ਰੱਬ ਦੇ ਦਰਸ਼ਨ

0
34

A A A


ਇਕ ਦਿਨ ਦੀ ਗੱਲ ਹੈ| ਮੇਰਾ ਇਕ ਦੋਸਤ ਕਿਸੇ ਕੰਮ ਦੇ ਸਬੰਧ ਵਿਚ, ਆਪਣੇ ਚਚੇਰੇ ਭਰਾ ਨੂੰ ਲੈ ਕੇ ਮੇਰੇ ਘਰ ਆ ਗਿਆ| ਉਸ ਦਾ ਚਚੇਰਾ ਭਰਾ, ਪਹਿਲੀ ਵਾਰ ਮੇਰੇ ਕੋਲ ਆਇਆ ਸੀ| ਕੁੱਝ ਦੇਰ ਗੱਲਾਂ ਕਰਨ ਉਪਰੰਤ, ਮੇਰੇ ਦੋਸਤ ਦੇ ਚਚੇਰੇ ਭਰਾ ਨੇ ਮੈਂਨੂੰ ਕਿਹਾ, “ਭਾ ਜੀ! ਤੁਸੀਂ ਰੱਬ ਦੇ ਦਰਸ਼ਨ ਕੀਤੇ ਹਨ?”  ਅਸਲ ਵਿਚ ਉਹ ਮੇਰੇ ਗਲ ਵਿਚ ਪਈ ਕ੍ਰਿਪਾਨ ਦੇਖ ਕੇ, ਮੈਂਨੂੰ ਆਪਣੇ ਡੇਰੇ ਵੱਲ ਖਿੱਚਣਾ ਚਾਹੁੰਦਾ ਸੀ| ਇਸ ਲਈ ਮੈਂ ਉਸ ਦੀ ਅਸਲੀਅਤ ਨੂੰ ਭਾਂਪਦੇ ਹੋਏ ਕਿਹਾ, “ਮੈਂ ਰੱਬ ਦੇ ਦਰਸ਼ਨ ਨਹੀਂ ਕਰਨਾ ਚਾਹੁੰਦਾ|”  ਮੇਰਾ ਜਵਾਬ ਸੁੱਣ ਕੇ ਕਹਿਣ ਲੱਗਾ ਕਿ ਭਾ ਜੀ! ਤੁਸੀਂ ਅਜੀਬ ਬੰਦੇ ਹੋ, ਜਿਹੜੇ ਰੱਬ ਦੇ ਦਰਸ਼ਨ ਨਹੀਂ ਕਰਨਾ ਚਾਹੁੰਦੇ| ਜੇਕਰ ਕਿਸੇ ਹੋਰ ਨੂੰ ਕਿਹਾ ਜਾਂਦਾ ਤਾਂ ਉਸ ਨੇ  ਝੱਟ ਹਾਂ ਕਰ ਦੇਣੀ ਸੀ| ਮੈਂ ਉਸ ਨੂੰ ਕਿਹਾ, “ਪਹਿਲਾਂ ਆਪਣੇ ਬਾਰੇ ਦੱਸੋ,  ਕੀ ਤੁਸੀਂ ਰੱਬ ਦੇ ਦਰਸ਼ਨ ਕੀਤੇ ਹੋਏ ਹਨ?”  ਉਸ ਨੇ ਕਿਹਾ, “ਹਾਂ|”  ਮੈਂ  ਉਸ ਨੂੰ ਕਿਹਾ, ਫਿਰ ਤਾਂ ਤੁਸੀਂ ਮੈਂਨੂੰ ਇੱਥੇ ਹੀ ਰੱਬ ਦੇ ਦਰਸ਼ਨ ਕਰਾ ਦਿਉ| ਉਸ ਨੇ ਕਿਹਾ ਕਿ ਇੱਥੇ ਰੱਬ ਦੇ ਦਰਸ਼ਨ ਨਹੀਂ ਕਰਾਏ ਜਾ ਸਕਦੇ| ਰੱਬ ਦੇ ਦਰਸ਼ਨ ਕੇਵਲ ਸਾਡੇ ਬਾਬਾ ਜੀ ਹੀ ਕਰਾ ਸਕਦੇ ਹਨ, ਹੋਰ ਕੋਈ ਨਹੀ|
ਉਸ ਨੂੰ ਦੀਵੇਂ ਦੀ ਉਦਾਹਰਣ ਦੇ ਕੇ ਕਿਹਾ, ਦੇਖੋ! ਇਕ ਜਗਦੇ ਦੀਵੇ ਨਾਲ ਹੋਰ ਅਨੇਕਾਂ ਦੀਵੇ ਜਗਾਏ ਜਾ ਸਕਦੇ ਹਨ| ਇਸੇ ਤਰ੍ਹਾਂ ਜਿਸ ਵਿਅਕਤੀ ਨੇ ਰੱਬ ਦੇ ਦਰਸ਼ਨ ਕੀਤੇ ਹੋਣ, ਉਹ ਹੋਰ ਲੋਕਾਂ ਨੂੰ ਵੀ ਰੱਬ ਦੇ ਦਰਸ਼ਨ ਕਰਾ ਸਕਦਾ ਹੈ| ਮੇਰੀ ਗੱਲ ਸੁਣ ਕੇ ਕਹਿਣ ਲੱਗਾ ਕਿ ਪਹਿਲਾਂ ਸਾਡੇ ਬਾਬਾ ਜੀ ਦੇ ਦਰਸ਼ਨ ਕਰ ਲੈਣਾ ਅਤੇ ਬਾਬਾ ਜੀ ਤੁਹਾਨੂੰ ਰੱਬ ਦੇ ਦਰਸ਼ਨ ਕਰਾ ਦੇਣਗੇ| ਇਸ ਤਰ੍ਹਾਂ ਇਕ ਪੰਥ ਦੋ ਕਾਜ ਵਾਲਾ ਕੰਮ ਹੋ ਜਾਵੇਗਾ|
ਜਦੋਂ ਉਹ ਬਾਰ ਬਾਰ ਕਹਿਣ ਤੋਂ ਨਾ ਹਟਿਆ ਤਾਂ ਮੈਂ ਉਸ ਨੂੰ ਇਕ ਗੱਲ ਆਖੀ ਕਿ ਮੈਂ ਕੇਵਲ ਇਕ ਹੀ ਬਾਬੇ ਦੇ ਦਰਸ਼ਨ ਕਰਦਾ ਹਾਂ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਨਾ ਕਿ ਕਿਸੇ ਸਰੀਰ ਦੇ| ਮੇਰੀ ਸਪੱਸ਼ਟ ਗੱਲ ਸੁਣ ਕੇ,  ਉਸ ਨੇ ਆਪਣੇ ਬਿਜਨਸ ਦੀ ਗੱਲ ਸ਼ੁਰੂ ਕਰਕੇ ਆਪਣਾ ਕੰਮ ਪੂਰਾ ਕਰ ਲਿਆ| ਪਰ ਮੇਰੇ ਘਰ ਤੋਂ ਜਾਣ ਲੱਗਿਆਂ,  ਗੇਟ ਦੇ ਬਾਹਰ ਫਿਰ ਉਸ ਨੇ  ਦੁਬਾਰਾ ਗੱਲ ਸ਼ੁਰੂ ਕਰ ਲਈ ਅਤੇ ਕਹਿਣ ਲੱਗਾ,  “ਭਾ ਜੀ! ਤੁਸੀਂ ਮੇਰੀ ਗੱਲ ਮੰਨੋ, ਬਾਬਾ ਜੀ ਕੋਲ ਇਕ ਵਾਰ ਜ਼ਰੂਰ ਚਲੋ|”
ਅਚਾਨਕ ਮੈਂਨੂੰ ਇਕ ਗੱਲ ਯਾਦ ਆ ਗਈ ਜਿਹੜੀ ਉਨ੍ਹਾਂ ਦੋਨਾਂ ਭਰਾਵਾਂ ਨੂੰ ਸੁਣਾਈ| ਇਕ ਵਾਰੀ ਦੀ ਗੱਲ ਹੈ| ਮੈਂ ਇਕ ਟਰੱਕ ਵਿਚ ਬੈਠ ਕੇ ਮੈਂ ਦਮਦਮਾ ਸਾਹਿਬ ਜਾ ਰਿਹਾ ਸੀ| ਜਿਸ ਟਰੱਕ ਵਿਚ ਬੈਠਾ ਸਫ਼ਰ ਕਰ ਰਿਹਾ ਸੀ, ਉਸ ਟਰੱਕ ਤੋਂ ਅੱਗੇ ਇਕ ਹੋਰ ਟਰੱਕ ਜਾ ਰਿਹਾ ਸੀ, ਜਿਸ ਦੇ ਪਿਛਲੇ ਡਾਲੇ ਤੇ ਲਿਖਿਆ ਸੀ: 100 ਵਿਚੋਂ 99 ਬੇਈਮਾਨ 1 ਇਮਾਨਦਾਰ| ਉਨ੍ਹਾਂ ਨੂੰ ਕਿਹਾ ਕਿ ਮੈਂਨੂੰ ਉਹ ਟਰੱਕ ਡਰਾਇਵਰ ਸਿਆਣਾ  ਜਾਪਿਆ| ਮੇਰੀਆਂ ਗੱਲਾਂ  ਸੁਣ ਕੇ ਰੱਬ ਦੇ  ਦਰਸ਼ਨ ਕਰਾਉਣ  ਵਾਲਾ ਝੱਟ ਬੋਲਿਆ, “ਭਾ ਜੀ! ਉਸ ਟਰੱਕ ਡਰਾਈਵਰ ਨੇ ਪੂਰਾ ਸੱਚ ਨਹੀਂ ਲਿਖਿਆ ਕਿਉਂਕਿ ਅੱਜ ਦੇ ਜ਼ਮਾਨੇ ਵਿਚ ਕੋਈ ਵੀ ਇਮਾਨਦਾਰ ਨਹੀਂ ਹੈ|” ਮੌਕਾ ਸੰਭਾਲਦੇ ਹੋਏ, ਮੈਂ ਉਸ ਨੂੰ ਕਿਹਾ, “ਜੇਕਰ ਤੁਹਾਡੀ ਗੱਲ ਨੂੰ ਸੱਚ ਮੰਨ ਲਿਆ ਜਾਵੇ, ਫਿਰ ਤਾਂ ਤੁਹਾਨੂੰ ਰੱਬ ਦੇ ਦਰਸ਼ਨ ਕਰਾਉਣ ਵਾਲਾ ਵੀ ਇਮਾਨਦਾਰ ਨਾ ਹੋਇਆ|  ਇਸ ਤੋਂ ਇਲਾਵਾ ਜਿਹੜੇ ਤੁਸੀਂ ਲੱਖਾਂ ਬੰਦਿਆਂ ਨੇ ਰੱਬ ਦੇ ਦਰਸ਼ਨ ਕਰ ਲਏ ਹਨ, ਉਹ ਵੀ ਇਮਾਨਦਾਰ ਨਾ ਹੋਏ|” ਮੇਰੀਆਂ ਗੱਲਾਂ ਸੁਣ ਕੇ ਉਹ ਦੋਨੋਂ ਭਰਾ ਉੱਚੀ-ਉੱਚੀ ਹੱਸ ਪਏ| ਮੇਰੇ ਦੋਸਤ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ, “ਹੁਣ ਦੇ ਜਵਾਬ, ਹਰ ਥਾਂ ਰੱਬ ਦਿਖਾਉਣ ਦੀਆਂ ਹੀ ਗੱਲਾਂ ਕਰਦਾ ਰਹਿੰਦਾ ਏਂ|”
ਮੈਂ ਉਨ੍ਹਾਂ ਨੂੰ ਕਿਹਾ, “ਸੰਸਾਰ ਵਿਚ ਇਕੋ ਗੁਰੂ ਇਮਾਨਦਾਰ ਹੈ, ਉਹ ਹੈ ਗੁਰੂ ਗ੍ਰੰਥ ਸਾਹਿਬ ਜੀ, ਜਿਹੜਾ ਸੰਸਾਰ ਦੇ ਲੋਕਾਂ ਨੂੰ ਅਗਿਆਨਤਾ ਵਿਚੋਂ ਕੱਢ ਕੇ ਸੱਚ ਦੇ ਚਾਨਣੇ ਵਿਚ ਲਿਆਂਦਾ ਹੈ| ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ, ਹਰ ਮਨੁੱਖ ਦਾ ਭਲਾ ਕਰਦੀ ਹੈ| ਮੇਰੀ ਗੱਲਾਂ ਸੁਣ ਕੇ ਰੱਬ ਦੇ ਦਰਸ਼ਨ ਕਰਾਉਣ ਵਾਲਾ ਕਹਿਣ ਲੱਗਾ, ਭਾ ਜੀ ! ਛੱਡੋ ਇਨ੍ਹਾਂ ਗੱਲਾਂ ਨੂੰ ਅਪਾਂ ਕੀ ਲੈਣਾ ਹੈ, ਅੱਪਾਂ ਆਪਣੇ ਬਿਜਨਸ ਦੀ ਗੱਲ ਕਰੀਏ|
