ਭੋਗ ਰਾਗ ਮਾਲਾ ਕਿ ਮੁੰਦਾਵਣੀ ’ਤੇ ?

0
97

A A A

IS Ghaggaਜਦੋਂ ਤੋਂ ਨਿਰਮਲ ਨਿਆਰਾ ਸਿੱਖ ਪੰਥ, ਸਤਿਗੁਰੂ ਜੀ ਨੇ ਸਾਜਿਆ ਹੈ, ਉਦੋਂ ਤੋਂ ਹੀ ਇਸ ਦੇ ਕਲਿਆਣਕਾਰੀ ਗੁਰਉਪਦੇਸ਼ਾਂ ਨੂੰ ਲੋਟੂ ਪੁਜਾਰੀ ਸ਼੍ਰੇਣੀਆਂ ਵੱਲੋਂ ਕੈਰੀ ਅੱਖ ਨਾਲ ਵੇਖਿਆ ਜਾ ਰਿਹਾ ਹੈ। ਕਿਉਂਕਿ ਗੁਰਮਤ ਵਹਿਮਾਂ, ਭਰਮਾਂ ਵਿੱਚ ਪਾਕੇ ਦੂਜਿਆਂ ਦੇ ਹੱਕਾਂ ਤੇ ਡਾਕਾ ਮਾਰਨ ਵਾਲਿਆਂ ਨੂੰ ਕਿਸੇ ਕੀਮਤ ਤੇ ਪ੍ਰਵਾਨ ਨਹੀਂ ਕਰਦੀ। ਭਾਵੇਂ ਸ਼ਕਤੀਸ਼ਾਲੀ ਰਾਜੇ ਭੀ ਕਿਉਂ ਨਾ ਹੋਣ। ਜੇ ਉਹ ਲੋਕ ਹਿਤੂ ਨਹੀਂ ਹਨ, ਤਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਭੀ ਸਖ਼ਤ ਫਿਟਕਾਰਾਂ ਪਾਈਆਂ ਹਨ। ਤੀਜੇ ਥਾਂ ਆਉਂਦੀ ਹੈ ਆਮ ਪਬਲਿਕ, ਸਿੱਧੇ ਸਾਦੇ ਲੋਕ। ਇਹਨਾਂ ਦੀ ਪੜ੍ਹਾਈ ਨਾਂਹ ਹੋਣ ਦੇ ਬਰਾਬਰ ਹੁੰਦੀ ਹੈ, ਆਪਣੇ ਪ੍ਰਵਾਰ ਦੀ ਪਾਲਣਾ ਕਰਨੀ, ਕਿਰਤ ਕਰਦਿਆਂ ਬਹੁਤਾ ਵਕਤ ਗੁਜਾਰਨਾ, ਧਰਮ ਕਰਮ ਨੂੰ ਇੱਕ ਰਸਮ ਦੇ ਤੌਰ ਤੇ ਨਿਭਾਉਂਦੇ ਚਲੇ ਜਾਣਾ। ਹਕੂਮਤ ਅਤੇ ਪੁਜਾਰੀ ਆਮ ਹਾਲਤਾਂ ਵਿੱਚ ਇਹਨਾਂ ਨੂੰ ਗਿਆਨਵਾਨ ਬਣਨ ਤੋਂ, ਹਰ ਤਰੀਕਾ ਵਰਤ ਕੇ ਰੋਕਦੇ ਹਨ। ਰਾਜਾ ਤੇ ਪੁਜਾਰੀ ਜਿਵੇਂ ਦਿਲ ਚਾਹੇ, ਇਹਨਾਂ ਦੀ ਉ¤ਨ (ਜਾਂ ਖੱਲ) ਲਾਹੁੰਦੇ ਰਹਿਣ। ਇਹਨਾਂ ਨੇ ਇਸ ਵਰਤਾਰੇ ਨੂੰ ਕਿਸਮਤ ਦਾ ਲਿਖਿਆ ਮੰਨ ਕੇ ਸਿਰ ਝੁਕਾ ਦੇਣਾ ਹੈ। ਪੁਜਾਰੀ ਟੋਲੇ ਧਰਮ ਸਿਧਾਂਤਾਂ ਦੇ ਮਨਮਰਜੀ ਦੇ ਅਰਥ ਕਰਦੇ ਰਹਿਣ। ਕਿਸੇ ਨੂੰ ਨਰਕ ਵਿੱਚ ਤੇ ਕਿਸੇ ਨੂੰ ਸਵਰਗ ਭੇਜਦੇ ਰਹਿਣ। ਮਰਿਆਂ ਜੰਮਿਆਂ ਤੋਂ ਭਰਮਾਂ ਵਿੱਚ ਪਾ ਕੇ ਲੁੱਟਕੇ ਖਾਂਦੇ ਰਹਿਣ। ਰਾਜਿਆਂ ਅਮੀਰਾਂ ਅਤੇ ਹੋਰ ਸ਼ਕਤੀਵਾਨ ਲੋਕਾਂ ਨੂੰ ‘‘ਅਸਲੀ ਧਰਮੀੂ ਹੋਣ ਦੇ ਸਰਟੀਫੀਕੇਟ ਜਾਰੀ ਕਰਦੇ ਰਹਿਣ। ਪੱਥਰ ਦੀਆਂ ਮੂਰਤੀਆਂ ਨੂੰ ਰੱਬ ਬਣਾ ਕੇ ਪੂਜਾ ਕਰਵਾ ਲੈਣ ਜਾਂ ਫਿਰ ਖੁਦ ਹੀ ਖੁਦਾ ਹੋਣ ਦਾ ਐਲਾਨ ਕਰ ਦੇਣ, ਸਭ ਪ੍ਰਵਾਨ ਕਰਨਾ ਪਵੇਗਾ। ਜੇ ਕੋਈ ਇਨਸਾਨ ਤਰਕ ਦਲੀਲ ਜਾਂ ਸਿਆਣਪ ਦੀ ਗੱਲ ਕਰੇ, ਇਹਨਾਂ ਲੋਕਾਂ ਵੱਲੋਂ ਕੀਤੀ ਗਈ ਧਰਮ ਦੀ ਵਿਆਖਿਆ ਨੂੰ ਪ੍ਰਵਾਨ ਨਾ ਕਰੇ, ਤਾਂ ਉਸ ਵਿਅਕਤੀ ਨੂੰ ਧਰਮ ਦੋਖੀ ਆਖ ਕੇ ਕੋਈ ਭੀ ਸਜ਼ਾ ਦਿੱਤੀ ਜਾ ਸਕਦੀ ਹੈ। ਸਮੇਤ ਮੌਤ ਦੇ।
ਵਿਚਾਰ ਅਧੀਨ ਮਸਲਾ ਰਾਗ ਮਾਲਾ ਦਾ ਹੈ! ਕੀ ਇਸਦੀ ਕੋਈ ਸਾਰਥਕਤਾ ਹੈ? ਕੀ ਗੁਰਬਾਣੀ ਨਾਲ ਇਸਦਾ ਕੋਈ ਉਪਦੇਸ਼ ਮਿਲਦਾ ਹੈ? ਕੀ ਸਤਿਗੁਰੂ ਅਰਜਨ ਸਾਹਿਬ ਜੀ ਨੇ ਇਸ ਨੂੰ ਖੁਦ ਲਿਖਿਆ ਹੈ? ਸਿੱਖਾਂ ਦਾ ਸੁਭਾ ਹੀ ਬਣ ਗਿਆ ਹੈ ਕਿ ਮਸਲੇ ਨਿਬੇੜਨ, ਸਾਰਥਕ ਫੈਸਲਾ ਕਰਨ ਦੀ ਥਾਂ, ਲਟਕਾਉਣ ਵਿੱਚ ਹੀ ਬਿਹਤਰੀ ਸਮਝਣ ਲੱਗ ਪਏ। ‘‘ਅੱਜ ਦਾ ਦਿਨ ਲੰਘਾਓ ਕੱਲ੍ਹ ਨੂੰ ਵੇਖੀ ਜਾਏਗੀ।ੂ ਦਸਮ ਗ੍ਰੰਥ ਜਿਸ ਦਿਨ ਤੋਂ ਹੋਂਦ ਵਿੱਚ ਆਇਆ ਹੈ, ਉਸੇ ਦਿਨ ਤੋਂ ਵਿਵਾਦਾਂ ਵਿੱਚ ਹੈ। ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਉਪਦੇਸ਼ਾਂ ਦਾ ਘਾਣ ਕਰ ਰਿਹਾ ਹੈ। ਦਸਮ ਪਾਤਿਸ਼ਾਹ ਜੀ ਦੀ ਪਵਿੱਤਰ ਸ਼ਖ਼ਸੀਅਤ ਨੂੰ ਮਲੀਨ ਕਰ ਰਿਹਾ ਹੈ। ਫਿਰ ਭੀ ਸਾਡੇ ‘‘ਪ੍ਰਭੂਆਂੂ ਨੇ ਕਦੀ ਗੰਭੀਰਤਾ ਨਾਲ ਇਸ ਪਾਸੇ ਧਿਆਨ ਨਹੀਂ ਦਿੱਤਾ। ਗੁਰੂ ਨਾਨਕ ਨਿਰੰਕਾਰੀ ਜੀ ਨੇ ਆਪਣੇ ਲੰਮੇ ਪ੍ਰਚਾਰ ਦੌਰਿਆਂ ਵਕਤ, ਸਤਿਕਾਰ ਯੋਗ ਭਗਤਾਂ ਦੀ ਬਾਣੀ ਦੇ ਉਤਾਰੇ ਕਰਕੇ, ਆਪਣੇ ਕੋਲ ਸੰਭਾਲ ਲਏ। ਆਪਣੀ ਬਾਣੀ ਸਮੇਤ ਗੁਰਗੱਦੀ ਦੇਣ ਵਕਤ ਇਹ ਸਾਰਾ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਨੂੰ ਪ੍ਰਾਪਤ ਹੋਇਆ। ਉਹਨਾਂ ਤੋਂ ਗੁਰੂ ਅਮਰਦਾਸ ਜੀ ਨੂੰ ਅੱਗੋਂ ਚੌਥੇ ਪਾਤਿਸ਼ਾਹ ਰਾਹੀਂ, ਪੰਜਵੇਂ ਨਾਨਕ ਜੀ ਨੂੰ ਸਾਰਾ ‘‘ਪਿਉ ਦਾਦੇ ਦਾ ਖਜ਼ਾਨਾੂ ਮਿਲ ਗਿਆ। ਉਹਨਾਂ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਦੇ ਕੇ ਪਾਵਨ ਬਾਣੀ ਨੂੰ ਤਰਤੀਬ ਸਿਰ ਲਿਖਵਾਇਆ। ਅਪਣੀ ਬਾਣੀ ਭੀ ਸ਼ਾਮਿਲ ਕਰਨ ਲਈ ਭਾਈ ਜੀ ਦੇ ਹਵਾਲੇ ਕਰ ਦਿੱਤੀ। ਸਾਰਾ ਵੱਡੇਰੀ ਜਿੰਮੇਵਾਰੀ ਵਾਲਾ ਕੰਮ ਸਤਿਗੁਰੂ ਜੀ ਨੇ ਆਪਣੀ ਨਿੱਜੀ ਦੇਖ ਰੇਖ ਵਿੱਚ ਕਰਵਾਇਆ। ਜਿੱਥੇ ਕਿਤੇ ਯੋਗ ਜਾਣਿਆ, ਆਪਣੀਆਂ ਸੰਪਾਦਕੀ ਟਿੱਪਣੀਆਂ ਭੀ ਦਰਜ ਕੀਤੀਆਂ। ਲੰਮੀਆਂ ਬਾਣੀਆਂ ਜਾਂ ਵਾਰਾਂ ਦੇ ਸਿਰਲੇਖ ਤੇ ਧੁਨੀਆਂ ਖੁਦ ਕਲਮਬੰਦ ਕੀਤੀਆਂ। ਕਿਸੇ ਇੱਕ ਪੰਕਤੀ ਤੱਕ ਦਾ ਭੁਲੇਖਾ ਨਹੀਂ ਰਹਿਣ ਦਿੱਤਾ।
ਗੁਰੂ ਇਤਿਹਾਸ ਵਿੱਚ ਤੇ ਸਿੱਖ ਇਤਿਹਾਸ ਵਿੱਚ ਪੰਥ ਦੋਖੀਆਂ ਨੇ ਮਿਲਾਵਟ ਕਰਨ ਦਾ ਕੋਈ ਮੌਕਾ ਨਹੀਂ ਖੁੰਝਣ ਦਿੱਤਾ। ਥਾਂ ਥਾਂ ਸਤਿਗੁਰੂ ਸਾਹਿਬਾਨ ਜੀ ਦੇ ਪਾਕ ਜੀਵਨ ਨੂੰ ਕਲੰਕਤ ਕਰਨ ਦੀਆਂ ਸਾਜਿਸ਼ੀ ਮੰਦ ਚਾਲਾਂ ਚੱਲੀਆ ਗਈਆਂ। ਸਿੱਖ ਸੂਰਮਿਆਂ ਤੇ ਪਰਉਪਕਾਰੀ ਗੁਰਮੁਖਾਂ ਨੂੰ ਭੀ ਸਭ ਹੀਲੇ ਵਰਤ ਕੇ ਬੇਪਤ ਕਰਨ ਦਾ ਕੋਝਾ ਯਤਨ ਕੀਤਾ ਗਿਆ। ਗੁਰਬਾਣੀ ਵਿੱਚ ਮਿਲਾਵਟ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਗਿਆ। ਪਰ ਸਤਿਗੁਰੂ ਜੀ ਦੀ ਦੂਰ ਅੰਦੇਸ਼ ਸੋਚ ਨੇ, ਖਤਰਿਆਂ ਨੂੰ ਅਗਾਉਂ ਭਾਂਪਦਿਆਂ, ਅਜਿਹਾ ਬਾਨਣੂੰ ਬੰਨ੍ਹ ਦਿੱਤਾ ਕਿ ਲੱਖ ਜਤਨ ਕਰਨ ਤੇ ਭੀ, ਕੋਈ ਪਾਵਨ ਗੁਰਬਾਣੀ ਵਿੱਚ ਰਲਾ ਨਾ ਪਾ ਸਕੇ। ਵਿਆਕਰਣਕ ਨਿਯਮ ਅਤੇ ਗਿਣਤੀ ਪ੍ਰਬੰਧ ਇਤਨਾ ਪਾਏਦਾਰ ਹੈ ਕਿ ਇਸ ਨੂੰ ਤੋੜ ਕੇ ਕੋਈ ਸ਼ਬਦ ਪੰਕਤੀ ਪਾਉਣੀ ਅਸੰਭਵ ਬਣਾ ਦਿੱਤੀ ਗਈ। ਹਾਂ ਆਖਰੀ ਪੱਤਰੇ ਪੋਥੀ ਸਾਹਿਬ ਦੇ ਖਾਲੀ ਸਨ, ਉਥੇ ਹੀ ਕੋਈ ਮਿਲਾਵਟ ਕੀਤੀ ਜਾ ਸਕਦੀ ਸੀ। ਇਥੇ ਹੀ ਮਿਲਾਵਟ ਕੀਤੀ ਗਈ। ਆਓ ਰਾਗਮਾਲਾ ਬਾਰੇ ਇੱਕ ਇੱਕ ਨੁਕਤਾ ਲੈ ਕੇ ਵਿਚਾਰ ਕਰੀਏ –
1. ਜੋ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ ਪਰ ਰਾਗ ਮਾਲਾ ਵਿੱਚ ਨਹੀਂ ਹਨ-
1-ਮਾਝ, 2-ਬਿਹਾਗੜਾ, 3-ਵਡਹੰਸ, 4-ਜੈਤਸਰੀ, 5-ਰਾਮਕਲੀ, 6-ਮਾਲੀ ਗਉੜਾ, 7-ਤੁਖਾਰੀ, 8-ਪ੍ਰਭਾਤੀ, ਤੇ 9-ਜੈਜਾਵੰਤੀ
ਜੇ ਰਾਗਮਾਲਾ ਸਤਿਗੁਰੂ ਜੀ ਦੀ ਕਿਰਤ ਹੁੰਦੀ ਤਾਂ ਕੀ ਇਹਨਾਂ ਰਾਗਾਂ ਨੂੰ ਸ਼ਾਮਲ ਨਾ ਕਰਨ ਦੀ ‘‘ਭੁੱਲੂ ਕਰ ਸਕਦੇ ਸਨ ?
