ਪੰਜਾਬੀ ਸੂਬੇ ਦੀ 50ਵੈਂ ਵਰ੍ਹੇਗੰਢ ਦੇ ਜਸ਼ਨ

0
35

A A A

ਕੋਈ ਸਮਾਂ ਸੀ ਪੰਜਾਬ ਦੀਆਂ ਹੱਦਾਂ ਅਫਗਾਨਿਸਤਾਨ , ਈਰਾਨ ਅਤੇ ਚੀਨ ਨਾਲ ਲਗਦੀਆਂ ਸਨ।ਭਾਰਤ ਦੀ ਆਜ਼ਾਦੀ ਸਮੇਂ 1947 ’ਚ ਦੇਸ ਦੀ ਵੰਡ ਨਾਲ ਪੰਜਾਬ ਦਾ ਬਹੁਤ ਸਾਰਾ ਉਪਜਾਊ ਇਲਾਕਾ ਅਤੇ ਜਾਨ ਨਾਲੋਂ ਪਿਆਰੇ ਧਾਰਮਿਕ ਸਥਾਨ ਪਾਕਿਸਤਾਨ ਵਿਚ ਚਲੇ ਗਏ। ਕੌਮ ਨੂੰ ਅਰਬਾਂ ਰੁਪੱਇਆਂ ਦਾ ਜਾਨੀ ਤੇ ਮਾਲੀ ਨੁਕਸਾਨ ਝੱਲਣਾ ਪਿਆ।ਦੇਸ ਦੀ ਆਜ਼ਾਦੀ ਤੋਂ ਬਾਦ ਪੰਜਾਬੀ ਸੂਬੇ ਦੀ ਮੰਗ ਸ਼ੁਰੂ ਹੋਈ ਜਿਸ ਦਾ ਆਧਾਰ 1920 ’ਚ ਕਾਂਗਰਸ ਵੱਲੋਂ ਕੀਤਾ ਵਾਇਦਾ ਸੀ ਕਿ ਬੋਲੀ ਦੇ ਆਧਾਰ ਤੇ ਸੂਬਾ ਬਣਾਇਆ ਜਾਵੇਗਾ।ਇਸ ਵਾਇਦੇ ਨੂੰ ਮੋਤੀ ਲਾਲ ਨਹਿਰੂ ਦੀ ਰੀਪੋਰਟ ਦਾ ਹਿੱਸਾ 1928 ਵਿਚ ਬਣਾਇਆ ਗਿਆ। ਬਾਦ ਵਿਚ ਕੇਂਦਰ ਸਰਕਾਰ ਨੇ ਆਪਣਾ ਰਵੱਈਆਂ ਬਦਲ ਲਿਆ ਉਹ ਕਦੇ ਵੀ ਨਹੀ ਸੀ ਚਾਹੁੰਦੀ ਕਿ ਪੰਜਾਬੀ ਦੇ ਆਧਾਰ ਤੇ ਸੂਬਾ ਬਣੇ। ਕਾਫੀ ਜਦੋ ਜਹਿਦ ਤੋਂ ਬਾਦ ਲੰਗੜਾ, ਲੂਲਾ ਤੇ ਸੂੰਘੜਿਆ ਹੋਇਆ ਸੂਬਾ ਨਵੰਬਰ 1, 1966 ਨੂੰ ਕਾਇਮ ਕੀਤਾ ਗਿਆ।
    ਪੰਜਾਬੀ ਸੂਬੇ ਨੂੰ ਬਣਾਉਣ ਲਈ ਮੋਰਚੇ ਲਗਾਉਣੇ ਪਏ ਜਿਸ ਦੁਰਾਨ 57129 ਵਿਅਕਤੀਆਂ ਨੂੰ ਜੇਲ੍ਹ ਦੀ ਹਵਾ ਫੱਕਣੀ ਪਈ ਅਤੇ ਲੱਗਭਗ 43 ਸਿੰਘਾਂ ਨੂੰ ਜਾਨ ਤੋਂ ਹੱਥ ਧੋਣੇ ਪਏ।ਪੰਜਾਬੀ ਬੋਲਦੇ ਇਲਾਕੇ ਅੰਬਾਲਾ, ਕਰੁਕਸ਼ੇਤਰ, ਕਰਨਾਲ, ਹਿਸਾਰ, ਫਤਿਹਬਾਦ ਅਤੇ ਸਿਰਸਾ ਨੂੰ ਹਰਿਆਣੇ ’ਚ ਸ਼ਾਮਿਲ ਕਰ ਦਿਤਾ ਗਿਆ। ਨਾਲਾਗੜ੍ਹ, ਊਨਾ , ਕਾਂਗੜਾ ਅਤੇ ਸ਼ਿਮਲਾ ਅਦਿਕ ਨੂੰ ਹਿਮਾਚਲ ਪ੍ਰਦੇਸ ਨੂੰ ਦੇ ਦਿਤੇ ਗਏ ਜਿਹੜੇ ਕਿ ਪਹਿਲੋਂ ਪੰਜਾਬ ਦਾ ਹਿੱਸਾ ਸਨ।