ਸ਼ਾਮ ਨੂੰ ਦਿਨ ਛਿਪਣ ਕਰਕੇ, ਮੇਰੇ ਦੋਸਤ ਨੇ ਆਪਣੇ ਚਚੇਰੇ ਭਰਾ ਨੂੰ ਕਿਹਾ, ਭਾ ਜੀ! ਤੁਸੀਂ ਹਰ ਥਾਂ ਰੱਬ ਦਿਖਾਉਣ ਦੀਆਂ ਗੱਲਾਂ ਕਰਕੇ ਆਪਣਾ ਸਮਾਂ ਵੀ ਬਰਬਾਦ ਕਰਦੇ ਹੋ ਅਤੇ ਮੇਰਾ ਵੀ| ਜੇਕਰ ਤੁਸੀਂ ਸਮਾਂ ਹੀ ਬਰਬਾਦ ਕਰਨਾ ਹੈ ਤਾਂ ਮੈਂ ਤੁਹਾਡੇ ਨਾਲ ਨਹੀਂ ਜਾਇਆ ਕਰਾਂਗਾ| ਇਸ ਲਈ ਤੁਸੀਂ ਕੇਵਲ ਆਪਣੇ ਬਿਜਨਸ ਦੇ ਸਬੰਧ ਵਿਚ ਹੀ ਕਿਸੇ ਦੇ ਘਰ ਗੱਲ ਕਰਿਆ ਕਰੋ| ਇਸ ਤੋਂ ਬਾਅਦ ਉਹ  ਮੈਂਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਆਪਣੇ ਮੋਟਰਸਾਈਕਲਾਂ ਤੇ ਬੈਠ ਕੇ ਚਲਦੇ ਬਣੇ|
ਉਨ੍ਹਾਂ ਦੇ ਜਾਣ ਤੋਂ ਬਾਅਦ ਮਨ ਵਿਚ ਸੋਚਿਆ ਕਿ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਨੇ ਰੱਬ ਨੂੰ ਇਕ ਖਿਡੌਣਾ ਹੀ ਸਮਝ ਰੱਖਿਆ ਹੈ| ਜਿਸ ਨੂੰ ਜਦੋਂ ਚਾਹੋ ਮਦਾਰੀ ਵਾਗੂੰ ਥੈਲੇ ਵਿਚੋਂ ਕੱਢ ਕੇ ਹਰ ਇਕ ਨੂੰ ਦਿਖਾ ਦਿੱਤਾ ਜਾਵੇ|  ਪਰ ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਰੱਬ ਦਾ ਕੋਈ ਸਰੀਰ ਨਹੀਂ, ਕੋਈ ਅਕਾਰ ਨਹੀਂ,  ਜਿਸ ਨੂੰ ਅਸੀਂ ਆਪਣੀਆਂ ਅੱਖਾਂ ਰਾਹੀਂ ਦੇਖ ਸਕੀਏ| ਗੁਰਬਾਣੀ ਦਾ ਫੁਰਮਾਨ ਹੈ:-
ਨਾ ਤਿਸੁ ਬਾਪੁ ਨ ਮਾਇ  ਕਿਨਿ ਤੂ ਜਣਿਆ||
ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ|| (ਗੁ. ਗ੍ਰੰ. ਸਾ. ਪੰਨਾ-1279)

ਅਰਥ: ਪ੍ਰਮਾਤਮਾ ਦਾ ਨਾ ਕੋਈ ਬਾਪ ਹੈ ਅਤੇ ਨਾ ਹੀ ਕੋਈ ਮਾਤਾ ਜਿਸ ਨੇ ਉਸ ਨੂੰ ਜਨਮ ਦਿੱਤਾ ਹੋਵੇ| ਉਸ ਦਾ ਨਾ ਕੋਈ ਖਾਸ ਰੂਪ ਹੈ ਅਤੇ ਨਾ ਹੀ ਕੋਈ ਖਾਸ ਚਿੰਨ, ਸ੍ਰਿਸਟੀ ਦੇ ਸਾਰੇ ਹੀ ਰੰਗ-ਰੂਪ ਉਸ ਦੇ ਆਪਣੇ ਹਨ|
ਗੁਰਬਾਣੀ ਦਾ ਫੁਰਮਾਨ ਹੈ:-
ਪਉੜੀ|| ਨਾ ਤੂ ਆਵਹਿ ਵਸਿ ਬਹੁਤ ਘਿਣਾਵਣੇ||
ਨਾ ਤੂ ਆਵਹਿ ਵਸ ਬੇਦ ਬੜਾਵਣੇ||
ਨਾ ਤੂ ਆਵਹਿ ਵਸਿ ਤੀਰਥਿ ਨਾਈਐ||
ਨਾ ਤੂ ਆਵਹਿ ਵਸਿ ਧਰਤੀ ਧਾਈਐ||
ਨਾ ਤੂ ਆਵਹਿ ਵਸਿ ਕਿਤੇ ਸਿਆਣਪੈ||
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ||
ਸਭ ਕੋ ਤੇਰੈ ਵਸਿ ਅਗਮ ਅਗੋਚਰਾ||
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ|| (ਗੁ. ਗ੍ਰੰ. ਸਾ. ਪੰਨਾ-962)

ਅਰਥ: ਹੇ ਪ੍ਰਭੂ! ਬਹੁਤੇ ਵਿਖਾਵੇ ਦੇ ਤਰਲੇ ਲਿਆਂ, ਵੇਦ ਪੜ੍ਹਨ-ਪੜਾਉਣ, ਤੀਰਥਾਂ ਉੱਤੇ ਇਸ਼ਨਾਨ ਕਰਨ ਨਾਲ, ਰਮਤੇ ਸਾਧੂਆਂ ਵਾਂਗ ਸਾਰੀ ਧਰਤੀ ਗਾਹਣ ਨਾਲ, ਕਿਸੇ ਚਤੁਰਾਈ ਨਾਲ, ਬਹੁਤਾ ਦਾਨ ਦੇਣ ਨਾਲ ਤੂੰ ਕਿਸੇ ਦੇ ਵੱਸ ਵਿਚ ਨਹੀਂ ਆਉਂਦਾ (ਭਾਵ ਉਕਤ ਕੰਮਾਂ ਦੁਆਰਾ ਪ੍ਰਮਾਤਮਾ ਨਾਲ ਮੇਲ-ਮਿਲਾਪ ਅਸੰਭਵ ਹੈ)|
ਹੇ ਅਪਹੁੰਚ ਤੇ ਅਗੋਚਰ ਪ੍ਰਭੂ! ਹਰੇਕ ਜੀਵ ਤੇਰੇ ਹੀ ਅਧੀਨ ਹੈ|  ਕੋਈ ਵੀ ਮਨੁੱਖ ਕਿਸੇ ਦਿਖਾਵਿਆਂ ਜਾਂ ਆਪਣੇ ਉਦਮਾਂ ਦੁਆਰਾ ਤੇਰੀ ਖੁਸੀਂ ਨੂੰ ਹਾਸਲ ਨਹੀਂ ਕਰ ਸਕਦਾ|
ਤੂੰ ਸਿਰਫ ਉਨ੍ਹਾਂ ਉਤੇ ਰੀਝਦਾ ਹੈ,ਭਾਵ ਪ੍ਰਸੰਨ ਹੁੰਦਾ ਹੈ ਜੋ ਸਦਾ ਤੈਂਨੂੰ ਹੀ  ਸਿਮਰਦੇ ਹਨ ਅਤੇ ਤੇਰਾ ਹੀ ਆਸਰਾ ਤੱਕਦੇ ਹਨ|