2. ਸ਼ਬਦ ਬਣਤਰ – ਸ਼ਬਦ ਜੋੜ ਦੀਆਂ ਗ਼ਲਤੀਆਂ
ਗੁਰੂ ਗ੍ਰੰਥ ਸਾਹਿਬ ਵਿਚ ਰਾਗਮਾਲਾ ਵਿੱਚ
ਬਿਲਾਵਲੁ ਬਿਲਾਵਲੀ
ਲਲਿਤ ਲਲਤ
ਭੈਰਉ ਭੈਰਵ
ਤਿਲੰਗ ਤੈਲੰਗੀ
ਮਾਲੀ ਗਊੜਾ ਗਉਰਾ
ਕਲਿਆਣੁ ਕਲ੍ਹਾਨਾ
ਬੈਰਾੜੀ ਬੈਰਾਰੀ
ਸੂਹੀ ਸੂਹਉ
ਮਲਾਰ ਮਲਾਰੀ
3. ਗੁਰੂ ਅਰਜਨ ਸਾਹਿਬ ਜੀ ਨੂੰ ਸਿੱਖਾਂ ਬੇਨਤੀ ਕੀਤੀ-ਜੀ ਕੋਈ ਵਿਊਂਤ ਬਣਾਉ। ਲੋਕ ਨਾਨਕ ਨਾਮ ਵਾਲੀਆਂ ਕਵਿਤਾਵਾਂ ਲਿਖ ਰਹੇ ਹਨ।
‘‘ਮਿਹਰਵਾਨ ਪੁਤ ਪਿਰਥੀਏ ਦਾ ਕਵੀਸਰੀ ਕਰੇ,
ਭੋਗ ਗੁਰੂ ਨਾਨਕ ਜੀ ਦਾ ਪਾਈ।ੂ (36)
ਕਰਤਾਰਪੁਰੀ ਬੀੜ ਵਿੱਚ, ਮੁੰਦਾਵਣੀ ਤੋਂ ਬਾਅਦ ਭੀ ਕਈ ਕੱਚੀਆਂ ਰਚਨਾਵਾਂ ਦਰਜ ਹਨ, ਜੋ ਲੰਮੀ ਵਿਚਾਰ ਤੋਂ ਮਗਰੋਂ ਕੱਟ ਦਿੱਤੀਆਂ ਗਈਆਂ। ਜਿਵੇਂ ਪ੍ਰਾਣ ਸੰਗਲੀ, ਹਿਕਾਇਤਾਂ ਅਤੇ ਹੋਰ ਕਈ ਕੁੱਝ। ਪਰ ਅਫਸੋਸ ਕਿ ਐਨ ਆਖਰੀ ਮੌਕੇ ਭਾਈ ਵੀਰ ਸਿੰਘ ਨੇ ਪੈਂਤੜਾ ਬਦਲ ਲਿਆ, ਅਪਣੇ ਅਖਬਾਰ ‘‘ਖਾਲਸਾ ਸਮਾਚਾਰੂ ਵਿੱਚ ਇਸਦੇ ਹੱਕ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਉਸ ਵਕਤ ਵੀਰ ਸਿੰਘ ਦਾ ਸਿੱਖ ਹਲਕਿਆਂ ਵਿੱਚ ਵੱਡਾ ਪਰਭਾਵ ਸੀ। ਜਿਸ ਕਾਰਨ ਰਾਗਮਾਲਾ ਦੇ ਵਿਰੁੱਧ ਫੈਸਲਾ ਹੁੰਦਾ ਹੋਇਆ ਭੀ ਵਿਚਕਾਰ ਅਟਕ ਗਿਆ। ਸਿੱਖ ਰਹਿਤ ਮਰਿਆਦਾ ਵਿੱਚ 1945 ਨੂੰ ਇਹ ਲਿਖਣ ਲਈ ਮਜ਼ਬੂਰ ਹੋਣਾ ਪਿਆ ਕਿ ‘‘ਰਾਗਮਾਲਾ ਪੜ੍ਹੋ ਚਾਹੇ ਨਾ ਪੜ੍ਹੋ।ੂ ਭੋਗ ਚਲਦੀ ਸਥਾਨਕ ਰੀਤ ਮੁਤਾਬਕ ਪਾ ਦਿਓ।
4. ਚੀਫ ਖਾਲਸਾ ਦੀਵਾਨ (ਅੰਮ੍ਰਿਤਸਰ) ਵਾਲਿਆਂ ‘‘ਇੱਕ ਗੁਪਤ ਪੱਤਰੂ ਭਾਈ ਕਾਹਨ ਸਿੰਘ ਨਾਭਾ ਦੇ ਨਾਮ ਹੇਠ ਖਾਲਸਾ ਸਮਾਚਾਰ ਵਿੱਚ ਛਾਪਿਆ। ਜਿਸ ਦਾ ਸਾਰੰਸ਼ ਇਹ ਸੀ ਕਿ ‘‘ਕਾਹਨ ਸਿੰਘ ਨੇ ਰਾਗ ਮਾਲਾ ਬਾਰੇ ਅਪਣੀ ਰਾਏ ਬਦਲ ਲਈ ਹੈ।ੂ ਇਸ ਦੇ ਪ੍ਰਤੀਕਰਮ ਵਜੋਂ, ਭਾਈ ਕਾਹਨ ਸਿੰਘ ਤੋਂ ਪੰਥ ਸੇਵਕ ਅਖਬਾਰ ਰਾਹੀਂ ਪੁੱਛਿਆ ਗਿਆ ਕਿ ਕੀ ਤੁਸੀਂ ਵਾਕਿਆ ਹੀ ਰਾਗ ਮਾਲਾ ਬਾਰੇ ਅਪਣੀ ਰਾਏ ਬਦਲ ਲਈ ਹੈ? ਜਿਵੇਂ ਭੀ ਤੁਹਾਡੇ ਵਿਚਾਰ ਹਨ ਤੁਸੀਂ ਖ਼ੁਦ ਸਥਿਤੀ ਸਪੱਸ਼ਟ ਕਰੋ। ਕਿਉਂਕਿ ਤੁਹਾਡੇ ਨਾਮ ਤੇ ਅਖਬਾਰ ਵਿੱਚ ਇੱਕ ਚਿੱਠੀ ਛਪੀ ਹੈ, ਜਿਸ ਕਾਰਨ ਆਮ ਸਿੱਖ ਦੁਬਧਾ ਗ੍ਰਸਤ ਹੈ। ਭਾਈ ਕਾਹਨ ਸਿੰਘ ਨੇ ਸਪੱਸ਼ਟ ਲਿਖਿਆ – ਸਿੱਖ ਵੀਰਾਂ ਭੈਣਾਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਆਮ ਸਿੱਖ ਜਨ ਸਮੂੰਹ ਨੂੰ, ਵਿੱਦਿਆ ਪੜ੍ਹਨ ਦੀ ਅਤੇ ਖੋਜ ਕਰਨ ਦੀ, ਕੋਈ ਦਿਲਚਸਪੀ ਨਹੀਂ ਹੈ। ਮੈਂ ਇੱਕ ਖੋਜੀ ਦੀ ਹੈਸੀਅਤ ਵਿੱਚ, ਉਹਨਾਂ ਭਾਈਆਂ ਨੂੰ ਸਲਾਹ ਦਿੰਦਾ ਹਾਂ ਕਿ ਤੁਸੀਂ ਕਰਤਾਰ ਪੁਰੀ ਬੀੜ ਖੁਦ ਵੇਖੋ ਪੜੋ, ਉਸੇ ਵਿੱਚ ‘‘ਰਾਗਮਾਲਾ ਦੇ ਵਿਰੁੱਧੂ ਅਕੱਟ ਸਬੂਤ ਮੌਜੂਦ ਹਨ। ਪੜੋ ਤਤਕਰੇ ਦੇ ਅੰਤ ਪੁਰ ਇਹ ਲਿਖਿਆ ਹੋਇਆ ਹੈ – ਸੰਮਤ 1661 ਮਿਤੀ ਭਾਦੋਂ ਵਦੀ 1, (ਏਕਮ) ਪੋਥੀ ਲਿਖ ਪਹੁੰਚੇ। ਗੁਰੂ ਬਾਬਾ ਜੀ ਦੇ ਸਾਰੇ ਪਤਰੇ 974ੂ। ਧਿਆਨ ਨਾਲ ਵੇਖਣਾ 973 ਨੰ: ਪੱਤਰੇ ਤੇ ਮੁੰਦਾਵਣੀ ਹੈ। ਪੱਤਰਾ 974 ਸਾਰਾ ਖਾਲੀ ਪਿਆ ਹੈ। ਬਾਕੀ ਸਾਰਾ ਕੁੱਝ ਸਮੇਤ ਰਾਗਮਾਲਾ ਦੇ ਇਹਨਾਂ 974 ਪਤਰਿਆਂ ਤੋਂ ਬਾਹਰ ਹੈ, ਸੋ ਉਹ ਗੁਰੂ ਕ੍ਰਿਤ ਨਹੀਂ ਹੈ। ਇਸੇ ਲਈ ਗੁਰੂ ਬਾਬੇ ਦੀ ਬਾਣੀ ਦਾ ਅੰਗ ਨਹੀਂ ਹੈ। (110)
5. ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸਾਰੇ ਰਾਗ ਪ੍ਰਵਾਨੇ ਗਏ ਹਨ ਰਾਗਣੀ ਕੋਈ ਨਹੀਂ ਹੈ। ਕੁੱਝ ਇੱਕ ਇਸਤਰੀ ਲਿੰਗ ਪ੍ਰਤੀਤ ਹੋਣ ਵਾਲੇ ਰਾਗ ਭੀ ਰਾਗਣੀਆਂ ਨਹੀਂ ਹਨ, ਪੂਰੇ ਰਾਗ ਮੰਨੇ ਗਏ ਹਨ। ਮਿਸਾਲ ਲਈ – ਆਸਾਵਰੀ, ਗੂਜਰੀ, ਦੇਵਗੰਧਾਰੀ, ਬੈਰਾੜੀ, ਸੂਹੀ, ਜੈਜਾਵੰਤੀ, ਆਦਿ। ਗੁਰਮਤ ਸੰਗੀਤ ਵਿਦਿਆਲਾ, ਰਕਾਬ ਗੰਜ ਦਿੱਲੀ ਦੇ ਪ੍ਰਿੰਸੀਪਲ, ਸ੍ਰ: ਦਿਆਲ ਸਿੰਘ ਨੇ ਇੱਕ ਬੜਾ ਭਾਵਪੂਰਤ ਲੇਖ ਮਾਸਿਕ ਪੱਤਰ ‘‘ਅੰਮ੍ਰਿਤ ਕੀਰਤਨ, ਪ੍ਰੋ: ਤਾਰਾ ਸਿੰਘ ਅੰਕ ਨੰ: 5, 9 ਜਨਵਰੀ 1990 ਨੂੰ ਲਿਖਿਆ ਸੀ। ਜਿਸਦਾ ਸਾਰੰਸ਼ ਇਸ ਤਰ੍ਹਾਂ ਹੈ :-