ਸੰਤ ਹਰਚੰਦ ਸਿੰਘ ਲੌਗੋਵਾਲ  ਪ੍ਰਧਾਨ ਆਕਾਲੀ ਦਲ ਨੇ 1980 ਵਿਚ ਟਿੱਪਣੀ ਕੀਤੀ ਕਿ ਕੇਂਦਰ ਨੇ ਪਹਿਲੋਂ ਹਰਿਆਣਾ ਅਤੇ ਹਿਮਾਂਚਲ ਪ੍ਰਦੇਸ ਦੇ ਸੂੁਬਿਆਂ ਦੀਆਂ ਹੱਦਾਂ ਨੀਯਤ ਕੀਤੀਆਂ ਅਤੇ ਜੋ ਬਚਿਆ ਉਹ ਪੰਜਾਬ ਨੂੰ ਦੇ ਦਿੱਤਾ।
    ਪੰਜਾਬੀ ਪਿੰਡ ਉਜਾੜ ਕੇ ਚੰਡੀਗੜ੍ਹ ਸ਼ਹਿਰ ਉਸਾਰਿਆ ਗਿਆ ਪਰੰਤੂ ਪੰਜਾਬ ਦੀ ਇਸ ਸ਼ਹਿਰ ਵਿਚ ਹੈਸੀਅਤ ਇਕ ਕਿਰਾਏਦਾਰ ਤੋਂ ਵੱਧ ਕੁਝ ਵੀ ਨਹੀ।ਚੰਡੀਗੜ੍ਹ ਸ਼ਹਿਰ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਅਨੁਪਾਤ 60:40 ਦੇ ਆਧਾਰ  ਤੇ ਨੌਕਰੀਆਂ ਦਿਤੀਆਂ ਜਾਣੀਆਂ ਸਨ ਇਸ ਅਨੁਪਾਤ ਨੂੰ ਬਹੁਤ ਬੁਰੀ ਤਰਾਂ ਫੇਲ੍ਹ ਕਰਕੇ ਯੂਨੀਅਨ ਟੈਰੇਟਰੀ ਨੇ ਆਪਣਾ ਇਕ  ਵੱਖਰਾ ਕੇਡਰ ਤਿਆਰ ਕਰ ਲਿਆ।ਪਹਿਲੋਂ ਚੰਡੀਗੜ੍ਹ ਦਾ ਚੀਫ ਕਮਿਸ਼ਨਰ ਪੰਜਾਬ ਪਿਛੋਕੜ ਦਾ ਹੁੰਦਾ ਸੀ ਹੁਣ ਕੇਂਦਰ ਸਰਕਾਰ ਕਿਸੇ ਗੈਰ ਪੰਜਾਬੀ ਨੂੰ ਲਗਾਉਣ ਲਗ ਪਈ ਹੈ।ਭਾਰਤ ਦੇ ਹਰ ਸੂਬੇ ਦੀ ਆਪਣੀ ਵੱਖਰੀ ਰਾਜਧਾਨੀ ਤੇ ਹਾਈਕੋਰਟ ਹੈ ਪਰਤੂੰ 50 ਸਾਲ ਬੀਤਣ ਉਪਰੰਤ ਪੰਜਾਬ ਨੂੰ ਆਪਣੀ ਰਾਜਧਾਨੀ ਤੇ ਹਾਈਕੋਰਟ ਨਸੀਬ ਨਹੀ ਹੋਈ। ਤੇਲੰਗਾਨਾ ਦਾ ਸੂਬਾ ਬਣਾਇਆ, ਹੈਦਰਾਬਾਦ ਤੇਲੰਗਾਨਾ ਵਿਚ ਆਉਣ ਕਰਕੇ ਆਂਧਰਾ ਪ੍ਰਦੇਸ ਨੇ ਆਪਣੀ ਵੱਖਰੀ ਰਾਜਧਾਨੀ ਬਣਾਉਣੀ ਸ਼ੁਰੂ ਕਰ ਦਿੱਤੀ।
