ਮਾਵਾਂ ਭੈਣਾਂ ਧੀਆਂ ਦੀ ਬੇਇਜ਼ਤੀ ਵਾਲਾ ਗ੍ਰੰਥ

ਹੁਣ ਤੱਕ ਜਿਤਨੇ ਵੀ ਮਨੁੱਖ ਜਾਤੀ ਨਾਲ ਸੰਬੰਧਿਤ ਜੀਵ ਪੈਦਾ ਹੋਏ ਹਨ ਉਹ ਸਿਰਫ ਇਸਤ੍ਰੀਆਂ ਰਾਹੀਂ ਹੀ ਪੈਦਾ ਹੋਏ ਹਨ। ਤੁਸੀਂ ਸਾਰੇ ਜਿਹੜੇ ਵੀ ਇਸ ਲੇਖ ਨੂੰ ਪੜ੍ਹ ਰਹੇ ਹੋ ਆਪਣੀਆਂ ਮਾਵਾਂ ਰਾਹੀਂ ਹੀ ਇਸ ਸੰਸਾਰ ਤੇ ਆਏ ਹੋ। ਜਾਂ ਇਉਂ ਕਹਿ ਲਓ ਕਿ ਤੁਹਾਡੀਆਂ ਮਾਵਾਂ ਨੇ ਹੀ ਤੁਹਾਨੂੰ ਆਪਣੇ ਢਿੱਡ ਵਿੱਚ ਤਕਰੀਬਨ ਨੌਂ ਮਹੀਨੇ ਰੱਖ ਕੇ ਇਸ ਸੰਸਾਰ ਤੇ ਲਿਆਂਦਾ ਹੈ। ਜਿਹੜਾ ਕੋਈ ਆਪਣੀ ਮਾਂ ਨੂੰ ਨਹੀਂ ਜੰਮਿਆਂ ਤਾਂ ਉਹ ਦੱਸ ਦੇਵੇ ਕਿ ਮੈਂ ਤਾਂ ਏਡਾ ਵੱਡਾ ਹੀ ਅਸਮਾਨ ਵਿਚੋਂ ਡਿੱਗਿਆ ਸੀ, ਧਰਤੀ ਵਿਚੋਂ ਉਗਿਆ ਸੀ ਜਾਂ ਕਿਸੇ ਦਰਖਤ ਨੂੰ ਲੱਗਾ ਸੀ। ਜਿਹੜੀ ਸਾਰਿਆਂ ਦੀ ਮਾਂ ਹੈ ਉਹ ਜੰਮਣ ਸਮੇਂ ਕਿਸੇ ਦੀ ਧੀ ਸੀ ਅਤੇ ਕਿਸੇ ਦੀ ਭੈਣ ਵੀ।

ਹਰ ਇੱਕ ਇਨਸਾਨ ਵਿੱਚ ਗੁਣ ਅਤੇ ਔਗੁਣ ਹੁੰਦੇ ਹਨ। ਬੰਦਿਆਂ ਵਿੱਚ ਗੁਣ ਵੀ ਹੁੰਦੇ ਹਨ ਅਤੇ ਔਗੁਣ ਵੀ ਇਸੇ ਤਰ੍ਹਾ ਹੀ ਇਸਤਰੀਆਂ ਵਿੱਚ ਵੀ ਗੁਣ ਵੀ ਹੁੰਦੇ ਹਨ ਅਤੇ ਔਗੁਣ ਵੀ। ਸੋਚਣੀ ਅਤੇ ਸੁਭਾਅ ਦਾ ਵੀ ਅੰਤਰ ਹੁੰਦਾ ਹੈ। ਇਸਤਰੀਆਂ ਵਿੱਚ ਬੰਦਿਆਂ ਨਾਲੋਂ ਸ਼ਰਧਾ, ਨਿਮਰਤਾ, ਸ਼ਹਿਣਸ਼ੀਲਤਾ, ਮਮਤਾ ਜ਼ਿਆਦਾ ਹੁੰਦੀ ਹੈ। ਇਹ ਕੁਦਰਤੀ ਹੈ ਅਤੇ ਜੇ ਕਰ ਇਹ ਨਾ ਹੋਵੇ ਤਾਂ ਬੱਚੇ ਨੂੰ ਜਨਮ ਦੇ ਕੇ ਉਸ ਦੀ ਪਾਲਣਾ ਠੀਕ ਢੰਗ ਨਾਲ ਨਹੀਂ ਕਰ ਸਕਦੀ। ਸ਼ਰਧਾ ਹੱਦ ਤੋਂ ਅਗਾਂਹ ਲੰਘ ਕੇ ਔਗੁਣ ਬਣ ਜਾਂਦੀ ਹੈ ਇਸੇ ਕਰਕੇ ਪਖੰਡੀ ਸਾਧਾਂ ਦੇ ਮਗਰ ਬੀਬੀਆਂ ਜਿਆਦਾ ਲਗਦੀਆਂ ਹਨ ਬੰਦੇ ਘੱਟ।

ਆਓ ਹੁਣ ਅਸਲੀ ਗੱਲ ਵੱਲ ਆਈਏ। ਅਖੋਤੀ ਦਸਮ ਗ੍ਰੰਥ, ਬਚਿੱਤ੍ਰ ਨਾਟਕ ਜਾਂ ਹੋਰ ਕਿਸੇ ਵੀ ਨਾਮ ਨਾਲ ਇਸ ਗ੍ਰੰਥ ਨੂੰ ਪੁਕਾਰ ਲਓ ਪਰ ਅਸਲੀ ਗੱਲ ਤਾਂ ਇਸ ਵਿਚਲੀਆਂ ਲਿਖਤਾਂ ਦੀ ਹੈ। ਇਸ ਦੀਆਂ ਕੁੱਝ ਲਿਖਤਾਂ ਨੂੰ ਛੱਡ ਕੇ ਬਾਕੀ ਸਾਰੀਆਂ ਲਿਖਤਾਂ ਝੂਠ ਦਾ ਪਲੰਦਾ ਹਨ। 99% ਝੂਠ ਨੂੰ ਦਾੜੀਆਂ ਪਗੜੀਆਂ ਵਾਲੇ ਝੂਠੇ ਲੋਕ, ਝੂਠ ਬੋਲ-ਬੋਲ ਕੇ ਇਸ ਨੂੰ ਸੱਚ ਵਿੱਚ ਬਦਲਣ ਦੀ ਨਾਕਾਮ ਕੋਸ਼ਿਸ਼ ਕਰਦੇ ਰਹਿੰਦੇ ਹਨ। ਪਰ ਇਹ ਸਾਰੇ ਢੀਠ ਤੇ ਬੇਸ਼ਰਮ ਇਤਨੇ ਹਨ ਕਿ ਹਰ ਰੋਜ਼ ਜੋ ਦੁਨੀਆ ਵਿੱਚ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਉਸ ਨੂੰ ਵੀ ਮੰਨਣ ਲਈ ਤਿਆਰ ਨਹੀਂ ਹਨ।

