂ ਨੂੰ ਤਾਂ ਗੁਰਦਵਾਰੇ ਜਾਣ ਦੀ ਵੀ ਲੋੜ ਨਹੀਂ ਹੈ। ਅਕਾਲ ਤਖਤ ਵਲੋਂ ਪ੍ਰਵਾਨਿਤ ਰਹਿਤ ਮਰਯਾਦਾ ਵਿੱਚ ਸ਼ਪਸ਼ਟ ਲਿਖਿਆ ਹੈ ਕਿ ਬੀਬੀਆਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋ ਸਕਦੀਆਂ ਹਨ। ਪਰ ਨਹੀਂ ਧੱਕੇ ਨਾਲ ਰੋਕਿਆ ਜਾ ਰਿਹਾ ਹੈ। ਤਖਤਾਂ ਦੀਆਂ ਜਥੇਦਾਰ ਕਦੀ ਨਹੀਂ ਬਣਾਇਆ ਗਿਆ। ਕੀ ਅਸੀਂ ਹੋਰ ਧਰਮਾਂ ਦੇ ਮੁਖੀਆਂ ਤੋਂ ਵੱਖਰੇ ਹਾਂ? ਵਰਤਾਰੇ ਵਿੱਚ ਤਾਂ ਬਿਲਕੁਲ ਨਹੀਂ। ਕਈ ਸਾਧ-ਸੰਤ ਤਾਂ ਬੀਬੀਆਂ ਨੂੰ ਸਤਿਗੁਰਾਂ ਦੇ ਤਾਬਿਆ ਬੈਠਣ ਦੀ ਵੀ ਇਹ ਕਹਿ ਕੇ ਮਨਾਹੀ ਕਰਦੇ ਹਨ ਕਿ ਬੀਬੀਆਂ ਅਪਵਿੱਤਰ ਹੁੰਦੀਆਂ ਹਨ ਇਸ ਲਈ ਇਹ ਹੱਕ ਸਿਰਫ ਮਰਦਾਂ ਲਈ ਰਾਖਵਾਂ ਹੈ। ਦਰਬਾਰ ਸਾਹਿਬ, ਅਮ੍ਰਿਤਸਰ ਵਿਖੇ ਜੋ ਪਾਲਕੀ ਚੁੱਕਣੀ, ਅੰਦਰੋਂ ਫਰਸ਼ ਧੋਣਾ, ਹੈਡ ਗ੍ਰੰਥੀ ਜਾਂ ਕੀਰਤਨੀਏ ਆਦਿ ਦੀਆਂ ਸੇਵਾਵਾਂ ਵੀ ਬੀਬੀਆਂ ਨੂੰ ਨਹੀਂ ਕਰਨ ਦਿੱਤੀਆਂ ਜਾਂਦੀਆਂ। ਕਿਓਂਕਿ ਅਸੀਂ ਕਹਿਣ ਨੂੰ ਹੀ ਗੁਰੂ ਨਾਨਕ ਸਾਹਿਬ ਦੇ ਸਿੱਖ ਹਨ ਪਰ ਮੰਨਦੇ ਸਾਰੀ ਬ੍ਰਾਹਮਣ ਦੇਵਤਾ ਜੀ ਦੀ ਹਾਂ। ਜੇ ਗੁਰੂ ਦੀ ਮੰਨਦੇ ਹੁੰਦੇ ਤਾਂ ਗੁਰੂ ਨਾਨਕ ਸਾਹਿਬ ਦੀਆਂ ਇਨ੍ਹਾਂ ਪੰਗਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ :
ਮਃ ੧ ॥ ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥ ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥ ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥ ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥ {ਪੰਨਾ 472}
ਭਾਵੇਂ ਕੁਦਰਤੀ ਨਿਯਮਾਂ ਮੁਤਾਬਿਕ ਬੀਬੀਆਂ ਨੂੰ ਹਰ ਮਹੀਨੇ ਦਿਨ ਆਉਂਦੇ ਹਨ। ਇਸ ਤਰ੍ਹਾਂ ਉਹ ਅਪਵਿੱਤਰ ਨਹੀਂ। ਇਹ ਤਾਂ ਕੁਦਰਤੀ ਹੈ। ਅਸਲ ਵਿੱਚ ਸੁੱਚੇ ਉਹ ਨਹੀਂ ਜਿਨ੍ਹਾਂ ਇਸ਼ਨਾਨ ਕਰ ਲਿਆ, ਸੋਹਣੇ ਕਪੜੇ ਪਾ ਲਏ। ਅਸਲ ਸੁੱਚੇ ਜਾਂ ਪਵਿੱਤਰ ਉਹ ਹਨ ਜਿਨ੍ਹਾਂ ਨੇ ਰੱਬੀ ਨਾਮ ਨੂੰ, ਰੱਬੀ ਗੁਣਾਂ ਨੂੰ ਅੰਦਰ ਵਸਾ ਲਿਆ। ਗੁਰਬਾਣੀ ਤਾਂ ਸਾਰਿਆਂ ਨੂੰ ਇੱਕੋ ਅੱਖ ਨਾਲ ਵੇਖਦੀ ਹੈ :
ਜੂਠਾ ਜੂਠੇ ਹੀ ਫਲ ਲਾਗੇ ॥ ਆਵਹਿ ਜੂਠੇ ਜਾਹਿ ਭੀ ਜੂਠੇ ਜੂਠੇ ਮਰਹਿ ਅਭਾਗੇ ॥੧॥
ਕਹੁ ਪੰਡਿਤ ਸੂਚਾ ਕਵਨੁ ਠਾਉ ॥ ਜਹਾਂ ਬੈਸਿ ਹਉ ਭੋਜਨੁ ਖਾਉ ॥੧॥ ਰਹਾਉ ॥ {ਪੰਨਾ 1195}

