ਸਿੱਖੋ! ਦੋਗ਼ਲੇ ਨਾ ਬਣੋ

0
38

A A A


ਸਮਝਦਾਰ ਲਈ ਕੇਵਲ ਇਸ਼ਾਰਾ ਹੀ ਕਾਫ਼ੀ ਹੈ|
ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਪੰਨਾ-683 ਤੇ ਦੋਗ਼ਲਾ ਦੇ ਅਰਥ ਇਸ ਪ੍ਰਕਾਰ ਕੀਤੇ ਹਨ: (1) ਦੋ ਗੱਲਹ (ਦੋ ਮਿਲੇ ਹੋਏ ਅਨਾਜ (ਭਾਵ ਬੇਰੜਾ),  (2) ਜੋ ਅਸਲ ਬਾਪ ਦਾ ਨਾ ਹੋਵੇ (ਭਾਵ ਹਰਾਮੀ)| ਹੋਰ ਡਿਕਸ਼ਨਰੀਆਂ ਵਿਚ ਇਸ ਦੇ ਅਰਥ ਇਸ ਪ੍ਰਕਾਰ ਮਿਲਦੇ ਹਨ: bastard, cross-bred, mongrel, unreliable, ਦੋਗ਼ਲਾ ਪੌਦਾ, ਦੋਗ਼ਲਾ ਕੁੱਤਾ, ਦੋ ਪਾਸੇ ਮਨ ਦਾ ਝੁਕਾਅ ਰੱਖਣ ਵਾਲਾ, ਦੋਵੇਂ ਵਿਰੋਧੀ ਧਿਰਾਂ ਨਾਲ ਸਬੰਧਤ, ਨਜਾਇਜ਼,  ਅਵਿਸ਼ਵਾਸੀ, ਬੇਵਫ਼ਾ, ਫ਼ਰੇਬੀ, ਹਰਾਮੀ (ਨਜਾਇਜ਼ ਸੰਤਾਨ) ਆਦਿ| ਸੋ ਸਪੱਸ਼ਟ ਹੈ ਕਿ ਦੋ ਚੀਜ਼ਾਂ ਦੀ ਮਿਲਾਵਟ, ਦੋ ਵਿਚਾਰਧਾਰਾ ਦਾ ਮੇਲ ਜਾਂ ਨਜਾਇਜ਼ ਸੰਤਾਨ ਨੂੰ ਦੋਗ਼ਲਾ ਕਿਹਾ ਜਾਂਦਾ ਹੈ| ਸਾਨੂੰ ਇਕ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਦੋਗ਼ਲਾ ਮਨੁੱਖ ਕਦੇ ਇਤਬਾਰਯੋਗ ਨਹੀਂ ਹੁੰਦਾ ਅਤੇ ਹਰਾਮੀ ਕਦੇ ਸਤਿਕਾਰਯੋਗ ਨਹੀਂ ਹੁੰਦਾ|
ਗੁਰੂ ਨਾਨਕ ਸਾਹਿਬ ਨੇ, ਸੰਸਾਰ ਦੇ ਲੋਕਾਂ ਨੂੰ ਦੋਗ਼ਲੇਪਨ ਦੀ ਖੋਟ ਤੋਂ ਬਚਾਉਣ ਲਈ ਇਕਦਾ ਸਿਧਾਂਤ ਦੇ ਕੇ, ਬਹੁਤ ਵੱਡਾ ਪਰਉਪਕਾਰ ਕੀਤਾ ਹੈ| ਸੰਸਾਰ ਦਾ ਜਿਹੜਾ ਵੀ ਮਨੁੱਖ, ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਦਾ ਹੈ, ਉਸ ਨੂੰ ਚਾਹੀਦਾ ਹੈ ਕਿ ਉਹ ਆਪਣੇ ਗੁਰੂ ਦੇ ਇਕ ਦੇ ਸਿਧਾਂਤ ਨੂੰ ਚੰਗੀ ਤਰ੍ਹਾਂ ਸਮਝੇ ਅਤੇ ਆਪਣੇ ਜੀਵਨ ਵਿਚ ਉਸ ਦੀ ਪਾਲਣਾ ਦ੍ਰਿੜਤਾ ਨਾਲ ਕਰੇ| ਜੇਕਰ ਸਿੱਖ ਅਜਿਹਾ ਨਹੀਂ ਕਰਦੇ ਤਾਂ ਉਹ  ਦੋਗ਼ਲੇਪਨ ਦੀ ਖੋਟ ਤੋਂ ਬਚ ਨਹੀਂ ਸਕਦੇ|
ਗੁਰਮਤਿ ਦਾ ਬੁਨਿਆਦੀ ਸਿਧਾਂਤ ਇਕਨਾਲ ਅਰੰਭ ਹੁੰਦਾ ਹੈ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਅਰੰਭ ਵਿਚ ਦਰਜ ਹੈ: ੴ  ਸਤਿ ਨਾਮੁ   ਕਰਤਾ ਪੁਰਖੁ   ਨਿਰਭਉ  ਨਿਰਵੈਰੁ  ਅਕਾਲ ਮੂਰਤਿ  ਅਜੂਨੀ  ਸੈਭੰ   ਗੁਰ ਪ੍ਰਸਾਦਿ|| (ਗੁ.ਗ੍ਰੰ.ਸਾ.ਪੰਨਾ-1)
ਇਕਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ, ਹਰ ਇਕ ਸਿੱਖ ਨੇ ਇਕ ਅਕਾਲਪੁਰਖ ਨੂੰ ਮੰਨਣਾ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-ਸਾਹਿਬੁ ਮੇਰਾ ਏਕੋ ਹੈ|| ਏਕੋ ਹੈ ਭਾਈ ਏਕੋ ਹੈ|| (ਗੁ.ਗ੍ਰੰ.ਸਾ.ਪੰਨਾ- 350)|
ਇਕਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ, ਇਕ ਪ੍ਰਭੂ-ਪਿਤਾ ਦੀ ਸੰਤਾਨ ਹੋਣ ਕਰਕੇ, ਹਰ ਇਕ ਸਿੱਖ ਨੇ ਇਕ-ਦੂਜੇ ਨੂੰ ਆਪਣਾ ਗੁਰ ਭਾਈ ਸਮਝਣਾ ਹੈ| ਗੁਰਬਾਣੀ ਦਾ ਫ਼ੁਰਮਾਨ ਹੈ: ਏਕੁ ਪਿਤਾ ਏਕਸ ਕੇ ਹਮ ਬਾਰਿਕ  ਤੂ ਮੇਰਾ ਗੁਰ ਹਾਈ||  (ਗੁ.ਗ੍ਰੰ.ਸਾ.ਪੰਨਾ-611) |
ਇਕਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ, ਹਰ ਇਕ ਸਿੱਖ ਨੇ ਇਕ ਬਾਣੀ, ਇਕੋ ਗੁਰੂ ਅਤੇ ਇਕ ਹੀ ਵਿਚਾਰਧਾਰਾ ਨੂੰ ਮੰਨਣਾ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| (ਗੁ.ਗ੍ਰੰ.ਸਾ.ਪੰਨਾ- 646)|
ਗੁਰੂ ਨਾਨਕ ਸਾਹਿਬ ਦੇ ਆਗਮਨ ਸਮੇਂ ਭਾਰਤ ਵਿਚ ਦੋ ਵੱਡੇ ਮਤ ਪ੍ਰਚਲਤ ਸਨ, ਇਸਲਾਮ ਅਤੇ ਹਿੰਦੂ ਮਤ| ਪਰ ਜੋ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਨੇ ਇਸ ਮਨੁੱਖਤਾ ਨੂੰ ਦਿੱਤੀ, ਉਸ ਦੀ ਵਿਚਾਰਧਾਰਾ ਸਾਰੀਆਂ ਮਤਾਂ ਨਾਲੋਂ ਨਵੀਂ ਅਤੇ ਭਿੰਨ ਹੈ|  ਗੁਰਮਤਿ ਵਿਚ ਇਕ ਦੇ ਨਿਆਰੇ ਸਿਧਾਂਤ ਨੂੰ ਹਮੇਸ਼ਾ ਬਰਕਰਾਰ ਰੱਖਣ ਲਈ, ਗੁਰਬਾਣੀ ਨੇ ਸਿੱਖਾਂ ਅੰਦਰੋਂ ਹਰ ਪ੍ਰਕਾਰ ਦੀ ਗੁਰਮਤਿ ਵਿਰੋਧੀ ਵਿਚਾਰਧਾਰਾ ਦੀ ਖੋਟ ਕੱਢਣ ਲਈ, ਸਿੱਖਾਂ ਉੱਤੇ ਹੇਠ ਲਿਖੇ ਅਨੁਸਾਰ ਇਕ ਵੱਡੀ ਸ਼ਰਤ ਲਗਾਈ ਹੋਈ ਹੈ:-
ਪੰਡਿਤ ਮੂਲਾਂ ਜੋ ਲਿਖਿ ਦੀਆ|| ਛਾਡਿ ਚਲੇ ਹਮ ਕਛੂ ਨ ਲੀਆ||  (ਗੁ.ਗ੍ਰੰ.ਸਾ.ਪੰਨਾ-1159)
ਅਰਥ: ਹੇ ਭਾਈ! ਪੰਡਿਤ ਅਤੇ ਮੌਲਵੀਆਂ ਨੇ ਧਰਮ ਦੇ ਨਾਂ ਤੇ ਜੋ ਕੁੱਝ ਵੀ ਲਿਖਿਆ ਹੈ, ਉਸ ਨੂੰ ਪੂਰੀ ਤਰ੍ਹਾਂ ਛੱਡ ਦਿੱਤਾ ਹੈ|
ਗੁਰਬਾਣੀ ਦਾ ਦੂਜਾ ਫ਼ੁਰਮਾਨ:
ਨਾ ਹਮ ਹਿੰਦੂ ਨ ਮੁਸਲਮਾਨ|| (ਗੁ.ਗ੍ਰੰ.ਸਾ.ਪੰਨਾ-1136)
ਅਰਥ: ਸਿੱਖ-ਸਤਿਗੁਰਾਂ ਨੇ ਢੰਕੇ ਦੀ ਚੋਟ ਨਾਲ ਕਿਹਾ, “ਹੇ ਜਗਤ ਦੇ ਲੋਕੋ! ਨਾ ਅਸੀਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ ਹਾਂ (ਭਾਵ ਸਾਡਾ ਰਸਤਾ ਹੋਰ ਹੈ)|”
ਕੋਈ ਵੀ ਮਨੁੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਨੂੰ ਮੰਨੇ ਬਗੈਰ, ਸਿੱਖ ਨਹੀਂ ਬਣ ਸਕਦਾ| ਅੱਜ ਜਿਹੜੇ ਕੰਮ ਸਿੱਖਾਂ ਵੱਲੋਂ ਧਰਮ ਦੇ ਨਾਂ ਤੇ ਕੀਤੇ ਜਾ ਰਹੇ  ਹਨ, ਉਹ ਸਿੱਖਾਂ ਜਾਂ ਖਾਲਸਿਆਂ ਵਾਲੇ ਨਹੀਂ ਸਗੋਂ ਹਿੰਦੂਆਂ ਵਾਲੇ ਕੀਤੇ ਜਾ ਰਹੇ ਹੁੰਦੇ ਹਨ|  ਇਸ ਗੱਲ ਵਿਚ ਰਤਾ ਵੀ ਝੂਠ ਨਹੀਂ ਹੈ ਕਿ ਅੱਜ ਸਿੱਖਾਂ ਨੇ ਹਿੰਦੂਮਤ ਦੀਆਂ ਰੀਤਾਂ-ਰਸਮਾਂ  ਨੂੰ ਅਪਨਾ ਕੇ, ਆਪਣੇ ਕਿਰਦਾਰ ਵਿਚ ਦੋਗ਼ਲੇਪਨ ਦੀ ਖੋਟ ਪੈਦਾ ਕਰ ਲਈ  ਹੈ| ਇਸ ਦੋਗ਼ਲੇਪਨ ਦੀ ਖੋਟ ਨੂੰ ਤਿੰਨ ਪੱਖਾਂ ਤੋਂ ਵਿਚਾਰਨਾ ਅਤਿ ਜ਼ਰੂਰੀ ਹੈ| ਜਿਵੇਂ ਕਿ:-
(1) ਜਾਤੀਵੰਡ ਦੇ ਦੋਗ਼ਲੇਪਨ ਦੀ ਖੋਟ

ਜਾਤੀਵੰਡ ਹਿੰਦੂਮਤ ਦਾ ਬੁਨਿਆਦੀ ਸਿਧਾਂਤ ਹੈ, ਜਿਸ ਦੀ ਪਾਲਣਾ ਕਰਨਾ ਹਰ ਹਿੰਦੂ ਦਾ ਫ਼ਰਜ਼ ਹੈ| ਇਹ ਵੀ ਇਕ ਅਟੱਲ ਸਚਾਈ ਹੈ ਕਿ ਗੁਰਮਤਿ ਇਸ ਜਾਤੀਵੰਡ ਦੀ ਭਰਪੂਰ ਖੰਡਨਾ ਕਰਦੀ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:
ਜਾਤੀ ਦੈ ਕਿਆ ਹਥਿ ਸਚੁ ਪਰਖੀਐ|| (ਗੁ. ਗ੍ਰੰ. ਸਾ.ਪੰਨਾ-142)
ਅਰਥ: ਜਾਤ ਦੇ ਆਪਣੇ ਹੱਥ ਵਿਚ ਕੁੱਝ ਨਹੀਂ ਹੈ ਕਿਉਂਕਿ ਇਹ ਜਾਤਾਂ ਸੱਚ ਦੇ ਸਾਹਮਣੇ ਆਪਣੇ ਆਪ ਹੀ ਰੱਦ ਹੋ ਜਾਦੀਆਂ ਹਨ|
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ||
ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ||1||ਰਹਾਉ||  (ਗੁ. ਗ੍ਰੰ. ਸਾ.ਪੰਨਾ-1127-28)
ਅਰਥ: ਹੇ ਮੂਰਖ਼! ਹੇ ਗਵਾਰ (ਅਸੱਭਿਅਕ) ਮਨੁੱਖ! ਉੱਚੀ ਜਾਤ ਦਾ ਹੰਕਾਰ ਨਾ ਕਰ| ਇਸ ਜਾਤੀ ਹੰਕਾਰ ਨਾਲ ਸਮਾਜ ਵਿਚ ਅਨੇਕਾਂ ਕਲੇਸ਼ ਪੈਦਾ ਹੋ ਜਾਂਦੇ ਹਨ|
ਜਾਤਿ ਜਨਮੁ ਨ ਪੂਛੀਐ ਸਚ ਘਰੁ ਲੇਹੁ ਬਤਾਇ||
ਸਾ ਜਾਤਿ ਸਾ ਪਤਿ ਹੈ  ਜੇਹੇ ਕਰਮ ਕਮਾਇ||  (ਗੁ. ਗ੍ਰੰ. ਸਾ.ਪੰਨਾ-1330)
ਅਰਥ: ਹੇ ਨਾਨਕ! ਪ੍ਰਭੂ ਹੇਰਕ ਜੀਵ ਦੇ ਅੰਦਰ ਮੌਜੂਦ ਹੈ| ਇਸ ਲਈ ਜਾਤਾਂ ਦੇ ਵਖਰੇਵਿਆਂ ਵਿਚ ਪੈ ਕੇ ਇਹ ਨਾ ਪੁੱਛੋ ਕਿ ਫਲਾਣਾ ਕਿਹੜੀ ਜਾਤ ਜਾਂ ਕੁੱਲ ਦਾ ਹੈ| ਜੇਕਰ ਕਿਸੇ ਨੂੰ ਪੁੱਛਣਾ ਹੀ ਹੈ ਤਾਂ ਇਹ ਪੁੱਛੋ ਕਿ ਪ੍ਰਮਾਤਮਾ ਕਿਸ ਹਿਰਦੇ-ਘਰ ਵਿਚ ਪ੍ਰਗਟ ਹੋਇਆ ਹੈ| ਯਾਦ ਰੱਖੋ, ਮਨੁੱਖਤਾ ਦੇ ਭਲੇਹਿਤ ਜਾਂ ਨੁਕਸਾਨਹਿਤ ਕੰਮਾਂ ਨਾਲ ਹੀ ਮਨੁੱਖ ਦਾ ਚੰਗਾਂ ਜਾਂ ਮਾੜਾ ਕਿਰਦਾਰ ਬਣਦਾ ਹੈ|
ਬੇਸ਼ੱਕ, ਗੁਰਬਾਣੀ ਸਿੱਖ ਨੂੰ ਕਿਸੇ ਦੀ ਜਾਤ ਜਾਂ ਕੁੱਲ ਪੁੱਛਣ ਦੀ ਸਖ਼ਤ ਮਨਾਹੀ ਕਰਦੀ ਹੈ, ਪਰ ਸਿੱਖ ਗੁਰਬਾਣੀ ਹੁਕਮਾਂ ਦੀ ਘੋਰ ਅਵੱਗਿਆ ਕਰਕੇ, ਅਕਸਰ ਦੂਜਿਆਂ ਤੋਂ ਉਨ੍ਹਾਂ ਦੀ ਜਾਤ ਪੁੱਛ ਕੇ, ਆਪਣੀ ਅਗਿਆਨਤਾ ਪ੍ਰਗਟ ਕਰਦੇ ਹਨ|
ਸਿੱਖਾਂ ਨੇ ਜਾਤੀਵੰਡ ਦਾ ਸਿਧਾਂਤ ਹਿੰਦੂਮਤ ਤੋਂ ਲਿਆ ਅਤੇ ਗੁਰਮਤਿ ਵਿਚੋਂ ਸਿੱਖ ਸ਼ਬਦ ਲੈ ਕੇ ਦੋਨਾਂ ਦਾ ਰਲੇਵਾਂ ਕਰਕੇ ਬਣ ਗਏ: ਬ੍ਰਾਹਮਣ ਸਿੱਖ, ਖੱਤਰੀ ਸਿੱਖ,  ਅਰੋੜਾ ਸਿੱਖ, ਬੇਦੀ ਸਿੱਖ, ਲੁਬਾਣੇ ਸਿੱਖ, ਕਮੋਅ ਸਿੱਖ, ਰਾਮਗੜ੍ਹੀਏ ਸਿੱਖ, ਵਾਲੀਏ ਸਿੱਖ, ਸੈਣੀ ਸਿੱਖ, ਜੱਟ ਸਿੱਖ, ਬਾਣੀਏ ਸਿੱਖ, ਸੁਨਿਆਰ ਸਿੱਖ,  ਲੋਹਾਰ ਸਿੱਖ, ਤਰਖਾਣ ਸਿੱਖ, ਛੀਂਬੇ  ਸਿੱਖ, ਨਾਈ ਸਿੱਖ, ਜੁਲਾਹੇ ਸਿੱਖ, ਮਜ਼ਬੀ ਸਿੱਖ, ਰਾਮਦਾਸੀਏ  ਸਿੱਖ, ਝਿਊਰ ਸਿੱਖ,  ਘੁਮਿਆਰ ਸਿੱਖ, ਬਾਜੀਗਰ ਸਿੱਖ, ਵਣਜਾਰੇ ਸਿੱਖ, ਧੋਬੀ ਸਿੱਖ, ਗਡਰੀਏ ਸਿੱਖ, ਤੇਲੀ ਸਿੱਖ ਆਦਿ|
ਉਕਤ ਜਾਤਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਹਰੇਕ ਸਿੱਖ, ਜਾਤ ਕਰਕੇ ਆਪਣੇ ਆਪ ਨੂੰ ਪਹਿਲਾਂ ਹਿੰਦੂ ਮੰਨਦਾ ਹੈ ਅਤੇ ਬਾਅਦ ਵਿਚ ਆਪਣੇ ਆਪ ਨੂੰ ਸਿੱਖ ਮੰਨਦਾ ਹੈ| ਹਿੰਦੂਮਤ ਦੀ ਜਾਤ ਅਤੇ ਗੁਰਮਤਿ ਦੇ ਸਿੱਖ ਸ਼ਬਦ ਦੇ ਰਲੇਵੇਂ ਕਾਰਨ ਸਿੱਖਾਂ ਨੇ ਜਾਤੀਵੰਡ ਨੂੰ ਇਕ ਨਵਾਂ ਰੂਪ ਦੇ ਦਿੱਤਾ ਹੈ| ਇਹ ਹੈ ਸਿੱਖਾਂ ਵਿਚ ਜਾਤੀਵੰਡ ਦੀ ਖੋਟ ਦਾ ਦੋਗ਼ਲਾਪਨ|
