ਛੱਡੋ, ਫੁੱਲ ਚੁਗਣੇ ਤੇ ਗੰਗਾ/ਪਾਤਾਲਪੁਰੀ ਪਾਉਣੇ !

0
11

A A A

davinder s

ਸਿੱਖੋ ! ਹੁਣ ਫ਼ੈਸਲਾ ਤੁਹਾਡੇ ਹੱਥ ਹੈ|

ਬਜ਼ੁਰਗਾਂ ਨੂੰ ਆਪਣੇ ਮਰਨ ਉਪਰੰਤ, ਆਪਣੇ ਫੁੱਲ ਗੰਗਾ/ਪਾਤਾਲਪੁਰੀ ਪਵਾਉਣ ਦਾ ਕਿੰਨਾ ਫਿਕਰ ਹੁੰਦਾ ਹੈ, ਇਸ ਬਾਰੇ ਦੱਸਣਾ ਚਾਹੁੰਦਾ ਹਾਂ|

ਬਜ਼ੁਰਗਾਂ ਨੂੰ ਆਪਣੇ ਮਰਨ ਉਪਰੰਤ, ਆਪਣੇ ਫੁੱਲ ਗੰਗਾ/ਪਾਤਾਲਪੁਰੀ ਪਵਾਉਣ ਦਾ ਕਿੰਨਾ ਫਿਕਰ ਹੁੰਦਾ ਹੈ, ਇਸ ਬਾਰੇ ਦੱਸਣਾ ਚਾਹੁੰਦਾ ਹਾਂ| ਇਕ ਦਿਨ, ਘਰ ਵਿਚ ਸਾਰੇ ਬੈਠੇ ਸਨ| ਜਿਨ੍ਹਾਂ ਵਿਚ ਮੇਰੀ ਮਾਤਾ, ਮੇਰੀ ਮਾਸੀ ਅਤੇ ਮੇਰੀ ਸੱਸ ਵੀ ਸੀ| ਮੇਰੀ ਮਾਤਾ ਅਤੇ ਮਾਸੀ, ਮੇਰੀ ਸੱਸ ਨਾਲ ਆਪਸ ਵਿਚ ਗੱਲਾਂ ਕਰ ਰਹੀਆਂ ਸਨ| ਅਚਾਨਕ, ਮੈਂ ਸਾਰਿਆਂ ਨੂੰ ਹਸਾਉਣ ਲਈ ਆਪਣੀ ਸੱਸ ਨੂੰ ਕਿਹਾ, “ਬੇਬੇ! ਜਦੋਂ ਤੂੰ ਚਲਾਣਾ ਕਰ ਗਈ ਤਾਂ ਮੈਂ, ਤੇਰਾ ਸਸਕਾਰ ਕਰਨ ਉਪਰੰਤ, ਹੋਰ ਕੋਈ ਵੀ ਰੀਤੀ-ਰਿਵਾਜ ਨਹੀਂ ਕਰਨਾ| ਰਿਸ਼ਤੇਦਾਰਾਂ ਨੂੰ ਬਾਰ-ਬਾਰ ਆਉਣ-ਜਾਣ ਦੀ ਪ੍ਰੇਸ਼ਾਨੀ ਤੋਂ ਬਚਾਉਣ ਲਈ, ਨਾ ਮੈਂ ਤੇਰੇ ਫੁੱਲ ਚੁਗਣੇ, ਨਾ ਹੀ ਗੰਗਾ/ਪਾਤਾਲਪੁਰੀ ਪਾਉਣੇ ਅਤੇ ਨਾ ਹੀ ਤੇਰਾ ਭੋਗ ਪਾਉਣਾ ਹੈ|” 
ਮੇਰੀਆਂ ਗੱਲਾਂ ਸੁਣ ਕੇ ਮੇਰੀ ਸੱਸ ਝੱਟ ਕਹਿਣ ਲੱਗੀ, “ਸਾਊ! ਜੇ ਤੂੰ ਇਸ ਤਰ੍ਹਾਂ ਕਰੇਂਗਾ ਤਾਂ ਮੈਂ ਮਰਨ ਤੋਂ ਪਹਿਲਾਂ ਹੀ ਆਪਣੇ ਘਰ ਜਾਂ ਆਪਣੇ ਭਾਈ ਕੋਲ ਚਲੀ ਜਾਵਾਂਗੀ|” ਇਹ ਗੱਲ ਸੁਣ ਕੇ ਸਾਰੇ ਉੱਚੀ-ਉੱਚੀ ਹੱਸਣ ਲੱਗ ਪਏ| 

ਇਹ ਹਾਸੇ ਵਾਲੀ ਗੱਲ ਪੜ੍ਹ ਕੇ, ਤੁਸੀਂ ਖੁਦ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਬਜ਼ੁਰਗ ਅੱਜ ਦੇ ਵਿਗਿਆਨਕ  ਯੁੱਗ ਵਿਚ ਵੀ, ਸਦੀਆਂ ਪੁਰਾਣੀਆਂ ਅਤੇ ਖੋਖਲੀਆਂ ਰੀਤਾਂ-ਰਸਮਾਂ ਨਾਲ ਕਿਵੇਂ ਜਕੜੇ ਹੋਏ ਹਨ ਅਤੇ ਕਿਸੇ ਵੀ ਕੀਮਤ ਉਤੇ ਉਨ੍ਹਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ| 
ਜੇਕਰ ਸਮਾਜ ਵਿਚ ਨਜ਼ਰ ਮਾਰ ਕੇ ਦੇਖਿਆ ਜਾਵੇ ਤਾਂ ਅੱਜ ਲੱਗਭਗ ਸਾਰੇ ਪ੍ਰਵਾਰਾਂ ਵਿਚ ਜਨਮ ਤੋਂ ਲੈ ਕੇ ਮੌਤ ਤਕ ਮਾਤਾ-ਪਿਤਾ ਦੀ ਕਰਮ-ਕਾਂਡਾਂ ਵਾਲੀ ਸਿੱਖਿਆ ਨੂੰ ਹੀ  ਅਪਨਾਇਆ ਜਾ ਰਿਹਾ ਹੁੰਦਾ ਹੈ| ਇਸ ਦੇ ਉਲਟ, ਮਨੁੱਖਤਾ ਦਾ ਭਲਾ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਸਿੱਖਿਆ ਅਤੇ ਸੱਚ ਨੂੰ ਪ੍ਰਵਾਰਾਂ ਵਿਚ ਲਾਗੂ ਹੋਣ ਤੋਂ ਪੂਰੀ ਤਰ੍ਹਾਂ ਰੋਕਿਆ ਜਾ ਰਿਹਾ ਹੁੰਦਾ ਹੈ|

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ, ਕੀ ਅੱਜ ਦੇ ਵਿਗਿਆਨਕ ਯੁੱਗ ਵਿਚ ਬਜ਼ੁਰਗਾਂ ਦੀ ਕਰਮ-ਕਾਂਡਾਂ ਵਾਲੀ ਸੋਚ ਨੂੰ ਜਿਉਂ ਦਾ ਤਿਉਂ ਅਪਣਾ ਕੇ ਸਮਾਜ ਵਿਚ ਅਗਿਆਨਤਾ ਦਾ ਅੰਧਕਾਰ ਫ਼ੈਲਾਉਣਾ ਹੈ ਜਾਂ ਗੁਰਬਾਣੀ ਸਿੱਖਿਆ ਅਤੇ ਸੱਚ ਨੂੰ ਅਪਣਾ ਕੇ ਸਮਾਜ ਵਿਚ ਗਿਆਨ ਦੀ ਰੋਸ਼ਨੀ ਫ਼ੈਲਾਉਣੀ ਹੈ?

