ਜ਼ਾਤ ਦਾ ਹੰਕਾਰ

0
69

A A A

ਬੇਸ਼ੱਕ ਸਿੱਖਾਂ ਦੀ ਕੋਈ ਜਾਤ ਨਹੀਂ ਹੈ, ਪਰ ਅਗਿਆਨਤਾਵਸ ਸਿੱਖ ਬ੍ਰਾਹਮਣੀ ਜਾਤੀ-ਵੰਡ ਦੇ ਸ਼ਿਕਾਰ ਹੋ ਚੁੱਕੇ ਹਨ|  ਸਿੱਖ, ਵੱਡੀਆਂ ਅਤੇ ਛੋਟੀਆਂ ਜਾਤਾਂ ਦੇ ਆਧਾਰ ਤੇ ਇਕ-ਦੂਜੇ ਨਾਲ ਨਫ਼ਰਤ ਕਰਦੇ ਆ ਰਹੇ ਹਨ| ਇਹ ਨਫਰਤ ਜਨਮ ਤੋਂ ਲੈ ਕੇ ਮਨੁੱਖ ਦੀ ਮੌਤ ਹੋਣ ਉਪਰੰਤ ਉਸ ਦੇ ਨਾਲ ਹੀ ਰਹਿੰਦੀ ਹੈ ਕਿਉਂਕਿ ਕਈ ਥਾਵਾਂ ਤੇ ਜਾਤਾਂ ਦੇ ਆਧਾਰ ਤੇ ਸ਼ਮਸਾਨਘਾਟਾਂ  ਵਿਚ ਮੁਰਦੇ ਸਾੜਣ ਸਮੇਂ ਲੜਾਈ-ਝਗੜੇ ਵੀ ਹੁੰਦੇ ਰਹਿੰਦੇ ਹਨ|
ਇਕ ਵਾਰੀ ਦੀ ਗੱਲ ਹੈ| ਗੁਰਦੁਆਰਾ ਫਤਿਹਗੜ੍ਹ ਸਾਹਿਬ ਹਰ ਸਾਲ ਦੀ ਤਰ੍ਹਾਂ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਿਆਂ ਦੇ ਸਬੰਧ ਵਿਚ, ਸਿੱਖ ਅਜਾਇਬ-ਘਰ ਪ੍ਰਦਰਸ਼ਨੀ ਲਗਾਈ ਹੋਈ ਸੀ| ਪ੍ਰਦਰਸ਼ਨੀ ਵਿਚ ਸਿੱਖੀ-ਸਿਧਾਂਤਾਂ ਦਾ ਪ੍ਰਚਾਰ ਕਰਦੇ ਹੋਏ, ਮੈਂ ਜਾਤ-ਪਾਤ ਦੇ ਵਿਸ਼ੇ ਉੱਤੇ ਬੋਲ ਰਿਹਾ ਸੀ ਕਿ ਸਿੱਖ-ਧਰਮ ਵਿਚ ਕੋਈ ਜਾਤ-ਪਾਤ ਨਹੀਂ ਹੈ| ਪ੍ਰਤੂੰ ਅੱਜ ਸਿੱਖ, ਸਿੱਖੀ-ਸਿਧਾਂਤਾਂ ਨੂੰ ਭੁਲਾ ਕੇ ਜਾਤਾਂ-ਪਾਤਾਂ ਦੇ ਭਰਮ ਵਿਚ ਬਹੁਤ ਬੁਰੀ ਤਰ੍ਹਾਂ ਫਸੇ ਹੋਏ ਹਨ|
ਜਿਵੇਂ ਭਾਰਤ ਵਿਚ ਜਾਤੀ-ਵੰਡ ਦੇ ਆਧਾਰ ਤੇ ਬ੍ਰਾਹਮਣ ਆਪਣੇ ਆਪ ਨੂੰ ਉੱਚ ਜਾਤ ਦਾ ਸਦਾਉਂਦਾ ਹੈ, ਤਿਵੇਂ ਪੰਜਾਬ ਵਿਚ ਜੱਟ ਆਪਣੀ ਉੱਚੀ ਜਾਤ ਦੇ ਭਰਮ ਵਿਚ ਪੈ ਕੇ ਟਰੱਕਾਂ, ਟਰੈਕਟਰਾਂ, ਕਾਰਾਂ ਅਤੇ ਮੋਟਰਸਾਈਕਲਾਂ ਪਿੱਛੇ ‘ਜੱਟ’ ਲਿਖਾਈ ਫਿਰਦੈ| ਇਸ ਤੋਂ ਇਲਾਵਾ  ਅਖਬਾਰਾਂ, ਫਿਲਮਾਂ ਅਤੇ ਗੀਤਾਂ ਆਦਿ ਵਿਚ ਵੀ ਆਪਣੇ ਜੱਟ ਹੋਣ ਦਾ ਬਹੁਤ ਪ੍ਰਚਾਰ  ਕਰਦਾ ਆ ਰਿਹਾ ਹੈ| ਪ੍ਰਦਰਸ਼ਨੀ ਦੇਖਣ ਵਾਲੇ ਦਰਸ਼ਕਾਂ ਨੂੰ ਸਵਾਲ ਕੀਤਾ ਕਿ ਦਸੋ! ਜੱਟ ਦੀ ਕੀ ਪਛਾਣ ਹੁੰਦੀ ਹੈ?
ਇਕ ਬਜ਼ੁਰਗ, ਜਿਸ ਨੇ ਗਲ  ਵਿਚ ਕ੍ਰਿਪਾਨ ਪਾਈ ਹੋਈ ਸੀ, ਹੱਥ ਖੜਾ ਕਰ ਕੇ ਮੈਂਨੂੰ ਕਹਿਣ ਲੱਗਾ, “ਮੈਂ ਬਤਾਵਾਂ|” ਮੈਂ ਕਿਹਾ, “ਹਾਂ ਬਾਬਾ ਜੀ! ਤੁਸੀਂ ਦੱਸੋ| ”  ਜਾਤ ਦੇ ਅਭਿਮਾਨ ਵਿਚ ਆ ਕੇ ਬਜ਼ੁਰਗ ਬੋਲਿਆ, “ਜੱਟ ਨੇ ਦਾੜ੍ਹੀ ਰੱਖੀ ਹੋਆ”| ਉਸ ਵੇਲੇ ਬਹੁਤ ਸਾਰੇ ਨੌਜਵਾਨ ਪ੍ਰਦਰਸ਼ਨੀ ਵਿਚ ਖੜ੍ਹੇ ਸਨ| ਉਹ ਬੋਲੇ, ਬਾਬਾ ਜੀ! ਦਾੜ੍ਹੀ ਤਾਂ ਅਸੀਂ ਵੀ ਰੱਖੀ  ਹੋਈ ਹੈ ਅਤੇ ਸਾਰੇ ਸਿੱਖ ਰੱਖਦੇ ਹਨ| ਕੀ ਤੁਸੀਂ ਸਾਰੇ ਸਿੱਖਾਂ ਨੂੰ ਜੱਟ ਮੰਨਦੇ ਹੋ?  ਇਸ ਤੋਂ ਇਲਾਵਾ ਯੂ.ਪੀ. ਬਿਹਾਰ ਤੋਂ ਆਉਣ ਵਾਲੇ ਬਹੁਤ ਸਾਰੇ ਭਈਏ ਵੀ  ਪੰਜਾਬ ਵਿਚ ਆ ਕੇ ਕੇਸ-ਦਾੜ੍ਹੀ ਰੱਖ ਲੈਂਦੇ ਹਨ| ਕੀ ਤੁਸੀਂ ਉਨ੍ਹਾਂ ਨੂੰ ਵੀ ਜੱਟ ਮੰਨਣ ਲਈ ਤਿਆਰ ਹੋ? ਬਾਬਾ ਜੀ ਨੇ ਕੋਈ ਜਵਾਬ ਨਾ ਦਿੱਤਾ| ਬਾਬਾ ਜੀ ਨੇ ਸੋਚਣ ਉਪਰੰਤ ਫਿਰ ਕਿਹਾ, “ਜੱਟ ਨੇ ਮੋਢੇ ਉੱਤੇ ਹਲ ਰੱਖਿਆ  ਹੋਆ”| ਮੈ ਬਾਬੇ ਨੂੰ ਕਿਹਾ “ਬਾਬਾ ਜੀ! ਹੁਣ ਤਾਂ ਤੁਹਾਡੇ ਮੋਢੇ ਉੱਤੇ ਹਲ ਨਹੀਂ ਹੈ”| ਹੁਣ ਤੁਹਾਨੂੰ ਕੀ ਸਮਝੀਏ?