ਅਕਾਲਪੁਰਖ ਨੇ ਇਸ ਸ੍ਰਿਸ਼ਟੀ ਵਿਚ ਬੇਅੰਤ ਜਾਤਾਂ (ਭਾਵ ਕਿਸਮਾਂ) ਦੇ ਜੀਵ ਪੈਦਾ ਕੀਤੇ ਹਨ| ਗੁਰਬਾਣੀ ਦਾ ਫ਼ੁਰਮਾਨ ਹੈ:
ਜੀਅ ਜਾਤਿ ਰੰਗਾ ਕੇ ਨਾਵ|| (ਗੁ. ਗ੍ਰੰ. ਸਾ.ਪੰਨਾ-3)
ਅਰਥ: ਸ੍ਰਿਸ਼ਟੀ ਵਿਚ ਬੇਅੰਤ ਕਿਸਮਾਂ ਅਤੇ ਬੇਅੰਤ ਨਾਵਾਂ ਦੇ ਜੀਵ ਹਨ|
ਇਨ੍ਹਾਂ ਬੇਅੰਤ ਜਾਤਾਂ ਦੇ ਜੀਵਾਂ ਵਿਚੋਂ ਮਨੁੱਖ ਆਪਣੇ ਆਪ ਵਿਚ ਇਕ ਜਾਤ ਹੈ| ਗੁਰਬਾਣੀ ਦਾ ਫ਼ੁਰਮਾਨ ਹੈ;
ਕਰਤੂਤਿ ਪਸੂ ਕੀ ਮਾਨਸ ਜਾਤਿ|| (ਗੁ. ਗ੍ਰੰ. ਸਾ.ਪੰਨਾ-267)
ਅਰਥ: ਜਾਤ ਮਨੁੱਖ ਦੀ ਹੈ (ਭਾਵ ਮਨੁੱਖ ਦੀ ਸ਼੍ਰੇਣੀ ਵਿਚ ਜੰਮਿਆ ਹੈ) ਪਰ ਕੰਮ ਪਸ਼ੂਆਂ ਵਾਲੇ ਹਨ|
ਸੋ ਸਿੱਖ ਹੋਣ ਦੇ ਨਾਤੇ,  ਜਾਤੀਵੰਡ ਨੂੰ ਅਪਨਾਉਣਾ ਅਤੇ ਕਿਸੇ ਨੂੰ ਜਾਤ ਬਾਰੇ ਪੁੱਛਣਾ, ਅਗਿਆਨਤਾ ਦੀ ਨਿਸ਼ਾਨੀ ਹੈ ਕਿਉਂਕਿ ਸਿੱਖ ਦੀ ਕੇਵਲ ਇਕੋ ਜਾਤ ਹੈ ਮਨੁੱਖ|
(2) ਰੀਤਾਂ-ਰਸਮਾਂ ਦੇ ਦੋਗ਼ਲੇਪਨ ਦੀ ਖੋਟ

ਸਿੱਖਾਂ ਨੂੰ ਸਿੱਖੀ-ਸਿਧਾਂਤਾਂ ਦੇ ਨਾਲ ਨਾਲ ਗੁਰਦੁਆਰਿਆਂ, ਸਮਾਗਮਾਂ ਜਾਂ ਘਰਾਂ ਵਿਚ ਜਨਮ ਤੋਂ ਲੈ ਕੇ ਮੌਤ ਤਕ, ਸਾਰੀਆਂ ਹਿੰਦੂਮਤ ਦੀਆਂ ਰੀਤਾਂ-ਰਸਮਾਂ ਕਰਦੇ ਦੇਖਿਆ ਜਾ ਸਕਦਾ ਹੈ| ਇਸ ਦੋਗ਼ਲੇਪਨ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ| ਜਿਵੇਂ ਕਿ:-
1.
ਅੱਜ ਜਿਹੜੇ ਸਿੱਖ, ਅਗਿਆਨਤਾਵਸ ਹਿੰਦੂਮਤ ਦੀਆਂ ਸਦੀਆਂ ਪੁਰਾਣੀਆਂ ਰੀਤਾਂ-ਰਸਮਾਂ ਅਪਨਾ ਕੇ ਆਪਣੇ ਅੰਦਰ ਸਿੱਖ ਹੋਣ ਦਾ ਭਰਮ
ਪੈਦਾ ਕਰ ਚੁੱਕੇ ਹਨ, ਉਹ ਸਾਰੇ ਬ੍ਰਾਹਮਣ ਦੇਵਤਾ ਦਾ ਪਾਣੀ ਭਰਦੇ ਹਨ|
2.
ਕਿਸੇ ਮਨ ਵਿਚ ਰਾਜ ਕਰਨਾ ਕੋਈ ਸੌਖਾ ਕੰਮ ਨਹੀਂ, ਪਰ ਬ੍ਰਾਹਮਣ ਦੇਵਤਾ ਹਰ ਸਿੱਖ ਦੇ ਮਨ ਵਿਚ ਆਪਣਾ ਤਖ਼ਤ ਲਾ ਕੇ ਰਾਜ ਕਰ ਰਿਹਾ ਹੈ| ਬ੍ਰਾਹਮਣ ਰਾਜਾ ਜਦੋਂ ਵੀ ਕਿਸੇ ਸਿੱਖ ਨੂੰ ਹੁਕਮ ਕਰਦਾ ਹੈ ਤਾਂ ਸਿੱਖ ਉਸ ਦੇ ਹੁਕਮ ਦੀ ਤੁਰੰਤ ਪਾਲਣਾ ਕਰਦਾ ਹੈ|
3.
ਇਹ ਇਕ ਕੌੜਾ ਸੱਚ ਹੈ ਕਿ ਅੱਜ ਸਿੱਖ, ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਹੁਕਮਾਂ ਦੀ ਅਵੱਗਿਆ ਕਰ ਸਕਦਾ ਹੈ ਪਰ ਆਪਣੇ ਅੰਦਰ ਬੈਠੇ ਬ੍ਰਾਹਮਣ ਦੇਵਤਾ ਦਾ ਨਹੀਂ| ਗੁਰਦੁਆਰਿਆਂ ਜਾਂ ਘਰਾਂ ਵਿਚ ਹਰ ਥਾਂ ਪ੍ਰਤੱਖ ਦੇਖਿਆ ਜਾ ਸਕਦਾ ਹੈ|
4.
ਸਿੱਖ-ਕੌਮ ਦੀ ਮੌਜੂਦਾ ਹਾਲਤ ਦੇਖ ਕੇ ਇਹ ਵੀ ਕੌੜਾ ਸੱਚ ਕਬੂਲ ਕਰ ਲੈਣਾ ਚਾਹੀਦਾ ਹੈ ਕਿ ਕੁੱਝ ਉਂਗਲਾਂ ਤੇ ਗਿਣੇ ਜਾਣ ਵਾਲੇ ਸਿੱਖਾਂ ਨੂੰ
ਛੱਡ ਕੇ ਅੱਜ ਸਮੁੱਚੀ ਸਿੱਖ-ਕੌਮ ਮਾਨਸਿਕ ਤੌਰ ਤੇ ਹਿੰਦੂ-ਮਰਿਆਦਾ ਵਿਚ ਪੂਰੀ ਤਰ੍ਹਾਂ ਢਲ ਚੁੱਕੀ ਹੈ|
5.