ਫ਼ੈਸਲਾ ਕਰਨ ਤੋਂ ਪਹਿਲਾਂ ਹੇਠ ਲਿਖੇ ਸਵਾਲਾਂ-ਜਵਾਬਾਂ ਨੂੰ ਚੰਗੀ ਤਰ੍ਹਾਂ ਸੋਚ-ਵਿਚਾਰ  ਲੈਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਮਨੁੱਖ ਧਰਮ ਦੇ ਨਾਂ ਉਤੇ ਸਦੀਆਂ ਪੁਰਾਣੀਆਂ ਅਤੇ ਖੋਖਲੀਆਂ ਰੀਤਾਂ-ਰਸਮਾਂ ਰਾਹੀਂ, ਪੜ੍ਹੇ-ਲਿਖੇ ਲੋਕਾਂ ਨੂੰ ਮੂਰਖ਼ ਨਾ ਬਣਾ ਸਕੇ :-

ਪਹਿਲਾ ਸਵਾਲ: ਮ੍ਰਿਤਕ ਪ੍ਰਾਣੀ ਦਾ ਸਸਕਾਰ ਕਰਨ ਉਪਰੰਤ, ਉਸ ਦੀ ਬਚੀਆਂ-ਖੁਚੀਆਂ ਹੱਡੀਆਂ ਨੂੰ ਲੋਕ ਫੁੱਲ ਕਿਉਂ ਕਹਿੰਦੇ ਹਨ?
ਜਵਾਬ: ਮ੍ਰਿਤਕ ਪ੍ਰਾਣੀ ਦਾ ਸਰੀਰ, ਆਕਾਰ ਅਤੇ ਵਜ਼ਨ ਕਰਕੇ ਵੱਡਾ ਅਤੇ ਭਾਰਾ ਹੁੰਦਾ ਹੈ| ਪਰ ਸਾੜਣ ਉਪਰੰਤ ਉਸ ਦਾ ਸਾਰਾ ਸਰੀਰ ਸੜ ਕੇ,  ਫੁੱਲ ਵਾਂਗ ਹਲਕਾ ਹੋ ਜਾਂਦਾ ਹੈ| ਹੱਥਾਂ-ਪੈਰਾਂ ਦੀਆਂ ਉਂਗਲਾਂ ਦੀਆਂ ਹੱਡੀਆਂ ਜੋ ਸੜਣ ਤੋਂ ਬਚ ਜਾਂਦੀਆ ਹਨ, ਲੋਕ ਉਨ੍ਹਾਂ ਹੱਡੀਆਂ ਨੂੰ ਇਸੇ ਕਰਕੇ ਫੁੱਲ ਕਹਿੰਦੇ ਹਨ| ਪਰ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੇ ਇਨ੍ਹਾਂ ਹੱਡੀਆਂ ਨੂੰ ਧਰਮ-ਕਰਮ ਨਾਲ ਜੋੜ ਕੇ ਮਨੁੱਖਤਾ ਨੂੰ ਅਗਿਆਨਤਾ ਵਿਚ ਪਾ ਕੇ ਲੁੱਟਣ ਦਾ ਰਾਹ ਤਿਆਰ ਕਰ ਲਿਆ ਸੀ| ਇਹ  ਲੁੱਟਣ ਦਾ ਸਿਲਸਿਲਾ ਸਦੀਆਂ ਤੋਂ ਲੈ ਕੇ ਹੁਣ ਤਕ ਲਗਾਤਾਰ ਚਲਿਆ ਆ ਰਿਹਾ ਹੈ| 

ਦੂਜਾ ਸਵਾਲ: ਲੋਕ ਜਿਸ ਮੁਰਦਾ ਪ੍ਰਾਣੀ ਦੇ ਫੁੱਲ (ਹੱਡੀਆਂ) ਨੂੰ ਗੰਗਾ(ਹਰਿਦੁਆਰ)/ਪਾਤਾਲਪੁਰੀ(ਕੀਰਤਪੁਰ) ਵਿਚ ਪਾਉਣ ਜਾਂਦੇ ਹਨ,  ਕੀ ਮੁਰਦੇ ਦੀ ਆਤਮਾ ਉਨ੍ਹਾਂ ਨਾਲ ਬੱਸਾਂ, ਕਾਰਾਂ ਜਾਂ ਗੱਡੀਆਂ ਵਿਚ ਸਫ਼ਰ ਕਰਦੀ ਹੈ? 
ਜਵਾਬ: ਨਹੀਂ ਜੀ| ਅਕਸਰ ਦੇਖਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਫੁੱਲ ਪਾਉਣ ਜਾਂਦਾ ਹੈ ਤਾਂ  ਮ੍ਰਿਤਕ (ਬਾਪੂ, ਬੇਬੇ ਜਾਂ ਹੋਰ….) ਨੂੰ ਆਵਾਜ਼ ਮਾਰ ਕੇ ਜਾਂ ਨਾਂ ਲੈ ਕੇ ਉਸ ਨੂੰ ਬੱਸ ਜਾਂ ਗੱਡੀ ਵਿਚ ਚੜ੍ਹਣ ਲਈ ਕਹਿੰਦੇ ਹਨ ਤਾਂ ਜੋ ਮ੍ਰਿਤਕ  ਉਸ ਨਾਲ ਸਫ਼ਰ ਕਰ ਸਕੇ| ਲੋਕ ਮ੍ਰਿਤਕ ਦੀ ਟਿਕਟ ਕਟਾ ਕੇ, ਉਸ ਦੀ  ਸੀਟ ਸਾਰੇ ਰਸਤੇ ਖ਼ਾਲੀ ਰੱਖਦੇ ਹਨ| ਇਸ ਤਰ੍ਹਾਂ ਕਿਸੇ ਹੋਰ ਸਵਾਰੀ ਨੂੰ ਉਸ ਖ਼ਾਲੀ ਸੀਟ ਤੇ ਬੈਠਣ ਨਹੀਂ ਦਿੰਦੇ| ਅੰਧ-ਵਿਸ਼ਵਾਸੀ ਲੋਕ ਇਹ ਸਮਝਦੇ  ਹਨ ਕਿ ਮ੍ਰਿਤਕ ਦੀ ਆਤਮਾ ਉਨ੍ਹਾਂ ਨਾਲ ਸਫ਼ਰ ਕਰ ਰਹੀ ਹੈ| ਅਜਿਹੇ ਪਖੰਡ ਕਰਨ ਵਾਲੇ ਲੋਕ ਦੱਸਣ,ਉਨ੍ਹਾਂ ਕੋਲ ਆਤਮਾ ਨੂੰ ਦੇਖਣ ਵਾਲਾ  ਕਿਹੜਾ ਜੰਤਰ ਹੈ? 
ਸੋਚਣ ਵਾਲੀ ਗੱਲ ਇਹ ਹੈ ਕਿ ਪਹਿਲਾਂ ਤਾਂ ਲੋਕ ਮੁਰਦਾ ਵਿਅਕਤੀ ਦੀ ਆਤਮਾ  ਨੂੰ ਗੁਰੂ ਚਰਨਾਂ ਜਾਂ ਸਵਰਗਾਂ ਵਿਚ ਜਾਣ ਦਾ ਸਿੱਧਾ ਸਰਟੀਫਿਕੇਟ ਦੇ ਦਿੰਦੇ ਹਨ ਅਤੇ ਫਿਰ ਮੁਰਦੇ ਨੂੰ ਸਾੜਣ ਉਪਰੰਤ ਉਸ ਨੂੰ ਆਵਾਜ਼ਾਂ ਮਾਰ ਕੇ ਸਫ਼ਰ ਕਰਾਉਣ ਦਾ ਪਖੰਡ ਕਰਦੇ ਹਨ| ਲੋਕਾਂ ਦੀ ਕਿਹੜੀ ਗੱਲ ਠੀਕ ਮੰਨੀ  ਜਾਵੇ? ਕੀ ਪਹਿਲਾਂ ਉਨ੍ਹਾਂ ਨੇ ਗੁਰੂ ਚਰਨਾਂ ਜਾਂ ਸਵਰਗਾਂ ਵਿਚ ਜਾਣ ਦਾ ਝੂਠਾ ਲਾਰਾ ਲਾਇਆ ਸੀ? ਕੀ ਬਾਅਦ ਵਿਚ ਮੁਰਦਾ ਵਿਅਕਤੀ ਦੀ ਆਤਮਾ,  ਗੁਰੂ ਚਰਨਾਂ ਜਾਂ ਸਵਰਗਾਂ ਵਿਚੋਂ ਇਹ ਦੇਖਣ ਲਈ ਭੱਜ ਆਉਂਦੀ ਹੈ ਕਿ ਉਸ ਦੀਆਂ ਹੱਡੀਆਂ ਨੂੰ ਗੰਗਾ/ਪਾਤਾਲਪੁਰੀ ਵਿਚ ਪਾਇਆ ਜਾ ਰਿਹਾ ਹੈ ਜਾਂ ਨਹੀਂ? 