ਰਾਗਮਾਲਾ ਨਾਮੀ ਬਹੁਤ ਕਵਿਤਾਵਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਦੇ ਨਾਮ ਇਹ ਹਨ – (1) ਪੁੰਡਰੀਕ ਵਿਠੁਲ ਦੀ ਰਾਗਮਾਲਾ (1515 ਤੋਂ 1584 ਈ:) ਗੁਰੂ ਗ੍ਰੰਥ ਦੀ ਸੰਪਾਦਨਾ ਤੋਂ ਤੀਹ ਸਾਲ ਪਹਿਲਾਂ ਲਿਖੀ ਗਈ।
(2) ਯਸੋਦ ਨੰਦ ਸੁਕਲ ਦੀ ਰਾਗਮਾਲਾ – ਲਿਖਣ ਦਾ ਸਮਾ – 1758 ਈ:
(3) ਲਛਮਣ ਦਾਸ ਦੀ ਰਾਗਮਾਲਾ (4) ਅਨੰਦ ਦੀ ਰਾਗਮਾਲਾ
(5) ਗੋਬਿੰਦ ਦੀ ਰਾਗਮਾਲਾ, (6) ਚੰਦਰਦਾਸ ਦੀ ਰਾਗਮਾਲਾ ਅਤੇ ਹੋਰ।
ਅਦਭੁਤ ਰਾਮਾਇਣ ਵਿੱਚ ਇੱਕ ਕਥਾ ਹੈ ਕਿ ਨਾਰਦ ਨੂੰ ਆਪਣੇ ਬਾਰੇ ਰਾਗਾਂ ਦਾ ਮਾਹਿਰ ਹੋਣ ਦਾ (ਰਾਗ ਆਚਾਰੀਆ) ਹੰਕਾਰ ਹੋ ਗਿਆ। ਉਸ ਦਾ ਹੰਕਾਰ ਤੋੜਨ ਲਈ ਬਿਸ਼ਨੂੰ ਨਾਰਦ ਨੂੰ ਦੇਵ ਲੋਕ ਲੈ ਗਿਆ। ਨਾਰਦ ਨੇ ਵੇਖਿਆ ਕਿ ਅਨੇਕ ਇਸਤਰੀ ਪੁਰਖ ਅੰਗ ਭੰਗ ਹੋਣ ਕਰਕੇ ਵਿਲਕ ਰਹੇ ਹਨ। ਪੁੱਛਣ ਤੇ ਦੱਸਿਆ ਕਿ ਨਾਰਦ ਨੇ ਸੰਗੀਤ ਤੋਂ ਅਣਜਾਣ ਹੋਣ ਕਰਕੇ ਸੁਰਾਂ ਦਾ ਧਿਆਨ ਨਹੀਂ ਰੱਖਿਆ। ਇਸੇ ਕਾਰਨ ਸਾਡੇ ਅੰਗ ਭੰਗ ਹੋ ਗਏ ਹਨ। ਇਹੀ ਕਹਾਣੀ ਇੰਨ ਬਿੰਨ ਗੁਰੂ ਅਰਜਨ ਸਾਹਿਬ ਜੀ ਨਾਲ ਨੱਥੀ ਕਰ ਦਿੱਤੀ। ਜਦੋਂ ਕਿ ਭੋਗ ਮੁੰਦਾਵਣੀ ਤੇ ਪਾਉਣ ਦੀ ਤਸਦੀਕ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਤੇ ਇਤਿਹਾਸ ਵਿੱਚੋਂ ਮਿਲ ਰਹੀ ਹੈ।

6. ਪੁਰਾਣੇ ਕਲਾਕਾਰ ਰਾਗ ਰਾਗਣੀਆਂ ਦੇ ਕਲਪਤ ਚਿੱਤਰ ਬਣਾਉਣ ਦਾ ਸ਼ੌਕ ਭੀ ਰੱਖਦੇ ਸਨ। ਰਾਜੇ ਨਵਾਬਾਂ ਦਾ ਮਨੋਰਜੰਨ ਕਰਨ ਲਈ ਕਲਾਕਾਰਾਂ ਨੇ ਰਾਗਾਂ ਨੂੰ ਬਹੁਤ ਹੀ ਦਿਲਕਸ਼ ਸ਼ਬਦ ਚਿੱਤਰਾਂ ਨਾਲ ਸ਼ਿੰਗਾਰਨ ਦਾ ਜਤਨ ਕੀਤਾ ਹੈ। ਉਹਨਾਂ ਸ਼ਬਦ ਚਿੱਤਰਾਂ ਤੋਂ ਪ੍ਰਭਾਵਤ ਹੋ ਕੇ, ਅਗਵਾਈ ਲੈ ਕੇ ਰੇਖਾ ਚਿੱਤਰ (ਤਸਵੀਰ) ਬਣਾਉਣ ਦਾ ਜਤਨ ਕੀਤਾ ਗਿਆ ਹੈ। ਆਉ ਕੇਵਲ ਇੱਕ ਰਾਗਣੀ ਭੈਰਵੀ ਦਾ ਸ਼ਬਦ ਚਿੱਤਰ ਪੜ੍ਹੀਏ। ਇਸ ਨੂੰ ਪੜ੍ਹਕੇ ਹੀ ਕਈ ਕਲਾਕਾਰਾਂ ਨੇ ਅੱਗੇ ਚਿੱਤਰ ਬਣਾਏ। ਜਿਸ ਨੂੰ ਨਾ ਸਮਝ ਲੋਕਾਂ ਨੇ, ਸੱਚ ਰੂਪ ਕਰਕੇ ਮੰਨ ਲਿਆ। ਇਹ ਇੱਕ ਭੂਤਨੀ (ਭੈਰਵੀ) ਦਾ ਰਾਗਚਿੱਤਰ ਹੈ। ਜਿਸ ਵਕਤ ਪਾਰਬਤੀ ਨੇ ਮਨ ਕਰਕੇ ਸ਼ਿਵ ਨੂੰ ਪਤੀ ਰੂਪ ਵਿੱਚ ਪ੍ਰਵਾਨ ਕਰ ਲਿਆ ਤਾਂ ਉਹ ਪਤੀ ਨੂੰ ਰੀਝਾਉਣ ਵਾਸਤੇ, ਹਿਮਾਲਾ ਪਰਬਤ ਮਾਨਸ੍ਰੋਵਰ ਦੇ ਕੰਢੇ ਬੈਠ ਕੇ ਸ਼ਿਵਲਿੰਗ ਦੀ ਪੂਜਾ ਕਰਦੀ ਹੈ। ਪਾਰਬਤੀ ਦੇ ਪਹਿਰਾਵੇ, ਹਾਵਭਾਵ, ਸਰੀਰਕ ਹਰਕਤਾਂ ਅਤੇ ਪ੍ਰਕ੍ਰਿਤੀ ਚਿੱਤਰ ਬਿਆਨ ਕੀਤੇ ਗਏ ਹਨ। ਅੱਖਰਾਂ ਦੁਆਰਾ ਬਿਆਨ ਕੀਤਾ ਗਿਆ ਨਕਸ਼ਾ –
ਰਾਜ ਕੁਆਰ ਭੈਰਵੀ ਰਾਨੀ। ਦੇਖ ਰੂਪ ਭੈਰਵ (ਸ਼ਿਵ) ਲਲਚਾਨੀ।
ਭਈ ਮਗਨ ਸਰ ਸੁਰਤ ਬਿਸਾਰੀ।
ਰਖੇ ਮਨੋਰਥ ਸ਼ਿਵ ਮਚ ਆਈ। ਬਹੁਤ ਭਾਂਤ ਕੀ ਪੂਜਾ ਲਾਈ।
ਲੀਏ ਤਾਲ ਪਰ ਸੁਜਸ ਸੁਨਾਵੈ। ਮਨ ਏਹੋ ਬਸ ਭੈਰਵ ਪੀਯ ਪਾਵੈ।
ਮਾਨ ਸ੍ਰੋਵਰ ਵਿਮਲ ਜੀ, ਪੰਖੀ ਕਰਤ ਕਲੋਲ।
ਤਿਹ ਤਟ ਸੋਭਿਤ ਸ਼ਿਵ ਭਵਨ ਰਾਜਿਤ ਰਸਿਤ ਅਮੋਲ। (148)

7. ਰਾਗਮਾਲਾ ਵਿੱਚ ਛੇ ਰਾਗ ਮੰਨੇ ਗਏ ਹਨ, ਹਰੇਕ ਰਾਗ ਦੀਆਂ ਪੰਜ ਪਤਨੀਆਂ (ਰਾਗਣੀਆਂ) ਮੰਨੀਆਂ ਗਈਆਂ ਹਨ। ਨਾਲ ਹਰੇਕ ਰਾਗ ਤੋਂ ਅੱਠ ਅੱਠ ਪੁੱਤਰ ਭੀ ਲਿਖ ਮਾਰੇ। ਪਰ ਅਫਸੋਸ ਕਿ ਇਹ ਨਹੀਂ ਦੱਸਿਆ ਗਿਆ ਕਿ ਇਹਨਾਂ ਅੱਠਾਂ ਬੱਚਿਆਂ ਦੀਆਂ ਮਾਵਾਂ ਕਿਹੜੀਆਂ ਹਨ? ਇਸ ਗੱਲ ਦਾ ਕੋਈ ਨਿਯਮ ਅੱਜ ਤੱਕ ਸੰਗੀਤ ਆਚਾਰੀਆਂ ਵਿੱਚ ਪ੍ਰਵਾਨ ਨਹੀਂ ਚੜ੍ਹ ਸਕਿਆ, ਕਿ ਕਿਸੇ ਰਾਗ ਨੂੰ ਰਾਗਣੀ ਕਿਵੇਂ ਤੇ ਕਿਉਂ ਮੰਨਿਆ ਜਾਵੇ? ਇਸਦਾ ਪੈਮਾਨਾ ਕੀ ਹੈ? ਅਜਿਹਾ ਸਰਬ ਪ੍ਰਵਾਣਿਤ ਕਿਹੜਾ ਢੰਗ ਹੈ, ਕਿ ਕਿਸ ਰਾਗ ਪੱਧਤੀ ਨੂੰ ਰਾਗ ਆਖਿਆ ਜਾਵੇ ਕਿਸ ਨੂੰ ਰਾਗਣੀ, ਉਸਦਾ ਪੁੱਤਰ, ਧੀ ਜਾਂ ਨੂੰਹ (ਪੁੱਤਰ ਬੱਧੂ) ਆਖਿਆ ਜਾਵੇ? ਫਿਰ ਸੰਗੀਤ ਮਾਹਿਰ ਵਿਦਵਾਨ, ਗਾਇਨ ਸ਼ੈਲੀ ਵਿੱਚ ਨਵੇਂ ਤੋਂ ਨਵੇਂ ਢੰਗ ਤਰੀਕੇ ਪ੍ਰਚੱਲਤ ਕਰਦੇ ਰਹਿੰਦੇ ਹਨ। ਉਹਨਾਂ ਨੂੰ ਕਿਸ ਖਾਤੇ ਜਾਂ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ?
ਇਸ ਪ੍ਰਾਚੀਨ ਪੱਧਤੀ ਨੂੰ ਮੰਨਣ ਵਾਲੇ ਕਿਹੜਾ ਮਤ ਪ੍ਰਵਾਨ ਕਰਦੇ ਹਨ? ਫਿਰ ਅੱਜ ਕੱਲ੍ਹ ਕਿਸ ਕਿਸ ਦੇਸ਼ ਵਿੱਚ ਉਹਨਾਂ ਦੀ ਇਹ ਪੱਧਤੀ ਪਰਚੱਲਤ ਹੈ ?