ਯਾਦ ਰੱਖੋ, ਗੁਰੂ ਨਾਨਕ ਸਾਹਿਬ ਦੇ ਸਮੇਂ ਜਿਹੜੇ ਲੋਕ, ਹਿੰਦੂਆਂ ਅਤੇ ਸੂਦਰਾਂ ਵਿਚੋਂ ਸਿੱਖ ਬਣੇ ਸਨ, ਉਨ੍ਹਾਂ ਵਰਗੀ ਦਲੇਰੀ ਅੱਜ  ਦੇ ਸਿੱਖਾਂ ਵਿਚੋਂ ਬਿਲਕੁਲ ਨਜ਼ਰ ਨਹੀਂ ਆਉਂਦੀ|
6.
ਇਸ ਗੱਲ ਵਿਚ ਰਤਾ ਵੀ ਝੂਠ ਨਹੀਂ ਹੈ ਕਿਉਂਕਿ ਅੱਜ ਗੁਰਦੁਆਰਿਆਂ ਅਤੇ ਘਰਾਂ ਵਿਚ ਕੀਤੀਆਂ ਜਾਂਦੀਆਂ ਗੁਰਮਤਿ ਵਿਰੋਧੀ ਰੀਤਾਂ-ਰਸਮਾਂ ਨੂੰ ਤਿਆਗਣ ਅਤੇ ਗੁਰਮਤਿ ਨੂੰ ਲਾਗੂ ਕਰਨ ਵਿਚ ਸਿੱਖ ਬੜੇ ਹੀ ਡਰਪੋਕ ਅਤੇ ਲਾਚਾਰ ਨਜ਼ਰ ਆਉਂਦੇ ਹਨ|
7.
ਜਾਤੀਵੰਡ ਹਿੰਦੂਮਤ ਦਾ ਬੁਨਿਆਦੀ ਸਿਧਾਂਤ ਹੈ| ਗੁਰਮਤਿ ਵਿਚ ਜਾਤ-ਪਾਤ ਨੂੰ ਕੋਈ ਥਾਂ ਨਹੀਂ ਹੈ ਪਰ ਸਮੁੱਚੀ ਸਿੱਖ-ਕੌਮ  ਉੱਚੀਆਂ-
ਨੀਵੀਆਂ ਜਾਂਤਾ ਵਿਚ ਵੰਡੀ ਹੋਣ ਕਰਕੇ, ਆਪਣੇ ਬੱਚਿਆਂ ਦੇ ਨਾਤੇ-ਰਿਸ਼ਤੇ ਆਪਣੀ ਜਾਤ-ਬਰਾਬਰੀ ਵਿਚ ਕਰਕੇ ਹਿੰਦੂਮਤ ਦੇ ਬੁਨਿਆਦੀ
ਸਿਧਾਂਤਾਂ ਦੀ ਇੰਨ-ਬਿੰਨ ਪਾਲਣਾ ਕਰਦੀ ਹੈ|
8.
ਵਿਆਹਾਂ ਦੇ ਸਾਹੇ ਕਢਾਉਣੇ, ਸੇਹਰਾ ਬੰਨਣਾ, ਜੈ ਮਾਲਾ ਪਾਉਣੀ ਅਤੇ ਦਾਜ ਲੈਣਾ ਆਦਿ|
9.
ਸਿੱਖ ਅਨੇਕਾਂ ਦੇਵੀ-ਦੇਵਤਿਆਂ, ਅਵਤਾਰਾਂ, ਪੱਥਰਾਂ, ਸਮਾਧਾਂ, ਬੁੱਤਾਂ, ਤਸਵੀਰਾਂ ਅੱਗੇ ਮੱਥੇ ਰਗੜਦੇ ਹਨ| ਖੇੜਿਆਂ, ਥਾਨਾਂ,  ਦਰਖਤਾਂ, ਖੂਹਾਂ ਅਤੇ ਸੱਪਾਂ, ਗੁੱਗਾ ਆਦਿ ਦੀ ਪੂਜਾ ਕਰਦੇ ਹਨ|
10.
ਅੱਜ ਸਿੱਖ, ਇਕ ਸਰਬ-ਵਿਆਪਕ ਅਤੇ ਸਰਬ-ਸ਼ਕਤੀਮਾਨ ਅਕਾਲਪੁਰਖ ਨੂੰ ਛੱਡ ਕੇ ਭਗਉਤੀ (ਦੁਰਗਾ ਮਾਤਾ) ਅੱਗੇ ਅਰਦਾਸਾਂ ਕਰਕੇ  ਹਿੰਦੂਮਤ ਦੇ ਦੇਵੀ-ਦੇਵਤਿਆਂ ਦੀ ਅਰਾਧਨਾ ਕਰਦੇ ਹਨ|
11.
ਘਰਾਂ ਵਿਚ ਹਵਨ ਅਤੇ ਜਗਰਾਤੇ ਕਰਾਉਣੇ| ਮੱਥੇ ਤੇ ਤਿਲਕ ਲਾਉਣੇ| ਸਿੱਖ ਔਰਤਾਂ ਵੱਲੋਂ ਕਰਵੇ ਚੌਥ ਅਤੇ ਆਹੋਈ ਮਾਤਾ ਦੇ ਵਰਤ
ਰੱਖਣੇ|
12.
ਅਖੰਡ ਪਾਠਾਂ ਦੀ ਆੜ ਵਿਚ ਕੁੰਭ ਅਤੇ ਨਾਰੀਅਲ ਰੱਖਣੇ, ਜੋਤ ਜਗਾਉਣੀ, ਗੁਰੂ ਸਾਹਿਬ ਨੂੰ ਭੋਗ ਲਵਾਉਣੇ ਅਤੇ ਜੋਤਾਂ ਬਾਲ ਕੇ
ਆਰਤੀਆਂ ਕਰਨੀਆਂ| ਮਾਲਾ ਫੇਰਨੀਆਂ ਅਤੇ ਸਮਾਧੀਆਂ ਲਾਉਣੀਆਂ|
13.
ਸਿੱਖਾਂ ਵੱਲੋਂ ਕਿਸੇ ਪ੍ਰਾਣੀ ਦੇ ਚਲਾਣੇ ਉਪਰੰਤ ਧਾਹਾਂ ਮਾਰਨੀਆਂ, ਮ੍ਰਿਤਕ ਦੀ ਦੇਹ ਨੂੰ ਮੱਥੇ ਟੇਕਣੇ, ਹਥੇਲੀ ਤੇ ਦੀਵਾ ਜਗਾਉਣਾ,
ਅੱਧ- ਮਾਰਗੀ ਘੜਾ ਭੰਨਣਾ, ਅੰਗੀਠੇ ਵਿਚੋਂ ਫੁੱਲ ਚੁਗਣੇ ਅਤੇ ਉਨ੍ਹਾਂ ਨੂੰ ਗੰਗਾ ਜਾਂ ਪਾਤਲਪੁਰੀ ਪਾਉਣਾ|
14.