ਤੀਜਾ ਸਵਾਲ: ਕੀ ਗੰਗਾ/ਪਾਤਾਲਪੁਰੀ ਜਾਂ ਹੋਰ ਥਾਵਾਂ ਤੇ ਹੱਡੀਆਂ ਪਾਉਣ ਨਾਲ ਮ੍ਰਿਤਕ ਦੀ ਗਤੀ ਜਾਂ ਮੁਕਤੀ  ਹੋ ਜਾਂਦੀ ਹੈ?
ਜਵਾਬ: ਨਹੀਂ ਜੀ| ਲੋਕਾਂ ਦਾ ਇਹ ਭਰਮ ਹੈ ਕਿ ਇਨ੍ਹਾਂ ਥਾਵਾਂ ਤੇ ਹੱਡੀਆਂ ਪਾਉਣ ਨਾਲ ਮ੍ਰਿਤਕ ਦੀ ਮੁਕਤੀ ਜਾਂ ਗਤੀ ਹੋ ਜਾਂਦੀ ਹੈ| ਪਰ ਲੋਕਾਂ ਦਾ ਇਹ ਕੇਵਲ ਇਕ ਭੁਲੇਖ਼ਾ ਹੀ ਹੁੰਦਾ ਹੈ|ਅਸਲ ਵਿਚ ਮ੍ਰਿਤਕ  ਦੀ ਗਤੀ ਹੋਣ ਦੀ ਥਾਂ ਮ੍ਰਿਤਕ ਦੇ ਪ੍ਰਵਾਰ ਦੀ ਧਰਮ ਦੇ ਨਾਂ ਤੇ ਲੁੱਟਣ ਦੀ ਗਤੀ  ਜ਼ਰੂਰ ਤੇਜ਼ ਹੋ ਜਾਂਦੀ ਹੈ| ਹੱਡੀਆਂ ਪੱਥਰ ਦੀ ਨਿਆਈਂ ਹੁੰਦੀਆਂ ਹਨ ਜੋ ਪਾਣੀ ਵਿਚ ਸੁੱਟਣ ਸਮੇਂ ਡੂੰਘੇ ਪਾਣੀ ਵਿਚ ਡੁੱਬ ਜਾਂਦੀਆਂ ਹਨ| ਜਿਵੇਂ ਪੱਥਰ ਨੂੰ ਪਾਣੀ ਵਿਚ ਸੁੱਟਣ ਨਾਲ ਪੱਥਰ ਨੂੰ ਕੋਈ ਲਾਭ ਨਹੀਂ ਹੁੰਦਾ, ਉਸੇ ਤਰ੍ਹਾਂ ਹੱਡੀਆਂ ਨੂੰ ਪਾਣੀ ਵਿਚ ਸੁੱਟਣ ਨਾਲ ਹੱਡੀਆਂ ਨੂੰ ਕੋਈ ਵੀ ਲਾਭ ਨਹੀਂ ਹੁੰਦਾ|
ਗੁਰਬਾਣੀ ਸਿੱਖਿਆ ਅਨੁਸਾਰ ਤਾਂ ਜਿਉੂਂਦਾ ਮਨੁੱਖ ਵੀ  ਇਨ੍ਹਾਂ ਥਾਵਾਂ ਤੇ ਨਹਾ ਕੇ ਮੁਕਤੀ ਜਾਂ ਗਤੀ ਪ੍ਰਾਪਤ ਨਹੀਂ ਕਰ ਸਕਦਾ| ਦੱਸੋ, ਮੁਰਦੇ ਦੀਆਂ ਹੱਡੀਆਂ ਕਿਵੇਂ ਗਤੀ ਪ੍ਰਾਪਤ ਕਰ ਸਕਦੀਆਂ ਹਨ? ਗੁਰਬਾਣੀ ਦਾ ਫ਼ੁਰਮਾਨ ਹੈ-
ਜਲ ਕੈ ਮਜਨਿ ਜੇ ਗਤਿ ਹੋਵੈ  ਨਿਤ ਨਿਤ ਮੇਂਡੁਕ ਨਾਵਹਿ||
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ||  (ਗੁ.ਗ੍ਰੰ.ਸਾ.ਪੰਨਾ-484)