    ਪੰਜਾਬੀ ਸੂਬਾ ਜਿਸ ਪੰਜਾਬੀ ਭਾਸ਼ਾ ਦੇ ਆਧਾਰ ਉਪਰ ਬਣਾਇਆ ਗਿਆ ਉਸ ਭਾਸ਼ਾ ਦੀ ਤਰਸਯੋਗ ਹਾਲਤ ਦੇਖ ਬਹੁਤ ਦੁੱਖ ਹੁੰਦਾਂ ਹੈ।ਜਦੋਂ ਕਿ ਹੁਣ ਪੰਜਾਬੀ ਦੀ ਪੂਰੀ ਚੜ੍ਹਤ ਹੋਣੀ ਚਾਹੀਦੀ ਸੀ।ਪੰਜਾਬੀ ਰਾਜ ਭਾਸ਼ਾ ਕਦੇ ਵੀ ਲਾਗੂ ਨਹੀ ਹੋ ਸਕੀ ਜਿਸ ਦੇ ਆਧਾਰ ਤੇ ਪੰਜਾਬੀ ਸੂਬਾ ਬਣਾਇਆ ਗਿਆ।ਸਰਕਾਰੀ ਕੰਮਕਾਜ ਦੀ ਦਸ਼ਾ ਤਰਸਯੋਗ ਕੋਈ ਕੰਮ ਸਰਕਾਰੀ ਪੰਜਾਬੀ ਵਿਚ ਨਹੀ ਹੋ ਰਿਹਾ।ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੀ ਬੇਕਦਰੀ ਪੰਜਾਬੀ ਬੋਲਣ ਵਾਲਿਆਂ ਨੂੰ ਸਜਾ ਦਿਤੀ ਜਾਂਦੀ ਹੈ। ਪੰਜਾਬੀ ਬੋਲੀ ਨਾਲ ਹੋ ਰਿਹਾ ਧਰੋਹ, ਪੈਂਡੂ ਲੋਕਾਂ ਦੀ ਬੋਲੀ ਆਖਿਆ ਜਾਂਦਾ ਹੈ। ਪੰਜਾਬੀ ਦੇ ਸਾਈਨ ਬੋਰਡ ਅਲੋਪ ਹੋ ਚੁੱਕੇ ਹਨ। ਸਰਕਾਰ ਤੇ ਸ਼ਰੋਮਣੀ ਕਮੇਟੀ ਦੇ ਮੁਖੀ ਹਿੰਦੀ ਬੋਲਣ ਵਿਚ ਮਾਣ ਮਹਿਸ਼ੂਸ ਕਰਦੇ ਹਨ।
     ਜਨਸੰਘ ਤੇ ਮਹਾਸ਼ਾ ਪੱਤਰਕਾਰੀ ਨੇ ਪੰਜਾਬੀ ਸੂਬੇ ਦਾ ਵਿਰੋਧ ਕਰਨ ਲਈ ਆਪਣੀ ਮਾਂ ਬੋਲੀ ਪੰਜਾਬੀ ਨਾਲ ਧਰੋਹ ਕਮਾਕੇ ਹਿੰਦੀ ਨੂੰ ਪਹਿਲ ਦਿਤੀ।ਅਜ ਉਸ ਜਨਸ਼ੰਘ ਦਾ ਦੂਸਰਾ ਰੂਪ ਬੀ ਜੇ ਪੀ ਆਕਾਲੀ ਸਰਕਾਰ ਵਿਚ ਭਾਈਵਾਲ ਹੈ।ਜਿਨ੍ਹਾਂ ਨੇ ਹਮੇਸ਼ਾ ਹੀ ਪੰਜਾਬੀ ਭਾਸ਼ਾ ਦੀ ਵਿਰੋਧਤਾ ਕੀਤੀ ਉਹ ਹੁਣ ਕਿਸ ਤਰ੍ਹਾਂ ਇਸ ਭਾਸ਼ਾਂ ਦੀ ਤਰੱਕੀ ਵਿਚ ਸਹਾਇਕ ਹੋ ਸਕਦੇ ਹਨ? ਸ਼: ਪਰਕਾਸ਼ ਸਿੰਘ ਬਾਦਲ ਪੰਜਾਬ ਦੇ ਪੰਜ ਵਾਰ ਮੁਖ ਮੰਤਰੀ ਬਣੇ ਪਰਤੂੰ ਪੰਜਾਬੀ ਨੂੰ ਤਰੱਕੀ ਵੱਲ ਲੈ ਜਾਣ ਦੀ ਬਿਜਾਏ ਇਸ ਦਾ ਗਲਾ ਘੁੱਟਨ ਵਿਚ ਕੋਈ ਕਸਰ ਬਾਕੀ ਨਹੀ ਛਡੀ। ਸ: ਲਛਮਣ ਸਿੰਘ ਗਿੱਲ ਨੇ ਆਪਣੇ ਥੋੜੇ ਸਮੇ ਦੁਰਾਨ ਪੰਜਾਬੀ ਲਾਗੂ ਕਰਨ ਲਈ ਕਾਨੂੰਨ ਬਣਾਇਆ ਉਸਦੀ ਪਰਫੁਲਤਾ ਲਈ ਜੋ ਕੰਮ ਕੀਤਾ ਉਹ ਆਪਣੇ ਆਪ ਵਿਚ ਇਕ ਮਿਸਾਲ ਹੈ। ਸੰਸਾਰ ਭਰ ਦੇ ਭਾਸ਼ਾ ਦੇ ਮਾਹਰਾਂ ਦਾ ਕਹਿਣਾ ਹੈ ਕਿ ਜਿਹੜੇ ਬੱਚੇ ਆਪਣੀ ਮਾਂ ਬੋਲੀ ਵਿੱਚ ਪਰਪੱਕ ਹਨ ਉਹ ਦੂਸਰੀਆਂ ਭਾਸ਼ਾਂਵਾਂ ਵਿਚ ਵੀ ਦੂਜਿਆਂ ਨਾਲੋਂ ਅਗੇ ਲੰਘ ਜਾਂਦੇ ਹਨ।ਕਿਸੇ ਨੇ ਰਾਵਿੰਦਰਨਾਥ ਟੈਗੋਰ ਕੋਲੋਂ ਪੁਛਿਆ ਤੁਹਾਨੂੰ ਸਾਹਿਤ ਵਿਚ ਨੋਬਲ ਪੁਰਸਕਾਰ ਮਿਲਿਆ, ਇਲਾਮਾ ਇਕਬਾਲ ਨੂੰ ਕਿਉਂ ਨਹੀ, ਤਾਂ ਟੈਗੋਰ ਦਾ ਉੱਤਰ ਸੀ ਕਿ ਮੈਂ ਆਪਣੀ ਮਾਂ ਬੋਲੀ ’ਚ ਲਿਖਦਾ ਜਦੋਂ ਕਿ ਇਕਬਾਲ ਆਪਣੀ ਮਾਂ ਬੋਲੀ ਵਿਚ ਨਹੀ।
    ਭਾਖੜਾ ਡੈਮ ਦਾ ਪਰਬੰਧ , ਮੁਰੰਮਤ ਤੇ ਅਪਰੇਸ਼ਨ ਆਦਿ ਦੀ ਦੇਖ ਭਾਲ ਲਈ ਭਾਖੜਾ ਮੈਨੇਜ਼ਮੈਂਟ ਬੋਰਡ 1966 ਵਿੱਚ ਬਣਾਇਆ ਗਿਆ। ਬਾਦ ਵਿਚ ਇਸ ਦਾ ਨਾਮ 15 ਮਈ 1976 ਨੂੰ ਬਦਲ ਕੇ ਭਾਖੜਾ ਬਿਆਸ ਮੈਨੇਜ਼ਮੈਂਟ ਬੋਰਡ ਰੱਖਿਆ ਗਿਆ ਜੋ ਹੁਣ ਭਾਖੜਾ ਡੈਮ, ਦੇਹਰ ਹਾਈਡਰੋਇਲੈਕਟਰਿਕ ਪ੍ਰਾਜੈਕਟ, ਪੌਂਗਡੈਮ, ਗੰਗੂਵਾਲ ਅਤੇ ਕੋਟਲਾ ਪਾਵਰ ਸਟੇਸ਼ਨਾਂ ਆਦਿ ਦਾ ਕੰਟਰੋਲ ਕਰਦਾ ਹੈ।
    ਪੰਜਾਬ ਵਿਚ ਭ੍ਰਿਸ਼ਟਾਚਾਰ, ਮਿਲਾਵਟਖੋਰੀ, ਬੇਰੁਜ਼ਗਾਰੀ, ਨਸ਼ਿਆਂ ਦੀ ਭਰਮਾਰ, ਧੱਕੜਸ਼ਾਹੀ , ਗੈਂਗਾਂ ਦੀ ਪੈਦਾਇਸ, ਭਾਈ ਅਤੇ ਭਤੀਜਾਵਾਦ ਦਾ ਪੂਰਾ ਬੋਲਬਾਲਾ ਪੰਜਾਬ ਦੀ ਤਰੱਕੀ ਵਿਚ ਵੱਡੀ ਅੜਚਣ ਬਣਕੇ ਅੱਖਾਂ ਦਿਖਾ ਰਿਹਾ ਹੈ।ਪੰਜਾਬ ਦੀ ਪੰਥਕ ਸਰਕਾਰ ਦਾ ਇਸ ਵੱਲ ਕੋਈ ਧਿਆਨ ਨਹੀ। ਪੰਜਾਬ ਤੋਂ ਅਲੱਗ ਹੋਏ ਹਿਮਾਚਲ ਪਰਦੇਸ ਵਿਚ ਪੰਜਾਬੀ ਜ਼ਮੀਨ ਜਾਇਦਾਦ ਨਹੀ ਖਰੀਦ ਸਕਦੇ ਇਸ ਦੇ ਉਲਟ ਬਿਹਾਰ ਤੇ ਯੂ ਪੀ ਵਿਚੋਂ ਆਏ ਲੋਕਾਂ ਉਪਰ ਪੰਜਾਬ ’ਚ ਜ਼ਮੀਨ ਜਾਇਦਾਦ ਖਰੀਦਣ ਉਪਰ ਕੋਈ ਪਾਬੰਦੀ ਨਹੀ।
    ਦੇਸ ਦੀ ਆਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਨੂੰ ਦੇਸ ਆਜ਼ਾਦ ਹੋਣ ਤੋਂ ਤੁਰੰਤ ਬਾਦ  “ਜ਼ਰਾਇਮ ਪੇਸ਼ਾ ਕੌਮ” ਦੇ ਤੋਹਫੇ ਨਾਲ ਨਿਵਾਜਿਆ ਗਿਆ।
    ਪਿਛਲੇ ਕੁਛ ਸਮੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀ ਲੈ ਰਹੀਆਂ ਅਤੇ ਨਾ ਅਜੇ ਤੱਕ ਕਿਸੇ ਦੋਸੀ ਨੂੰ ਫੜਿਆ ਗਿਆ।ਪੰਥਕ ਸਰਕਾਰ ਦੇ ਇਸ਼ਾਰੇ ਉਪਰ ਸੌਦਾ ਸਾਧ ਨੂੰ  ਜਥੇਦਾਰਾਂ ਵਲੋਂ ਬਗੈਰ ਕਿਸੇ ਮੰਗ ਪੱਤਰ ਦੇ ਮੁਕਤ ਕਰਨਾ ਸਰਕਾਰ ਦੀ ਧਾਰਮਿਕ ਸਥਾਨਾਂ ਵਿੱਚ ਸਿੱਧੀ ਦਖਲ ਅੰਦਾਜ਼ੀ ਹੈ।ਇਸ ਦੇ ਨਾਲ ਦਰਬਾਰ ਸਾਹਿਬ ਦੇ ਅੰਦਰ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਦਾ ਮੁੱਦਾ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਦੋਂ ਕੇ ਸਿੱਖ ਧਰਮ ਵਿੱਚ ਤਸਵੀਰ ਦੀ ਕੋਈ ਮਹੱਤਤਾ ਨਹੀ ਹੈ।ਸ਼ਰੋਮਣੀ ਕਮੇਟੀ ਬਾਦਲ ਸਾਹਿਬਾਂ ਦੇ ਇਸ਼ਾਰਿਆਂ ਉਪਰ ਚਲਦੀ ਹੋਈ ਸਿੱਖ ਧਰਮ ਦਾ ਬ੍ਰਾਹਮਣੀਕਰਨ ਕਰ ਰਹੀ ਹੈ। ‘ਜੇ ਖੇਤ ਦੀ ਵਾੜ ਹੀ ਖੇਤ ਨੂੰ ਖਾਣ ਲਗ ਪਏ’ ਤਾਂ ਰੱਬ ਹੀ ਰਾਖਾ।