ਹੇ ਪੰਡਿਤ ! ਮੈਨੂੰ ਇਸ ਧਰਤੀ ਤੇ ਸੁੱਚੀ ਜਗ੍ਹਾਂ ਦਿਖਾ ਜੇ ਹੈ ਕੋਈ ? ਜਿਵੇਂ ਦੀਆਂ ਮਰਿਯਾਦਾਵਾਂ ਬਣਾਕੇ ਤੂੰ ਲੋਕਾਂ ਨੂੰ ਮੂਰਖ ਬਣਾ ਰਿਹਾ ਹੈਂ ਮੇਰੇ ਸਵਾਲਾਂ ਦਾ ਜਵਾਬ ਦੇ, ਮੈਂ ਕਿੱਥੇ ਬੈਠ ਕੇ ਭੋਜਨ ਛਕਾ ? ਕਿਓਂਕਿ ਸੁੱਚੀ ਚੀਜ ਤਾਂ ਕੋਈ ਵੀ ਨਹੀਂ। ਮਾਂ ਵੀ ਝੂਠੀ ਹੈ, ਪਿਤਾ ਵੀ ਜੂਠਾ ਹੈ । ਅਹਿਜੇ ਜੂਠੇ ਮਾਤਾ-ਪਿਤਾ ਤੋਂ ਪੈਦਾ ਹੋਏ ਬੱਚੇ ਵੀ ਝੂਠੇ । ਇਸ ਸੰਸਾਰ ਵਿੱਚ ਜੂਠੇ ਆਉਂਦੇ ਹਨ ਅਤੇ ਜੂਠੇ ਹੀ ਤੁਰ ਜਾਂਦੇ ਹਨ । ਸੁੱਚੇ ਹੋਣ ਦੀ ਵਿਧੀ ਤਾਂ ਪੰਡਿਤ ਜੀ ਤੁਸੀਂ ਸਮਝਾਈ ਹੀ ਨਹੀਂ। ਵਿਕਾਰ ਤਜਕੇ, ਸੋਚ-ਵਿਚਾਰ ਵਿੱਚੋਂ ਖੋਟ ਕੱਢਕੇ ਅਸਲੀ ਸੁਚੇ ਬਣਨਾ ਸੀ ਉਹ ਤੁਸੀਂ ਦੱਸਿਆ ਹੀ ਨਹੀਂ। ਇਨਸਾਨ ਪਾਣੀ ਨਾਲ ਸਰੀਰ ਧੋ ਸਕਦਾ ਹੈ ਪਰ ਮਨ ਨੂੰ ਸਾਫ਼ ਕਰਨ ਲਈ ਗੁਰੂ ਦੇ ਸ਼ਬਦ ਨੂੰ ਵਿਚਾਰਕੇ ਰੱਬੀ ਹੁਕਮ ਵਿੱਚ ਚੱਲਣਾ ਪਵੇਗਾ ।

