ਡਰ ਮਨੁੱਖੀ ਜੀਵ ਨੂੰ ਕਿਵੇਂ ਖਾਂਦਾ ਹੈ ?

0
20

A A A

    jeonwala gs                                   

ਭਾਰਤੀ ਖੇਤਰ ਵਿਚ ਮਨੁੱਖਤਾ ਦੀ ਬਰਬਾਦੀ ਅਤੇ ਲੁੱਟ ਤੋਂ ਬਾਅਦ 1000 ਸਾਲ ਦੀ ਲੰਮੀ ਗੁਲਾਮੀ ਕਾਰਣ ਉਸਰੇ ਸਮਾਜਕ ਜੀਵਨ ਦਾ ਦ੍ਰਿਸ਼ ਅੱਗੇ  ਲਿਖੀਆਂ ਦੋ ਲਾਈਨਾਂ ਵਿਚ ਬਿਆਨ ਕੀਤਾ ਹੋਇਆ ਹੈ ਜਿਸ ਤੋਂ ਨਿਜਾਤ ਪਾਉਣ ਦੀ ਗੱਲ ਸਿੱਖ ਲਹਿਰ ਕਰਦੀ ਹੈ।

ਹਮ ਤੋ ਤੋਲਨ ਜਾਣੈ ਤੱਕੜੀ। ਨੰਗੀ ਕਰਦ ਕਦੇ ਨਹੀਂ ਪਕੜੀ। ਚਿੱੜੀ ਉਡੇ ਤੋ ਹਮ ਡਰ ਜਾਂਏ। ਮੁਗਲੋਂ ਸੇ ਕੈਸੇ ਲੜ ਪਾਂਏ।

ਜਿਸ ਤਰ੍ਹਾਂ ਮੁਹੰਮਦ ਇਕਬਾਲ ਜੀ ਨੇ ਬਿਆਨ ਕੀਤਾ ਹੈ ਕੇ ਪੰਜਾਬ ਵਿਚੋਂ ਉਠੀ ਇਕ ਸੱਚੀ ਪੁਕਾਰ ਨੇ ‘ਹਿੰਦ’ ਨੂੰ ਸੁਪਨੇ ਚੋਂ ਬਾਹਰ ਕੱਢਿਆ। ਇਸੇ ਗੱਲ ਦੀ ਸ਼ਾਹਦੀ ਭਰਦੇ ਹਨ ਭਾਈ ਪਰਮਾਨੰਦ ਜੀ ਆਪਣੀ ਕਿਤਾਬ, “ਤਵਾਰੀਖੇ- ਪੰਜਾਬ, ਪੰਨਾ 280”। “ ਪੰਜਾਬ ਕੇ ਮੁਸਤਕਬਿਲ ਕੀ ਸਾਰੀ ਤਵਾਰੀਖ ਗੁਰੂ ਨਾਨਕ ਕੀ ਤਹਿਰੀਕ ਸੇ ਸ਼ੂਰੂ ਹੋ ਜਾਤੀ ਹੈ। ਯਹ ਤਹਿਰੀਕ ਹੀ ਥੀ ਜਿਸ ਨੇ ਪੰਜਾਬ ਕੇ ਹਿੰਦੂਓਂ ਕੀ ਜ਼ਿੰਦਗੀ ਮੇਂ ਏਕ ਪਲਟਾ ਸਾ ਦੇ ਦੀਆ। ਅਗਰਚਿ ਯਹ ਸੱਚ ਹੈ ਕਿ ਯਹ ਤਹਿਰੀਕ ਮੁਲਕ ਕੀ ਮਜ਼ਹਬੀ ਬੇਦਾਰੀ ਕਾ ਨਤੀਜਾ ਥੀ ਲੇਕਿਨ ਹਮੇਂ ਸਮਝ ਮੈਂ ਨਹੀਂ ਆਤਾ ਕਿ ਅਗਰ ਗੁਰੂ ਨਾਨਕ ਪੰਜਾਬ ਮੇਂ ਇਸ ਤਹਿਰੀਕ ਕੀ ਬੁਨਿਆਦ ਨ ਰਖਤੇ ਤੋ ਹਮ ਪੰਜਾਬ ਕੀ ਤਵਾਰੀਖ ਕੇ ਸਫੋਂ ਪਰ ਕਿਆ ਲਿਖਤੇ। ਕੋਈ ਕਹਿ ਨਹੀਂ ਸਕਤਾ ਕਿ ਗੁਰੂ ਨਾਨਕ ਕੇ ਬਗੈਰ ਪੰਜਾਬ ਕਾ ਮੁਸਤਕਬਿਲ ਕਿਆ ਹੋਤਾ। ਲੇਕਿਨ ਜੈਸਾ ਕਿ ਹੂਆ ਹੈ ਯਹ ਕਿ ਹਮੇਂ ਏਕ ਹਜ਼ਾਰ ਸਾਲ ਕੀ ਆਂਧੀ ਕੇ ਬਾਅਦ ਵਹੁ ਸ਼ੂਆ ਦਿਖਾਈ ਦੇਤੀ ਹੈ, ਜਿਸ ਸੇ ਹਮਾਰੀ ਇਸ ਜ਼ਮਾਨੇ ਕੀ ਤਵਾਰੀਖ ਬਨਤੀ ਹੈ”।