    ਨਵੰਬਰ ਪਹਿਲੀ ਵਾਲੇ ਦਿਨ ਦਿੱਲੀ ਵਿਚ ਸਿੱਖਾਂ ਨੂੰ ਜੀਉਂਦਿਆਂ ਅੱਗ ਵਿੱਚ ਸਾੜਿਆ ਗਿਆ ਤੇ ਉਸ ਦਿਨ ਹੀ ੱਿਸੱਖਾਂ ਦੀ ਜਨਮ ਭੂੰਮੀ ਪੰਜਾਬ ’ਚ ਪੰਜਾਬੀ ਸੂਬੇ ਦੇ ਜਸ਼ਨ ਮਨ੍ਹਾ ਕੇ ਸਿੱਖਾਂ ਦੇ ਜਖਮਾਂ ਉਪਰ ਲੂਣ ਛਿੜਕਿਆ ਗਿਆ।ਇਥੇ ਹੀ ਬੱਸ ਨਹੀ 3 ਨਵੰਬਰ ਵਾਲੇ ਦਿਨ ਦਿੱਲੀ ਵਿਚ ਸੜਕਾਂ ਉਪਰ ਰੁਲਦੀਆਂ ਸਿੱਖ ਭਰਾਵਾਂ ਭੈਣਾ ਦੀਆ ਲ਼ਾਸ਼ਾਂ ਕੂੜੇ ਕਰਕੱਟ ਵਾਲੇ ਟਰੱਕਾਂ ਵਿਚ ਪਾਈਆਂ ਗਈਆਂ ਸਨ।ਉਸੇ ਦਿਨ ਹੀ ਸਾਡੀ ਪੰਥਕ ਸਰਕਾਰ ਕਬੱਡੀ ਦੇ ਜਸ਼ਨ ਸ਼ੁਰੂ ਕਰ ਰਹੀ ਹੈ ਬਾਲੀ ਵੁੱਡ ਦੇ ਵੱਡੇ ਵੱਡੇ ਸਿਤਾਰੇ ਰੰਗਾਂ ਰੰਗ ਪਰੋਗਰਾਮ ਲਈ ਬੁਲਾਏ ਜਾ ਰਿਹੇ ਹਨ। ਕੀ ਇਹ ਸਭ ਕੁਛ ਸਾਨੂੰ 1984 ਦੀਆਂ ਵਾਰਦਾਤਾਂ ਭੁਲਾਉਣ ਲਈ ਜਾਂ ਕੇਂਦਰ ਸਰਕਾਰ ਨੂੰ ਖੁਸ਼ ਕਰਨ ਲਈ ਤਾਂ ਨਹੀ ਕੀਤਾ ਜਾ ਰਿਹਾ ਹੈ?
    ਕੀ ਇਹ ਜਸ਼ਨ ਪੰਜਾਬ ਦੀ ਪੰਥਕ ਸਰਕਾਰ ਨੂੰ ਸੋਭਦੇ ਹਨ? ਜਦੋਂ ਕੇ ਪੰਜਾਬ ਕੋਲੋਂ ਪੰਜਾਬ ਦੀ ਰਾਜਧਾਨੀ, ਭਾਖੜਾ ਡੈਮ ਪ੍ਰਾਜੈਕਟ ਅਤੇ ਹਾਈ ਕੋਰਟ ਖੋਹ ਲਏ ਗਏ ਹੋਣ,ਪੰਜਾਬੀ ਬੋਲਦੇ ਇਲਾਕੇ ਖੁਸ ਚੁੱਕੇ ਹੋਣ ਅਤੇ ਗੁਰਦਵਾਰਾ ਐਕਟ ਕੇਂਦਰ ਦੇ ਅਧੀਨ ਕਰ ਲਿਆ ਗਿਆ ਹੋਵੇ। ਜੇ ਸੁਨਹਿਰੀ ਜ਼ੁਬਲੀ ਦੇ ਜਸ਼ਨਾਂ ਵਿਚ ਇਸ ਸਬੰਧ’ਚ ਕੋਈ ਵੀ ਮੱਸਲਾ ਨਹੀ ਸੀ ਉਠਾਉਣਾ ਤਾਂ ਪੰਥਕ ਸਰਕਾਰ ਨੂੰ ਇਹ ਜਸ਼ਨ ਮਨਾਉਣ ਦੀ ਕੀ ਲੋੜ ਸੀ? ਕਿਤੇ ਇਹ ਵੋਟਰਾਂ ਨੂੰ ਖੁਸ਼ ਕਰਕੇ ਆਉਣ ਵਾਲੇ ਪੰਜ ਸਾਲਾਂ ਲਈ ਆਪਣਾ ਰਸਤਾ ਤਾਂ ਨਹੀ ਸਾਫ ਕਰ ਰਿਹੇ।
    ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਅਮਿਤਸ਼ਾਹ ਦਾ ਇਹ ਬਿਆਨ ਖਾਸ ਧਿਆਨ ਮੰਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪਰਕਾਸ਼ ਦਿਹਾੜਾ ਭਾਰਤ ’ਚ ਤਹਿਸੀਲ ਪਧਰ ਤੇ ਮਨਾਇਆ ਜਾਵੇਗਾ। ਕੀ ਇਸ ਦੇ ਪਿਛੇ ਨੰਦੇੜ ਮਹਾਂਰਾਸ਼ਟਰਾ ਤੋਂ ਕੱਢੀ ਗਈ ਯਾਤਰਾ ਵਾਂਗ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਖੌਤੀ ਦਸਮ ਗ੍ਰੰਥ ਨੂੰ ਰੱਖਕੇ ਕਿਤੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਕਰਨ ਦੀ ਸਾਜਿਸ਼ ਤਾਂ ਕੰਮ ਨਹੀ ਕਰ ਰਹੀ?

ਸਤਨਾਮ ਸਿੰਘ ਜੌਹਲ
604-307-3800  
 

 

 

Previous articleਉਹ ਕਿਸ ਮੂੰਹ ਨਾਲ ਆਖਣਗੇਂ ਕਿ ਸਾਡਾ ਭਰੋਸਾ ‘ਇਕ’ ਤੇ ਹੈ ਜਿਹਨਾਂ ਦਾ ਸੀਸ ਦੋਵਾਂ ਅੱਗੇ ਝੁਕਦਾ ਹੈ :
Next articleਰੱਬ ਦੇ ਦਰਸ਼ਨ
identicon
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਪ੍ਰੋ: ਗੁਰਮੁਖ ਸਿੰਘ ਤੇ ਗਿਆਨੀ ਦਿੱਤ ਸਿੰਘ ਜੀ ਨੂੰ ਸਮਰਪਿਤ ਹੈ। ਇਨ੍ਹਾ ਹੀ ਸੂਰਮਿਆਂ ਅਤੇ ਭਾਈ ਕਾਹਨ ਸਿੰਘ ਨਾਭਾ ਦੀ ਬਦੌਲਤ ਸਾਰੇ ਭਾਰਤ ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ ਤੇ ਗੁਰਦਵਾਰੇ ਅਜ਼ਾਦ ਕਰਵਾਏ ਗਏ। ਲੀਰੋ- ਲੀਰ ਅਤੇ ਲਹੂ-ਲੁਹਾਣ ਹੋਈ ਸਿੱਖੀ ਅੱਜ ਫਿਰ ਤੋਂ ਮਹੰਤ ਨਰੈਣੂ ਦੇ ਖੂਨੀ ਸਾਕੇ ਦੀ ਯਾਦ ਦੁਹਰਾਉਂਦੀ ਹੈ ਅਤੇ ਸਾਕਾ ਨਨਕਾਣਾ ਕਰਨ ਲਈ ਸਾਨੂੰ ਵੰਗਾਰਦੀ ਹੈ । ਹੈ ਕੋਈ ਸੂਰਮਾ, ਜੋ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਪਹੁੰਚਾਉਣ, ਅੰਧਵਿਸ਼ਵਾਸੀਆਂ ਨੂੰ ਬਿਬੇਕ-ਬੁੱਧੀ, ਮਨੁੱਖਤਾ ਨੂੰ ਵਿਚਾਰਵਾਨ ਬਣਾਉਣ ਲਈ ਸਾਥ ਦੇਣ ਲਈ ਤਿਆਰ ਹੋਵੇ ?