ਸੋ ਔਰਤ ਨੂੰ ਅਪਵਿੱਤਰ ਕਹਿਣ ਵਾਲਿਓ ਕਦੀਂ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ, ਵਿਚਾਰੋ ਤਾਂ ਪਤਾ ਲੱਗੇਗਾ ਕਿ ਗੁਰੂ ਸਾਹਿਬ ਦੀਆਂ ਨਜ਼ਰਾਂ ਵਿੱਚ ਪਵਿੱਤਰ ਅਤੇ ਅਪਵਿੱਤਰ ਕੌਣ ਹੈ? ਪਰ ਤੁਸੀਂ ਤਾਂ ਇਕੋਤਰੀਆਂ ਚਲਾਉਣ ਅਤੇ ਲੋਕਾਂ ਨੂੰ ਮੁੱਲ ਦੇ ਪਾਠ ਵੇਚਣ ਵਿੱਚ ਏਨੇ ਮਸਰੂਫ ਹੋ ਕਿ ਗੁਰੂ ਸਾਹਿਬ ਦਾ ਸਿਧਾਂਤ ਕੀ ਹੈ ਇਹ ਸੋਚਣ ਦੀ ਵੇਹਲ ਹੀ ਨਹੀਂ ਹੈ। ਜਿਵੇਂ ਚਾਹੋਂ ਫੁਰਮਾਨ ਜਾਰੀ ਕਰ ਦੇਵੋ, ਕੋਈ ਰੋਕਣ ਟੋਕਣ ਵਾਲਾ ਨਹੀਂ ਹੈ। ਜੇ ਔਰਤ ਨੂੰ ਮਹਾਵਾਰੀ ਆਉਣ ਕਰਕੇ ਉਹ ਭਿੱਟੀ ਗਈ ਆਖੀ ਜਾਂਦੀ ਹੈ ਪਰ ਮਰਦ ਅਣਗਿਣਤ ਬੇਦੋਸ਼ਿਆਂ ਦਾ ਖੂਨ ਵਹਾ ਦੇਣ, ਮਾਸੂਮਾਂ ਦਾ ਖੂਨ ਪੀਣ ਤਾਂ ਉਹ ਬਹਾਦਰ, ਹੱਦ ਹੋ ਗਈ ਧਰਮ ਦੇ ਠੇਕੇਦਾਰੋ ਤੁਹਾਡੇ ਦੋਗਲੇਪਣ ਦੀ ! ਉਧਰ ਗੁਰਮਤਿ ਗਿਆਨ ਤੋਂ ਉੱਕਾ ਕੋਰੀਆਂ ਸਾਡੀਆਂ ਬੀਬੀਆਂ ਇਨ੍ਹਾਂ ਅਖੌਤੀ ਮਹਾਪੁਰਖਾਂ ਨੂੰ ਹੀ ਰੱਬ ਸਮਝਕੇ ਪੂਜੀ ਜਾ ਰਹੀਆਂ ਹਨ। ਜੋ ਔਰਤ ਨੂੰ ਇਨਸਾਨ ਹੀ ਨਹੀਂ ਸਮਝਦੇ, ਅਪਮਾਨਿਤ ਕਰਨ ਵਿੱਚ ਕੋਈ ਕਸਰ ਨਹੀਂ ਛਡਦੇ, ਉਨ੍ਹਾਂ ਦੇ ਡੇਰਿਆਂ ਤੇ ਜਾ ਕੇ ਉਨ੍ਹਾਂ ਦੇ ਕਦਮਾਂ ਤੇ ਲੰਮੇ ਪੈਣਾ ਕਿਥੋਂ ਦੀ ਸਿਆਣਪ ਹੈ ?