ਅਰਥ: ਜੇ ਪਾਣੀ ਵਿਚ ਚੁੱਭੀ ਲਾਇਆਂ ਮੁਕਤੀ ਮਿਲ ਸਕਦੀ ਹੈ ਤਾਂ ਡੱਡੂਆਂ ਨੂੰ ਮੁਕਤੀ ਕਿਉਂ ਨਹੀਂ ਮਿਲੀ ਕਿਉਂਕਿ ਉਹ ਸਦਾ ਹੀ ਪਾਣੀ ਵਿਚ ਨਹਾਉਂਦੇ ਹਨ? ਜਿਵੇਂ ਡੱਡੂ ਹਨ, ਤਿਵੇਂ ਹੀ ਉਹ ਲੋਕ ਸਮਝੋ ਜੋ ਮੁਕਤੀ ਭਾਲਦੇ ਹਨ| ਸਦੀਵੀ ਸੱਚ ਦੀ ਪ੍ਰਾਪਤੀ ਬਿਨਾਂ ਮਨੁੱਖ ਵੀ ਡੱਡੂਆਂ ਦੀਆਂ ਜੂਨਾਂ ਵਾਂਗ ਹੀ ਭਟਕਦਾ ਸਮਝੋ| 

ਚੌਥਾ ਸਵਾਲ: ਪਾਤਾਲਪੁਰੀ (ਕੀਰਤਪੁਰ), ਡੇਰਾ ਬਾਬਾ ਨਾਨਕ (ਕਰਤਾਰਪੁਰ) ਜਾਂ ਗੋਇੰਦਵਾਲ ਆਦਿ ਥਾਵਾਂ ਤੇ ਜਿਹੜੇ  ਗੁਰਦੁਆਰੇ ਉਸਾਰੇ ਗਏ ਹਨ, ਕੀ ਉਹ ਮ੍ਰਿਤਕ ਸਿੱਖਾਂ ਦੀਆਂ ਹੱਡੀਆਂ ਨੂੰ ਮੁਕਤੀ ਦੇਣ ਲਈ ਉਸਾਰੇ ਗਏ ਹਨ?
ਜਵਾਬ: ਨਹੀਂ ਜੀ| ਅਕਸਰ ਸਿੱਖਾਂ ਨੂੰ ਇਹ ਕਹਿੰਦੇ ਸੁਣਿਆ ਗਿਆ ਹੈ ਕਿ ਸਿੱਖ ਨੂੰ ਪਹਿਲਾਂ ਗੰਗਾ (ਹਰਿਦੁਆਰ) ਜਾ ਕੇ ਫੁੱਲ (ਹੱਡੀਆਂ) ਪਾਉਣ ਲਈ ਦੂਰ ਜਾਣਾ ਪੈਂਦਾ ਸੀ|  ਪਰ ਬਾਅਦ ਵਿਚ ਸਿੱਖਾਂ ਨੂੰ ਦੂਰ ਜਾਣ ਦੀ ਸਮੱਸਿਆ ਤੋਂ ਬਚਾਉਣ ਲਈ, ਪੰਜਾਬ ਵਿਚ  ਹੀ ਪਾਤਾਲਪੁਰੀ (ਕੀਰਤਪੁਰ), ਡੇਰਾ ਬਾਬਾ ਨਾਨਕ (ਕਰਤਾਰਪੁਰ) ਅਤੇ ਗੋਇੰਦਵਾਲ ਆਦਿ ਥਾਵਾਂ ਤੇ  ਮ੍ਰਿਤਕ ਸਿੱਖਾਂ ਦੇ ਫੁੱਲ ਪਾਉਣ ਲਈ ਗੁਰਦੁਆਰੇ ਉਸਾਰੇ ਗਏ ਸਨ| 
ਇਹ ਮਨਘੜਤ ਗੱਲਾਂ ਉਨ੍ਹਾਂ ਲੋਕਾਂ ਨੇ ਬਣਾਈਆਂ ਹਨ, ਜਿਨ੍ਹਾਂ ਨੂੰ ਸਿੱਖੀ-ਸਿਧਾਂਤਾਂ ਦੀ ਸੋਝੀ ਨਹੀਂ ਜਾਂ ਫਿਰ ਸਿੱਖੀ ਭੇਖ ਵਿਚ ਸਿੱਖ-ਵਿਰੋਧੀ ਲੋਕ ਹਨ ਜੋ ਇਨ੍ਹਾਂ ਥਾਵਾਂ ਨੂੰ ਗੁਰਮਤਿ-ਵਿਰੋਧੀ ਕੰਮਾਂ ਲਈ ਵਰਤ ਕੇ ਭੋਲੇ-ਭਾਲੇ ਸਿੱਖਾਂ ਨੂੰ ਅਗਿਆਨਤਾ ਵਿਚ ਪਾ ਕੇ ਲੁੱਟ ਰਹੇ ਹਨ| ਯਾਦ ਰੱਖੋ, ਗੁਰਦੁਆਰੇ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕਰਨ ਵਾਸਤੇ ਹਨ ਨਾ ਕਿ ਸਿੱਖੀ-ਸਿਧਾਂਤਾਂ ਦੇ ਪ੍ਰਭਾਵ ਨੂੰ ਖ਼ਤਮ ਕਰਨ ਵਾਸਤੇ| 