ਕਨੇਡਾ ਦੇਸ਼, ਦੁਨੀਆਂ ਦੇ ਸਭ ਤੋਂ ਚੰਗੇ ਦੇਸ਼ਾਂ ਵਿਚੋਂ ਇੱਕ ਹੈ। ਇਹ ਲੇਖ ਲਿਖਣ ਤੋਂ ਕੁੱਝ ਦਿਨ ਪਹਿਲਾਂ ਭਾਵ ਕਿ ਅਕਤੂਬਰ 2016 ਦੇ ਪਹਿਲੇ ਹਫਤੇ ਕਨੇਡਾ ਦੀ ਸਰਕਾਰ ਅਤੇ ਪੁਲੀਸ ਮੁਖੀ ਨੇ ਪੁਲੀਸ ਵਿਭਾਗ ਵਿੱਚ ਕੰਮ ਕਰਨ ਵਾਲੀਆਂ 500 ਇਸਤਰੀਆਂ ਤੋਂ ਮੁਆਫੀ ਮੰਗ ਕੇ ਹਰਜਾਨਾ ਦੇਣ ਦੀ ਗੱਲ ਕੀਤੀ ਹੈ। ਇਹ ਹਰਜਾਨਾ ਤੇ ਮੁਆਫੀ ਕਾਹਦੀ ਹੈ? ਇਹ ਹੈ ਮਰਦਾ ਵਲੋਂ ਛੇੜ-ਛਾੜ ਅਤੇ ਤੰਗ ਪਰੇਸ਼ਾਨ ਕਰਨ ਦੀ। ਹੁਣ ਤੁਸੀਂ ਇੱਥੇ ਦਸਮ ਗ੍ਰੰਥ ਦੀ ਗੰਦੀ ਕਿਤਾਬ ਦੇ ਗੰਦ ਨੂੰ ਲਓ ਕਿ ਉਹ ਕੀ ਕਹਿੰਦਾ ਹੈ। ਇਹ ਗੰਦਾ ਗ੍ਰੰਥ 99% ਝੂਠ ਬੋਲ ਕੇ ਇਲਜਾਮ ਇਸਤ੍ਰੀਆਂ ਤੇ ਲਉਂਦਾ ਹੈ ਕਿ ਇਹ ਗਲਤ ਕੰਮ ਕਰਦੀਆਂ ਹਨ। ਇਸ ਗ੍ਰੰਥ ਵਿੱਚ ਇੱਕ ਦੋ ਨੂੰ ਛੱਡ ਕੇ ਬਾਕੀ ਸਾਰੇ ਚਰਿਤ੍ਰੋ ਪਾਖਿਆਨ ਇਸਤ੍ਰੀਆਂ ਦੇ ਹਨ। ਪਰ ਦੁਨੀਆ ਦੇ ਸਾਹਮਣੇ ਜੋ ਹਰ ਰੋਜ ਹੋ ਰਿਹਾ ਹੈ ਉਸ ਵਿੱਚ 99% ਕਸੂਰ ਬੰਦਿਆਂ ਦਾ ਹੁੰਦਾ ਹੈ। ਹਰ ਰੋਜ ਹਜਾਰਾਂ ਹੀ ਬਲਾਤਕਾਰ ਹੋ ਰਹੇ ਹਨ। ਇਹ ਕੌਣ ਕਰਦੇ ਹਨ ਬੰਦੇ ਜਾਂ ਇਸਤ੍ਰੀਆਂ? ਛੋਟੇ-ਛੋਟੇ ਬੱਚੇ-ਬੱਚੀਆਂ ਨੂੰ ਬਲਾਕਾਰ ਕਰਕੇ ਕੌਣ ਮਾਰਦਾ ਹੈ, ਬੰਦੇ ਜਾਂ ਇਸਤ੍ਰੀਆਂ? ਕਹਿਣ ਤੋਂ ਭਾਵ ਹੈ ਕਿ ਦੁਨੀਆਂ ਦੇ ਸਾਹਮਣੇ ਹਰ ਰੋਜ ਜੋ ਹੋ ਰਿਹਾ ਹੈ ਅਤੇ ਹਰ ਕੋਈ ਇਸ ਨੁੰ ਆਪਣੀਆਂ ਅੱਖਾਂ ਨਾਲ ਮੀਡੀਏ ਵਿੱਚ ਦੇਖਦਾ ਹੈ ਅਤੇ ਕੰਨਾ ਨਾਲ ਸੁਣਦਾ ਹੈ ਉਸ ਸੱਚ ਤੋਂ ਮੁਨਕਰ ਹੋ ਕੇ ਗੰਦੀ ਜਹੀ ਕਿਤਾਬ ਦੇ ਗੰਦੇ ਜਿਹੇ ਝੂਠ ਨੂੰ ਆਪਣੀ ਢੀਠਤਾਈ ਨਾਲ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਰ ਅਜਿਹੇ ਬੰਦਿਆਂ ਨੂੰ ਕੀ ਕਿਹਾ ਜਾਏ?