ਗੁਰਮਤਿ ਵਿਚਾਰਧਾਰਾ ਨੇ ਇਨਸਾਨੀ ਸੋਚ ਨੂੰ ਝੰਜੋੜਿਆ, ਤੋੜਿਆ, ਇੱਕ ਥਾਂ ਤੋਂ ਦੂਜੀ ਥਾਂ ਜੋੜਿਆ। ਇੱਕ ਪਾਸੇ ਗੁਰਬਾਣੀ ਦਾ ਉੱਤਮ ਉਪਦੇਸ਼, ਦੂਜੇ ਪਾਸੇ ਸਾਡਾ ਆਲਾ ਦੁਆਲਾ। ਗੁਰਬਾਣੀ ਵਿੱਚ ਮਾਂ ਦੇ ਗਰਜ਼ ਰਹਿਤ ਪਿਆਰ ਨੂੰ ਅਨੇਕਾਂ ਵਾਰ ਸਲਾਹਿਆ ਗਿਆ ਹੈ, ਨਿੰਰਕਾਰ ਨੂੰ ਬੇਅੰਤ ਵਾਰ ਮਾਂ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਮਾਂ ਦੇ ਪਿਆਰ ਤੋਂ ਬਿਨਾ ਮਨੁੱਖ ਅੰਦਰ ਕੋਮਲ ਜਜਬਾ ਜਨਮ ਨਹੀਂ ਲੈ ਸਕਦਾ। ਪਰ ਅਫਸੋਸ ਜਿਨ੍ਹਾਂ ਧੀਆਂ ਨੇ ਵੱਡੀਆਂ ਹੋ ਕੇ ਪਿਆਰ ਦੇ ਮੁਜੱਸਮੇ ਮਾਵਾਂ ਬਣਨਾ ਹੈ, ਉਨ੍ਹਾਂ ਦੀ ਬੇਕਦਰੀ ਅਤੇ ਦੁਰਦਸ਼ਾ ਬਾਰੇ ਅਮ੍ਰਿਤਾ ਪ੍ਰੀਤਮ ਨੇ ਕੁਝ ਇਸ ਤਰ੍ਹਾਂ ਬਿਆਨ ਕੀਤਾ ਹੈ :
ਰਤੀ ਮਹਿੰਦੀ ਨਾਲ ਵਲ੍ਹੇਟੀ, ਸੂਹੇ ਸਾਲੂ ਵਿੱਚ ਲਪੇਟੀ।
ਪੀਲੇ ਸੋਨੇ ਨਾਲ ਵਲ੍ਹੇਟੀ, ਮਾਸ ਦੀ ਬੋਟੀ ਕੁੱਖ ਦੀ ਬੋਟੀ।
ਵਾਹ-ਵਾਹ ਦਾਨੀ, ਵਾਹ-ਵਾਹ ਦਾਤੇ, ਕਿੱਡੇ ਕਰਮ ਕਮਾਣ।
ਜਿਹੜੇ ਝੋਲੀ ਤੱਕਣ, ਉਹੋ ਹੀ ਪਰਵਾਨ।
ਕਰਦੇ ਜਾਂਦੇ ਦਾਨ, ਖੱਟਦੇ ਜਾਂਦੇ ਪੁੰਨ, ਗੰਗਾ ਦਾ ਇਸ਼ਨਾਨ।
ਅਜੇ ਵੀ ਪਏ ਸਮਝਾਣ।
ਏਸ ਮਹਾਤਮ ਤੱਕ ਨ ਪਹੁੰਚੇ, ਕੋਈ ਦਾਨਾਂ ਦਾ ਦਾਨ, ਮਹਾਂਦਾਨ ਸਿਰ ਦਾਨ।
ਕੰਨਿਆ ਦਾਨ ! ਕੰਨਿਆ ਦਾਨ !! ਹੋਇ ਕਲਿਆਣ !!!
ਹੀਰ ਕਦੇ ਨਾ ਕੂਏ, ਗਊ ਕਦੇ ਨਾ ਬੋਲੇ, ਕੰਨਿਆ ਬੇਜ਼ੁਬਾਨ।
ਰੱਜ-ਰੱਜ ਦੇਵੋ ਦਾਨੀਓ, ਰੱਜ-ਰੱਜ ਦੇਵੋ ਦਾਨ।
ਕੰਨਿਆ ਦਾਨ …. ਕੰਨਿਆ ਦਾਨ !

‘ਕੰਨਿਆ ਦਾਨ’ ਵਰਗਾ ਅਤਿਅੰਤ ਕੁਚੀਲ ਸ਼ਬਦ ਵੀ ਸਿੱਖਾਂ ਨੇ ਆਪਣਾ ਲਿਆ। ਰੁਪਿਆ ਪੈਸਾ ਵੀ ਗੁਰੂ ਨੂੰ ਤੇ ਰੱਬ ਨੂੰ ਦਾਨ ਕਰਨ ਲੱਗ ਪਏ ਹਨ। ਉਸ ਦਾ ਦਿੱਤਾ ਉਸੇ ਨੂੰ ਦਾਨ ? ਸ਼ੁੱਕਰ ਹੈ ਪੁਜਾਰੀ ਵਰਗ ਮਾਵਾਂ ਦਾਨ ਵਿੱਚ ਨਹੀਂ ਲੈਂਦੇ, ਨਹੀਂ ਤਾਂ ਲਾਡਲੇ ਪੁੱਤਰਾਂ ਨੇ ਆਪਣੀਆਂ ਮਾਵਾਂ ਦਾਨ ਪੁੰਨ ਕਰ ਦੇਣੀਆਂ ਸੀ। ਇਸ ਧਰਤੀ ਤੇ ਇਸੇ ਜਨਮ ਵਿੱਚ ਸੁਧਾਰ ਕਰਨ ਦੀ ਹਿਮੰਤ ਨਹੀਂ, ਅਕਲ ਨਹੀਂ, ਪਰ ਡੀਗਾਂ ਮਾਰੀਆਂ ਜਾ ਰਹੀਆਂ ਅਗਲੇ ਜਨਮ ਵਿੱਚ ਰਾਜ ਕਰਨ ਦੀਆਂ। ਸਿੱਖ ਪੰਥ ਕਿੰਨਾ ਪੱਥਰ ਬਣਾ ਦਿੱਤਾ ਗਿਆ ਹੈ !