ਪੰਜਵਾਂ ਸਵਾਲ: ਪਾਣੀ ਵਿਚ ਹੱਡੀਆਂ ਪਾਉਣ ਤੋਂ ਪਹਿਲਾਂ, ਕੀ ਅਰਦਾਸ ਕਰਨ ਨਾਲ ਮ੍ਰਿਤਕ ਪ੍ਰਾਣੀ ਨੂੰ ਮੁਕਤੀ ਮਿਲ ਜਾਂਦੀ ਹੈ? 
ਜਵਾਬ: ਨਹੀਂ ਜੀ| ਜੇਕਰ ਕਿਸੇ ਮ੍ਰਿਤਕ ਦੀ ਅਰਦਾਸ ਕਰਨ ਅਤੇ ਫੁੱਲ ਪਾਉਣ ਨਾਲ ਕਿਸੇ ਮਨੁੱਖ ਨੂੰ ਮੁਕਤੀ ਮਿਲ ਸਕਦੀ ਹੈ ਤਾਂ ਸਮਾਜ ਵਿਚ ਜ਼ੁਲਮ ਕਰਨ ਵਾਲੇ, ਹੇਰਾਫੇਰੀ, ਲੁੱਟ-ਘਸੁੱਟ ਅਤੇ ਧੋਖਾ ਕਰਨ ਵਾਲੇ, ਮਨੁੱਖ ਦੇ ਖਾਣ ਪਦਾਰਥਾਂ ਵਿਚ ਮਿਲਾਵਟਾਂ ਕਰਨ ਵਾਲੇ,  ਰਿਸ਼ਵਤਾਂ ਲੈਣ ਵਾਲੇ,ਬੇਇਨਸਾਫ਼ੀ ਕਰਨ ਵਾਲੇ, ਅਨੇਕਾਂ ਸਾਜਿਸ਼ਾ ਦੁਆਰਾ ਮਨੁੱਖਤਾ ਦਾ ਘਾਣ ਕਰਨ ਵਾਲੇ, ਲੋਕਾਂ ਦੀਆਂ ਧੀਆਂ/ਭੈਣਾਂ ਨਾਲ ਬਲਾਤਕਾਰ ਕਰਨ ਵਾਲੇ, ਨਸ਼ਿਆਂ ਦੁਆਰਾ ਲੋਕਾਂ ਦੇ ਜੀਵਨ ਨੂੰ ਬਰਬਾਦ ਕਰਨ ਵਾਲੇ ਅਤੇ ਧਰਮ ਦੇ ਨਾਂ ਤੇ ਮਨੁੱਖਤਾ ਨੂੰ ਲੁੱਟਣ ਵਾਲੇ  ਲੋਕਾਂ ਦੇ ਮਰਨ ਤੋਂ ਬਾਅਦ, ਉਨ੍ਹਾਂ ਦੀਆਂ ਹੱਡੀਆਂ ਨੂੰ ਵੀ ਗੰਗਾ/ਪਾਤਾਲਪੁਰੀ ਪਾਉਣ ਨਾਲ ਸਾਰਿਆਂ ਨੂੰ ਮੁਕਤੀ ਮਿਲ ਗਈ ਸਮਝੋ| ਜੇਕਰ ਅਜਿਹਾ ਹੋ ਸਕਦਾ ਹੈ ਤਾਂ ਥਾਂ-ਥਾਂ ਗੁਰਦੁਆਰੇ ਉਸਾਰਨ, ਗੁਰਬਾਣੀ ਪੜ੍ਹਣ, ਕੀਰਤਨ ਕਰਨ, ਖੰਡੇ-ਬਾਟੇ ਦੀ ਪਾਹੁਲ ਛਕਣ, ਪ੍ਰਭਾਤ ਫੇਰੀਆਂ ਜਾਂ ਨਗਰ ਕੀਰਤਨ ਕੱਢਣ, ਵੱਡੇ ਵੱਡੇ ਕੀਰਤਨ ਦਰਬਾਰ ਕਰਨ, ਗੁਰਪੂਰਬ ਮਨਾਉਣ ਅਤੇ ਗੁਰਦੁਆਰਿਆਂ ਵਿਚ ਸਵੇਰੇ ਸ਼ਾਮ ਨਿਤਨੇਮ ਕਰਨ ਦਾ ਕੀ ਮਨੋਰਥ ਹੁੰਦਾ ਹੈ?  
ਸਿੱਖ ਧਰਮ ਵਿਚ ਮ੍ਰਿਤਕ ਦੇ ਫੁੱਲ ਚੁਗਣ ਦੀ ਸਖ਼ਤ ਮਨਾਹੀ ਹੈ| ਇਸ ਲਈ ਹੱਡੀਆਂ ਦੀ ਮੁਕਤੀ ਲਈ ਅਰਦਾਸ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ| ਜਿਹੜੇ ਲੋਕ ਧਰਮ ਦੇ ਬੁਰਕੇ ਵਿਚ ਅਜਿਹੇ ਮਨੁੱਖਤਾ ਵਿਰੋਧੀ  ਲੋਕਾਂ ਨੂੰ ਮੁਕਤੀ ਦਿਵਾਉਣ ਦੀਆਂ ਅਰਦਾਸਾਂ ਕਰਦੇ ਹਨ ਅਤੇ ਲੋਕਾਂ ਨੂੰ ਅਗਿਆਨਤਾ ਵਿਚ ਪਾ ਕੇ ਲੁੱਟਦੇ ਹਨ, ਉਹ ਲੋਕ ਗੁਰਬਾਣੀ ਸਿੱਖਿਆ ਦੀ ਘੋਰ-ਉਲੰਘਣਾ  ਕਰਨ ਦੇ ਦੋਸ਼ੀ ਹਨ ਅਤੇ ਉਹ ਗੁਰਬਾਣੀ ਦੀ ਨਜ਼ਰਾਂ ਵਿਚ ਭੇਖੀ ਮਨੁੱਖ ਹਨ| ਯਾਦ ਰੱਖੋ,  ਅਜਿਹੇ ਲੋਕ ਮਨੁੱਖਤਾ ਦਾ ਕਦੇ ਵੀ ਭਲਾ ਨਹੀਂ ਕਰ ਸਕਦੇ|

ਛੇਵਾਂ ਸਵਾਲ:  ਕੀ ਕਿਸੇ ਮਨੁੱਖ ਨੇ ਮ੍ਰਿਤਕ ਦੇ ਫੁੱਲ (ਹੱਡੀਆਂ)  ਨੂੰ ਗੰਗਾ/ਪਾਤਾਲਪੁਰੀ ਜਾਂ ਹੋਰ ਥਾਵਾਂ ਤੇ ਪਾ  ਕੇ, ਉਸ ਨੇ ਮ੍ਰਿਤਕ ਪ੍ਰਾਣੀ ਦੀ ਗਤੀ ਜਾਂ ਮੁਕਤੀ  ਹੁੰਦੀ ਆਪਣੀਆਂ ਅੱਖਾਂ ਨਾਲ ਦੇਖੀ ਹੈ? 
ਜਵਾਬ: ਨਹੀਂ ਜੀ|  ਪਰ ਅਗਿਆਨਤਾ ਵਿਚ ਮੁਕਤੀ ਜਾਂ ਗਤੀ ਦੇ ਨਾਂ ਤੇ ਲੋਕਾਂ ਨੂੰ ਲੁੱਟਦਿਆਂ ਜ਼ਰੂਰ ਦੇਖਿਆ ਹੋਵੇਗਾ| ਗੁਰਬਾਣੀ ਮਨੁੱਖ ਨੂੰ ਜਿਊੁਂਦਿਆਂ ਹੀ ਮੁਕਤ ਹੋਣ ਦੀ ਸਿੱਖਿਆ ਦਿੰਦੀ ਹੈ ਤਾਂ ਜੋ  ਮੁਕਤ ਹੋਏ ਮਨੁੱਖ ਨੂੰ ਲੋਕ ਆਪਣੀਆਂ ਅੱਖਾਂ ਨਾਲ ਦੇਖ ਸਕਣ| ਗੁਰਬਾਣੀ ਦਾ ਫ਼ੁਰਮਾਨ ਹੈ:-
ਮੂਏ ਹੂਏ ਜਉ ਮੁਕਤਿ ਦੇਹੁਗੇ  ਮੁਕਤਿ ਨ ਜਾਨੈ ਕੋਇਲਾ|| (ਗੁ.ਗ੍ਰੰ.ਸਾ.ਪੰਨਾ-1292)
ਅਰਥ: ਹੇ ਪ੍ਰਮਾਤਮਾ! ਜੇ ਤੂੰ ਮੈਂਨੂੰ ਮਰਨ ਤੋਂ ਪਿਛੋਂ ਮੁਕਤੀ ਦਿੱਤੀ, ਤੇਰੀ ਦਿੱਤੀ ਹੋਈ ਮੁਕਤੀ  ਦਾ ਕਿਸੇ ਨੂੰ ਪਤਾ ਨਹੀਂ ਲਗਣਾ| ਇਸ ਲਈ ਮੈਂਨੂੰ ਜਿਊੁਂਦਿਆਂ ਹੀ ਵਿਕਾਰਾਂ ਤੋਂ ਖ਼ਲਾਸੀ ਦੇ ਤਾਂ ਜੋ  ਲੋਕ ਮੈਂਨੂੰ ਮੁਕਤ ਹੋਏ ਨੂੰ ਆਪਣੀਆਂ ਅੱਖਾਂ ਨਾਲ ਦੇਖ ਸਕਣ|

ਜਿਹੜੇ ਸਿੱਖ ਗੁਰਬਾਣੀ ਸਿੱਖਿਆ ਨੂੰ ਵਿਸਾਰ ਕੇ ਮਰਨ ਉਪਰੰਤ ਫੁੱਲ (ਹੱਡੀਆਂ) ਪਾਣੀ ਵਿਚ  ਪਾ ਕੇ ਮੁਕਤੀ ਭਾਲਦੇ ਫਿਰਦੇ ਹਨ| ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਜਿਊੁਂਦਿਆਂ ਹੀ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਪਖੰਡਾਂ, ਅੰਧ-ਵਿਸ਼ਵਾਸਾਂ, ਅਗਿਆਨਤਾ ਅਤੇ ਵਿਕਾਰਾਂ ਵਾਲੇ ਕੰਮਾਂ ਨੂੰ ਤਿਆਗ ਦੇਣ| ਸਿੱਖ ਲਈ ਇਹੋ ਮੁਕਤੀ ਹੈ, ਜਿਸ ਨੂੰ ਇਹ ਸਮਾਜ ਆਪਣੀਆਂ ਅੱਖਾਂ ਨਾਲ ਦੇਖ ਸਕਦਾ ਹੈ| ਜੇਕਰ ਸਿੱਖ ਅਜਿਹਾ ਨਹੀਂ ਕਰ ਸਕਦਾ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਪਾਣੀ ਵਿਚ ਹੱਡੀਆਂ ਪਾ ਕੇ ਮੁਕਤੀ ਜਾਂ ਗਤੀ  ਪ੍ਰਾਪਤ ਕਰਨ ਦੇ ਸੁਪਨੇ ਲੈਣੇ ਛੱਡ ਦੇਵੇ|

ਸੱਤਵਾਂ ਸਵਾਲ: ਧਰਮ, ਕੌਮ, ਦੇਸ਼ ਲਈ ਸ਼ਹੀਦ ਹੋਣ ਵਾਲਿਆਂ, ਸਾਜਿਸਾਂ ਜਾਂ  ਕੁਦਰਤੀ ਆਫ਼ਤਾਂ ਦੌਰਾਨ ਮਰਨ ਵਾਲਿਆਂ  ਦੇ ਮੁਰਦਾ ਸਰੀਰਾਂ ਦੇ ਸਸਕਾਰ ਕਿਸ ਨੇ ਕੀਤੇ? ਅਤੇ ਉਨ੍ਹਾਂ ਦੇ ਫੁੱਲ ਕਿਸ ਨੇ ਚੁਗੇ? ਜਿਵੇਂ ਕਿ:-
ੳ) 9 ਜੂਨ 1716 ਈ: ਨੂੰ ਮੁਗ਼ਲ ਹਕੂਮਤ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਉਸਦੇ 740 ਸਾਥੀ ਸਿੱਖਾਂ ਵਿਚੋਂ ਰੋਜ਼ 100-100 ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ| ਇਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦੇ ਚਾਰ ਸਾਲ ਦੇ ਲੜਕੇ ਅਤੇ ਉਸ ਦੀ ਪਤਨੀ ਨੂੰ ਸ਼ਹੀਦ ਕਰਨ ਉਪਰੰਤ, ਬੰਦਾ ਬਹਾਦਰ ਨੂੰ ਅਨੇਕਾਂ ਕਸ਼ਟ ਅਤੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਸੀ| ਉਨ੍ਹਾਂ ਸਾਰੇ ਸਿੱਖਾਂ ਦੇ ਮੁਰਦਾ ਸਰੀਰਾਂ ਨੂੰ ਕਾਵਾਂ, ਗਿਰਝਾਂ ਅਤੇ ਅਵਾਰਾ ਜਾਨਵਰਾਂ ਅੱਗੇ ਖਾਣ ਲਈ ਸੁੱਟ ਦਿੱਤਾ ਗਿਆ ਸੀ| ਮੁਗ਼ਲਾਂ ਦੇ ਜ਼ੁਲਮਾਂ ਕਾਰਣ ਸਿੱਖਾਂ ਦਾ ਸਸਕਾਰ ਵੀ ਨਾ ਹੋ ਸਕਿਆ| 
 ਅ)  ਜੂਨ 1746 ਈ: ਵਿਚ ਯਹੀਆਂ ਖਾਂ ਅਤੇ ਲਖਪਤ ਰਾਇ  ਦੀ ਕਮਾਨ ਹੇਠ ਅਬਦਾਲੀ ਦੀਆਂ ਫੌਜਾਂ ਨੇ ਕਾਹਨੂਵਾਨ ਦੇ ਜੰਗਲਾਂ ਵਿਚ 7000 ਸਿੱਖਾਂ ਨੂੰ ਘੇਰ ਕੇ ਸ਼ਹੀਦ ਕਰ ਦਿੱਤਾ ਸੀ|ਸਿੱਖਾਂ ਦੇ ਮ੍ਰਿਤਕ ਸਰੀਰ ਜੰਗਲੀ ਜਾਨਵਰ ਖਾ ਗਏ ਸਨ ਜਾਂ ਗਲ-ਸੜ ਗਏ ਸਨ| ਇਸ ਤੋਂ ਇਲਾਵਾ 3000 ਸਿੱਖਾਂ ਨੂੰ ਕੈਦ ਕਰਕੇ ਲਾਹੌਰ ਵਿਖੇ ਲਿਜਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ|ਸ਼ਹੀਦ ਸਿੱਖਾਂ ਦੇ ਸਰੀਰਾਂ ਨੂੰ ਇਕ ਮਸੀਤ ਦੀਆਂ ਕੰਧਾਂ ਥੱਲੇ ਦਬਾ ਦਿੱਤਾ ਗਿਆ ਸੀ|  ਸਿੱਖਾਂ ਦੀ ਇਸ ਸ਼ਹੀਦੀ ਨੂੰ  ਸਿੱਖ ਛੋਟਾ ਘੱਲੂਘਾਰਾ ਦੇ ਨਾਂ ਨਾਲ ਜਾਣਦੇ ਹਨ|
ੲ) 5 ਫਰਵਰੀ 1762 ਈ: ਨੂੰ ਅਚਾਨਕ ਅਬਦਾਲੀ ਦੀਆਂ ਫੌਜਾਂ ਨੇ  ਮਲੇਰਕੋਟਲੇ ਦੇ ਨੇੜੇ ਕੂਪ ਦੀ ਲੜਾਈ ਵਿਚ 30,000 ਸਿੱਖਾਂ ਨੂੰ ਇਕ ਦਿਨ ਵਿਚ ਹੀ ਸ਼ਹੀਦ ਕਰ ਦਿੱਤਾ ਸੀ| ਜਿਸ ਨੂੰ ਸਿੱਖ ਵੱਡਾ ਘੱਲੂਘਾਰਾ ਦੇ ਨਾਂ ਨਾਲ ਜਾਣਦੇ ਹਨ|
ਸ) ਚੀਨ ਅਤੇ ਪਾਕਿਸਤਾਨ ਦੀਆਂ ਲੜਾਈਆਂ ਦੌਰਾਨ ਦੁਸ਼ਮਣਾਂ ਵੱਲੋਂ ਸਾਡੇ ਦੇਸ਼ ਦੇ ਫ਼ੌਜੀ ਜਵਾਨਾਂ ਨੂੰ  ਤੋਪਾਂ ਦੇ ਗੋਲਿਆਂ ਅਤੇ ਬੰਬਾਂ ਨਾਲ ਉੱਡਾ ਦਿੱਤਾ ਗਿਆ ਸੀ| ਇਸ ਤਰ੍ਹਾਂ, ਉਨ੍ਹਾਂ ਦੇ ਸਰੀਰਾਂ ਦੇ ਚਿਥੜੇ ਮਿੱਟੀ ਦੀ ਧੂੜ ਵਿਚ ਦਬ ਕੇ ਰਹਿ ਗਏ ਸਨ|
ਹ) 1984 ਈ: ਵਿਚ ਭਾਰਤ ਦੇ ਵੱਡੇ ਵੱਡੇ ਸ਼ਹਿਰਾਂ ਜਾਂ ਪਿੰਡਾਂ ਵਿਚ ਸਿੱਖ ਵਿਰੋਧੀ ਲੋਕਾਂ ਨੇ ਇਕ ਸਾਜਿਸ਼ ਰਾਹੀਂ ਅਣਗਿਣਤ ਸਿੱਖਾਂ ਦਾ ਕਤਲੇਆਮ ਕਰ ਦਿੱਤਾ ਸੀ| ਕੁਦਰਤੀ ਆਫ਼ਤਾਂ ਦੌਰਾਨ ਨਿਕੋਬਾਰ ਵਿਚ ਸੁਨਾਮੀ ਲਹਿਰਾਂ ਕਾਰਣ ਲੱਖਾਂ ਲੋਕ ਮਾਰੇ ਗਏ ਸਨ| ਇਸੇ ਤਰ੍ਹਾਂ ਭੁਚਾਲ ਦੌਰਾਨ ਗੁਜਰਾਤ ਵਿਚ  ਬਹੁਤ ਸਾਰੇ ਲੋਕ ਮਾਰੇ ਗਏ ਸਨ| 
ਜਵਾਬ: ਫੁੱਲ ਚੁਗਣ ਅਤੇ ਗੰਗਾ/ਪਾਤਾਲਪੁਰੀ ਪਾਉਣ ਵਾਲਿਆਂ ਕੋਲ ਉਪਰੋਕਤ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ| 