8. ਭਾਈ ਸੰਤੋਖ ਸਿੰਘ ਦੇ ਵਿਚਾਰ ਮੁੰਦਾਵਣੀ ਬਾਰੇ।
ਭਾਈ ਮਨੀ ਸਿੰਘ ਦੇ ਸੇਵਕ ਭਾਈ ਸੰਤ ਸਿੰਘ ਹੋਏ ਹਨ। ਸੰਤ ਸਿੰਘ ਤੋਂ ਭਾਈ ਸੰਤੋਖ ਸਿੰਘ ਨੇ ਵਿੱਦਿਆ ਪ੍ਰਾਪਤ ਕੀਤੀ। ਸੰਤੋਖ ਸਿੰਘ ਦੀ ਪ੍ਰਸਿੱਧ ਰਚਨਾ ਸੂਰਜ ਪ੍ਰਕਾਸ਼ ਵਿੱਚ ਇਉਂ ਲਿਖਤ ਹੈ –
ਲਿਖੇ ਸਮਸਤ ਸਵਈਏ ਸੋਊ, ਸ੍ਰੀ ਗ੍ਰਿੰਥਕੇ ਮਾਹਿ।
ਅੰਤ ਸਰਬ ਕੇ ਲਿਖ ਮੁੰਦਾਵਣੀ ਮੁਦ੍ਰਤਿ ਮੋਹਰ ਲਗੀ ਜਨ ਵਾਹਿ।
ਭੋਗ ਸਕਲ ਬਾਣੀ ਕਾ ਪਯਉ ਮਹਿਮਾ ਜਿਸਕੀ ਕਹੀ ਨ ਜਾਇ।
ਭਵਜਲ ਭੈਰਵ ਕੋ ਜਹਾਜ ਬਡ, ਪ੍ਰਭੂ ਕਿਰਪਾ ਤੇ ਪਾਰ ਪਰਾਇ।
ਰਾਗ ਮਾਲਾ ਸ੍ਰੀ ਗੁਰੂ ਕ੍ਰਿਤ ਨਹਿ ਹੈ, ਮੁੰਦਾਵਣੀ ਲਗ ਗੁਰਬੈਨ।
ਇਸ ਮਹਿ ਨਹਿ ਸੰਸੈ ਕੁਛ ਕਰੀਅਹੁ, ਜੇ ਸੰਸੈ ਅਵਲੋਕਹੁ ਨੈਨ।
ਮਾਧਵਨਲ ਆਲਮ ਕਵਿ ਕੀ ਨਸਿ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ।
ਰਾਗ ਰਾਗਨੀ ਨਾਮ ਗਿਨੇ ਤਹਿ, ਯਾਂਤੇ ਸ੍ਰੀ ਅਰਜਨ ਕ੍ਰਿਤ ਹੈ ਨ।
(ਰਾਸ.3. ਅੰਸੂ 48-2127)
9. ਗਿਆਨੀ ਨਰੈਣ ਸਿੰਘ ਮੁਜੰਗ ਵਾਲਿਆਂ ਵੱਲੋਂ, ਜੋ ਗੁਰੂ ਗ੍ਰੰਥ ਸਾਹਿਬ ਦੇ ਟੀਕਿਆਂ ਬਾਰੇ ਭੂਮਿਕਾ ਲਿਖਦਿਆਂ ਪੰਨਾ ‘‘ਜੂ ਨੰਬਰ 7 ਦੇ ਸਿਰਲੇਖ ਹੇਠ ਲਿਖਿਆ ਹੈ – ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਛਾਪਣਾ; ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਇੱਛਾ ਰੱਖਣ ਵਾਲੇ ਨੂੰ ਕਈ ਕਈ ਮਹੀਨੇ ਲਿਖਾਰੀ ਨਹੀਂ ਮਿਲਦੇ ਸੀ। ਮਿੰਨਤਾਂ ਤਰਲੇ ਅਲੱਗ ਕਰਨੇ ਪੈਂਦੇ ਸੀ। ਫਿਰ ਭੀ ਇੱਛਾਵਾਨ ਨੂੰ ਦਮਦਮੇ ਵਾਲੀ ਬੀੜ ਦਾ ਉਤਾਰਾ ਚਾਹੀਦਾ ਹੋਵੇ, ਤੇ ਲਿਖਾਰੀ ਕੋਲ ਉਹ ਹੈ ਨਹੀਂ ਤਾਂ ਉਸ ਲਿਖਾਰੀ ਨੇ ਆਪਣੀ ਮਰਜ਼ੀ ਨਾਲ ਕਿਸੇ ਹੋਰ ਬੀੜ ਦਾ ਉਤਾਰਾ ਕਰਕੇ ਦੇ ਦੇਣਾ। ਲਿਖ ਦੇਣਾ ਇਹ ਪਈ ਇਹ ਦਮਦਮੀ ਬੀੜ ਦਾ ਉਤਾਰਾ ਹੈ। ਭੇਟਾ ਵਜੋਂ ਰੁਪੈ 101/- ਤੋਂ 1001/- ਤੱਕ ਭੀ ਲੈ ਲਏ ਜਾਂਦੇ ਸਨ। ਫਿਰ ਭੀ ਇਹ ਬੀੜਾਂ ਆਮ ਸਿੱਖ ਦੀ ਪਹੁੰਚ ਤੋਂ ਬਾਹਰ ਸਨ। ਸੰਨ 1860 ਵਿੱਚ ਲਾਹੌਰ ਵਿਖੇ ਛਾਪਾਖਾਨਾ ਚਾਲੂ ਹੋਣ ਤੇ, ਇਸ ਦੇ ਮਾਲਕ ਲਾਲਾ ਹਰਸੁਖ ਰਾਏ ਜੀ ਦਰਬਾਰ ਸਾਹਿਬ ਆਏ। ਸਮੇਂ ਦੇ ਸਿੱਖ ਪੁਜਾਰੀਆਂ ਅੱਗੇ ਬੇਨਤੀ ਕੀਤੀ, ਕਿ ਦਾਸ ਨੂੰ ਬੀੜਾਂ ਛਾਪਣ ਦੀ ਆਗਿਆ ਦਿੱਤੀ ਜਾਵੇ। ਇਹ ਭੀ ਸਪੱਸ਼ਟ ਦੱਸਿਆ ਜਾਵੇ ਕਿ ਕਿਹੜੀ ਬੀੜ ਛਾਪੀ ਜਾਵੇ? ਭਾਵ ਕਰਤਾਰ ਪੁਰ ਵਾਲੀ, ਦਮਦਮੇ ਵਾਲੀ ਜਾਂ ਭਾਈ ਬੰਨੋ ਵਾਲੀ? ਕਈ ਦਿਨਾਂ ਤੱਕ ਪੁਜਾਰੀ ਕਿਸੇ ਸਿੱਟੇ ਤੇ ਨਾ ਪੁੱਜ ਸਕੇ। ਅੰਤ ਅਰਦਾਸ ਕਰਕੇ (ਲਾਟਰੀ ?) ਤਿੰਨਾਂ ਬੀੜਾਂ ਦੇ ਨਾਮ ਲਿਖਕੇ, ਤਿੰਨ ਪਰਚੀਆਂ ਸ੍ਰੋਵਰ ਵਿੱਚ ਪਾਈਆਂ। ਅਖੇ ਜੋ ਪਰਚੀ ਪਹਿਲਾਂ ਉ¤ਪਰ ਤਰ ਆਵੇਗੀ, ਉਸੇ ਨੂੰ ਛਾਪਣ ਦੀ ਆਗਿਆ ਦੇ ਦਿਆਂਗੇ। ਇੱਕ ਵਾਰੀ ਤਿੰਨੇ ਪਰਚੀਆਂ ਡੁੱਬ ਗਈਆਂ, ਕਰੀਬ ਦੋ ਘੰਟੇ ਮਗਰੋਂ ਇੱਕ ਪਰਚੀ ਉ¤ਪਰ ਤਰਦੀ ਨਜਰੀਂ ਪਈ, ਝੱਟ ਕੱਢ ਲਿਆਂਦੀ। ਵੇਖਿਆ ਤਾਂ ਉਪਰ ਲਿਖਿਆ ਸੀ ‘‘ਦਮਦਮੇ ਵਾਲੀ ਬੀੜੂ। ਇਹੀ ਆਗਿਆ ਲਾਲਾ ਹਰਸੁਖ ਰਾਏ ਨੂੰ ਕਰ ਦਿੱਤੀ, ਕਿ ਦਮਦਮੇ ਵਾਲੀ ਬੀੜ ਛਾਪੀ ਜਾਵੇ। ਇਸ ਤਰ੍ਹਾਂ ਬਿਨਾਂ ਸੋਧ ਸੁਧਾਈ ਤੋਂ, ਦਮਦਮੇ ਵਾਲੀ ਬੀੜ ਛਪਣ ਲੱਗੀ। ਲਾਲਾ ਹਰਸੁਖ ਰਾਏ ਖੁਦ ਹੀ ‘‘ਛਾਪਕ ਸੋਧਕੂ ਬਣਕੇ ਸੇਵਾ ਕਰਨ ਲੱਗੇ।
10. ਸਮਾਂ ਬੀਤਣ ਨਾਲ ਛਾਪੇ ਵਾਲੀਆਂ ਤੇ ਹੱਥ ਲਿਖਤ ਬੀੜਾਂ ਕਈ ਪ੍ਰਕਾਰ ਦੀਆਂ ਸਿੱਖ ਸੰਗਤਾਂ ਵਿੱਚ ਪ੍ਰਚੱਲਤ ਹੋ ਗਈਆਂ। ਭੋਗ ਹਰ ਇੱਕ ਦਾ ਆਪੋ ਆਪਣੀ ਮਰਜ਼ੀ ਦਾ ਹੋਇਆ ਕਰਦਾ ਸੀ। ਕਈ ਥਾਂਵਾਂ ਤੇ ਅਪ੍ਰਵਾਨਿਤ ਰਚਨਾਵਾਂ ਪੜ੍ਹਕੇ ‘‘ਵੱਡਾ ਭੋਗੂ ਪਾਇਆ ਜਾਂਦਾ ਸੀ। ਜਿਤ ਦਰ ਲੱਖ ਮੁਹੰਮਦਾ, ਮੀਰਾਂ ਬਾਈ ਦਾ ਸ਼ਬਦ, ਸੂਰਦਾਸ ਦਾ ਸਾਰਾ ਸ਼ਬਦ, ਰੁਣਝੁੰਝਨੜਾ ਆਦਿ ਭੀ ਪੜਦੇ ਸਨ।
ਸੰਨ 1920 ਤੋਂ ਪਹਿਲਾਂ ਕਿਉਂਕਿ ਸ਼੍ਰੋ: ਗੁ: ਪ੍ਰ: ਕਮੇਟੀ ਨਹੀਂ ਸੀ, ਇਸ ਲਈ ਸਾਰੇ ਧਾਰਮਕ ਫੈਸਲੇ ਚੀਫ ਖਾਲਸਾ ਦੀਵਾਨ ਦੀ ਸਹਿਮਤੀ ਨਾਲ ਹੀ ਪ੍ਰਵਾਨ ਚੜ੍ਹਦੇ ਸਨ। ਰਾਗਮਾਲਾ ਬਾਰੇ ‘ਪੜ੍ਹਨੀ ਹੈ ਜਾਂ ਨਹੀ ਪੜ੍ਹਨੀ ਹੈ’ ਦੇ ਕਾਰਨ ਬਹੁਤ ਝਗੜੇ ਹੋਏ। ਅਦਾਲਤਾਂ ਵਿੱਚ ਮੁਕੱਦਮੇ ਚੱਲੇ। ਅਦਾਲਤਾਂ ਵੱਲੋਂ ਚੀਫ ਖਾਲਸਾ ਦੀਵਾਨ ਤੋਂ ਰਾਏ ਮੰਗੀ ਜਾਂਦੀ ਸੀ। ਚੀਫ ਖਾਲਸਾ ਦੀਵਾਨ ਦੇ ਮੁਖੀ ਹਮੇਸ਼ਾ ਇਹੀ ਲਿਖਕੇ ਭੇਜਦੇ ਰਹੇ – ‘‘ਰਾਗਮਾਲਾ ਗੁਰਬਾਣੀ ਨਹੀਂ ਹੈ।ੂ