ਸਾਨੂੰ ਇਕ ਗੱਲ ਸਮਝ ਚਾਹੀਦੀ ਹੈ ਕਿ ਜਿਵੇਂ ਇਕ ਨੇਤਰਹੀਣ ਮਨੁੱਖ, ਸੰਸਾਰ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦਾ ਕਿਉਂਕਿ ਉਸ ਦੀਆਂ ਅੱਖਾਂ ਵਿਚ ਦੇਖਣ ਵਾਲੀ ਜੋਤਿ ਨਹੀਂ ਹੁੰਦੀ| ਤਿਵੇਂ ਸੁਜਾਖਾ ਮਨੁੱਖ ਕੇਵਲ ਸੰਸਾਰ ਨੂੰ ਹੀ ਦੇਖ ਸਕਦਾ ਪਰ ਪ੍ਰਮਾਤਮਾ ਨੂੰ ਨਹੀਂ ਦੇਖ ਸਕਦਾ ਕਿਉਂਕਿ ਉਸ ਦੀਆਂ ਅੱਖਾਂ ਵਿਚ ਪ੍ਰਮਾਤਮਾ ਨੂੰ ਦੇਖਣ ਵਾਲੀ ਗੁਰ-ਗਿਆਨ ਵਾਲੀ ਜੋਤਿ ਨਹੀਂ ਹੁੰਦੀ| ਸਰਬ-ਵਿਆਪਕ ਪ੍ਰਮਾਤਮਾ ਨੂੰ ਕਿਵੇਂ ਸਮਝੀਏ ਅਤੇ ਦੇਖੀਏ? ਗੁਰਬਾਣੀ ਦਾ ਫ਼ੁਰਮਾਨ ਹੈ:-
ਕਾਹੇ ਰੇ ਬਨ ਖੋਜਨ ਜਾਈ||
ਸਰਬ ਨਿਵਾਸੀ  ਸਦਾ ਅਲੇਪਾ ਤੋਹੀ ਸੰਗਿ ਸਮਾਈ||||ਰਹਾਉ||
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ||
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ||1||
ਬਾਹਰਿ ਭੀਤਰਿ ਏਕੋ ਜਾਨਹੋ ਇਹੁ ਗੁਰ ਗਿਆਨੁ ਬਤਾਈ||
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ||2||1||  (ਗੁ. ਗ੍ਰੰ. ਸਾ. ਪੰਨਾ-684)

ਅਰਥ: ਹੇ ਭਾਈ! ਪ੍ਰਮਾਤਮਾ ਨੂੰ ਲੱਭਣ ਵਾਸਤੇ ਤੂੰ ਜੰਗਲਾਂ ਵਿਚ  ਕਿਉਂ ਜਾਂਦਾ ਹੈ? ਪ੍ਰਮਾਤਮਾ ਸਭ ਵਿਚ ਵਸਣ ਵਾਲਾ ਹੈ, ਜਿਹੜਾ ਕਿ ਸਦਾ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿੰਦਾ ਹੈ| ਉਹ ਪ੍ਰਮਾਤਮਾ ਤੇਰੇ ਨਾਲ ਹੀ ਵਸਦਾ ਹੈ|1|ਰਹਾਉ|