ਸ਼ਾਤਰ ਦਿਮਾਗ ਨੇ ਮਨੁੱਖੀ ਲੁੱਟ ਨੁੰ ਸਾਹਮਣੇ ਰੱਖ ਕੇ ਇਕ ਐਸਾ ਜਾਲ ਬੁਣਿਆ ਕਿ ਉਸਦੀ ਇਕ ਇਕ ਕੜੀ ਦੂਸਰੀ ਕੜੀ ਨਾਲ ਬਿਲਕੁੱਲ ਬੱਝੀ ਹੋਈ ਹੈ। ਅਗਰ ਇਕ ਕੜੀ ਨੂੰ ਵਿਚੋਂ ਕੱਢ ਲਿਆ ਜਾਏ ਤਾਂ ਸਾਰਾ ਬੇਬੁਨਿਆਦ ਜਾਲ ਆਪਣੇ ਆਪ ਢਹਿ ਢੇਰੀ ਹੋ ਜਾਂਦਾ ਹੈ। ਉਹ ਜਾਲ ਹੈ ਮਨੁੱਖੀ ਜੀਵ ਦੀ ਮੌਤ ਤੋਂ ਬਾਅਦ ਕੀ ਹੁੰਦਾ ਹੈ? ਨਾ ਕਿਸੇ ਦੇਖਿਆ, ਨਾ ਕਿਸੇ ਮਰਨ ਤੋਂ ਬਾਅਦ ਆ ਕਿ ਇਸ ਜਨਤਾ ਨੂੰ ਦੱਸਿਆ ਕਿ ਮਰਨ ਤੋਂ ਤੋਂ ਬਾਅਦ ਕੀ ਕੁੱਝ ਵਾਪਰਦਾ ਹੈ ਅਤੇ ਨਾ ਹੀ ਕੋਈ ਮਰਨ ਤੋਂ ਬਾਅਦ ਵਾਪਸ ਆ ਸਕਦਾ ਹੈ। ਪਰ ਅਸੀਂ ਅੱਜ ਵੀ ਇਸ ਬ੍ਰਹਮਣੀ ਜਾਲ ਦੇ ਵਿਚ ਐਸੇ ਫਸਾਏ ਜਾ ਚੁੱਕੇ ਹਾਂ ਕਿ ਨਿਕਲਣ ਦਾ ਰਸਤਾ ਵਿਖਾਈ ਹੀ ਨਹੀਂ ਦਿੰਦਾ। ਗੁਰਬਾਣੀ ਪੁਕਾਰ ਪੁਕਾਰ ਕੇ ਰਸਤਾ ਦੱਸ ਰਹੀ ਹੈ ਪਰ ਅਸੀਂ ਅਕਲੋਂ ਅੰਨੇ ਤੇ ਬੇਦਿਮਾਗੇ ਹੋਣ ਕਰਕੇ ਗੁਰੂ ਦੀ ਕਹੀ ਹੋਈ ਗੱਲ ਨੂੰ ਹਰ ਵਕਤ ਅੱਖੋਂ ਪਰੋਖੇ ਕਰ ਛੱਡਦੇ ਹਾਂ। ਜਿਵੇਂ: ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ …..॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ {ਪੰਨਾ 1158-1159}