11. ਬਾਗਬਾਨ ਪੁਰੇ ਲਾਹੌਰ ਦੀ ਸਿੰਘ ਸਭਾ ਵਿੱਚ ਵੱਡਾ ਝਗੜਾ ਹੋਇਆ। ਗੱਲ ਕਿਨਾਰੇ ਨਾ ਲਗਦੀ ਵੇਖ ਕੇ, ਦੋ ਪਰਚੀਆਂ ਤੇ ਇਹ ਅੱਖਰ ਲਿਖ ਕੇ ਪੀਹੜੇ ਹੇਠ ਰੱਖ ਦਿੱਤੀਆਂ – ਰਾਗਮਾਲਾ ਗੁਰਬਾਣੀ ਹੈ, ਰਾਗਮਾਲਾ ਗੁਰਬਾਣੀ ਨਹੀਂ ਕੱਚੀ ਬਾਣੀ ਹੈ।ੂ ਇੱਕ ਅਣਜਾਣ ਸੇਵਕ ਤੋਂ ਇੱਕ ਪਰਚੀ ਮੰਗਵਾਈ ਗਈ, ਜਿਸ ਤੇ ਲਿਖਿਆ ਸੀ, ਰਾਗਮਾਲਾ ਗੁਰਬਾਣੀ ਨਹੀਂ ਹੈ ਕੱਚੀ ਬਾਣੀ ਹੈ। ਅੱਗੇ ਤੋਂ ਰਾਗਮਾਲਾ ਪੜਨੀ ਬੰਦ ਕਰ ਦਿੱਤੀ ਗਈ। ਸਤੰਬਰ 5-1917 ਦੇ ਪੰਥ ਸੇਵਕ ਅਖਬਾਰ ਵਿੱਚ ਸਾਰੀ ਘਟਨਾ ਛਪੀ। ‘‘ਕਿ ਸੱਚੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਰਾਗਮਾਲਾ ਦਾ ਫੈਸਲਾ ਆਪ ਕਿਰਪਾ ਕਰਕੇ ਨਬੇੜ ਦਿੱਤਾ, ਸਾਰਿਆਂ ਦੀ ਦੁਬਿਧਾ ਦੂਰ ਕਰ ਦਿੱਤੀ।ੂ
12. ਭਾਈ ਲਾਲ ਸਿੰਘ ਧਰਮ ਪ੍ਰਚਾਰਕ, ਪਹਿਲਾਂ ਲੰਮੇ ਸਮੇਂ ਤੱਕ ਪ੍ਰੋ: ਗੁਰਮੁਖ ਸਿੰਘ ਤੇ ਗਿ: ਦਿੱਤ ਸਿੰਘ ਨਾਲ ਧਰਮਪ੍ਰਚਾਰ ਦੀ ਸੇਵਾ ਕਰਦੇ ਰਹੇ। ਉਹਨਾਂ ਦਾ ਜੋ ਬਿਆਨ ਅਖਬਾਰ ਵਿੱਚ ਛਪਿਆ ਸੀ ਉਹ ਇਸ ਤਰ੍ਹਾਂ ਹੈ – ‘‘ਰਾਗਮਾਲਾ ਦਾ ਰੌਲਾ ਇਸ ਵਕਤ ਪੰਥ ਵਿੱਚ ਪੂਰੇ ਜੋਰ ਨਾਲ ਛਿੜਿਆ ਹੋਇਆ ਹੈ। ਜਿਸਨੂੰ ਹਵਾ ਦੇਣ ਦਾ ਜਿੰਮੇਵਾਰ ਭਾਈ ਵੀਰ ਸਿੰਘ ਹੈ। ਮੈਂ ਉਹ ਪੰਥ ਸੇਵਕ ਪ੍ਰਚਾਰਕ ਹਾਂ ਜਿਸਨੇ ਪਿਛਲੇ ਤੀਹ ਸਾਲ ਤੋਂ ਪੂਰੇ ਦੇਸ਼ ਵਿੱਚ ਘੁੰਮ ਕੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਭਾਈ ਗੁਰਮੁੱਖ ਸਿੰਘ ਤੇ ਭਾਈ ਦਿੱਤ ਸਿੰਘ ਤੋਂ ਮੈਂ ਗੁਰਮਤ ਸਿੱਖੀ। ਮੈਂ 19 ਸਾਲ ਭਾਈ ਵੀਰ ਸਿੰਘ ਨਾਲ ਭੀ ਕੰਮ ਕੀਤਾ ਹੈ। ਮੈਂ ਸਦਾ ਰਾਗਮਾਲਾ ਦੇ ਵਿਰੁੱਧ ਬੋਲਦਾ ਰਿਹਾ ਹਾਂ, ਇਹ ਐਵੇਂ ਨਹੀਂ ਸਗੋਂ ਭਾਈ ਵੀਰ ਸਿੰਘ ਵਰਗੇ ਵਿਦਵਾਨਾਂ ਤੋਂ ਅਗਵਾਈ ਲੈਕੇ। ਜੋ ਵਿਅਕਤੀ ਗੁਰਬਾਣੀ ਦੇ ਬ੍ਰਾਬਰ ਰਾਗ ਮਾਲਾ ਨੂੰ ਸ਼ਾਮਿਲ ਕਰਦਾ ਹੈ, ਜਾਂ ਪੜ੍ਹਦਾ ਹੈ, ਉਹ ਗੁਰਬਾਣੀ ਦਾ ਅਪਮਾਨ ਕਰਦਾ ਹੈ। ਮੁੰਦਾਵਣੀ ਤੋਂ ਪਿਛੋਂ ਜੋ ਕੁੱਝ ਭੀ ਲਿਖਿਆ ਗਿਆ ਹੈ, ਉਹ ਭਾਈ ਬੰਨੋ ਆਦਿਕ ਲਿਖਾਰੀਆਂ ਨੇ ਰਲਾ ਪਾਇਆ ਹੈ। (ਪੰਥ ਸੇਵਕ, ਲਾਹੌਰ, 7 ਨਵੰਬਰ 1917)
13. ਰਾਗਮਾਲਾ ਬਾਰੇ ਮਹਾਰਾਜਾ ਪਟਿਆਲਾ ਤੇ ਮਹਾਰਾਜਾ ਨਾਭਾ ਦੇ ਵਿਚਾਰ ਸਿੱਖ ਪੰਥ ਵਿੱਚ ਰਾਗਮਾਲਾ ਬਾਰੇ ਭਖਵੀਂ ਬਹਿਸ ਹੋ ਰਹੀ ਵੇਖਕੇ ਇਹਨਾਂ ਦੋਵਾਂ ਰਾਜ ਪ੍ਰਮੁੱਖ ਸਿੱਖਾਂ ਨੇ ਆਪਣੇ ਤਰੀਕੇ ਨਿਰਣੇ ਲਏ। ਪਟਿਆਲੇ ਦੇ ਰਾਜੇ ਨੇ ਬਜ਼ੁਰਗ ਇਤਿਹਾਸਕਾਰ ਗਿ: ਗਿਆਨ ਸਿੰਘ ਨੂੰ ਬੁਲਾ ਕੇ ਰਾਏ ਮੰਗੀ। ਗਿ: ਜੀ ਨੇ ਸਪੱਸ਼ਟ ਆਖ ਦਿੱਤਾ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਮੁਲਾਕਾਤ ਦਾ ਵੇਰਵਾ ਗਿ: ਗਿਆਨ ਸਿੰਘ ਨੇ ਇਉਂ ਲਿਖਿਆ ਹੈ –
ਮੁਝੇ ਬ੍ਰਿਧ ਲੇਖਕ ਇਤਿਹਾਸ। ਦਾਸ ਪੰਥ ਕਾ ਲਖਕੈ ਖਾਸ।
ਸਿੰਘ ਸਿਖ ਸਰਧਾਲੂ ਨੀਕੇ। ਅਨਕ ਪ੍ਰੇਮੀ ਖੇਮੀ ਜੀ ਕੇ।
ਮਿਲੇ ਮੋਹਿ ਪਟਿਆਲੇ ਆਇ। ਦੀਓ ਇਹੋ ਪ੍ਰਸੰਗ ਚਲਾਇ।
ਜੋ ਮੈ ਗੁਰੂ ਖਾਲਸਾ ਮਾਹਿ। ਹੈ ਲਿਖ ਰਖਿਯੋ ਅਖਯੋ ਸੁ ਵਾਹਿ।
ਮਾਨ ਗਏ ਸਭ ਸਹੀ ਯਹੀ ਹੈ। ‘‘ਰਾਗ ਮਾਲਾ ਗੁਰਵਾਕ ਨਹੀ ਹੈ।ੂ
(ਪੰਥ ਸੇਵਕ – 10/4/1918)
14. ਇਸ ਤੋਂ ਮਗਰੋਂ ਨਾਭਾ ਪਤੀ ਰਾਜਾ ਰਿਪੁਦਮਨ ਸਿੰਘ ਨੇ ਸਰਕਾਰੀ ਤੌਰ ਤੇ ਆਖੰਡ ਪਾਠ ਦਾ ਭੋਗ ਪੁਆਇਆ। ਸਾਰੇ ਫੌਜੀ ਅਤੇ ਸਿਵਲ ਅਫ਼ਸਰ ਹਾਜ਼ਰ ਸਨ। ਛੋਟੇ ਮੁਲਾਜਮ ਭੀ ਬਹੁਤ ਸਾਰੇ ਮੌਜੂਦ ਸਨ। ਆਮ ਲੋਕਾਂ ਦਾ ਭੀ ਬਹੁਤ ਭਾਰੀ ਇਕੱਠ ਸੀ। ਖੁਦ ਮਹਾਰਾਜਾ ਸਾਹਿਬ ਦੀਵਾਨ ਵਿੱਚ ਬਿਰਾਜਮਾਨ ਸਨ। ਸਵੇਰੇ ਸਾਢੇ ਛੇ ਵਜੇ ‘‘ਮੁੰਦਾਵਣੀ ਪਰ ਭੋਗ ਪਾਇਆ ਗਿਆ।ੂ (ਪੰਥ ਸੇਵਕ – 3/7/1918)
15. ਭਾਰਤ ਦੀ ਤਤਕਾਲੀਨ ਰਾਜਧਾਨੀ ਕਲਕੱਤੇ ਵਿਖੇ ਸੀ। ਕਾਂਗਰਸ ਪਾਰਟੀ ਦਾ ਇੱਕ ਵੱਡਾ ਸਮਾਗਮ ਹੋਇਆ। ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਗਏ, ਅਕਾਲੀ ਕੌਰ ਸਿੰਘ ਨੇ ਮੁੰਦਾਵਣੀ ਉਪਰ ਭੋਗ ਪਾਇਆ। ਇਸ ਦੀਵਾਨ ਵਿੱਚ ਭਾਈ ਈਸ਼ਰ ਸਿੰਘ ਨੇ ਆਪਣੇ ਉਪਦੇਸ਼ ਵਿੱਚ ਸਭ ਨੂੰ ਦੱਸਿਆ ਕਿ ਰਾਗਮਾਲਾ ਗੁਰਬਾਣੀ ਨਹੀਂ ਹੈ। ਇਹ ਕਿਸੇ ਆਲਮਨਾਮੀ ਕਵੀ ਦੀ ਕਵਿਤਾ ਹੈ। ਕਿਸੇ ਨੇ ਗਲਤੀ ਨਾਲ ਗੁਰੂ ਗ੍ਰੰਥ ਵਿੱਚ ਦਰਜ ਕਰ ਦਿੱਤੀ ਹੈ, ਇਸ ਨੂੰ ਕੱਢ ਦਿੱਤਾ ਜਾਣਾ ਚਾਹੀਦਾ ਹੈ। ਇਹਨਾਂ ਗੱਲਾਂ ਦੀ ਰਿਪੋਰਟ (ਜਮੀਮਾ) ਭਾਈ ਵੀਰ ਸਿੰਘ ਦੇ ਪ੍ਰੈਸ ਵਿੱਚ ਤਿਆਰ ਹੋਇਆ ਅਤੇ ਛਪਿਆ।
(ਹਰਨਾਮ ਸਿੰਘ ਸਕੱਤਰ, ਖਾਲਸਾ ਦੀਵਾਨ ਕਲਕੱਤਾ, ਪੰਥ ਸੇਵਕ – 13/2/1918)