ਕੀ ਗੰਦੇ ਗ੍ਰੰਥ ਦੇ ਝੂਠ ਨੂੰ ਸੱਚ ਕਹਿਣ ਵਾਲਿਆਂ ਦੀਆਂ ਮਾਵਾਂ ਭੈਣਾਂ ਧੀਆਂ ਇਸ ਤਰ੍ਹਾਂ ਕਰਦੀਆਂ ਹਨ:- ਚਰਿਤ੍ਰੋ ਪਾਖਿਆਨ ਦੇ ਚਰਿੱਤ੍ਰ ਨੰ: 21 ਤੋਂ 23 ਵਿਚਲੀ ਅਨੂਪ ਕੌਰ ਅਥਵਾ ਨੂਪ ਕੁਅਰਿ ਦੀ ਕਹਾਣੀ ਵਿਚ ਹੇਠ ਲਿਖੀਆਂ ਪੰਗਤੀਆਂ ਆਉਂਦੀਆਂ ਹਨ। ਇਹਨਾ ਪੰਗਤੀਆਂ ਦੇ ਅਰਥ ਡਾ: ਜੱਗੀ ਅਤੇ ਪੰਡਿਤ ਨਰੈਣ ਸਿੰਘ ਦੇ ਕੀਤੇ ਹੋਏ ਹਨ।

ਕਹਾ ਤਰੁਨਿ ਸੋ ਪ੍ਰੀਤਿ ਨੇਹ ਨਹਿ ਓਰ ਨਿਬਾਹਹਿ ॥ ਏਕ ਪੁਰਖ ਕੌ ਛਾਡਿ ਔਰ ਸੁੰਦਰ ਨਰ ਚਾਹਹਿ ॥

ਅਧਿਕ ਤਰੁਨਿ ਰੁਚਿ ਮਾਨਿ ਤਰੁਨਿ ਜਾ ਸੋ ਹਿਤ ਕਰਹੀ ॥ ਹੋ ਤੁਰਤੁ ਮੂਤ੍ਰ ਕੋ ਧਾਮ ਨਗਨ ਆਗੇ ਕਰਿ ਧਰਹੀ ॥੩੯॥

ਇਸਤਰੀ ਨਾਲ ਪ੍ਰੇਮ ਕਰਨ ਦੀ ਕੀ (ਗੱਲ ਹੈ) (ਕਿਉਂਕਿ ਇਹ ਕਦੇ ਵੀ) ਪ੍ਰੇਮ ਨੂੰ ਉੜਕ ਤਕ ਨਹੀਂ ਨਿਭਾਉਂਦੀ। ਇੱਕ ਮਰਦ ਨੂੰ ਛਡ ਕੇ ਹੋਰ ਸੁੰਦਰ ਮਰਦ ਨੂੰ ਚਾਹੁਣ ਲਗਦੀ ਹੈ। ਜਿਸ ਮਰਦ ਨਾਲ ਇਸਤਰੀ ਜ਼ਿਆਦਾ ਪਿਆਰ ਕਰਦੀ ਹੈ, (ਉਹ ਉਸ ਅਗੇ) ਆਪਣੇ ਗੁਪਤ ਅੰਗ ਨੂੰ ਨੰਗਾ ਕਰ ਕੇ ਧਰ ਦਿੰਦੀ ਹੈ। 39 (ਅਰਥ: ਡਾ: ਜੱਗੀ)

ਇਸਤ੍ਰੀਆਂ ਨਾਲ ਪ੍ਰੇਮ ਦਾ ਕੀ ਕਹਿਣਾ, ਉਹ ਕਦੀ ਭੀ ਪ੍ਰੇਮ ਨਹੀਂ ਨਿਭਾਂਦੀਆਂ। ਇੱਕ ਪੁਰਸ਼ ਨੂੰ ਛੱਡ ਕੇ ਹੋਰ ਸੁੰਦਰ ਪੁਰਸ਼ਾਂ ਦੀ ਕਾਮਨਾ ਕਰਨ ਲਗਦੀਆਂ ਨੇ। ਜਿਸ ਭੀ ਜੁਆਨ ਆਦਮੀ ਨਾਲ ਇਸਤ੍ਰੀ ਜ਼ਿਆਦਾ ਪਿਆਰ ਵਿਖਾਂਦੀ ਏ, ਉਹਦੇ ਸਾਮ੍ਹਣੇ ਤੁਰੰਤ ਹੀ ਨਗਨ ਹੋ ਜਾਂਦੀ ਏ। ਉਸ ਇਸਤ੍ਰੀ ਨੂੰ ਜ਼ਰਾ ਵੀ ਸ਼ਰਮ ਨਹੀਂ ਹੁੰਦੀ। 39 (ਅਰਥ: ਪੰਡਿਤ ਨਰੈਣ ਸਿੰਘ)