ਜਿਵੇਂ ਸਿਪਾਹੀ ਗੁਲਾਮ ਹੈ ਹੌਲਦਾਰ ਦਾ, ਹੌਲਦਾਰ ਹੈ ਗੁਲਾਮ ਥਾਣੇਦਾਰ ਦਾ, ਥਾਣੇਦਾਰ ਹੈ ਗੁਲਾਮ ਉਸ ਤੋਂ ਵੱਡੇ ਅਫਸਰ ਸੁਪਰਡਿੰਟ ਪੁਲੀਸ ਦਾ, ਇਸ ਤਰ੍ਹਾਂ ਮੁੱਖ ਮੰਤਰੀ ਹੈ ਗੁਲਾਮ ਪ੍ਰਧਾਮ ਮੰਤਰੀ ਦਾ ਅਤੇ ਪ੍ਰਧਾਮ ਮੰਤਰੀ ਹੈ ਗੁਲਾਮ ਕਿਸੇ ਦੇਵਤੇ ਦਾ ਅਤੇ ਦੇਵਤਾ ਹੈ ਗੁਲਾਮ ਪੰਡਿਤ ਜੀ ਦਾ। ਸਿਕਾ ਕਿਸ ਦਾ ਜਮਿਆ? ਸ਼ਾਤਰ ਦਿਮਾਗ ਦਾ।  ਠੀਕ ਇਸੇ ਤਰ੍ਹਾਂ ਸਵਰਗ-ਨਰਕ ਫਿਰ ਯਮਰਾਜ- ਧਰਮਰਾਜ ਫਿਰ ਜਮਦੂਤ ਤੇ ਜਮਦੂਤਾਂ ਦੇ ਕੁੱਤੇ ( ਪੁਰਾਣਾਂ ਮੁਤਾਬਕ ਇਨ੍ਹਾ ਕੁਤਿਆਂ ਦੇ ਨਾਮ ਹਨ ‘ਸ਼ਰਮਾ’) ਫਿਰ ਮਨੁੱਖੀ ਜੀਵ ਦੀ ਮੌਤ ਫਿਰ ਰੂਹ ਜਾਂ ਆਤਮਾ ਜਿਸ ਨੂੰ ਜਮਦੂਤ ਪਕੜ ਕੇ ਧਰਮਰਾਜ ਕੋਲ ਲੈ ਕੇ ਜਾਂਦੇ ਹਨ ਫਿਰ ਲੇਖਾ-ਜੋਖਾ ਫਿਰ ਨਰਕ ਜਾਂ ਸੁਰਗ। ਸਵਾਲ ਪੈਦਾ ਹੁੰਦਾ ਹੈ ਕਿ ਜੇ ਕਰ ਆਤਮਾ ਪਰਮਾਤਮਾ ਦਾ ਹੀ ਅੰਸ਼ ਹੈ ਤਾਂ ਮੈਨੂੰ ਕੀ? ਮੇਰਾ ਤਾਂ ਸ਼ਰੀਰ ਸੀ ਤੇ ਉਹ ਸਾੜ ਦਿੱਤਾ ਗਿਆ। ਆਤਮਾ ਤਾਂ ਉਸ ਪਰਮਾਤਮਾ ਦਾ ਅੰਸ਼ ਹੈ ਚਾਹੇ ਉਸ ਨੂੰ ਕੋਹਲੂ ਵਿਚ ਪੀੜੇ, ਤੇਲ ਦੇ ਕੜਾਹਿਆਂ ਵਿਚ ਸਾੜੇ, ਜੋ ਮਰਜ਼ੀ ਤਸੀਹੇ ਦੇਵੇ ਸਾਨੂੰ ਕੀ? ਬ੍ਰਹਮਣੀ ਸੋਚ ਆਤਮਾ ਨੂੰ ਸਦੀਵ ਮੰਨਦੀ ਹੈ। ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਅੱਜ ਸਾਰੀ ਦੁਨੀਆਂ ਦੀ ਅਬਾਦੀ ਮੰਨ ਲਓ ਪੰਜ ਅਰਬ ਹੈ। ਹਿੰਦੂ ਧਰਮ ਇਹ ਵੀ ਮੰਨਦਾ ਹੈ ਕਿ ਔਰਤ ਵਿਚ ਆਤਮਾ ਨਹੀਂ ਹੁੰਦੀ। ਚਲੋ ਖੈਰ। ਫਿਰ ਵੀ ਢਾਈ ਅਰਬ ਜਨਤਾ ਵੱਲ ਨਜ਼ਰ ਮਾਰਿਆਂ ਸਹਿਜੇ ਹੀ ਇਹ ਸਵਾਲ ਖੜਾ ਹੁੰਦਾ ਹੈ ਕਿ ਅੱਜ ਤੋਂ 3000-4000 ਸਾਲ ਪਹਿਲਾਂ ਤਾਂ ਦੁਨੀਆਂ ਦੀ ਅਬਾਦੀ ਲੱਖਾਂ ਦੀ ਗਿਣਤੀ ਵਿਚ ਹੀ ਹੋਵੇਗੀ। ਫਿਰ ਇਤਨੀਆਂ ਵਾਧੂ ਆਤਮਾਵਾਂ ਕਿੱਥੋ ਆਈਆਂ? ਪੰਡਿਤ ਜੀ ਜੇਕਰ ਔਰਤ ਵਿਚ ਆਤਮਾ ਨਹੀਂ ਹੁੰਦੀ ਤਾਂ ਕੀ ਬਾਕੀ ਦੀਆਂ ਆਤਮਾਵਾਂ ਕੁਤੇ ਬਿਲੀਆਂ ਜਾਂ ਗਧੇ ਖੋਤੇ ਘੋੜੇ ਕਾਵਾਂ ਦੀਆਂ ਹਨ ਜੋ ਆਦਮੀਆਂ ਵਿਚ ਪਰਵੇਸ਼ ਕਰ ਗਈਆਂ ਹਨ ਅਤੇ ਅਬਾਦੀ ਵੱਧਣ ਦਾ ਕਾਰਣ ਬਣਦੀਆਂ ਹਨ?

ਐਸੇ ਹੀ ਕੁੱਝ ਸਵਾਲਾਂ ਕਰਕੇ ਤਾਂ ਸਵਾਮੀ ਦਇਯਾ ਨੰਦ ਨੂੰ ਗਿਆਨੀ ਦਿੱਤ ਸਿੰਘ ਕੋਲੋਂ ਲਹੌਰ ਵਿਚ ਸੱਭ ਦੇ ਸਾਹਮਣੇ ਸਟੇਜ ਤੇ ਹਾਰ ਦਾ ਮੂੰਹ ਦੇਖਣਾ ਪਿਆ। ਆਤਮਾ ਦਾ ਰੂਪ ਤੇ ਸਥਾਨ ਕੀ ਹੈ? ਸਵਾਮੀ ਦਇਯਾ ਨੰਦ ਜੀ ਕਹਿੰਦੇ ਸਨ ਕਿ ਬਾਣੀ ਚਾਰ ਪ੍ਰਕਾਰ ਦੀ ਹੁੰਦੀ ਹੈ। “ਪਰਾਹ, ਪਸੰਤੀ, ਮੱਧਮ ਅਤੇ ਬੈਖਰੀ”। ਗਿਆਨੀ ਦਿੱਤ ਸਿੰਘ ਜੀ ਕਿਹਾ, “ ਸਵਾਮੀ ਦਇਯਾ ਨੰਦ ਜੀ ਬਾਕੀ ਬਾਣੀਆਂ ਦੀ ਤਾਂ ਗੱਲ ਛੱਡੋ ਜੋ ਮੇਰੇ ਗਲੇ ਵਿਚ ਹੈ ਉਹ ਦੱਸੋ ਕੀ ਹੈ? ਸਵਾਮੀ ਜੀ ਕਹਿਣ ਲੱਗੇ ਕਿ ਜਿਤਨਾ ਚਿਰ ਤੁਸੀਂ ਬੋਲਦੇ ਨਹੀਂ ਮੈਨੂੰ ਕਿਵੇਂ ਪਤਾ ਚੱਲੂ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਗਿਆਨੀ ਜੀ ਕਹਿਣ ਲੱਗੇ ਸਵਾਮੀ ਜੀ ਬੱਸ ਮੈਂ ਇਹੀ ਸੁਣਨਾ ਚਾਹੁੰਦਾ ਸੀ। ਬਾਣੀ ਸਿਰਫ ਇਕ ਹੀ ਹੈ ਜੋ ਅਸੀਂ ਬੋਲ ਕੇ ਲੋਕਾਂ ਨੂੰ ਸੁਣਾਉਂਦੇ ਹਾਂ। ਸਮਝਣ ਵਾਲੀ ਗੱਲ ਤਾਂ ਇਹ ਹੈ ਕਿ ਧਾਰਮਿਕ ਬੁਰਕੇ ਥੱਲੇ ਜੋ ਝੂਠ ਲਕੋਇਆ ਹੋਇਆ ਹੈ ਉਸ ਨੂੰ ਅਸੀਂ ਸਮਝੀਏ ਤੇ ਡਰ ਚੋਂ ਬਾਹਰ ਆਈਏ ਜੋ ਸਾਨੂੰ ਖਾ ਰਿਹਾ ਹੈ।