16. ਫਰਵਰੀ 10-1918 ਨੂੰ ਪੁੱਤਰ ਦੇ ਜਨਮ ਦੀ ਖੁਸ਼ੀ ਵਿੱਚ ਭਾਈ ਜੋਧ ਸਿੰਘ ਜੀ ਨੇ ਆਪਣੇ ਘਰ ਅਖੰਡ ਪਾਠ ਦੇ ਭੋਗ ਪੁਆਏ। ਰਾਗਮਾਲਾ ਨਹੀਂ ਪੜ੍ਹੀ ਗਈ, ਭੋਗ ਮੁੰਦਾਵਣੀ ਤੇ ਪਾਏ ਗਏ। ਇਸੇ ਪ੍ਰੰਪਰਾ ਨੂੰ ਜਾਰੀ ਰੱਖਦਿਆਂ ਜੈਤੋ ਦੇ ਮੋਰਚੇ ਦੀ ਸਮਾਪਤੀ ਤੇ 6/8/1925 ਨੂੰ ਦਸ ਅਖੰਡਪਾਠਾਂ ਦੇ ਭੋਗ ਪਾਏ ਗਏ। ਪੰਥ ਦੇ ਮੰਨੇ ਪ੍ਰਮੰਨੇ ਵਿਦਵਾਨ ਤੇ ਲੀਡਰ ਮੌਜੂਦ ਸਨ। ਇਹਨਾਂ ਵਿੱਚ ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਭੀ ਸਮਾਲ ਸਨ। ਤਦੋਂ ਭੋਗ ਮੁੰਦਾਵਣੀ ਤੇ ਹੀ ਪਾਇਆ ਗਿਆ।
ਇਹੀ ਰਿਪੋਰਟ ਮੁੜ ਗੁਰਦੁਆਰਾ ਗਜਟ 1965 ਦੇ ਪੰਨਾ 119 ਤੇ ਛਪੀ।
17. ਭਾਈ ਜੋਧ ਸਿੰਘ ਦੇ ਲਿਖਤੀ ਬੇਨਤੀ ਕਰਨ ਤੇ, 7/1/1945 ਨੂੰ, ਧਾਰਮਕ ਸਲਾਹਕਾਰ ਕਮੇਟੀ ਦੀ ਵਿਸ਼ੇਸ਼ ਇਕਤੱਰਤਾ ਬੁਲਾਈ ਗਈ। ਭਾਈ ਜੋਧ ਸਿੰਘ ਨੇ ਆਪਣਾ ਪਿਛਲਾ ਰਾਗਮਾਲਾ ਵਿਰੋਧੀ ਪੈਂਤੜਾ ਬਦਲਕੇ, ਰਾਗਮਾਲਾ ਨੂੰ ਗੁਰਬਾਣੀ ਮੰਨ ਲੈਣ ਤੇ ਜ਼ੋਰ ਦਿੱਤਾ। ਪਰ ਇਸ ਇਕੱਤਰਤਾ ਵਿੱਚ ਹੋਰ ਭੀ ਨਾਮੀ ਸਿੱਖ ਵਿਦਵਾਨ ਪੁੱਜੇ ਹੋਏ ਸਨ। ਇਸ ਲਈ ਭਾਈ ਜੋਧ ਸਿੰਘ ਦੀ ਕੋਈ ਪੇਸ਼ ਨਾ ਗਈ। ਇਸ ਇਕੱਠ ਵਿੱਚ 16 ਮਤੇ ਪਾਸ ਕੀਤੇ ਗਏ। ਇਸ ਵਿੱਚ ਮਤਾ ਨੰ: ਪੰਜ ਰਾਗਮਾਲਾ ਸਿਰਲੇਖ ਹੇਠ ਲਿਖਿਆ ਗਿਆ। ਮਤਾ ਪੰਜ, ਪਰਵਾਨ ਹੋਇਆ ਕਿ ਧਾਰਮਕ ਸਲਾਹਕਾਰ ਕਮੇਟੀ ਦੀ ਰਾਏ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ ਤੇ ਪਾਇਆ ਜਾਣਾ ਚਾਹੀਦਾ ਹੈ, ਰਾਗਮਾਲਾ ਨਹੀਂ ਪੜ੍ਹਨੀ।ੂ
18. ਇਸ ਤੋਂ ਮਗਰੋਂ ਕੁੱਝ ਲੇਖ ਰਾਗਮਾਲਾ ਬਾਰੇ ਖਾਲਸਾ ਸਮਾਚਾਰ ਵਿੱਚ ਛਪੇ। ਜਿਨ੍ਹਾਂ ਦਾ ਸਾਰ ਇਹ ਸੀ ਕਿ ਰਾਗਮਾਲਾ ਆਲਮ ਕਵੀ ਦੀ ਆਪਣੀ ਲਿਖੀ ਹੋਈ ਨਹੀਂ ਹੈ, ਸਗੋਂ ਉਸ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਚੋਰੀ ਕੀਤੀ ਹੈ। ਦੁਬਾਰਾ ਫਿਰ ਧਾਰਮਿਕ ਸਲਾਹਕਾਰ ਕਮੇਟੀ ਦਾ ਇਕੱਠ 13/5/1945 ਨੂੰ ਬੁਲਾਇਆ ਗਿਆ। ਭਾਈ ਜੋਧ ਸਿੰਘ ਰਾਗਮਾਲਾ ਦੇ ਹੱਕ ਵਿੱਚ ਬੋਲੇ। ਸਾਰਿਆਂ ਦੇ ਵਿਰੋਧ ਦਾ ਸਾਹਮਣਾ ਨਾ ਸਹਾਰਦੇ ਹੋਏ ਛਿੱਥੇ ਪੈ ਕੇ ਵਾਕ ਆਊਟ ਕਰ ਗਏ।
19. ਇਸ ਮਗਰੋਂ 27/5/45 ਨੂੰ ਫਿਰ ਹੋਈ ਇਕਤੱਰਤਾ ਵਿੱਚ ਧਾਰਮਕ ਸਲਾਹਕਾਰ ਕਮੇਟੀ ਨੇ ਸਿਰ ਤੇ ਆਣ ਢੁੱਕੀਆਂ ਸ੍ਰੋ: ਕ: ਚੋਣਾਂ ਤੇ ਅਸੈਂਬਲੀ ਚੋਣਾਂ ਦੇ ਮੱਦੇ ਨਜ਼ਰ, ‘‘ਹਾਲਾਤ ਜਿਉਂ ਦੇ ਤਿਉਂੂ (ਸਟੇਟਸ ਕੋ) ਰਹਿਣ ਬਾਰੇ ਨਿਰਣਾ ਕਰ ਲਿਆ। ਇਸ ਲਈ ਅਕਾਲ ਤਖਤ ਤੇ ਭੋਗ ਮੁੰਦਾਵਣੀ ਤੇ ਪੈਂਦੇ ਰਹੇ। ਅਕਤੂਬਰ 26-1945 ਨੂੰ ਸ੍ਰੋ: ਕਮੇਟੀ ਦਾ ਸਾਲਾਨਾ ਇਕੱਠ ਹੋਇਆ। ਵਿਸਥਾਰ ਲਈ ਵੇਖੋ-
(ਸ੍ਰੋ: ਗੁ: ਪ੍ਰ: ਕ: ਦਾ ਪੰਜਾਹ ਸਾਲਾ ਇਤਿਹਾਸ-ਅਸ਼ੋਕ, ਪੰਨਾ 228)
20. ਸਿੱਖ ਰਹਿਤ ਮਰਿਆਦਾ ਤਿਆਰ ਕਰਨ ਵਕਤ, ਬਹੁਤ ਵਿਦਵਾਨ ਗੁਰਸਿੱਖ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸਨ। ਇਸੇ ਕਾਰਨ ਰਹਿਤ ਮਰਿਆਦਾ ਵਿੱਚ ਰਾਗਮਾਲਾ ਬਾਰੇ ਵੱਖਰੀ ਸਥਿਤੀ ਮੌਜੂਦ ਹੈ। ਕਿ ‘‘ਭੋਗ ਚਲਦੀ ਸਥਾਨਕ ਰੀਤੀ ਮੁਤਾਬਕ ਪਾਇਆ ਜਾਵੇੂ। ਰਾਗਮਾਲਾ ਬਾਰੇ ਹਾਲੀ ਪੰਥ ਵਿੱਚ ਮਤਭੇਦ ਹੈ।ੂ
21. ਭਾਈ ਕਾਹਨ ਸਿੰਘ ਨਾਭਾ ਤੇ ਗਿ: ਸ਼ੇਰ ਸਿੰਘ ਉ¤ਚ ਕੋਟੀ ਦੇ ਵਿਦਵਾਨ, ਜਦੋਂ ਚਲਾਣਾ ਕਰ ਗਏ ਤਾਂ ਰਾਗਮਾਲਾ ਦੇ ਹੱਕ ਵਿੱਚ, ਚੱਲਣ ਵਾਲਿਆਂ ਨੂੰ ਵੱਡਾ ਹੌਸਲਾ ਮਿਲ ਗਿਆ। ਭਾਈ ਜੋਧ ਸਿੰਘ ਦੀ ਬੇਨਤੀ ਤੇ ਭਾਈ ਮੋਹਨ ਸਿੰਘ ਨਾਗੋਕੇ (ਪ੍ਰਧਾਨ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਅਕਾਲ ਤਖਤ-ਦੋਵੇਂ ਅਹੁਦੇ ਇੱਕੋ ਵਿਅਕਤੀ ਕੋਲ ਸਨ) ਨੇ 13/12/1946 ਨੂੰ ਰਾਗਮਾਲਾ ਬਾਰੇ ਵਿਚਾਰ ਕਰਨ ਲਈ ਵਿਸ਼ੇਸ਼ ਮੀਟਿੰਗ ਸੱਦ ਲਈ। ਉਦੋਂ ਤੱਕ ਰਾਗਮਾਲਾ ਮੰਡਨ ਅਤੇ ਖੰਡਨ ਦੋ ਸਭਾਵਾਂ ਬਣ ਚੁੱਕੀਆਂ ਸਨ। ਖੰਡਨ ਸਭਾ ਦੇ ਪ੍ਰਧਾਨ ਭਾਈ ਕਰਤਾਰ ਸਿੰਘ ਦਾਖਾ ਸਨ। ਤੇ ਮੰਡਨ ਸਭਾ ਦੇ ਪ੍ਰਧਾਨ ਸਨ ਸੰਤ ਨਿਸਚਲ ਸਿੰਘ। ਮੰਡਨ ਸਭਾ ਦੇ ਬੁਲਾਰੇ ਭਾਈ ਜੋਧ ਸਿੰਘ ਸਨ, ਤੇ ਖੰਡਨ ਵਾਲਿਆਂ ਦੇ ਕਰਤਾਰ ਸਿੰਘ ਦਾਖਾ ਬੁਲਾਰੇ ਸਨ। ਇਸ ਗੱਲ ਦੀ ਹੈਰਾਨੀ ਪ੍ਰਧਾਨ ਸ਼੍ਰੋਮਣੀ ਕਮੇਟੀ ਮੋਹਣ ਸਿੰਘ ਨਾਗੋਕੇ ਨੇ ਭੀ ਪ੍ਰਗਟ ਕੀਤੀ ਕਿ ਸੱਦਾ ਪੱਤਰ ਭੇਜੇ ਜਾਣ ਦੇ ਬਾਵਜੂਦ, ਧਾਰਮਕ ਸਲਾਹਕਾਰ ਕਮੇਟੀ ਦੇ ਮੈਂਬਰ ਮੀਟਿੰਗ ਵਿੱਚ ਨਹੀਂ ਆਏ।
ਦਾਖਾ (ਕਰਤਾਰ ਸਿੰਘ) – ਜੋਧ ਸਿੰਘ ਜੀ ਤੁਹਾਡਾ ਪੱਖ ਕਿਹੜਾ ਹੈ ਖੰਡਨ ਕਿ ਮੰਡਨ?
ਜੋਧ ਸਿੰਘ – ਮੈਂ ਇਸ ਵਕਤ ਰਾਗਮਾਲਾ ਦੇ ਹੱਕ ਵਿੱਚ ਹਾਂ।
ਦਾਖਾ – ਪਰ ਤੁਸੀਂ ਤਾਂ ਸਾਰੀ ਉਮਰ ਰਾਗਮਾਲਾ ਦੇ ਵਿਰੋਧੀ ਰਹੇ ਹੋ, ਆਪਣੇ ਘਰ ਤੁਸੀਂ ਮੁੰਦਾਵਣੀ ਤੇ ਭੋਗ ਪਾਏ ਸੀ, ਮੈਂ ਖੁਦ ਉਸ ਵਕਤ ਹਾਜ਼ਰ ਸਾਂ।
ਜੋਧ ਸਿੰਘ – ਹੁਣ ਮੈਂ ਆਪਣੀ ਰਾਏ ਬਦਲ ਲਈ ਹੈ।
ਦਾਖਾ – ਰਾਏ ਬਦਲਣ ਦਾ ਕਾਰਨ ਕੀ ਹੈ, ਅਗੋਂ ਫਿਰ ਕਦੋਂ ਰਾਏ ਬਦਲੋਗੇ?