ਮ੍ਰਿਤਕ ਪ੍ਰਾਣੀ ਦੇ ਨਮਿਤ ਪਾਠ ਕਰਕੇ ਆਤਮਾ ਨੂੰ ਸ਼ਾਂਤੀ ਦੇਣ ਦੇ ਪਖੰਡ ਕਰਨੇ| ਇਸ ਤੋਂ ਇਲਾਵਾ ਮ੍ਰਿਤਕ ਨੂੰ ਭਾਂਡੇ-ਬਿਸਤਰੇ ਦੇਣੇ|
15.
ਸਲਾਨਾ ਬਰਸੀਆਂ ਮਨਾਉਣੀਆਂ| ਵੱਡੇ-ਵਡੇਰਿਆਂ ਦੇ ਸਰਾਧਾਂ ਲਈ ਸਿੱਖੀ ਭੇਖ ਵਿਚ ਪੰਜ ਬ੍ਰਾਹਮਣਾਂ ਨੂੰ ਭੋਜਨ ਖੁਆਣਾ|
16.
ਸਿੱਖਾਂ ਵੱਲੋਂ ਆਪਣੇ ਕੇਸ-ਦਾੜ੍ਹੀ ਕਟਾ ਕੇ ਹਿੰਦੂਮਤ ਦੀ ਸਦੀਆਂ ਪੁਰਾਣੀ ਮੁੰਡਨ ਰਸਮ ਨੂੰ ਪੂਰਾ ਕਰਨਾ|
17.
ਸਿੱਖਾਂ ਵੱਲੋਂ ਹਰ ਸਾਲ ਹਿੰਦੂਮਤ ਦੇ ਤਿਉਹਾਰ: ਰੱਖੜੀ, ਭਈਆ-ਦੂਜ, ਟਿੱਕਾ, ਕਰਵਾ-ਚੌਥ, ਕੰਜਕਾਂ, ਨਵਰਾਤਰੇ, ਦੁਸਹਿਰਾ,ਦੀਵਾਲੀ, ਲੋਹੜੀ, ਹੌਲੀ, ਆਦਿ ਮਨਾਉਣੇ|
18.
ਗੁਰਦੁਆਰਿਆਂ ਵਿਚ ਤਿਥਾਂ-ਵਾਰਾਂ, ਸੰਗਰਾਂਦ, ਮੱਸਿਆ, ਪੂਰਨਮਾਸੀ ਆਦਿ ਮਨਾਉਣੀਆਂ|
19.
ਇਸ ਤੋਂ ਇਲਾਵਾਂ ਹਿੰਦੂਮਤ ਦੀਆਂ ਰੀਤਾਂ-ਰਸਮਾਂ ਜਿਵੇਂ ਜਨਮ-ਕੁੰਡਲੀ, ਰਾਸ਼ੀਫਲ ਅਤੇ ਹੋਰ ਵਹਿਮ-ਭਰਮ ਆਦਿ ਕਰਨੇ|
20.
ਉਕਤ ਕੰਮਾਂ ਕਰਕੇ ਅੱਜ ਬ੍ਰਾਹਮਣ ਦੇਵਤਾ ਦਾ ਜਾਦੂ ਸਮੁੱਚੀ ਸਿੱਖ-ਕੌਮ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ|
ਜਦੋਂ ਕੋਈ ਸਿੱਖਾਂ ਨੂੰ ਉਕਤ ਕੰਮ ਕਰਦੇ ਦੇਖ ਕੇ ਹਿੰਦੂ ਕਹਿੰਦਾ ਹੈ ਤਾਂ ਸਿੱਖ ਚਿੜ੍ਹ ਜਾਂਦੇ ਹਨ| ਸਿੱਖਾਂ ਨੂੰ ਚਿੜ੍ਹਨਾ ਨਹੀਂ ਚਾਹੀਦਾ ਸਗੋਂ ਅਜਿਹੇ ਲੋਕਾਂ ਦੇ ਸੱਚ ਨੂੰ ਕਬੂਲ ਕਰ ਲੈਣਾ ਚਾਹੀਦਾ ਹੈ ਜਾਂ ਫਿਰ ਆਪਣੇ ਜੀਵਨ ਵਿਚ ਉਕਤ ਕੰਮਾਂ ਦੀ ਖੋਟ ਨੂੰ ਦਲੇਰੀ ਨਾਲ ਕੱਢ ਕੇ, ਸਿੱਖਾਂ ਵਾਲੇ ਕੰਮ ਕਰਨੇ ਚਾਹੀਦੇ ਹਨ|  ਬਹੁਤ ਸਾਰੇ ਸਿੱਖ ਐਸੇ ਵੀ ਹਨ ਜੋ ਰੋਜ਼ ਗੁਰਦੁਆਰਿਆਂ, ਸਮਾਗਮਾਂ ਜਾਂ ਘਰਾਂ ਵਿਚ ਨਿਤ ਗੁਰਬਾਣੀ ਪੜ੍ਹਦੇ ਹਨ, ਸਿੱਖੀ-ਸਿਧਾਂਤਾਂ ਦੀ ਚੰਗੀ ਜਾਣਕਾਰੀ ਵੀ ਰੱਖਦੇ ਹਨ ਅਤੇ ਪ੍ਰਚਾਰ ਵੀ ਕਰਦੇ ਹਨ, ਪਰ ਫਿਰ ਵੀ ਗੁਰਮਤਿ ਦੇ ਨਾਲ ਹਿੰਦੂਮਤ ਨੂੰ ਵੀ ਅਪਨਾਈ ਫਿਰਦੇ ਹਨ| ਇਹ ਉਨ੍ਹਾਂ ਦਾ ਦੋਗ਼ਲਾਪਨ ਹੀ ਕਿਹਾ ਜਾ ਸਕਦਾ ਹੈ| ਜੇਕਰ ਅਸੀਂ ਆਪਣੇ ਆਪ ਨੂੰ ਕੇਵਲ ਸਿੱਖ ਹੀ ਅਖਵਾਉਣਾ ਪਸੰਦ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਨੂੰ ਜਾਤੀਵੰਡ ਦੀ ਪੰਜਾਲੀ ਵਿਚੋਂ ਨਿਕਲਣਾ ਪਵੇਗਾ ਅਤੇ ਉਸ ਤੋਂ ਬਾਅਦ ਹਿੰਦੂ ਰੀਤਾਂ-ਰਸਮਾਂ ਦੇ ਭਰਮਜਾਲ ਵਿਚੋਂ ਵੀ ਨਿਕਲਣਾ ਪਵੇਗਾ|
(3) ਨਜਾਇਜ਼ ਪੈਦਾਇਸ਼ ਦੇ ਦੋਗ਼ਲੇਪਨ ਦੀ ਖੋਟ

ਮਨੁੱਖ ਦਾ ਇਸ ਧਰਤੀ ਉੱਤੇ ਦੋ ਪ੍ਰਕਾਰ ਦਾ ਜਨਮ ਹੁੰਦਾ ਹੈ| ਗੁਰਬਾਣੀ ਵਿਚ ਇਕਦੇ ਸਿਧਾਂਤ ਨੂੰ ਮੁੱਖ ਰੱਖਦੇ ਹੋਏ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਕੇਵਲ ਇਕ ਅਕਾਲਪੁਰਖ ਨੂੰ ਹੀ ਸ੍ਰਿਸ਼ਟੀ ਬਨਾਉਣ ਵਾਲਾ, ਪਾਲਣ ਵਾਲਾ ਅਤੇ ਖ਼ਤਮ ਕਰਨ ਦੇ ਸਮਰੱਥ ਮੰਨਦੀ ਹੈ| ਅਕਾਲਪੁਰਖ  ਸਭਨਾਂ ਜੀਵਾਂ ਦਾ ਪਿਤਾ ਹੈ| ਜਿਸ ਨੇ ਸ੍ਰਿਸ਼ਟੀ ਨੂੰ ਚਲਦਾ ਰੱਖਣ ਲਈ ਬੇਅੰਤ ਪ੍ਰਕਾਰ ਦੀ ਬਨਸਪਤੀ ਅਤੇ ਬੇਅੰਤ ਪ੍ਰਕਾਰ ਦੇ ਜੀਵ ਪੈਦਾ ਕੀਤੇ ਹਨ| ਹਰੇਕ ਨਸਲ ਦੇ ਜੀਵ ਦੀ ਪੈਦਾਇਸ਼ ਨੂੰ ਨਿਰੰਤਰ ਚਲਦਾ ਰੱਖਣ ਲਈ ਕੁਦਰਤੀ ਨਿਯਮ ਚਲ ਰਿਹਾ ਹੈ| ਜਿਥੋਂ ਤੱਕ ਮਨੁੱਖ ਦੀ ਗੱਲ ਹੈ, ਉਸ ਦੀ ਜਾਤ ਨੂੰ ਚਲਦਾ ਰੱਖਣ ਲਈ ਅਕਾਲਪੁਰਖ ਨੇ ਇਸਤ੍ਰੀ-ਮਰਦ ਪੈਦਾ ਕੀਤੇ ਹੋਏ ਹਨ|
ਜਦੋਂ ਤੋਂ ਮਨੁੱਖ ਨੇ ਆਪਣੀ ਸੋਝੀ ਸੰਭਾਲੀ ਹੈ ਤਦ ਤੋਂ ਹੀ ਸਮਾਜ ਦੇ ਕੁੱਝ ਸਮਝਦਾਰ ਮਨੁੱਖਾਂ ਨੇ ਮਨੁੱਖ ਦੇ ਜੀਵਨ ਨੂੰ ਸਦਾਚਾਰਕ ਬਨਾਉਣ ਲਈ, ਹਰ-ਇਕ ਮਨੁੱਖ ਨੂੰ ਵਿਆਹ ਦੇ ਘੇਰੇ ਵਿਚ ਰਹਿਣ ਦੀ ਪ੍ਰੇਰਨਾ ਦਿੱਤੀ ਤਾਂ ਜੋ ਉਹ ਆਪਣੇ ਗ੍ਰਹਿਸਤੀ ਜੀਵਨ ਤੋਂ ਬਾਹਰ ਜਾਣ ਦੀ ਅਵੱਗਿਆ ਨਾ ਕਰੇ ਅਤੇ ਨਾ ਹੀ ਕੋਈ ਨਜਾਇਜ਼ ਪੈਦਾਇਸ਼ ਪੈਦਾ ਕਰ ਸਕੇ| ਜੇਕਰ ਕੋਈ ਐਸੀ ਅਵੱਗਿਆ ਕਰਦਾ ਹੈ ਤਾਂ ਉਸ ਬਾਰੇ ਗੁਰਬਾਣੀ ਦਾ ਫ਼ੁਰਮਾਨ ਹੈ:-
ਬੇਸੂਆ ਕੈ ਘਰਿ ਬੇਟਾ ਜਨਮਿਆ|| ਪਿਤਾ ਤਾਹਿ ਕਿਆ ਨਾਮੁ ਸਦਈਆ|| (ਗੁ.ਗ੍ਰੰ.ਸਾ.ਪੰਨਾ- 837)
ਅਰਥ: ਜਿਹੜਾ ਬੱਚਾ ਵੇਸਵਾ ਦਾ ਹੁੰਦਾ ਹੈ, ਉਸ ਦੇ ਪਿਤਾ ਦਾ ਨਾਂ ਨਹੀਂ ਦੱਸਿਆ ਜਾ ਸਕਦਾ| ਪਿਤਾ ਦੇ ਨਾਮ ਤੋਂ ਬਿਨਾਂ ਉਸ ਨੂੰ ਹਰਾਮੀ ਕਹਿ ਕੇ ਫਿਟਕਾਰਿਆ ਜਾਂਦਾ ਹੈ|
ਸਦਾਚਾਰਕ ਜੀਵਨ ਦੀ ਘਾਟ ਕਾਰਨ ਜਿਹੜੇ ਨਜਾਇਜ਼ ਔਲਾਦ ਪੈਦਾ ਕਰਕੇ ਗੰਦਗੀ ਦੇ ਢੇਰਾਂ ਜਾਂ ਖੇਤਾਂ ਵਿਚ ਸੁੱਟ ਦਿੰਦੇ ਹਨ, ਉਹ ਕਿਸੇ ਬੱਚੇ ਦਾ ਭਵਿੱਖ ਉਜਾੜਨ ਦੇ ਅਸਲ ਦੋਸ਼ੀ ਹੁੰਦੇ ਹਨ| ਇਸ ਦੇ ਉਲਟ ਸਮਾਜ ਵਿਚ ਐਸੇ ਭਲੇਪੁਰਸ਼ ਵੀ ਹਨ ਜਿਹੜੇ ਅਜਿਹੇ ਨਜਾਇਜ਼ ਬੱਚਿਆਂ ਨੂੰ ਚੁੱਕ ਕੇ ਆਸ਼ਰਮਾਂ ਵਿਚ ਪਾਲਦੇ ਹਨ|
ਸੰਸਾਰ ਦਾ ਹਰ ਇਕ ਮਨੁੱਖ ਕਿਸੇ ਨਾ ਕਿਸੇ ਧਰਮ ਨਾਲ ਜੁੜਿਆ ਹੋਇਆ ਹੈ| ਉਹ ਆਪਣੇ ਧਰਮ ਗੁਰੂ ਨੂੰ ਆਪਣਾ ਗੁਰ-ਪਿਤਾ ਮੰਨਦਾ ਹੋਇਆ, ਉਸ ਦੀ ਸਿੱਖਿਆ ਅਨੁਸਾਰ ਆਪਣੇ ਧਰਮ-ਕਰਮ ਕਰਦਾ ਹੈ| ਗੁਰੂ ਨਾਨਕ ਸਾਹਿਬ ਨੇ ਜਿਸ ਸੱਚ-ਧਰਮ ਦੀ ਬੁਨਿਆਦ ਰੱਖੀ, ਉਸ ਨੂੰ ਸਿੱਖ-ਮਤ ਕਰਕੇ ਜਾਣਿਆ ਜਾਂਦਾ ਹੈ| ਜਿਸ ਨੇ ਵੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅਪਨਾਇਆ, ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰ-ਪਿਤਾ ਮੰਨਿਆ| ਗੁਰੂ ਨਾਨਕ ਸਾਹਿਬ, ਗੁਰਬਾਣੀ ਵਿਚ ਅਜਿਹੇ ਸਿੱਖਾਂ ਨੂੰ ਆਪਣੇ ਗੁਰਸਿੱਖ ਪੁੱਤਰ ਕਹਿ ਕੇ ਸੰਬੋਧਨ ਕਰਦੇ ਹਨ| ਗੁਰਬਾਣੀ ਦਾ ਫ਼ੁਰਮਾਨ ਹੈ:-
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ|| (ਗੁ.ਗ੍ਰੰ.ਸਾ.ਪੰਨਾ- 312)
ਅਰਥ: ਦਾਸ ਨਾਨਕ ਦੇ ਸਿੱਖ ਪੁੱਤਰੋ! ਪ੍ਰਭੂ ਦਾ ਨਾਮ ਜਪੋ ਕਿਉਂਕਿ ਪ੍ਰਭੂ ਮਨੁੱਖ ਨੂੰ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਂਦਾ ਹੈ|