ਕੁੱਝ ਲੋਕ ਡਰ ਕਰਕੇ ਆਪਣੇ ਗਲਤ ਵੀਚਾਰਾਂ ਨੂੰ ਬਦਲਣ ਦੀ ਹਿੰਮਤ ਨਹੀਂ ਕਰਦੇ ਭਾਂਵੇਂ ਉਨ੍ਹਾ ਨੂੰ ਪਤਾ ਵੀ ਹੈ  ਕਿ ਉਹ ਗਲਤ ਹਨ। ਇਸ ਕਰਕੇ ਉਹ ਹਰ ਆਏ ਮਹੀਨੇ ਆਪਣੇ ਦਾਦੇ ਪੜ੍ਹ ਦਾਦੇ ਦੀ ਬਣੀ ਮਟੀ ਤੇ ਭੋਰਾ ਦੁੱਧ ਦੀ ਬਣਾਈ ਕੱਚੀ ਲੱਸੀ ਵੀ ਪਾ ਆਉਂਦੇ ਹਨ ਤੇ ਬੁੱਕ ਮਿੱਟੀ ਇਕ ਥਾਂ ਤੋਂ ਚੁੱਕ ਕੇ ਦੂਜੇ ਥਾਂ ਸੁੱਟ ਆਉਂਦੇ ਹਨ। ਕਈ ਸਾਰੇ ਲੋਕ ਵੇਖਾ-ਵੇਖੀ, ਰਸਮੋ-ਰਸਮੀ ਤੇ ਭੇਡਾ ਚਾਲ ਮੁਤਾਬਕ ਉਹ ਹਰ ਕੁੱਝ ਕਰੀ ਜਾਂਦੇ ਹਨ ਭਾਂਵੇਂ ਉਸ ਨਾਲ ਉਨ੍ਹਾ ਦਾ ਕੁੱਝ ਸੌਰਦਾ ਹੈ ਜਾਂ ਨਹੀਂ। ਕੁੱਝ ਲੋਕ ਹਰ ਸਾਲ ਜਾਂ ਦੋ ਸਾਲਾਂ ਬਾਅਦ ਕਿਸੇ ਖਾਸ ਗੁਰਦਵਾਰੇ ਅਖੰਡ ਪਾਠ ਕਰਾਉਂਦੇ ਹਨ, ਆਪਣੇ ਪਿਤਰਾਂ ਪ੍ਰਤੀ ਸ਼ਰਾਧ ਵੀ ਕਰਾਉਂਦੇ ਹਨ ਭਾਵੇਂ ਉਨ੍ਹਾ ਨੂੰ ਪਤਾ ਹੈ ਕਿ ਇਹ ਸਾਰਾ ਕੁੱਝ ਪਾਖੰਡ ਹੈ। ਕੁੱਝ ਲੋਕ ਐਸੇ ਵੀ ਹਨ ਜੋ ਇਹ ਸੋਚਦੇ ਹਨ ਕਿ ਪਿਛਲੇ 30-40 ਸਾਲਾਂ ਤੋਂ ਮੈਂ ਇਹ ਕੰਮ ਕਰਦਾ ਆ ਰਿਹਾ ਹਾਂ ਹੁਣ ਕਿਵੇਂ ਛੱਡ ਦਿਆਂ। ਇਹ ਡਰ ਹੀ ਹੈ ਜੋ ਉਨ੍ਹਾ ਨੂੰ ਖਾ ਰਿਹਾ  ਹੈ।  ਕਈਆਂ ਨੇ ਵਿਤੋਂ ਬਾਹਰਾ ਆਪਣਾ ਜੋਰ ਕਿਸੇ ਖਾਸ ਮੰਤਵ ਲਈ ਲਾਇਆ, ਮੰਤਵ ਪੂਰਾ ਨਹੀਂ ਹੋਇਆ, ਤੇ ਹਾਰ ਹੰਬ ਕੇ ਬੈਠ ਗਏ। ਹੁਣ ਉਹ ਇਸ ਮਸਲੇ ਬਾਰੇ ਕਿਸੇ ਨਾਲ ਗੱਲ ਵੀ ਕਰਨਾ ਪਸੰਦ ਨਹੀਂ ਕਰਦੇ। ਜਾਣੀ ਕੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੇ ਹਨ। ਕਈ ਸਿੱਖੀ ਸਰੂਪ ਵਿਚ ਹਨ ਪਰ ਡਰ ਕਾਰਣ ਸ਼ਨਿਚਰਵਾਰ ਨੂੰ ਹਨੂੰਮਾਨ ਦੇ ਮੰਦਰ ਤੇਲ ਦੀ ਬੋਤਲ ਵੀ ਦੇ ਆਉਂਦੇ ਹਨ ਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਵੀ ਕਰਨਾ ਨਹੀਂ ਭੁੱਲਦੇ। ਐਸੇ ਲੋਕਾਂ ਨੂੰ ਮੈਂ ਪਾਖੰਡੀ ਅਤੇ ਚੱਲਦੀ ਫਿਰਦੀ ਲਾਸ਼ ਕਿਸਮ ਦੇ ਲੋਕਾਂ ਦੀ ਕਤਾਰ ਵਿਚ ਖੜੇ ਕਰਦਾ ਹਾਂ।