ਅੱਜ ਵੀ ਡੇਰਿਆਂ/ ਧਰਮ ਅਸਥਾਨਾਂ ਤੇ ਔਰਤ ਸੁਰੱਖਿਅਤ ਨਹੀਂ। ਧਾਰਮਿਕ ਜਗ੍ਹਾ ਜਿਥੇ ਹਰ ਵੇਲੇ ਰੱਬ ਦੀ ਗੱਲ ਹੋਵੇ, ਜੇ ਉਥੇ ਵੀ ਇਸਤ੍ਰੀ ਨਾਲ ਬਲਾਤਕਾਰ ਦੀ ਘਟਨਾ ਹੋ ਜਾਵੇ ਜਾਂ ਉਹਨੂੰ ਧਾਰਮਿਕ ਦਿੱਖ ਵਾਲੇ ਲੋਕਾਂ ਵਲੋਂ ਬਲੈਕਮੇਲ ਕਰਕੇ ਉਸਦਾ ਸੋਸ਼ਣ ਕੀਤਾ ਜਾਵੇ ਤਾਂ ਫਿਰ ਉਹ ਸੁਰੱਖਿਅਤ ਕਿੱਥੇ ਹੈ ? ਸੋਚਣਾ ਪਵੇਗਾ।

ਤੁਸੀਂ ਹਰ ਰੋਜ਼ ਟੀ.ਵੀ. ਲਗਾਓ, ਖਬਰਾਂ ਸੁਣੋ, ਸ਼ਰਤ ਹੈ ਕਿ ਇੱਕ ਵੀ ਦਿਨ ਐਸਾ ਨਹੀਂ ਹੋਵੇਗਾ ਜਿਦਣ ਕਿਸੇ ਮਾਸੂਮ ਨਾਲ ਬਲਾਤਕਾਰ ਦੀ ਖਬਰ ਨਾ ਹੋਵੇ। ਹੁਣ ਤੁਸੀਂ ਆਪ ਹੀ ਸੋਚੋ ਕਿ ਇਸ ਦੇਸ਼ ਦੀਆਂ ਬੇਟੀਆਂ ਕਿੰਨੀਆਂ ਕੁ ਸੁਰੱਖਿਅਤ ਹਨ ? ਸੜਕਾਂ ਤੇ ਭੂਖੇ ਬਘਿਆੜ ਤੁਰੇ ਫਿਰਦੇ ਨੇ , ਇਹ ਹਲਕੇ ਹੋਏ ਕੁੱਤੇ ਭਾਰਤ ਆਈਆਂ ਟੂਰਿਸਟ ਲੜਕੀਆਂ ਨੂੰ ਵੀ ਨਹੀਂ ਬਖਸ਼ਦੇ। ਖੈਰ ! ਜਿੱਥੇ ਭਗਵਾਨਾਂ ਨੇ ਹੀ ਲੜਕੀਆਂ ਨੂੰ ਨਹੀਂ ਬਖਸ਼ੀਆਂ, ਜਿੱਥੇ ਬਲਾਤਕਾਰੀਆਂ ਨੂੰ ਵਡਿਆਇਆ ਤੇ ਸਤਕਾਰਿਆ ਜਾਂਦਾ ਹੋਵੇ, ਧਾਰਮਿਕ ਮੁਖੀਆਂ ਨੇ ਆਪਣੀਆਂ ਧੀਆਂ-ਭੈਣਾਂ ਨਾਲ ਖੇਹ ਖਾਧੀ ਹੋਵੇ ਉਥੋਂ ਦੀ ਆਮ ਜਨਤਾ ਤੋਂ ਕੀ ਆਸ ਰੱਖੀ ਜਾ ਸਕਦੀ ਹੈ ?…‘ਗੁਰੂ ਜਿਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’।

ਕੀ ਇਹ ਸੱਚ ਨਹੀਂ ਕਿ ਸਾਡੇ ਮਹਾਨ ਭਾਰਤ ਦਾ ਸਭਿਆਚਾਰ ਅਤੇ ਨਾਲ ਹੀ ਧਾਰਮਿਕ ਗ੍ਰੰਥ ਔਰਤ ਨੂੰ ਪੈਰ ਦੀ ਜੁੱਤੀ, ਬਘਿਆੜਨ, ਪਸ਼ੂ, ਗਵਾਰ ਕਹਿੰਦਾ ਰਿਹਾ ਹੈ । ਸੀ ਕੋਈ ਗੁਰੂ ਨਾਨਕ ਸਾਹਿਬ ਤੋਂ ਪਹਿਲਾ ਜਿਸਨੇ ਕਦੇ ਔਰਤ ਦੇ ਹੱਕ ਵਿੱਚ ਅਵਾਜ਼ ਉਠਾਈ ਹੋਵੇ ? ਮੈਨੂੰ ਅੱਜ ਲਗਦਾ ਹੈ ਕਿ ਤੁਲਸੀ ਦਾਸ, ਗੋਰਖ ਨਾਥ, ਬ੍ਰਾਹਮਣ ਮੰਨੂ ਨੂੰ ਔਰਤਾਂ ਦੇ ਸਭ ਤੋਂ ਵੱਡੇ ਕਾਤਲ ਐਲਾਨਿਆ ਜਿਨ੍ਹਾਂ ਨੇ ਔਰਤ ਨੂੰ ਕਦੇ ਉੱਪਰ ਉੱਠਣ ਹੀ ਨਹੀਂ ਦਿੱਤਾ।