ਇਹ ਗੱਲਾਂ ਆਪਣੇ ਗੁਰੂ ਦੇ ਮੂਹੋਂ ਕਢਵਾ ਕੇ ਸਮੁੱਚੀ ਇਸਤ੍ਰੀ ਜਾਤੀ ਦੀ ਨਿੰਦਿਆ ਕਰਦੇ ਹਨ। ਕੀ ਇਹਨਾ ਦੀਆਂ ਮਾਵਾਂ ਭੈਣਾਂ ਧੀਆਂ ਇਸ ਤਰ੍ਹਾਂ ਕਰਦੀਆਂ ਹਨ? ਭਾਵ ਕੇ ਕਿਸੇ ਜੁਆਨ ਆਦਮੀ ਦੇ ਅੱਗੇ ਆਪਣੇ ਆਪ ਨੰਗੀਆਂ ਹੋ ਜਾਂਦੀਆਂ ਹਨ ਜਾਂ ਆਪਣਾ ਗੁਪਤ ਅੰਗ ਨੰਗਾ ਕਰਕੇ ਉਸ ਅੱਗੇ ਧਰ ਦਿੰਦੀਆਂ ਹਨ?

ਇਸ ਤਰ੍ਹਾਂ ਤਾਂ ਸ਼ਾਇਦ ਉਹ ਵੀ ਨਾ ਕਰਦੀਆਂ ਹੋਣ ਜਿਹੜੀਆਂ ਕਿ ਆਪਣਾ ਢਿੱਡ ਭਰਨ ਦੀ ਖਾਤਰ ਆਪਣਾ ਜਿਸਮ ਵੇਚਣ ਲਈ ਮਜ਼ਬੂਰ ਹੁੰਦੀਆਂ ਹਨ। ਉਹ ਵੀ ਪਹਿਲਾਂ ਸੌਦਾ ਕਰਦੀਆਂ ਹਨ ਅਤੇ ਜੇ ਕਰ ਗਾਹਕ ਪੂਰੇ ਪੈਸੇ ਨਾ ਦੇਵੇ ਤਾਂ ਪੁਲੀਸ ਕੋਲ ਸ਼ਿਕਾਇਤ ਵੀ ਕਰ ਦਿੰਦੀਆਂ ਹਨ ਜਿਸ ਤਰ੍ਹਾਂ ਕਿ ਇੱਕ ਟਕਸਾਲੀ ਗੁਰਮੇਲ ਸਿੰਘ ਰਾਗੀ ਨਾਲ ਇੰਗਲੈਂਡ ਵਿੱਚ ਹੋਇਆ ਸੀ। ਇਹ ਰਾਗੀ ਭਿੰਡਰਾਂਵਾਲੇ ਸਾਧ ਦਾ ਆਪਣੇ ਆਪ ਨੂੰ ਖਾਸ ਬੰਦਾ ਕਹਿੰਦਾ ਹੁੰਦਾ ਸੀ ਅਤੇ ਖਾਲਿਸਤਾਨੀ ਜਗਜੀਤ ਸਿੰਘ ਚੌਹਾਨ ਵਰਗੇ ਇਸ ਦੀ ਮਦਦ ਵੀ ਕਰਦੇ ਹੁੰਦੇ ਸਨ। ਇਸੇ ਤਰ੍ਹਾਂ ਇੱਕ ਭੰਗ ਪੀਣਾ ਨਿਹੰਗ ਇੱਕ ਕਲਿਪ ਵਿੱਚ ਕਹਿ ਰਿਹਾ ਸੀ ਕਿ ਗੁਰਬਾਣੀ ਸਿਰਫ ਬੰਦਿਆਂ ਲਈ ਹੈ ਇਸਤ੍ਰੀਆਂ ਲਈ ਨਹੀਂ। ਕਹਿੰਦਾ ਕਿ ਸ਼ਾਇਦ ਇੱਕ ਦੋ ਸ਼ਬਦ ਹੋਣਗੇ ਬਹੁਤੇ ਨਹੀਂ। ਉਹ ਇੱਕ ਸ਼ਬਦ ਜਿਹੜਾ ਕੇ ਪੰਨਾ 722 ਤੇ ਦਰਜ ਹੈ; (ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ) ਦੀ ਵਿਆਖਿਆ ਕਰਦਾ ਕਹਿੰਦਾ ਸੀ ਕਿ ਇਸਤ੍ਰੀਆਂ ਨੂੰ ਘਰੋਂ ਬਾਹਰ ਨਹੀ ਜਾਣਾ ਚਾਹੀਦਾ। ਜੇ ਜਾਣਗੀਆਂ ਤਾਂ ਉਹੀ ਕੁੱਝ ਹੋਵੇਗਾ ਜਿਹੜਾ ਕਿ ਚਰਿਤ੍ਰੋ ਪਾਖਿਆਨ ਵਿੱਚ ਲਿਖਿਆ ਹੈ। ਹੁਣ ਸਵਾਲ ਫਿਰ ਉਹੀ ਪੈਦਾ ਹੁੰਦਾ ਹੈ ਕਿ ਇਹਨਾਂ ਦੀਆਂ ਮਾਵਾਂ ਭੈਣਾਂ ਧੀਆਂ ਜਾਂ ਪਤਨੀਆਂ ਬਾਹਰ ਨਹੀਂ ਜਾਂਦੀਆਂ? ਜੇ ਕਰ ਜਾਂਦੀਆਂ ਹਨ ਤਾਂ ਫਿਰ ਕੀ ਉਹੀ ਕੁੱਝ ਕਰਕੇ ਆਉਂਦੀਆਂ ਹਨ ਜਿਹੜਾ ਕਿ ਚਰਿਤ੍ਰੋ ਪਾਖਿਆਨ ਵਿੱਚ ਲਿਖਿਆ ਹੈ?