ਅੱਠਵਾਂ ਸਵਾਲ: ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿਸਰਿ ਪਾਵਏ|| (ਗੁ.ਗ੍ਰੰ.ਸਾ.ਪੰਨਾ-923) ਗੁਰਬਾਣੀ ਅਨੁਸਾਰ ਸਾਨੂੰ ਕੀ ਸਿੱਖਿਆ ਮਿਲਦੀ ਹੈ? 
ਜਵਾਬ: ਬਹੁਤ ਸਾਰੇ ਅਗਿਆਨੀ ਲੋਕ ਗੁਰਬਾਣੀ ਦੇ ਇਸ ਫ਼ੁਰਮਾਨ ਦੇ ਗ਼ਲਤ ਅਰਥ ਕਰਕੇ ਸਿੱਖਾਂ ਨੂੰ ਕੁਰਾਹੇ ਪਾਉਂਦੇ ਰਹਿੰਦੇ ਹਨ|  ਇਸ ਫ਼ੁਰਮਾਨ ਵਿਚ ਆਏ ਹਰਿਸਰਿ ਦੇ ਗ਼ਲਤ ਅਰਥ ਕਰਕੇ ਕਹਿੰਦੇ ਹਨ ਕਿ ਹਰਿਸਰਿ ਤੋਂ ਭਾਵ ਹਰਿਦੁਆਰ ਵਿਖੇ ਸਿੱਖਾਂ ਨੂੰ ਜਾ ਕੇ ਫੁੱਲ ਪਾਉਣੇ ਚਾਹੀਦੇ ਹਨ| ਇਸ ਤਰ੍ਹਾਂ ਮਨਘੜਤ ਅਰਥ ਕਰਕੇ ਸਿੱਖਾਂ ਨੂੰ ਮੂਰਖ਼ ਬਣਾਇਆ ਜਾਂਦਾ ਹੈ| ਕੋਈ ਵੀ ਮਨੁੱਖ ਹਰਿਦੁਆਰ ਨੂੰ ਹਰਿਸਰਿ ਨਹੀਂ ਕਹਿੰਦਾ ਅਤੇ ਨਾ ਹੀ ਹਰਿਸਰਿ ਦੇ ਅਰਥ ਹਰਿਦੁਆਰ ਬਣਦੇ ਹਨ| ਗੁਰਬਾਣੀ ਸਿੱਖਿਆ ਅਨੁਸਾਰ ਹਰਿਸਰਿ ਦੇ ਅਰਥ ਦੇਖੋ:-
ਜਿਨਿ ਹਰਿ ਰਸੁ ਚਾਖਿਆ
ਸਬਦਿ ਸੁਭਾਖਿਆ  ਹਰਿਸਰਿ ਰਹੀ ਭਰਪੂਰੇ|| (ਗੁ.ਗ੍ਰੰ.ਸਾ.ਪੰਨਾ-568)

ਅਰਥ: ਜਿਸ ਜੀਵ ਇਸਤ੍ਰੀ ਨੇ ਹਰਿ ਨਾਮ ਦਾ ਸੁਆਦ ਚਖ ਲਿਆ ਹੈ (ਭਾਵ ਰੱਬੀ ਗਿਆਨ ਹਾਸਲ ਕਰ ਲਿਆ ਹੈ) ਅਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫਤ-ਸਾਲਾਹ ਕਰਦੀ ਰਹਿੰਦੀ ਹੈ, ਉਹ ਜੀਵ ਇਸਤ੍ਰੀ ਸਮਝੋ ਪ੍ਰਭੂ ਦੇ ਸਰੋਵਰ ਵਿਚ ਹਮੇਸ਼ਾ ਚੁੱਭੀ ਲਾਈ ਰੱਖਦੀ ਹੈ| 