ਦੁਨੀਆਂ ਵਿਚ ਜੇਕਰ ਮਨੁੱਖਤਾ ਦਾ ਬੁਰਾ ਹਾਲ ਹੈ ਤਾਂ ਮੇਰੀ ਸਮਝ ਮੁਤਾਬਕ ਇਸਦੇ ਜੁਮੇਵਾਰ ਹਨ ਧਾਰਮਿਕ ਸਥਾਨ ਅਤੇ ਸਿਆਸਤਦਾਨ। ਚਾਹੇ ਉਹ ਗੁਰਦਵਾਰਾ ਹੈ ਚਾਹੇ ਮੰਦਰ, ਮਸਜੱਦ-ਮਸੀਤ ਅਤੇ ਚਰਚ। ਇਨ੍ਹਾ ਸਥਾਨਾਂ ਤੋਂ ਲੋਕਾਂ ਨੇ ਸਿਖਿਆ ਲੈ ਕੇ ਚੰਗੇ ਇਨਸਾਨ ਬਣਨਾ ਸੀ ਪਰ ਅਸਲੀਅਤ ‘ਚ ਬਿਲਕੁੱਲ ਇਸ ਦੇ ਉਲਟ ਹੋ ਰਿਹਾ ਹੈ। ਇਹੀ ਸਥਾਨ ਲੋਕਾਂ ਦੀ ਲੁੱਟ ਦਾ ਸਾਧਨ ਬਣ ਚੁੱਕੇ ਹਨ। ਇਨ੍ਹਾ ਥਾਵਾਂ ਨੇ ਲੋਕਾਂ ਦਾ ਡਰ ਲਾਹੁਣਾ ਸੀ। ਪਰ ਇਹੀ ਸਥਾਨ ਸਿਆਸਤਦਾਨਾਂ ਨਾਲ ਮਿਲ ਕੇ ਲੋਕਾਂ ਦੇ ਦਿਮਾਗਾਂ  ਵਿਚ ਡਰ ਭਰਨ ਦਾ ਕੰਮ ਕਰ ਰਹੇ ਹਨ। ਇਨ੍ਹਾਂ ਸੰਥਾਵਾਂ ਦੇ ਪ੍ਰਬੰਧਕ ਅਤੇ ਪ੍ਰਚਾਰਕ ਜਦੋਂ ਖੁਦ ਹੀ ਸੱਚੇ ਸਿਧਾਂਤ ਤੋਂ ਸੱਖਣੇ ਹਨ, ਸਿਆਸਤਦਾਨਾਂ ਵਾਂਗਰ ਖੁਦਗਰਜ਼ ਹਨ, ਤਾਂ ਆਮ ਜਨਤਾ ਨੂੰ ਉਹ ਕੀ ਸੇਧ ਦੇ ਸਕਦੇ ਹਨ? ਆਮ ਜਨਤਾ ਦੀ ਤਾਂ ਗੱਲ ਛੱਡੋ ਇਨ੍ਹਾ ਦੇ ਜੱਥੇਦਾਰਾਂ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ “ਗੁਰੂ ਮਾਨਿਓ ਗ੍ਰੰਥ” ਨੂੰ ਮੰਨਣ ਤੋਂ ਇਨਕਾਰੀ ਹੋ ਕਿ ਐਲਾਣ ਕੀਤਾ ਹੈ ਕਿ ਸਾਰੇ ਗੁਰਦਵਾਰਿਆਂ ਵਿਚ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ” ਦੀ ਬਾਣੀ ਦਾ ਕੀਰਤਨ ਕੀਤਾ ਜਾ ਸਕਦਾ ਹੈ, ਪਾਠ ਤੇ ਅਖੰਡ ਪਾਠ ਕੀਤਾ ਜਾ ਸਕਦਾ ਹੈ ਜਦੋਂ ਕਿ 1967/68 ਤਕ ਦਰਬਾਰ ਸਾਹਿਬ ਵਿਚ ਕਦੇ ਕਿਸੀ ਨੇ ਦਸਮ ਗ੍ਰੰਥ ਵਿਚੋਂ ਕੋਈ ਛੰਦ ਨਹੀਂ ਸੀ ਪੜ੍ਹਿਆ। ਪਰ ਅੱਜ ਦਰਬਾਰ ਸਾਹਿਬ ਵਿਚ ਦਿਨ ਚੜ੍ਹਦਾ ਹੀ “ ਚੱਕ੍ਰ ਚਿਹਨ ਅਰ ਬਰਨ ਜਾਤਿ” ਨਾਲ ਹੈ ਤਾਂ ਸਿੱਖਾਂ ਦੀ ਚੜ੍ਹਦੀ ਕਲਾ ਕਿਵੇਂ ਹੋਵੇਗੀ। ਨਾਨਕ ਨਿਗੁਰਿਆ ਗੁਣੁ ਨਾਹੀ ਕੋਇ ॥ ਮੁਹਿ ਫੇਰਿਐ ਮੁਹੁ ਜੂਠਾ ਹੋਇ ॥੧॥ {ਪੰਨਾ 1240}