ਅੱਜ ਜੋ ਸਾਡੇ ਆਲੇ ਦੁਆਲੇ ਸਭਿਆਚਾਰ ਦੇ ਰਾਖੇ ਪੰਜਾਬੀਅਤ ਦੇ ਰਾਖੇ ਗੀਤਕਾਰ ਤੇ ਗਾਇਕ ਨਜਰ ਆਉਂਦੇ ਹਨ ਇਨ੍ਹਾਂ ਨੇ ਵੀ ਕੋਈ ਘੱਟ ਨਹੀਂ ਗੁਜਾਰੀ। ਹਰ ਤਰ੍ਹਾਂ ਨਾਲ ਔਰਤ ਦੀ ਇਜ਼ਤ ਤਾਰ ਤਾਰ ਕਰਨ ਤੇ ਲੱਗੇ ਹੋਏ ਨੇ ਇਹ ਲੋਕ। ਇੱਕ ਗਾਇਕ ਜੋ ਇਸਤ੍ਰੀ ਬਾਰੇ ਕਹਿ ਰਿਹਾ ਹੈ “ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਹੈ” ਤੇ ਉਹਨੂੰ ਰਾਜ ਕਵੀ ਐਲਾਨਿਆ ਗਿਆ ਫਿਰ ਬਾਕੀ ਨੌਜਵਾਨ ਇਹ ਕੰਜਰ ਕਿੱਤਾ ਕਿਓਂ ਨਹੀਂ ਚੁਣਨਗੇ। ਕੋਈ ਧੀਆਂ ਭੈਣਾਂ ਦੇ ਲੱਕ ਮਿਣ ਰਿਹਾ ਹੈ ਤੇ ਕੋਈ ਕਹਿੰਦਾ ਹੈ “ਜੇ ਨਾ ਘਰਦਿਆਂ ਨੇ ਤੋਰੀ ਯਾਰ ਤੈਨੂੰ ਕੱਢਕੇ ਲੈ ਜਾਊਗਾ”। ਬੱਸਾਂ ਵਿੱਚ, ਵਿਆਹ-ਸ਼ਾਦੀਆਂ ਵਿੱਚ ਗੱਲ ਕੀ ਹਰ ਪ੍ਰੋਗਰਾਮ ਵਿੱਚ ਇਹੋ ਜਿਹਾ ਸਭਿਆਚਾਰ ਹੀ ਪਰੋਸਿਆ ਜਾ ਰਿਹਾ ਹੈ, ਜਿਸਦੇ ਕਰਨ ਸਾਡੀਆਂ ਕਦਰਾਂ-ਕੀਮਤਾਂ ਗੁਆਚ ਰਹੀਆਂ ਹਨ। ਇਸਤ੍ਰੀ ਦਾ ਹਰ ਰੂਪ ਵਿੱਚ ਜੋ ਸਤਿਕਾਰ ਹੋਣਾ ਚਾਹੀਦਾ ਹੈ ਓਹ ਦਿਨੋ ਦਿਨ ਘੱਟ ਰਿਹਾ ਹੈ, ਤੇ ਔਰਤ ਵੀ ਇਸ ਵਹਿਣ ਵਿੱਚ ਵਹਿੰਦੀ ਜਾ ਰਹੀ ਹੈ। ਜੇ ਮਰਦ ਨੇ ਚਾਹਿਆ ਤਾਂ ਸਟੇਜ ਤੇ ਅੱਧ ਨੰਗੀ ਹੋ ਕੇ ਨੱਚਣ ਲੱਗ ਪਈ, ਮਾਡਲ ਬਣਕੇ ਆਪਣੇ ਜਿਸਮ ਦੀ ਨੁਮਾਇਸ਼ ਕਰਨ ਲੱਗ ਪਈ। ਆਮ ਘਰਾਂ ਦੀਆਂ ਬੀਬੀਆਂ ਵੀ ਟੀ.ਵੀ. ਸਭਿਆਚਾਰ ਦੀ ਲਪੇਟ ਵਿੱਚ ਆ ਕੇ ਗੁਰਮਤਿ ਅਤੇ ਗੁਰਬਣੀ ਨੂੰ ਪਿੱਠ ਦੇਈ ਜਾ ਰਹੀਆਂ ਹਨ। ਭੜਕੀਲੇ ਹਾਰ-ਸ਼ਿੰਗਾਰ ਤੇ ਪਹਿਰਾਵੇ ਪਹਿਨਣ ਵਿੱਚ ਹੀ ਆਧੁਨਿਕਤਾ ਸਮਝੀ ਜਾ ਰਹੀ ਹੈ। ਆਪਣੀਆਂ ਬੇਟੀਆਂ ਨੂੰ ਸ਼ੋ-ਪੀਸ ਦੀ ਤਰ੍ਹਾਂ ਸਜਣ ਵਾਲੀਆਂ ਗੁੱਡੀਆਂ ਬਣਾਇਆ ਜਾ ਰਿਹਾ ਹੈ। ਗੰਦੇ ਗੀਤਾਂ ਉੱਪਰ ਥਿਰਕਿਆ ਜਾ ਰਿਹਾ ਹੈ, ਸ਼ਰਾਬਾਂ ਪੀਤੀਆਂ ਜਾ ਰਹੀਆਂ ਹਨ। ਇਸ ਵਰਤਾਰੇ ਨੂੰ ਦੇਖਕੇ ਇੰਝ ਲਗਦਾ ਕਿ ਸੱਚੀ! ਜੋ ਇਤਹਾਸ ਵਿੱਚ ਬੀਬੀਆਂ ਦੇ ਮਹਾਨ ਕਾਰਨਾਮੇ ਪੜ੍ਹਨ ਨੂੰ ਮਿਲਦੇ ਹਨ ਉਨ੍ਹਾਂ ਕੀਤੇ ਹੋਣਗੇ। ਅੱਜ ਦੀਆਂ ਬੀਬੀਆਂ ਨੂੰ ਦੇਖਕੇ ਲਗਦਾ ਹੈ ਸ਼ਾਇਦ ਕਹਾਣੀਆਂ ਹੀ ਹੋਣਗੇ।