ਗੁਰਬਾਣੀ ਅਨੁਸਾਰ ਸਤਿਸੰਗ ਹੀ ਹਰਿਸਰਿ (ਪ੍ਰਭੂ ਦਾ ਸਰੋਵਰ) ਹੈ ਅਤੇ ਸਿੱਖ ਲਈ ਇਹੋ ਤੀਰਥ ਇਸ਼ਨਾਨ ਹੈ| ਸਵਾਲ ਵਾਲੇ ਗੁਰਬਾਣੀ ਫ਼ੁਰਮਾਨ ਵਿਚ ਵੀ ਗੁਰੂ ਸਾਹਿਬ ਇਹੋ ਸਿੱਖਿਆ ਦਿੰਦੇ ਹਨ ਕਿ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਆਦਿ ਪਖੰਡ ਕਰਨ ਦੀ ਥਾਂ ਸਤਿਸੰਗ ਵਿਚ ਬੈਠ ਕੇ ਕੇਵਲ ਪ੍ਰਭੂ ਦੀ ਸਿਫਤ-ਸਾਲਾਹ ਹੀ ਕਰੋ, ਇਹੋ ਮੈਂਨੂੰ ਚੰਗਾ ਲਗਦਾ ਹੈ| 
ਯਾਦ ਰੱਖੋ, ਜਿਸ ਮਨੁੱਖ ਨੇ ਗੁਰਬਾਣੀ ਸਿੱਖਿਆ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ, ਉਸ ਦੇ ਚਲਾਣੇ ਉਪਰੰਤ, ਸਸਕਾਰ ਕਰਨ ਤੋਂ ਬਾਅਦ, ਧਰਮ ਦੇ ਨਾਂ ਤੇ, ਉਸ ਮਨੁੱਖ ਲਈ ਹੋਰ ਕੁੱਝ ਵੀ ਕਰਨ ਦੀ ਲੋੜ ਬਾਕੀ ਨਹੀਂ ਰਹਿ ਜਾਂਦੀ| ਮੌਤ ਦੀ ਅਟੱਲ ਸਚਾਈ ਨੂੰ ਸਮਝਦੇ ਹੋਏ, ਉਸ ਸਚਾਈ ਨੂੰ ਪ੍ਰਵਾਨ ਕਰਨਾ ਹੀ ਸਤਿਸੰਗ ਹੈ| ਇਸ ਦੇ ਉਲਟ ਜਿਹੜੇ ਲੋਕਾਂ ਨੇ ਗੁਰਬਾਣੀ ਸਿੱਖਿਆ ਨੂੰ ਵਿਸਾਰ ਕੇ, ਝੂਠ ਅਤੇ ਅਗਿਆਨਤਾ ਨੂੰ ਆਪਣੇ ਜੀਵਨ ਦਾ ਆਧਾਰ ਬਣਾਇਆ ਹੋਇਆ ਹੈ, ਕੇਵਲ ਉਹ ਲੋਕ ਹੀ  ਕਿਸੇ ਦੇ ਚਲਾਣੇ ਉਪਰੰਤ  ਮੁਕਤੀ ਜਾਂ ਗਤੀ ਦੀ ਭਾਲ ਵਿਚ ਥਾਂ-ਥਾਂ ਭਟਕਦੇ ਹਨ ਅਤੇ ਧਰਮ ਦੇ ਨਾਂ ਤੇ ਅਨੇਕਾਂ ਪਖੰਡ ਕਰਕੇ ਆਪਣੀ ਲੁੱਟ ਕਰਵਾਉਂਦੇ ਹਨ| ਯਾਦ ਰੱਖੋ, ਗੁਰਬਾਣੀ ਸਿੱਖਿਆ ਅਤੇ ਇਤਿਹਾਸਕ ਸਚਾਈਆਂ ਤੋਂ ਮੂੰਹ ਮੋੜ ਕੇ,ਜਿਹੜੇ ਸਿੱਖ ਗੰਗਾ/ਪਾਤਾਲਪੁਰੀ ਜਾਂ ਕਰਤਾਰਪੁਰ ਆਦਿ ਥਾਵਾਂ ਤੇ ਜਾ ਕੇ ਫੁੱਲ ਪਾ ਕੇ ਮੁਕਤੀ ਜਾਂ ਗਤੀ ਭਾਲਦੇ ਹਨ, ਮਰਨ ਵਾਲੇ ਨੂੰ ਕੁੱਝ ਵੀ ਨਹੀਂ ਮਿਲਦਾ|  

ਹੁਣ ਫ਼ੈਸਲਾ ਤੁਹਾਡੇ ਹੱਥ ਹੈ| ਕੀ ਤੁਸੀਂ ਜਿਊੁਂਦਿਆਂ ਹੀ ਵਹਿਮਾਂ-ਭਰਮਾਂ, ਕਰਮ-ਕਾਂਡਾਂ, ਪਖੰਡਾਂ, ਅੰਧ-ਵਿਸ਼ਵਾਸਾਂ, ਅਗਿਆਨਤਾ ਅਤੇ ਵਿਕਾਰਾਂ ਵਾਲੇ ਕੰਮਾਂ ਨੂੰ ਤਿਆਗ ਕੇ ਮੁਕਤ ਹੋਣ ਦਾ ਸਬੂਤ ਦੇਣਾ ਚਾਹੁੰਦੇ ਹੋ ਜਾਂ ਇਨ੍ਹਾਂ  ਕੰਮਾਂ ਵਿਚ ਫਸ ਕੇ ਗ਼ੁਲਾਮ ਹੋਣ ਦਾ ਸਬੂਤ ਦੇਣਾ ਚਾਹੋਗੇ? ਯਾਦ ਰੱਖੋ, ਜਿਹੜਾ ਮਨੁੱਖ ਆਪ ਅਗਿਆਨਤਾ ਵਾਲੇ ਕੰਮਾਂ ਅਤੇ ਫ਼ਜ਼ੂਲ ਦੇ ਖ਼ਰਚਿਆਂ ਤੋਂ ਬਚਿਆ ਹੋਇਆ ਹੈ, ਕੇਵਲ ਉਹ ਮਨੁੱਖ ਹੀ ਸਮਾਜ ਨੂੰ ਅਗਿਆਨਤਾ ਵਿਚੋਂ ਕੱਢ ਸਕਦਾ ਅਤੇ ਇਸ ਤੋਂ ਇਲਾਵਾ ਸਮਾਜ ਦੇ  ਗ਼ਰੀਬ ਪ੍ਰਵਾਰਾਂ ਨੂੰ ਫ਼ਜ਼ੂਲ ਖਰਚਿਆਂ ਤੋਂ ਬਚਾ ਕੇ, ਉਨ੍ਹਾਂ ਦਾ ਭਲਾ ਕਰ ਸਕਦਾ ਹੈ|

ਦਵਿੰਦਰ ਸਿੰਘ, ਆਰਟਿਸਟ, ਖਰੜ|
ਮੋਬਾਇਲ: 97815-09768