ਅੱਜ ਸਾਰੀ ਦੁਨੀਆਂ ਦਾ ਹੀ ਆਵਾ ਊਤ ਗਿਆ ਹੈ। ਜੇਕਰ ਕੋਈ ਇਕ ਅੱਧ ਇੱਟ ਹੀ ਕੱਚੀ ਪਿਲੀ ਹੁੰਦੀ ਤਾਂ ਚੋਣ ਕਰਕੇ ਬਾਹਰ ਕੱਢਕੇ ਸੁੱਟੀ ਜਾ ਸਕਦੀ ਸੀ ਪਰ ਹੁਣ ਤਾਂ ਸਾਰੀ ਆਵੀ ਹੀ ਪਿਲੀਆਂ ਇੱਟਾਂ ਨਾਲ ਭਰੀ ਪਈ ਹੈ। ਜਿਸ ਤਰ੍ਹਾਂ ਘੁਮਿਆਰ ਆਪਣੀ ਆਵੀ ਨੂੰ ਪਕਾੳਣ ਦੇ ਯਤਨ ਵਿਚ ਲੱਗਾ ਰਹਿੰਦਾ ਚਾਹੇ ਮੀਂਹ ਆਵੇ ਚਾਹੇ ਹਨੇਰੀ। ਹੁਣ ਸਾਰੀ ਸਿੱਖ ਕੌਮ ਨੂੰ ਹੀ ਇਹ ਉਪਰਾਲਾ ਕਰਨ ਦੀ ਅਤੀ ਲੋੜ ਹੈ। ਇਹ ਕੌਮ ਬਰਬਾਦੀ ਦੇ ਰਾਹ ਤੋਰ ਦਿੱਤੀ ਗਈ ਹੈ। ਇਸ ਨੂੰ 180 ਡਿਗਰੀ ਤੇ ਮੋੜਨ ਦੀ ਲੋੜ ਭਾਸਦੀ ਹੈ ਵਰਨਾ ਅੱਗੇ ਖੂਹ ਹੈ। ਉਹ ਕਿਹੜੀ ਕਰਾਮਾਤ ਵਰਤੀ ਜਿਸ ਨੇ ਨੰਗੀ ਕਰਦ ਨਾ ਪਕੜਨ ਵਾਲਿਆਂ ਦੇ ਹੱਥਾਂ ਵਿਚ ਤਲਵਾਰਾਂ ਤੇ ਖੰਡੇ ਬਰਛੇ ਫੜਾ ਕੇ ਪੁਸ਼ਤ ਦਰ ਪੁਸ਼ਤ ਬਣੀ ਬਹਾਦਰ ‘ਵੈਸ਼’ ਕੌਮ ਦੇ ਆਹੂ ਲੁਹਾ ਦਿੱਤੇ। ਇਹ ਸੀ ਦਸਾਂ ਗੁਰੂ ਸਾਹਿਬਾਨ ਦਾ ਨਿਜੀ ਜੀਵਨ ਅਤੇ ਗੁਰਬਾਣੀ ਦਾ ਉਪਦੇਸ਼ ਜਿਸ ਨੇ ਇਹ ਕਰਾਮਾਤ ਵਰਤਾਈ। ਏਕ ਉਲੂ ਕਾਫੀ ਥਾ ਬਰਬਾਦੇ ਗੁਲਸਤਾ ਕਰਨੇ ਕੋ। ਹਰ ਸ਼ਾਖ ਪੇ ਉਲੂ ਬੈਠਾ ਹੈ ਇੰਜ਼ਾਮੇ ਗੁਲਸਤਾ ਕਿਆ ਹੋਗਾ। ਕੀ ਆਫਰੀਕਾ, ਕੀ ਏਸ਼ੀਆ ਯੂਰਪ ਤੇ ਅਮਰੀਕਾ ਸਾਰੀ ਦੁਨੀਆਂ ਨੂੰ ਹੀ ਧਾਰਮਿਕ ਅਤੇ ਸਿਆਸਤਦਾਨਾਂ ਕੋਲੋਂ ਬਚਾਉਣ ਦੀ ਲੋੜ ਹੈ।

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ {ਪੰਨਾ 1376}

ਗੁਰੂ ਦੇ ਪੰਥ ਦਾ ਦਾਸ,

ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079