ਅੱਜ ਜਰੂਰਤ ਹੈ ਕਿ ਗੈਰਤਮੰਦ ਬਣੀਏ। ਆਪ ਵੀ ਸਿੱਖੀ ਗੁਣਾਂ ਨਾਲ ਲਬਰੇਜ਼ ਹੋਈਏ ਤੇ ਆਪਣੇ ਬੱਚਿਆਂ ਨੂੰ ਵੀ ਧਰਮ ਦਾ ਪਾਠ ਪੜ੍ਹਾਈਏ। ਸ਼ੀਲਵੰਦ ਪਹਿਰਾਵਾ, ਉੱਚੀ-ਸੁੱਚੀ ਸੋਚ, ਵਧੀਆ ਸਲੀਕੇਦਾਰ ਬੋਲਬਾਣੀ ਹਰ ਧੀ ਨੂੰ ਜਰੂਰ ਸਿਖਾਓ ਜੀ। ਕਿਓਂਕਿ ਬੇਟੀ ਇਹ ਸ਼ੁਭ ਗੁਣ ਗ੍ਰਹਿਣ ਕਰਕੇ ਅਗੋਂ ਕਈ ਪਰਿਵਾਰਾਂ ਵਿੱਚ ਵੰਡੇਗੀ। ਕੇਸਾਂ ਅਤੇ ਰੋਮਾਂ ਦੀ ਬੇਅਦਬੀ ਆਪ ਕਰਨੋ ਹਟੀਏ ਤੇ ਬੱਚਿਆਂ ਨੂੰ ਵੀ ਦੱਸੀਏ ਕਿ ਕੇਸ ਗੁਰੂ ਦੀ ਮੋਹਰ ਹਨ। ਇਨ੍ਹਾਂ ਨੂੰ ਕੱਟਣਾ ਨਹੀਂ ਕਿਓਂਕਿ ਸਾਡੇ ਲਈ ਇਹ ਕਤਲ ਕਰਨ ਬਰਾਬਰ ਪਾਪ ਹੈ।

ਸੋ ਬੀਬੀਆਂ ਨੇ ਜਿੱਥੇ ਆਪਣੇ ਬਣਦੇ ਹੱਕਾਂ ਪ੍ਰਤੀ ਸੁਚੇਤ ਹੋਣਾ ਹੈ ਉੱਥੇ ਫਰਜ਼ ਵੀ ਨਿਭਾਉਣੇ ਜਰੂਰੀ ਹਨ। ਆਪ ਵੀ ਗੁਰੂ ਨਾਲ ਜੁੜਕੇ ਗੁਰਮਤਿ ਲਹਿਰ ਦਾ ਹਿੱਸਾ ਬਣੀਏ ਤੇ ਆਪਣੇ ਵਰਗੀਆਂ ਹੋਰ ਭੈਣਾਂ ਵੀ ਤਿਆਰ ਕਰੀਏ ਤਾਂ ਜੋ ਇਹ ਕਾਫਲਾ ਹੋਰ ਵੱਡਾ ਹੋਰ ਵੱਡਾ ਹੁੰਦਾ ਜਾਵੇ।

ਸੁਖਵਿੰਦਰ ਅਮ੍ਰਿਤ ਦੀਆਂ ਕੁਝ ਲਾਇਨਾਂ ਮੈਨੂੰ ਯਾਦ ਆ ਰਹੀਆਂ ਜੋ ਮੈਂ ਆਪਣੀਆਂ ਭੈਣਾਂ ਨੂੰ ਕਹਿਣਾ ਚਾਹਾਂਗੀ। ਜੋ ਆਪਣੇ ਆਪ ਨੂੰ ਕਮਜ਼ੋਰ ਸਮਝਦੀਆਂ ਨੇ, ਬੇਬਸ ਮੰਨਦੀਆਂ ਨੇ :-