ਜਿਵੇਂ ਫੁੱਲ ਵਿਚ ਸੁਗੰਧੀ ਵੱਸਦੀ ਹੈ, ਜਿਵੇਂ ਸ਼ੀਸ਼ੇ ਵਿਚ, ਸ਼ੀਸ਼ਾ ਦੇਖਣ ਵਾਲੇ ਦਾ ਅਕਸ ਵੱਸਦਾ ਹੈ, ਤਿਵੇਂ ਪ੍ਰਮਾਤਮਾ ਇਕ-ਰਸ ਸਭਨਾਂ ਦੇ ਅੰਦਰ ਵਸਦਾ ਹੈ| ਇਸ ਲਈ ਉਸ ਸਰਬ-ਵਿਆਪਕ ਪ੍ਰਮਾਤਮਾ ਨੂੰ ਆਪਣੇ ਹਿਰਦੇ ਵਿਚ ਹੀ ਲੱਭੋ|
ਗੁਰੂ ਦਾ ਆਤਮਕ ਜੀਵਨ ਦਾ ਉਪਦੇਸ਼ ਇਹ ਦੱਸਦਾ ਹੈ ਕਿ ਆਪਣੇ ਸਰੀਰ ਦੇ ਅੰਦਰ ਅਤੇ ਆਪਣੇ ਸਰੀਰ ਤੋਂ ਬਾਹਰ ਹਰ ਥਾਂ ਇਕ ਪ੍ਰਮਾਤਮਾ ਨੂੰ ਵੱਸਦਾ ਸਮਝੋ| ਗੁਰੂ ਸਾਹਿਬ ਸਮਝਾਉਂਦੇ ਹਨ ਕਿ ਸਰਬ-ਵਿਆਪਕ ਪ੍ਰਮਾਤਮਾ ਦੀ ਸੂਝ ਉਦੋਂ ਤਕ ਨਹੀਂ ਆ ਸਕਦੀ ਜਦੋਂ ਤਕ ਆਪਣੇ ਆਤਮਕ ਜੀਵਨ ਨੂੰ ਪ੍ਰਖਣ ਤੋਂ ਬਿਨਾਂ ਮਨ ਉਤੋਂ ਭਟਕਣਾ ਦਾ ਜਾਲਾ ਦੂਰ ਨਹੀਂ ਹੁੰਦਾ|
ਯਾਦ ਰੱਖੋ, ਹਰ ਪ੍ਰਕਾਰ ਦੀ ਭਟਕਣਾ ਅਤੇ ਰੱਬ ਦੇ ਨਾਂ ਤੇ ਹੋ ਰਹੀ ਲੁੱਟ ਤੋਂ ਬਚਣ ਲਈ ਸਾਨੂੰ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਆਪ ਪੜ੍ਹਣੀ ਅਤੇ ਸਮਝਣੀ ਚਹੀਦੀ ਹੈ| ਜਿਸ ਦਿਨ ਸਾਨੂੰ ਗੁਰਬਾਣੀ ਗਿਆਨ ਦੀ ਸੋਝੀ ਹੋ ਗਈ, ਉਸ ਦਿਨ ਤੋਂ  ਬਾਅਦ ਰੱਬ ਦੇ ਦਰਸ਼ਨ ਕਰਨ ਵਾਲੀ ਭਟਕਣਾ ਵੀ ਆਪੇ ਖਤਮ ਹੋ ਜਾਵੇਗੀ|                                                                                    
                                                             ਦਵਿੰਦਰ ਸਿੰਘ, ਆਰਟਿਸਟ, ਖਰੜ|
                                                                 ਮੋਬਾਇਲ: 97815-09768