ਜੋਧ ਸਿੰਘ – ਕਰਤਾਰਪੁਰ ਵਾਲੀ ਬੀੜ ਵਿੱਚ ਉਸੇ ਕਲਮ ਤੋਂ ਰਾਗਮਾਲਾ ਲਿਖੀ ਹੋਈ ਹੈ ਜਿਸ ਤੋਂ ਬੀੜ ਲਿਖੀ ਹੋਈ ਹੈ। ਭਾਈ ਕਰਤਾਰ ਸਿੰਘ ਦਾਖਾ ਜੀ ਲਗਾਤਾਰ ਕਾਟਵੇਂ ਸੁਆਲ ਕਰਦੇ ਗਏ ਤੇ ਭਾਈ ਜੋਧ ਸਿੰਘ ਥਿੜਕਵੇਂ ਲਹਿਜੇ ਵਿੱਚ ਰਾਗਮਾਲਾ ਦਾ ਪੱਖ ਪੂਰਦੇ ਰਹੇ। ਦਾਖਾ ਜੀ ਵੱਲੋਂ ਸਵਾਲਾਂ ਦੀ ਬੁਛਾੜ ਜਾਰੀ ਰਹੀ ਤੇ ਦੂਜੇ ਬੰਨਿਓ ਸੰਤ ਮਹੰਤ, ਕਦੀ ਕਦੀ ਭਾਈ ਜੋਧ ਸਿੰਘ ਦੀ ਮਦਦ ਕਰਦੇ ਰਹੇ। ਇਸ ਦੇ ਨਾਲ ਹੀ ਡੇਰੇਦਾਰ ਧੂਫ, ਜੋਤ, ਨਾਰੀਅਲ ਆਦਿ ਦਾ ਮਸਲਾ ਭੀ ਵਿੱਚ ਘਸੀਟ ਲਿਆਏ। ਜੋਧ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਸਾਧਾਂ ਦੀਆਂ ਸਾਰੀਆਂ ਵਿਚਾਰਾਂ ਨਾਲ ਸਹਿਮਤ ਹੋ? ਆਖਣ ਲਗੇ ਕਿ ਮੈਂ ਸਿਰਫ ਰਾਗਮਾਲਾ ਦੇ ਹੱਕ ਵਿੱਚ ਹਾਂ, ਇਹਨਾਂ ਦੀਆਂ ਹੋਰ ਵਿਚਾਰਾਂ ਨਾਲ ਸਹਿਮਤ ਨਹੀਂ। ਅੱਗੇ ਚੱਲਕੇ ਗਿ: ਗੁਰਦਿੱਤ ਸਿੰਘ ਨੇ ਬੋਲਦਿਆਂ ਕਿਹਾ – ਜੋ ਕੁੱਝ ਕਰਤਾਰਪੁਰੀ ਬੀੜ ਵਿੱਚ ਮਿਲਾਵਟ ਕਰ ਦਿੱਤੀ ਗਈ ਹੈ, ਉਸ ਬਾਰੇ ਜੋਧ ਸਿੰਘ ਜੀ, ਜਾਣਦੇ ਹੋਏ, ਅਣਜਾਣ ਬਣ ਰਹੇ ਹਨ। ਜੇ ਉਸ ਬੀੜ ਨੂੰ ਅੱਖਰ ਅੱਖਰ ਸਵੀਕਾਰ ਕਰ ਲਈਏ ਤਾਂ ‘‘ਕਰਵਤ ਭਲਾ ਨ ਕਰਵਟ ਤੇਰੀੂ ਆਸਾ ਰਾਗ ਵਿੱਚ ਕਬੀਰ ਜੀ ਦੇ 36ਵੇਂ ਸ਼ਬਦ ਤੋਂ ਪਹਿਲਾਂ 35ਵਾਂ ਪਦਾ ਪਾਇਆ ਗਿਆ ਹੈ ਉਸ ਵੱਲ ਗੌਰ ਫੁਰਮਾਉ –
ਦੇਖੋ ਲੋਗਾ ਹਰਿ ਕੀ ਸਗਾਈ। ਮਾਂ ਧਰੀ ਪੂਤ ਧੀਆ ਸੰਗ ਜਾਈ।
ਹਮ ਹੈਂ ਬਾਪ ਰਾਮ ਪੂਤ ਹਮਾਰਾ। ਮੈਂ ਬਹਿਨੋਈ ਰਾਮ ਮੇਰਾ ਸਾਲਾ।
ਅਬ ਮੇਰੇ ਰਾਮ ਕਹੇਗੀ ਬਲਈਆ। ਰਾਮ ਮੇਰੋ ਸਸੁਰ ਮੈ ਰਾਮ ਜਵਈਆ।
ਕਹੈ ਕਬੀਰ ਸੁਨੋ ਰੇ ਪੂਤਾ। ਰਾਮ ਜਪਹਿ ਤੇਈ ਨਰ ਕੂਤਾ॥35॥
ਕੀ ਇਸ ਪਦੇ ਨੂੰ ਕਬੀਰ ਦਾ ਸਵੀਕਾਰ ਕਰੋਗੇ, ਕਿਉਂਕਿ ਇਹ ਕਰਤਾਰਪੁਰੀ ਬੀੜ ਵਿੱਚ ਹੈ?
ਇਸ ਤੋਂ ਬਾਅਦ ਹੋਰ ਸਬੂਤ ਭੀ ਦਿੱਤੇ ਗਏ, ਉਹ ਫੋਟੋਆਂ ਭੀ ਪੇਸ਼ ਕੀਤੀਆਂ ਗਈਆਂ ਜੋ ਰਾਗਮਾਲਾ ਤੋਂ ਬਗੈਰ ਬੀੜਾਂ ਤੋਂ ਲਈਆਂ ਸਨ। ਇਸ ਤੇ ਕਾਫੀ ਹੰਗਾਮਾ ਹੋਇਆ ਤੇ ਭਾਈ ਜੋਧ ਸਿੰਘ ਸਾਥੀਆਂ ਸਮੇਤ ਮੀਟਿੰਗ ਵਿੱਚੋਂ ਰੋਸ ਪ੍ਰਗਟ ਕਰਦੇ, ਬਾਹਰ ਚਲੇ ਗਏ। (ਗਿ: ਗੁਰਦਿਤ ਸਿੰਘ ਜੀ ਨੇ ਬੜੀ ਮਿਹਨਤ ਕਰਕੇ ਲਗਪਗ ਪੰਜਾਹ ਫੋਟੋਆਂ ਆਪਣੀ ਕਿਤਾਬ ਵਿੱਚ ਉਹਨਾਂ ਬੀੜਾਂ ਦੀਆਂ ਦਿੱਤੀਆਂ ਹਨ। ਜਿਨ੍ਹਾਂ ਵਿੱਚ ਰਾਗਮਾਲਾ ਨਹੀਂ ਹੈ। ਸਗੋਂ ਸਾਫ ਲਿਖਿਆ ਭੀ ਮਿਲਦਾ ਹੈ ਕਿ ਭੋਗ ਮੁੰਦਾਵਣੀ ਤੇ ਪਾਉਣਾ।)
22. ਪੁਰਾਣੇ ਸਮਿਆਂ ਵਿੱਚ ਬਹੁਤ ਸਾਰੇ ਪ੍ਰੇਮ ਪ੍ਰਸੰਗ ਲਿਖੇ ਗਏ। ਪਰਯੋਜਨ ਇੱਕੋ ਹੋਇਆ ਕਰਦਾ ਸੀ ਕਿ ਵਾਸਨਾ ਭਰਪੂਰ ਬਣਾ ਕੇ, ਰਾਜਿਆਂ ਨਵਾਬਾਂ ਦਾ ਦਿਲ ਬਹਿਲਾਇਆ ਜਾਵੇ, ਅਤੇ ਵੱਟੇ ਵਿੱਚ ਮਾਨ ਸਨਮਾਨ ਪ੍ਰਾਪਤ ਕੀਤੇ ਜਾਣ। ਅਜਿਹੇ ਕਵੀਆਂ ਦੀ ਲੰਮੀ ਫਰਿਸਤ ਪ੍ਰੋ: ਪਿਆਰਾ ਸਿੰਘ ਪਦਮ ਨੇ, ਦਸਮੇਸ਼ ਜੀ ਦੇ ‘‘ਦਰਬਾਰੀ ਕਵੀ’’ ਵਿੱਚ ਦਿੱਤੀ ਹੋਈ ਹੈ। ਕੁੱਝ ਇੱਕ ਨਾਮ ਇਹ ਹਨ – ਨਾਇਕਾ ਭੇਦ-ਸੰਭੂ ਨਾਥ, ਸਿੰਗਾਰ ਮੰਜਾਰੀ-ਚਿੰਤਾਮਣੀ, ਰਸ ਕਲੋਲ-ਤੁਲਸੀ ਦਾਸ, ਸਿੰਗਾਰ ਰਸ ਮਾਧੁਰੀ-ਕ੍ਰਿਸਣ ਭੱਟ, ਸਿੰਗਾਰ ਰਸ ਦਰਪਣ-ਆਜਮ, ਸਿੰਗਾਰ ਬਿਲਾਸ-ਸੋਮ ਨਾਥ ਆਦਿ। ਇਹ ਕਵੀ ਆਲਮ ਵੱਲੋਂ ਲਿਖੀ ਮਾਧਵਾ ਨਲ ਅਤੇ ਕਾਮ ਕੰਦਲਾ ਪਾਤਰ ਪੇਸ਼ ਕਰਕੇ ਕਾਮੁਕਤਾ ਪ੍ਰਭਾਵੀ ਕਵਿਤਾ ਹੈ।
‘‘ਰਾਗਮਾਲਾੂ – ਇਸ ਪੁਸਤਕ ਦੇ 353 ਛੰਦ ਹਨ। ਜੋ ਹਿੱਸਾ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਉਹ 63ਵੇਂ ਛੰਦ ਤੋਂ ਲੈ ਕੇ 72 ਛੰਦ ਤੱਕ ਹੈ। (ਮੈਕਾਲਫ)
ਕਾਮ ਕੰਦਲਾ ਮਾਧਵਾਨਲ ਕਹਾਣੀ ਦਾ ਸੰਖੇਪ ਸਾਰ –
23. ਕਵੀ ਆਲਮ ਨੇ ਇੱਕ ਬ੍ਰਾਹਮਣ ਪਾਤਰ-ਮਾਧਵਾ ਨਲ-ਦਾ ਅਜਿਹਾ ਦਿਲਕਸ਼ ਚਿੱਤਰ ਉਲੀਕਿਆ ਹੈ ਕਿ ਉਹ ਜਦੋਂ ਮਧੁਰ ਸੁਰਾਂ ਵਿੱਚ ਬੰਸਰੀ ਬਜਾਉਂਦਾ ਸੀ ਤਾਂ ਸ਼ਹਿਰ ਦੀਆਂ ਇਸਤਰੀਆਂ ਭਾਂਡੇ ਸੁੱਟ ਕੇ ਬਾਹਰ ਗਲੀਆਂ ਵਿੱਚ ਆ ਕੇ, ਉਸ ਦੁਆਲੇ ਝੁਰਮਟ ਪਾ ਲੈਂਦੀਆਂ ਸਨ। ਸ਼ਕਾਇਤ ਹੋਣ ਤੇ ਮਾਧਵ ਨੂੰ ਰਾਜੇ ਨੇ ਰਾਜ ਵਿੱਚੋਂ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ। ਅੱਗੇ ਜਾਂਦਾ ਹੋਇਆ ਉਹ ਕਾਮਸੈਨ ਨਗਰ ਦੇ ਦਰਵਾਜ਼ੇ ਅੱਗੋਂ ਦੀ ਲੰਘਿਆ। ਅੰਦਰ ਦੇ ਨਿਰਤ ਨਾਟ ਛਣਕਾਟੇ ਨੇ ਉਸ ਨੂੰ ਖਿੱਚ ਪਾਈ। ਮਾਧਵ ਨੇ ਅੰਦਰ ਜਾਣਾ ਚਾਹਿਆ, ਤੇ ਸੰਤਰੀ ਨੇ ਕਿਹਾ – ਅੰਦਰ ਵੱਡੇ ਗੁਣੀ ਲੋਕ ਬੈਠੇ ਹਨ, ਤੇਰੇ ਵਰਗੇ ਮਾਮੂਲੀ ਮਨੁੱਖ ਦਾ ਉਥੇ ਕੀ ਕੰਮ? ਤਾਂ ਮਾਧਵ ਨੇ ਕਿਹਾ, ਨਹੀਂ ਅੰਦਰ ਮੂਰਖਾਂ ਦੀ ਸਭਾ ਹੈ, ਇਹਨਾਂ ਨੂੰ ਰਾਗ ਤਾਲ ਦੀ ਕੋਈ ਸੋਝੀ ਨਹੀਂ। ਕਿਉਂਕਿ ਤਬਲਾ ਵਾਦਕ ਦਾ ਅੰਗੂਠਾ ਮੋਮ ਦਾ ਹੈ। ਦਰਬਾਨ ਨੇ ਰਾਜੇ ਨੂੰ ਦੱਸਿਆ, ਗੱਲ ਸੱਚ ਨਿਕਲੀ। ਰਾਜੇ ਨੇ ਮਾਧਵ ਨੂੰ ਅੰਦਰ ਸੱਦ ਕੇ, ਆਪਣੇ ਕੋਲ ਬਿਠਾ ਲਿਆ। ਮਾਧਵ ਨੂੰ ਮਹਾਨ ਸੰਗੀਤਕਾਰ ਜਾਣ ਕੇ ਨਰਤਕੀ ਕਾਮਕੰਦਲਾ ਨੇ ਆਪਣੀ ਸਾਰੀ ਕਲਾ ਦਾਅ ਤੇ ਲਾ ਦਿੱਤੀ। ਉਸਨੇ ਆਪਣੀ ਛਾਤੀ ਤੇ ਸੁਗੰਧੀ ਲਾਈ, ਇੱਕ ਘੜਾ ਸਿਰ ਉ¤ਤੇ ਰੱਖਿਆ, ਤੇ ਸ਼ਾਨ ਨਾਲ ਨੱਚਣ ਲੱਗੀ। ਇੱਕ ਭੌਰਾ ਸੁਗੰਧਤ ਛਾਤੀ ਤੇ ਆਣ ਬੈਠਾ, ਜੇ ਉਡਾਉਂਦੀ ਹੈ ਤਾਂ ਤਾਲ ਵਿੱਚ ਵਿਘਨ ਪੈਂਦਾ ਹੈ, ਸਿਰ ਤੋਂ ਘੜਾ ਡਿਗਦਾ ਹੈ। (ਆਲਮ ਕਵੀ ਨੇ ਕਲਪਣਾ ਦੇ ਘੋੜੇ ਦੌੜਾਏ) ਕਾਮਕੰਦਲਾ ਨੇ ਆਪਣੇ ਸੁਆਸ ਰੋਕੇ, ਇੱਕ ਖਾਸ ਵਿਧੀ ਵਰਤਕੇ, ਫਰਾਟੇ ਨਾਲ ਆਪਣੀ ਛਾਤੀ ਵਿੱਚੋਂ ਹਵਾ ਕੱਢੀ, ਤੇ ਭੌਰਾ ਉਡਾ ਦਿੱਤਾ। ਮਾਧਵ ਨੂੰ ਅੰਦਰ ਆਉਣ ਵਕਤ ਰਾਜੇ ਨੇ ਜੋ ਕੀਮਤੀ ਹਾਰ ਦਿੱਤਾ ਸੀ। ਉਹ ਨਰਤਕੀ ਦੀ ਕਲਾ ਤੇ ਮੋਹਿਤ ਹੋਕੇ ਉਸ ਦੇ ਗਲ ਵਿੱਚ ਪਾ ਦਿੱਤਾ। ਕਿਉਂਕਿ ਸਭਾ ਵਿੱਚ ਹੋਰ ਕਿਸੇ ਨੂੰ ਕਾਮਕੰਦਲਾ ਦੀ ਇਸ ਨਵੇਕਲੀ ਅਦਾ ਦੀ ਸਮਝ ਨਹੀਂ ਪਈ। ਇਸ ਲਈ ਰਾਜਾ ਮਾਧਵ ਨਾਲ ਗੁੱਸੇ ਹੋ ਗਿਆ। ਮਾਧਵ ਨਾਲ ਕਾਮ ਕੰਦਲਾ ਦਾ ਪਿਆਰ ਹੋਣ ਤੇ ਹੋਰ ਨਾਰਾਜ਼ਗੀ ਵਧ ਗਈ। ਇਸ ਲਈ ਇਥੋਂ ਭੀ ਮਾਧਵ ਨੂੰ ਦੇਸ਼ ਨਿਕਾਲਾ ਮਿਲ ਗਿਆ। ਬ੍ਰਾਹਮਣ ਹੋਣ ਕਰਕੇ ਕੋਈ ਮਾਰ ਨਹੀਂ ਸਕਦਾ ਸੀ। ਉਹ ਵਿਕਰਮਾਜੀਤ ਰਾਜੇ ਦੇ ਰਾਜ ਵਿੱਚ ਜਾਂ ਪਹੁੰਚਿਆ। ਪਤਾ ਕੀਤਾ, ਜਿਸ ਮੰਦਰ ਵਿੱਚ ਰਾਜਾ ਪੂਜਾ ਕਰਨ ਆਉਂਦਾ ਸੀ ਉਥੇ ਕੰਧ ਤੇ ਦੋਹਾ ਲਿਖ ਦਿੱਤਾ। ‘‘ਕਹਾ ਕਰੂੰ ਕਤ ਜਾਊਂ ਰਾਮ ਰਾਜ ਨਾ ਆਹਿ। ਤ੍ਰਿਆ ਸੰਤਾਪ ਵਿਜੋਗ ਦੁਖ ਰਾਘੋ ਜਾਨਤ ਨਾਹਿ।ੂ ਰਾਜੇ ਨੇ ਮਾਧਵ ਨੂੰ ਸੱਦਿਆ ਵਿਥਿਆ ਸੁਣੀ। ਆਪਣੇ ਬੰਦੇ ਕਾਮ ਕੰਦਲਾ ਕੋਲ ਭੇਜੇ। ਪਰ ਪਤਾ ਲੱਗਾ ਕਿ ਉਹ ਤਾਂ ਉਦੋਂ ਤੋਂ ਹੀ ਬੇਹੋਸ਼ ਪਈ ਹੈ, ਜਦੋਂ ਤੋਂ ਮਾਧਵ ਵਿਛੜਿਆ ਹੈ। ਰਾਜੇ ਨੇ ਮੂਰਛਿਤ ਕਾਮ ਕੰਦਲਾ ਦੀ ਛਾਤੀ ਤੇ ਪੈਰ ਰੱਖਕੇ ਪਰਖਣਾ ਚਾਹਿਆ ਜੀਵਤ ਹੈ ਕਿ ਮਰ ਗਈ। ਨਰਤਕੀ ਨੇ ਬੇਹੋਸ਼ੀ ਵਿੱਚੋਂ ਹੀ ਕਿਹਾ, ‘‘ਰਾਜਾ ਛਾਤੀ ਤੇ ਪੈਰ ਨਾ ਰੱਖ, ਇਥੇ ਇੱਕ ਬ੍ਰਾਹਮਣ ਦਾ ਨਿਵਾਸ ਹੈ, ਉਸਦੀ ਬੇਪਤੀ ਹੋਵੇਗੀ ਤੈਨੂੰ ਪਾਪ ਲੱਗੇਗਾ।ੂ ਇਤਨੇ ਵਿੱਚ ਦੋਵਾਂ ਫੌਜਾਂ ਦਾ ਘੋਰ ਜੁੱਧ ਹੋਇਆ, ਬੇਅੰਤ ਸਿਪਾਹੀ ਮਰੇ। ਜਦੋਂ ਮਾਧਵ ਨੂੰ ਦੱਸਿਆ ਕਿ ਤੇਰੀ ਪ੍ਰੇਮਿਕਾ ਤਾਂ ਬੇਹੋਸ਼ ਪਈ ਹੈ, ਤਾਂ ਉਹ ਭੀ ਗਸ਼ ਖਾ ਕੇ ਡਿੱਗ ਪਿਆ, ਬੇਹੋਸ਼ ਹੋ ਗਿਆ। ਫਿਰ ਪਰੀ ਕਹਾਣੀਆਂ ਵਾਂਗ ਸੁਰਗ ਵਿੱਚੋਂ ਇੱਕ ਦੇਵਤਾ ਅੰਮ੍ਰਿਤ ਲੈ ਕੇ ਆਇਆ। ਸੱਚੇ ਪ੍ਰੇਮੀ ਜਾਣਕੇ ਦੋਵਾਂ ਨੂੰ ਜੀਵਤ ਕੀਤਾ। ਬਿਕਰਮਾਜੀਤ ਰਾਜਾ ਇਹਨਾਂ ਨੂੰ ਆਪਣੇ ਨਾਲ ਲੈ ਗਿਆ, ਇੱਕ ਸੁੰਦਰ ਮਹਿਲ ਬਣਵਾਕੇ ਦਿੱਤਾ, ਇਹਨਾਂ ਬਾਕੀ ਜ਼ਿੰਦਗੀ ਖੁਸ਼ੀਆਂ ਭਰੀ ਗੁਜਾਰੀ। ਕਵੀ ਆਲਮ ਇਸਦਾ ਅਖੀਰ ਵਿੱਚ ਮਹਾਤਮ ਭੀ ਦਸਦਾ ਹੈ –
ਕਾਮੀ ਰਸਿਕ ਪੁਰਖ ਜੋ ਸੁਨਹੀ। ਤੋਂ ਯਹਿ ਕਥਾ ਰੈਨ ਦਿਨ ਸੁਨਹੀ।
ਇਹ ਕਹਾਣੀ ਦਸਮ ਗ੍ਰੰਥ ਦੇ ਚ੍ਰਿਤਰੋ ਪਾਖਿਆਨ ਵਿੱਚ 91 ਚਿੱਤਰ ਵਿੱਚ ਭੀ ਮਿਲਦੀ ਹੈ। ਉਥੇ ਉਹ ਅਲੱਗ ਰੰਗ ਬਖੇਰਦੀ ਹੈ।
24. ਬਹੁਤ ਸਾਰੀਆਂ ਬੀੜਾਂ ਦੇ ਚਿੱਤਰ ਇਸ ਪੁਸਤਕ ਵਿੱਚ ਗਿ: ਗੁਰਦਿੱਤ ਸਿੰਘ ਜੀ ਨੇ ਮਿਹਨਤ ਨਾਲ ਸ਼ਾਮਲ ਕੀਤੇ ਹਨ। ਕੁੱਝ ਪੁਰਾਤਨ ਬੀੜਾਂ ਵਿੱਚ ਇਹ ਸੂਚਨਾ ਭੀ ਨਾਲ ਹੀ ਦਿੱਤੀ ਹੋਈ ਮਿਲਦੀ ਹੈ –
‘‘ਏਹ ਭੋਗ ਸ੍ਰੀ ਆਦ ਗ੍ਰੰਥ ਜੀ ਹੈੂ, ਰਾਗ ਮਾਲਾ ਇਸ ਸੂਚਨਾ ਤੋਂ ਬਾਅਦ ਕਿਸੇ ਲਿਖ ਦਿੱਤੀ।
ਚੀਫ ਖਾਲਸਾ ਦੀਵਾਨ ਤੇ ਹੋਰ ਵਿਦਵਾਨ ਗੁਰਸਿੱਖ ਰਾਗਮਾਲਾ ਨੂੰ ਗੁਰਬਾਣੀ ਨਹੀਂ ਮੰਨਦੇ ਸੀ। ਸਿਰਫ ਡੇਰੇਦਾਰ ਸਾਧ ਲਾਣਾ ਤੇ ਉਹਨਾਂ ਦੇ ਚੇਲੇ ਹੀ ਹਿੱਕ ਦੇ ਤਾਣ ਇਸ ਨੂੰ ਗੁਰਬਾਣੀ ਗਰਦਾਨਦੇ ਰਹੇ। ਗਿਆਨੀ ਗਿਆਨ ਸਿੰਘ ਦੇ ਕਥਨ ਅਨੁਸਾਰ – ਏਸ ਵਿੱਚ ਕਿਸੇ ਮਹਲੇ ਦਾ ਨਾਮ ਨਹੀਂ ਹੈ।
ਨਾਨਕ ਨਾਮ ਮੋਹਰ ਛਾਪ ਨਹੀਂ ਹੈ।
ਗੁਰੂ ਗ੍ਰੰਥ ਦੀ ਕਾਵਿਕ ਸ਼ੈਲੀ ਨਾਲ ਇਹ ਮੇਲ ਨਹੀਂ ਖਾਂਦੀ।
ਗੁਰੂ ਗ੍ਰੰਥ ਜੀ ਦੇ ਸਾਰੇ ਰਾਗ ਇਸ ਵਿੱਚ ਨਹੀਂ, ਇਸ ਵਿਚਲੇ ਰਾਗ ਗੁਰੂ ਗ੍ਰੰਥ ਵਿੱਚ ਨਹੀਂ ਹਨ।
ਈਸ਼ਵਰ ਦੇ ਨਾਮ ਦੀ, ਗੁਰਾਂ ਦੀ ਮਹਿਮਾਂ ਦੀ ਜਾਂ ਸਤਸੰਗ ਦੀ ਇਸ ਵਿੱਚ ਮਹਿਮਾਂ ਨਹੀਂ ਹੈ।
ਇਸ ਵਿੱਚ ਕੋਈ ਭੀ ਉਪਦੇਸ਼ ਨਹੀਂ ਹੈ। ਕੇਵਲ ਰਾਗ ਰਾਗਣੀਆਂ ਦੇ ਨਾਮ ਹਨ।
ਮਾਧਵਨਲ ਨੇ ਪੋਥੀ ਸਾਹਿਬ ਦੀ ਸੰਪਾਦਨਾ ਤੋਂ ਇੱਕੀ ਵਰ੍ਹੇ ਪਹਿਲਾਂ ਰਾਗਮਾਲਾ ਲਿਖੀ ਸੀ, ਇਸਨੂੰ ਅਕਾਲ ਤਖਤ ਵੱਲੋਂ ਅੱਜ ਤੱਕ ਭੀ ਪ੍ਰਵਾਨ ਨਹੀਂ ਕੀਤਾ ਗਿਆ। ਸਿੱਖ ਰਹਿਤ ਮਰਿਆਦਾ ਵਿੱਚ ਅਜੇ ਭੀ ਮੱਤਭੇਦ ਚੱਲਿਆ ਆ ਰਿਹਾ ਹੈ। ਸੋ ਇਸ ਨੂੰ ਤੁਰੰਤ ਹੀ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਖ ਕਰ ਦੇਣਾ ਚਾਹੀਦਾ ਹੈ। (283)

ਫਫਫਫਫ
(ਇਹ ਪੇਪਰ 25/7/2004 ਨੂੰ ਖਾਲਸਾ ਪੰਚਾਇਤ ਦੇ ਕਨਵੀਨਰ ਸ੍ਰ: ਰਾਜਿੰਦਰ ਸਿੰਘ ਵੱਲੋਂ, ਚੰਡੀਗੜ੍ਹ ਵਿੱਚ ਬੁਲਾਈ ਗਈ ਵਿਚਾਰ ਗੋਸ਼ਟੀ ਲਈ ਤਿਆਰ ਕੀਤਾ ਗਿਆ ਸੀ। ਅਣਸੁਖਾਵੇਂ ਕਾਰਨਾਂ ਕਰਕੇ ਇਹ ਵਿਚਾਰ ਗੋਸ਼ਟੀ ਮੁਲਤਵੀ ਕਰਨੀ ਪਈ। ਗਿਆਨੀ ਗੁਰਦਿੱਤ ਸਿੰਘ ਵੱਲੋਂ ‘‘ਮੁੰਦਾਵਣੀੂ ਨਾਮ ਦੀ ਲਿਖੀ ਪੁਸਤਕ ਬਾਰੇ ਇਹ ਗੋਸ਼ਟੀ ਹੋਣੀ ਸੀ।)
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ॥ ਸਤਿਗੁਰੁ ਭੇਟੈ ਮੋਖ ਦੁਆਰ॥
ਤਤੁ ਨ ਚੀਨੈ ਮਨਮੁਖੁ ਜਲਿ ਜਾਇ॥ ਦੁਰਮਤਿ ਵਿਛੁੜਿ ਚੋਟਾਂ ਖਾਇ॥
ਮਾਨੈ ਹੁਕਮੁ ਸਭੇ ਗੁਣ ਗਿਆਨੁ॥ ਨਾਨਕ ਦਰਗਹ ਪਾਵੈ ਮਾਨੁ॥ (944)

ਇੰਦਰ ਸਿੰਘ ਘੱਗਾ