ਮੁਆਫ ਕਰਨਾ ਮੈਂ ਕਿਸੇ ਨੂੰ ਨੀਵਾਂ ਦਿਖਾਉਣ ਦੇ ਇਰਾਦੇ ਨਾਲ ਨਹੀਂ ਲਿਖ ਰਿਹਾ। ਮੈਂ ਸਮੁੱਚੀ ਮਨੁਖਤਾ ਨੂੰ ਇਕੋ ਹੀ ਨਜ਼ਰ ਨਾਲ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਉਹ ਭਾਵੇਂ ਕਿਸੇ ਵੀ ਧਰਮ, ਦੇਸ਼, ਕੌਮ ਨਾਲ ਸੰਬੰਧ ਰੱਖਦਾ ਹੋਵੇ ਅਤੇ ਕਿਸੇ ਵੀ ਵਿਚਾਰਾਂ ਵਾਲਾ ਹੋਵੇ। ਪਰ ਜਦੋਂ ਕੋਈ ਧਰਮ ਦੇ ਨਾਮ ਤੇ 99% ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰੇ ਤਾਂ ਦੁਨੀਆ ਦੇ ਸਾਹਮਣੇ ਵਰਤ ਰਹੇ ਸੱਚ ਦੀ ਗੱਲ ਭੀ ਤਾਂ ਕਰਨੀ ਬਣਦੀ ਹੀ ਹੈ। ਇਸੇ ਕਰਕੇ ਮੈਂ ਉਹਨਾ ਸਾਰੇ ਲੋਕਾਂ ਨੂੰ ਇਨਸਾਨੀਅਤ ਤੋਂ ਗਿਰੇ ਹੋਏ ਲੋਕ ਸਮਝਦਾ ਹੈ ਜਿਹੜੇ ਕਿ ਸੱਚ ਨੂੰ ਲੁਕਾ ਕੇ ਧਰਮ ਦੇ ਨਾਮ ਤੇ ਝੂਠ ਪੇਸ਼ ਕਰਨਾ ਚਾਹੁੰਦੇ ਹਨ। ਜਾਣ ਬੁੱਝ ਕੇ ਝੂਠ ਬੋਲਣ ਵਾਲੇ ਵਿੱਚ ਅਤੇ ਨਿਗੁਰੇ ਵਿੱਚ ਕੋਈ ਫਰਕ ਨਹੀਂ ਹੁੰਦਾ ਉਹ ਪਾਠ ਭਾਵੇਂ ਜਿੰਨਾ ਮਰਜ਼ੀ ਕਰਦਾ ਹੋਵੇ। ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ ॥ ਪੰਨਾ 1013॥