ਦਰਸ਼ਕਾਂ ਵਿਚੋਂ ਇਕ ਨੌਜਵਾਨ ਬੋਲਿਆ, “ਪੰਜਾਬ ਵਿਚ ਆਉਣ ਵਾਲੇ ਭਈਏ ਵੀ ਜਦੋਂ ਖੇਤਾਂ ਵਿਚ ਕੰਮ ਕਰਦੇ ਸਨ ਤਾਂ ਉਦੋਂ ਉਹ ਵੀ ਆਪਣੇ ਮੋਢਿਆਂ ਉੱਤੇ ਹਲ ਚੁੱਕ ਕੇ ਲੈ ਜਾਂਦੇ ਸਨ, ਕੀ ਤੁਸੀਂ ਉਨ੍ਹਾਂ ਭਈਆਂ ਨੂੰ ਜੱਟ ਮੰਨਦੇ ਹੋ?” ਬਾਬੇ ਨੇ ਕਿਹਾ, “ਜਿਸ ਤਰ੍ਹਾਂ ਹਮੇ ਮੋਢਿਆਂ ਉੱਪਰ ਹਲ ਚੱਕਾਂ, ਉਸ ਤਰ੍ਹਾਂ ਬਈਏ ਮਾਰੇ ਮਾਗੂੰ, ਹਲ ਨਹੀਂ ਚੱਕ ਸਕਦੇ”| ਮੈਂ ਉਸੇ ਵੇਲੇ ਕਹਿ ਬੈਠਾ,  “ਬਾਬਾ ਜੀ! ਅੱਜ ਕਲ ਹਲਾਂ ਦੀ ਥਾਂ ਟ੍ਰੈਕਟਰਾਂ ਨੇ ਲੈ ਲਈ ਹੈ| ਹਲ ਦੀ ਥਾਂ ਹੁਣ ਟ੍ਰੈਕਟਰ ਮੋਢਿਆਂ ਉੱਤੇ ਚੁੱਕਣਾ ਬਹੁਤ ਹੀ ਔਖਾ ਅਤੇ ਮੁਸੀਬਤ ਭਰਿਆ ਕੰਮ ਬਣ ਜਾਵੇਗਾ| ਸਮਾਜ ਵਿਚ ਰਹਿਣ ਸਮੇਂ, ਦਫ਼ਤਰਾਂ ਵਿਚ ਕੰਮ ਕਰਨ ਸਮੇਂ, ਸਕੂਲਾਂ/ਯੂਨੀਵਰਿਸਟੀਆਂ/ਕਾਲਜਾਂ ਵਿਚ ਪੜ੍ਹਣ ਸਮੇਂ ਜਾਂ  ਬੱਸਾਂ ਵਿਚ ਸਫ਼ਰ ਕਰਨ ਸਮੇਂ, ਆਪਣੀ ਜਾਤ ਦੀ ਪਹਿਚਾਣ ਦੱਸਣ ਲਈ ਬਹੁਤ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ|”
ਜਦੋਂ ਬਾਬਾ ਜੀ ਸਾਡੇ ਸਵਾਲਾਂ ਦਾ ਕੋਈ ਜਵਾਬ ਨਾ ਦੇ ਸਕੇ ਤਾਂ ਮੈਂ ਕਿਹਾ, “ਬਾਬਾ ਜੀ! ਯਾਦ ਰੱਖੋ, ਜਾਤ-ਪਾਤ ਇਕ ਕੋਰਾ ਝੂਠ ਹੈ| ਜਾਤ ਦੀ ਆਪਣੀ ਕੋਈ ਪਛਾਣ ਨਹੀਂ ਹੈ| ਇਸ ਲਈ ਸਾਨੂੰ ਜਾਤ-ਪਾਤ ਵਿਚੋਂ ਨਿਕਲ ਕੇ ਸਿੱਖ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ| ” ਪਰ ਬਾਬਾ ਜੀ  ਨੂੰ ਸਿੱਖ ਹੋਣ ਨਾਲੋਂ ਜਾਤ ਪਿਆਰੀ ਸੀ ਅਤੇ ਖਿਝ ਕੇ ਬੋਲਿਆ, “ਹਮ ਕਮੀਨੇ ਲੋਕਾਂ ਨਾਲ ਸਾਂਝ ਕਿਉਂ ਪਾਮੈ? ” ਇਹ ਆਖ ਕੇ ਬਾਬਾ ਮੂੰਹ ਵਿਚ ਬੁੜ-ਬੁੜਾਉਂਦਾ ਹੋਇਆ ਪ੍ਰਦਰਸ਼ਨੀ ਵਿਚੋਂ ਚਲਾ ਗਿਆ|
ਇਸੇ ਤਰ੍ਹਾਂ ਇਹ ਪ੍ਰਦਰਸ਼ਨੀ, ਹੌਲੇ-ਮਹੱਲੇ ਦੇ ਦਿਨਾਂ ਵਿਚ ਅਨੰਦਪੁਰ ਸਾਹਿਬ ਲਗਾਈ ਹੋਈ ਸੀ| ਉੱਥੇ ਵੀ ਪ੍ਰਦਰਸ਼ਨੀ ਦੀ ਸਟੇਜ ਤੋਂ ਦਰਸ਼ਕਾਂ ਨੂੰ ਸਵਾਲ ਕੀਤਾ, ਜੱਟ ਦੀ ਕੀ ਪਛਾਣ ਹੁੰਦੀ ਹੈ? ਦਰਸ਼ਕਾਂ ਵਿਚੋਂ ਇਕ ਪੇਂਡੂ ਸਰਦਾਰ ਬੋਲਿਆ, ਜੱਟਾਂ ਕੋਲ ਜ਼ਮੀਨ ਹੁੰਦੀ ਹੇ| ਮੈਂ ਉਸ ਨੂੰ ਕਿਹਾ, ਯੂ.ਪੀ. ਅਤੇ ਬਿਹਾਰ ਦੇ ਭਈਆਂ  ਕੋਲ ਵੀ ਜ਼ਮੀਨ ਹੁੰਦੀ ਹੈ, ਕੀ ਤੁਸੀਂ ਉਨ੍ਹਾਂ ਨੂੰ ਜੱਟ ਮੰਨਦੇ ਹੋ? ਇਸ ਤੋਂ ਇਲਾਵਾ ਪੰਜਾਬ ਵਿਚ ਜਿਨ੍ਹਾਂ ਨੂੰ ਤੁਸੀਂ ਨੀਵੇਂ ਸਮਝਦੇ ਹੋ, ਉਨ੍ਹਾਂ ਕੋਲ ਵੀ ਕਈ ਲੋਕਾਂ ਕੋਲ ਜ਼ਮੀਨ ਹੁੰਦੀ ਹੈ, ਕੀ ਤੁਸੀਂ ਉਨ੍ਹਾਂ ਨੂੰ ਜੱਟ ਮੰਨਦੇ ਹੋ? ਸਰਦਾਰ ਕੋਈ ਜਵਾਬ ਨਾ ਦੇ ਸਕਿਆ| ਦਰਸ਼ਕਾਂ ਵਿਚੋਂ ਇਕ ਨੌਜਵਾਨ ਬੋਲਿਆਂ, ਜੱਟ ਸ਼ਰਾਬ ਬਹੁਤ ਪੀਂਦੇ ਹਨ| ਉਸ ਨੂੰ ਕਿਹਾ, ਸਮਾਜ ਵਿਚ ਸਾਰੇ ਵਰਗਾਂ ਦੇ ਲੋਕ ਬਹੁਤ ਸ਼ਰਾਬ ਪੀਂਦੇ ਹਨ, ਜਿਨ੍ਹਾਂ ਦੀ ਸ਼ਰਾਬ ਤੋਂ ਬਿਨਾਂ ਸਵੇਰੇ ਅੱਖ ਨਹੀਂ ਖੁਲ੍ਹਦੀ| ਕੀ ਸਾਰੇ ਸ਼ਰਾਬ ਪੀਣ ਵਾਲਿਆਂ ਨੂੰ ਤੁਸੀਂ ਜੱਟ ਮੰਨਦੇ ਹੋ? ਨੌਜਵਾਨ ਚੁੱਪ| ਇਕ ਹੋਰ ਬੋਲਿਆ, ਜੱਟਾਂ ਵਿਚ ਗੁੱਸਾ ਬਹੁਤ ਹੁੰਦਾ ਹੈ| ਮੈਂ ਉਸ ਨੂੰ ਕਿਹਾ, ਕਿ ਅੱਜ ਦੇ ਜ਼ਮਾਨੇ ਵਿਚ ਕਿਸੇ ਨੂੰ ਛੇੜ ਕੇ ਤਾਂ ਦੇਖੋ, ਹਰ ਕੋਈ ਗੁੱਸੇ ਦਾ ਭਰਿਆ ਨਜ਼ਰ ਆਵੇਗਾ| ਕੀ ਤੁਸੀਂ ਗੁੱਸਾ ਦਿਖਾਉਣ ਵਾਲੇ ਸਾਰੇ ਲੋਕਾਂ ਨੂੰ ਜੱਟ ਮੰਨਦੇ ਹੋ? ਦਰਸ਼ਕਾਂ ਵਿਚੋਂ ਕੋਈ ਵੀ ਵਿਅਕਤੀ ਜੱਟ ਦੀ ਪਛਾਣ ਨਾ ਦੱਸ ਸਕਿਆ|
ਅਸੀਂ ਸਾਰੇ ਹੀ ਜਾਣਦੇ ਹਾਂ ਕਿ ਹੰਕਾਰ ਦਾ ਸਿਰ ਨੀਵਾਂ ਹੁੰਦਾ ਹੈ| 16-17 ਸਾਲ ਪੁਰਾਣੀ ਗੱਲ ਹੈ| ਮੈਂ ਮੋਹਾਲੀ ਬੈਰੀਅਰ ਉੱਤੇ ਬੱਸ ਦੀ ਉਡੀਕ ਕਰ ਰਿਹਾ ਸੀ| ਜਦੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁਲਾਜ਼ਮਾਂ ਨੂੰ ਲਿਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ, ਉੱਥੇ ਆ ਕੇ ਰੁਕੀ ਤਾਂ ਹੋਰ ਸਵਾਰੀਆਂ ਦੇ ਨਾਲ, ਮੈ ਵੀ ਉਸ ਬੱਸ ਵਿਚ ਚੜ੍ਹ ਗਿਆ| ਜਦੋਂ ਬੱਸ ਥੋੜੀ ਦੂਰ ਹੀ ਗਈ ਸੀ ਤਾਂ ਫਰੈਂਕੋ ਹੋਟਲ ਦੇ ਸਾਹਮਣੇ, ਇਕ ਸਰਦਾਰ ਨੇ ਬੱਸ ਨੂੰ ਹੱਥ ਦੇ ਕੇ ਰੁਕਵਾ ਲਿਆ ਅਤੇ ਉਸ ਵਿਚ ਸਵਾਰ ਹੋ ਗਿਆ| ਬੱਸ ਵਿਚ ਚੜ੍ਹਦੇ ਸਾਰ ਹੀ ਸਰਦਾਰ ਅਤੇ ਬੱਸ-ਡਰਾਇਵਰ ਦਾ ਆਪਸੀ ਝਗੜਾ ਸ਼ੁਰੂ ਹੋ ਗਿਆ| ਡਰਾਇਵਰ  ਕਹਿੰਦਾ ਸੀ ਕਿ ਥੋੜੀ-ਥੋੜੀ ਦੂਰ ਬੱਸ ਰੋਕਣ ਨਾਲੋਂ ਚੰਗਾ ਹੈ ਕਿ ਸਾਰੇ ਇਕ ਥਾਂ ਬੈਰੀਅਰ ਉੱਤੇ ਹੀ ਖੜ੍ਹੇ ਹੋ ਜਾਇਆ ਕਰੋ ਤਾਂ ਜੋ ਸਾਰਿਆਂ ਨੂੰ ਇਕ ਥਾਂ ਤੋਂ ਚੁੱਕਿਆ ਜਾ ਸਕੇ| ਪਰ ਉਹ ਸਰਦਾਰ ਇਹ ਜ਼ਿੱਦ ਕਰ ਰਿਹਾ ਸੀ ਕਿ ਮੈਂ ਫਰੈਂਕੋ ਤੋਂ ਹੀ ਚੜ੍ਹਾਗਾਂ| ਦੋਹਾਂ ਵਿਚਕਾਰ ਜ਼ਿਆਦਾ ਤਕਰਾਰ ਹੋਣ ਕਰਕੇ, ਡਰਾਇਵਰ ਵੀ ਬੱਸ ਨਹੀਂ ਸੀ ਚਲਾ ਰਿਹਾ| ਸਰਦਾਰ ਤੇ ਉਹ ਡਰਾਇਵਰ ਆਪਸ ਵਿਚ ਬੋਲਣ ਲੱਗਿਆ ਇਕ ਦੂਜੇ ਤੋਂ ਘੱਟ ਨਜ਼ਰ ਨਹੀਂ ਆ ਰਹੇ ਸਨ| ਡਰਾਇਵਰ ਕਹਿ ਰਿਹਾ ਸੀ ਕਿ  ਮੈਂ ਥਾਂ-ਥਾਂ ਬੱਸ ਨਹੀਂ ਰੋਕਾਂਗਾ, ਕੇਵਲ ਮੇਨ ਥਾਂ ਬੈਰੀਅਰ ਤੇ ਹੀ ਬੱਸ ਰੋਕਾਂਗਾ| ਸਰਦਾਰ ਕਹਿ ਰਿਹਾ ਸੀ ਬੱਸ ਇਥੇ ਹੀ ਰੁਕੇਗੀ ਅਤੇ ਇਥੋਂ ਹੀ ਬੱਸ ਵਿਚ ਚੜ੍ਹਾਗਾਂ| ਮੈਂ ਵੀ ਜੱਟ ਦਾ ਪੁੱਤ ਹਾਂ| ਜੱਟ ਦੇ ਪੁੱਤ ਦੀ ਗੱਲ ਸੁਣ ਕੇ ਡਰਾਇਵਰ ਨੇ ਗੁੱਸੇ ਨਾਲ ਕਿਹਾ, “ਕੀ ਪਤਾ ਤੂੰ ਚੁਹੜੇ ਦਾ ਹੋਵੇਂ?” ਡਰਾਇਵਰ ਦਾ ਲਾਜਵਾਬ ਵਿਅੰਗ ਸੁਣ ਕੇ ਸਰਦਾਰ ਕੋਈ ਉੱਤਰ ਨਾ ਦੇ ਸਕਿਆ| ਸਰਦਾਰ ਜਿਹੜਾ ਕਿ ਪਹਿਲਾਂ ਪੱਟਾਂ ਤੇ ਹੱਥ ਮਾਰ ਕੇ ਡਰਾਇਵਰ ਨੂੰ ਚਨੌਤੀਆਂ ਦੇ ਰਿਹਾ ਸੀ, ਉਹ ਚੁੱਪ ਕਰਕੇ ਬਹਿ ਗਿਆ| ਗਰਮੀ ਦੇ ਦਿਨ ਹੋਣ ਕਰਕੇ ਸਵਾਰੀਆਂ ਦੇ ਪਸੀਨੇ ਛੁੱਟ ਰਹੇ ਸਨ ਅਤੇ ਦਫ਼ਤਰਾਂ ਤੋਂ ਵੀ ਲੇਟ ਹੋ ਰਹੇ ਸਨ| ਸਵਾਰੀਆਂ ਦੇ ਬਾਰ-ਬਾਰ ਤਰਲੇ ਕਰਨ ਉੱਤੇ ਡਰਾਇਵਰ ਨੇ ਬੱਸ ਚਲਾ ਦਿੱਤੀ ਪਰ ਉਹ ਸਰਦਾਰ ਸਾਰੇ ਰਸਤੇ ਦੌਰਾਨ ਆਪਣੇ ਜੱਟ ਹੋਣ ਦੀ ਤਸੱਲੀ ਨਾ ਕਰਾ ਸਕਿਆ|
ਮਨ ਵਿਚ ਸੋਚਿਆ ਕਿ ਜੇਕਰ ਸਰਦਾਰ ਨੂੰ ਸਿੱਖੀ-ਸਿਧਾਂਤਾਂ ਦੀ ਸਮਝ ਹੁੰਦੀ ਤਾਂ ਉਸ ਨੇ ਭੁੱਲ ਕੇ ਵੀ ਆਪਣਾ ਜਾਤੀ ਹੰਕਾਰ ਨਹੀਂ ਸੀ ਕਰਨਾ| ਪਰ ਉਸ ਦਾ ਜਾਤੀ ਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਸੀ, ਜਿਸ ਕਰਕੇ ਉਸ ਨੂੰ ਡਰਾਇਵਰ ਦੇ ਸਾਹਮਣੇ ਲਾਜਾਵਾਬ ਹੋਣਾ ਪਿਆ ਅਤੇ ਬੱਸ ਵਿਚ ਸਾਰਿਆਂ ਦੇ ਸਾਹਮਣੇ ਸ਼ਰਮਿੰਦਾ ਵੀ ਹੋਣਾ ਪਿਆ| ਕਾਸ਼! ਗੁਰਬਾਣੀ ਦੇ ਹੇਠ ਲਿਖੇ ਫ਼ੁਰਮਾਨ ਨੂੰ ਸਿੱਖ ਸਮਝ ਲੈਣ ਤਾਂ ਜਾਤੀ ਹੰਕਾਰ ਜਾਂ ਅਭਿਮਾਨ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੋ ਸਕਦਾ:-
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ|| 1||ਰਹਾਉ||  (ਗੁ.ਗ੍ਰੰ.ਸਾ.ਪੰਨਾ-1127-28)
ਅਰਥ: ਹੇ ਮੂਰਖ਼! ਹੇ ਗਵਾਰ (ਅਸੱਭਿਅਕ) ਮਨੁੱਖ! ਉੱਚੀ ਜਾਤ ਦਾ ਹੰਕਾਰ ਨਾ ਕਰ| ਇਸ ਜਾਤੀ ਹੰਕਾਰ ਨਾਲ ਸਮਾਜ ਵਿਚ ਅਨੇਕਾਂ ਕਲੇਸ਼ ਪੈਦਾ ਹੋ ਜਾਂਦੇ ਹਨ|

ਦਵਿੰਦਰ ਸਿੰਘ, ਆਰਟਿਸਟ,ਖਰੜ
ਮੋਬਾਇਲ: 97815-09768