ਤੂੰ ਇਨ੍ਹਾਂ ਸ਼ਿਕਰਿਆ ਦੇ ਵਾਸਤੇ ਬਣਕੇ ਚਨੌਤੀ ਰਹਿ, ਝੁਕੇ ਕਿਓਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਓਂ ਹੋਵੇ।
ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪਰਵਾਨ ਹੈ ਏਥੇ , ਤੇਰਾ ਹਰ ਰੋਸ ਹਰ ਸੁਪਨਾ ਨਜਰ ਅੰਦਾਜ਼ ਕਿਓਂ ਹੋਵੇ।
ਸਿਤਮਗਰ ਤੇ ਤਰਸ ਕਾਹਦਾ ਤੂੰ ਰੱਖਦੇ ਵਿੰਨਕੇ ਉਸਨੂੰ, ਸਦਾ ਤੂੰ ਹੀ ਨਿਸ਼ਾਨਾ ਉਹ ਨਿਸ਼ਾਨੇਬਾਜ਼ ਕਿਓਂ ਹੋਵੇ।
ਮਰ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨਿਆ ਤੇ ਕਿਸੇ ਦਾ ਰਾਜ ਕਿਓਂ ਹੋਵੇ।

ਪਰ ਯਾਦ ਰੱਖੀ ਭੈਣ ਮੇਰੀਏ ! ਬਗਾਵਤ ਗਲਤ ਕਦਰਾਂ-ਕੀਮਤਾਂ ਪ੍ਰਤੀ ਹੋਵੇ, ਤੇਰੇ ਕੀਤੇ ਜਾ ਰਹੇ ਸ਼ੋਸ਼ਣ ਪ੍ਰਤੀ ਹੋਵੇ। ਕਿਤੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਮੂੰਹ ਨਾ ਮੋੜ ਲਵੀਂ ਫਿਰ ਕਿਸੇ ਪਾਸੇ ਯੋਗੀ ਨਹੀਂ ਰਹੇਂਗੀ। ਇਹ ਓਹ ਵਿਚਾਰਧਾਰਾ ਜਿਸ ਤੋਂ ਸਿਖਿਆ ਲੈਕੇ ਤੇਰਾ ਸਤਿਕਾਰ ਹੋਇਆ ਮਰਦ ਜ਼ਾਤ ਵਲੋਂ। ਅੱਜ ਫਿਰ ਉਹੀ ਗਿਆਨ ਦੀ ਖੜਗ ਆਪਣੇ ਹੱਥ ਵਿੱਚ ਲੈ, ਆਪ ਜਾਗ ਤੇ ਦੂਜਿਆਂ ਨੂੰ ਜਗਾ, ਬਸ ਕਹਿ ਕਿ :-
ਮੈਂ ਆਪਣੇ ਨਰਮ ਪੈਰਾਂ ਵਿਚੋਂ ਜੰਜ਼ੀਰ ਲਾਹ ਦਿੱਤੀ ਹੈ, ਕਿ ਨਾਮਨਜੂਰ ਦਸਤੂਰਾਂ ਨੂੰ ਛਿੱਕੇ ਟੰਗਦੀ ਹਾਂ ਮੈਂ।
ਜੁਗਾਂ ਦੀ ਗਰਦ ਦੇ ਹੇਠਾਂ ਦੱਬੀ ਨੂੰ ਯਾਦ ਆਇਆ, ਕਿ ਊਸ਼ਾ ਪਹੁ-ਫੁਟਾਲੇ ਦੀ ਤੇ ਲਾਲੀ ਸੰਝ ਦੀ ਹਾਂ ਮੈਂ।

ਨਵਦੀਪ ਕੌਰ ਯੂ.ਕੇ.

ਖਾਲਸਾ ਅਖਬਾਰ – ਅੰਕ 6 ਵਿਚੋਂ , ਪੂਰਾ ਮੈਗਜ਼ੀਨ ਪੜ੍ਹਨ ਜਾਂ ਡਾਉਨਲੋਡ ਕਰਨ ਲਈ ਕਲਿਕ ਕਰੋ ; ਗੁਰਮਤਿ ਅਤੇ ਔਰਤ (PDF)

 

Previous articleਜਦੋਂ ਨਿਹੰਗਾਂ ਨੂੰ ਅਖੌਤੀ ਦਸਮ ਗ੍ਰੰਥ ਚੁਕਣਾ ਪਿਆ !!
Next articleਔਰਤਾਂ ਤੇ ਜ਼ੁਲਮਾਂ ਦੀ ਦਾਸਤਾਨ
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?