ਗੁਰਬਾਣੀ ਵਿਆਕਰਣ ਦੀ ਮੈਨੂੰ ਕੋਈ ਬਹੁਤੀ ਸੋਝੀ ਨਹੀਂ ਅਤੇ ਨਾ ਹੀ ਮੈਂ ਇਹ ਦਾਅਵਾ ਕਰਦਾ ਹਾਂ ਕਿ ਮੈਨੂੰ ਗੁਰਬਾਣੀ ਦਾ ਬਹੁਤ ਗਿਆਨ ਹੈ। ਪਰ ਜੋ ਹਰ ਰੋਜ ਸਾਹਮਣੇ ਵਰਤ ਰਿਹਾ ਹੈ ਉਸ ਨੂੰ ਝੂਠ ਕਿਸ ਤਰ੍ਹਾਂ ਕਹਾਂ ਅਤੇ ਗੰਦੀ ਜਹੀ ਕਿਤਾਬ ਦੇ ਝੂਠ ਨੂੰ ਸੱਚ ਕਿਸ ਤਰ੍ਹਾਂ ਕਹਾਂ? ਜੇ ਕਰ ਅਜਿਹੇ ਕੂੜ ਗ੍ਰੰਥ ਦਾ ਝੂਠ ਕਿਸੇ ਗੁਰੂ ਨੇ ਲਿਖਿਆ ਹੈ ਤਾਂ ਮੈਨੂੰ ਅਜਿਹੇ ਕਿਸੇ ਝੂਠੇ ਗੁਰੂ ਦੀ ਵੀ ਕੋਈ ਲੋੜ ਨਹੀਂ ਅਤੇ ਨਾ ਹੀ ਦਾੜੀਆਂ ਕੇਸਾਂ ਵਾਲੇ ਝੂਠੇ ਸਿੱਖਾਂ ਨਾਲ ਵਰਤਣ ਦੀ ਕੋਈ ਲੋੜ ਹੈ। ਜਿਹੜੇ ਸਾਹਮਣੇ ਵਰਤ ਰਹੇ ਸੱਚ ਤੋਂ ਮੁਨਕਰ ਹੋਣ ਅਤੇ ਝੂਠ ਨੂੰ ਧਰਮ ਬਣਾ ਕੇ ਪੇਸ਼ ਕਰਦੇ ਹੋਣ। ਹੁਣ ਤੁਸੀਂ ਦੱਸੋ ਕਿ ਝੂਠ ਦਾ ਸਾਥ ਦੇਣਾ ਹੈ ਜਾਂ ਸੱਚ ਦਾ? ਜੇ ਕਰ ਮੈਂ ਕੁੱਝ ਗਲਤ ਲਿਖਿਆ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ ਠੀਕ ਕੀ ਹੈ?

ਮੱਖਣ ਸਿੰਘ ਪੁਰੇਵਾਲ

 

  • Swaran Singh

    ਸ਼ਤ ਪ੍ਰਤੀਸ਼ਤ ਸਹੀ ਲਿਖਿਆ ਹੈ ।ਅਖੌਤੀ ਦਸਮ ਗਰੰਥ ਨੂੰ ਮੰਨਣ ਵਾਲਿਆਂ ਨੇ ਆਪਣਾ ਦਿਮਾਗ਼ ਸਿੱਖ ਵਿਰੋਧੀ ਤਾਕਤਾਂ ਕੋਲ ਗਹਿਣੇ ਰਖਿਆ ਹੋਇਆ ਹੈ ।ਇਸ ਲਈ ਉਹ ਜੋ ਵੀ ਸੋਚਣਗੇ/ਕਰਨਗੇ, ਉਲਟਾ ਹੀ ਸੋਚਣਗੇ/ਕਰਨਗੇ ਅਤੇ ਇਨਸਾਨੀਅਤ/ਧਰਮ ਤੋਂ ਡਿਗਿਆ ਹੋਇਆ ਕੰਮ ਹੀ ਕਰਨਗੇ ।