ਗੁਰਿਆਈ ਦੀ ਪੀੜ੍ਹੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਤੱਕ ਚਲੀ| ਗੁਰੂ ਨਾਨਕ ਸਾਹਿਬ ਤੋਂ ਮਗਰਲੇ ਸਾਰੇ ਸਤਿਗੁਰਾਂ ਨੇ ਆਪਣੇ ਆਪ ਨੂੰ ਨਾਨਕਮੰਨਿਆ ਹੈ| ਜਿਸ ਦਾ ਪ੍ਰਤੱਖ ਸਬੂਤ ਗੁਰੂ ਗ੍ਰੰਥ ਸਾਹਿਬ ਵਿਚ ਮਿਲਦਾ ਹੈ| ਜਿਹੜੇ ਸਤਿਗੁਰਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਉਨ੍ਹਾਂ ਨੇ ਆਪਣੀ ਬਾਣੀ ਵਿਚ ਨਾਨਕਲਿਖਿਆ ਹੈ| ਇਸ ਤੋਂ ਇਲਾਵਾ ਵੱਖ ਵੱਖ ਧਰਮਾਂ ਅਤੇ ਜਾਤਾਂ ਦੇ ਭਗਤ-ਜਨ ਅਤੇ ਭੱਟ-ਜਨ ਜਿਨ੍ਹਾਂ ਦੇ ਪੱਲੇ ਸੱਚ ਸੀ ਅਤੇ ਜਿਨ੍ਹਾਂ ਨੇ ਧਰਮ ਦੇ ਨਾਂ ਤੇ ਪਖੰਡ ਕਰਨ ਵਾਲਿਆਂ ਦਾ ਡੱਟ ਕੇ ਵਿਰੋਧ ਕੀਤਾ, ਉਨ੍ਹਾਂ ਦੀ ਬਾਣੀ ਨੂੰ ਇਕ ਸਿਧਾਂਤ ਦੇ ਅਨੁਕੂਲ ਮੰਨਦੇ ਹੋਏ, ਉਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਵਾਇਆ| 1708 ਈ: ਵਿਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਮਗਰੋਂ, ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨੂੰ ਹਰ ਪੱਖੋਂ ਸੰਪੂਰਨ ਪ੍ਰਵਾਨ ਕਰਦੇ ਹੋਏ, ਗੁਰੂ ਨਾਨਕ ਸਾਹਿਬ ਜੀ ਦੀ ਗੁੱਰਗੱਦੀ ਦੀ ਸਦੀਵੀ ਗੁਰਿਆਈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਦੇ ਕੇ, ਸਿੱਖ-ਕੌਮ ਨੂੰ ਹੁਕਮ ਕਰ ਦਿੱਤਾ ਕਿ ਸਿੱਖਾਂ ਨੇ ਹੁਣ ਕਿਸੇ ਹੋਰ ਨੂੰ ਆਪਣਾ ਗੁਰੂ ਨਹੀਂ ਮੰਨਣਾ|
ਗੁਰੂ ਨਾਨਕ ਸਾਹਿਬ ਕਰਕੇ ਹੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਮਿਲੀ ਅਤੇ ਦਸਵੇਂ ਨਾਨਕ ਗੁਰੂ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਦੀਵੀ ਗੁਰਿਆਈ ਮਿਲੀ| ਜਦ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਮਿਲੀ ਹੈ, ਉਦੋਂ ਤੋਂ ਲੈ ਕੇ ਹੁਣ ਤਕ ਅਤੇ ਰਹਿੰਦੀ ਦੁਨਿਆਂ ਤਕ ਕੇਵਲ, ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰਬਾਣੀ ਕਰਕੇ ਸਿੱਖਾਂ ਦੇ ਗੁਰ-ਪਿਤਾ ਹਨ|
ਇਕ ਗੱਲ ਹੋਰ ਵੀ ਸਮਝਣ ਵਾਲੀ ਹੈ ਕਿ ਸਮਾਜ ਵਿਚ ਜਿਸ ਮਨੁੱਖ ਨੂੰ ਜਿਸ ਬੱਚੇ ਦਾ ਪਿਤਾ ਹੋਣ ਦਾ ਅਧਿਕਾਰ ਮਿਲਦਾ ਹੈ, ਕੇਵਲ ਉਹੀ  ਉਸ ਬੱਚੇ ਦਾ ਅਸਲ ਪਿਤਾ ਹੁੰਦਾ ਹੈ, ਹੋਰ ਐਰਾ-ਗੈਰਾ ਨਹੀਂ| ਜਿਸ ਬੱਚੇ ਨੂੰ ਆਪਣੇ ਅਸਲ ਪਿਤਾ ਦਾ ਪਤਾ ਹੁੰਦਾ ਹੈ, ਉਹ ਵੀ ਐਰੇ-ਗੈਰੇ ਨੂੰ ਆਪਣਾ ਪਿਤਾ ਨਹੀਂ ਮੰਨਦਾ| ਪਰ ਜਿਸ ਬੱਚੇ ਨੂੰ ਆਪਣੇ ਅਸਲ ਪਿਤਾ ਦਾ ਪਤਾ ਨਹੀਂ ਹੁੰਦਾ, ਕੇਵਲ ਉਹ ਬੱਚਾ ਹੀ ਕਿਸੇ ਐਰੇ-ਗੈਰੇ ਨੂੰ ਆਪਣਾ ਪਿਤਾ ਮੰਨਣ ਦੀ ਗ਼ਲਤੀ ਕਰ ਸਕਦਾ ਹੈ|
ਇਸੇ ਤਰ੍ਹਾਂ ਧਰਮ ਦੇ ਮਾਰਗ ਵਿਚ ਦਸਵੇਂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ  ਸਿੱਖਾਂ ਦਾ ਗੁਰ-ਪਿਤਾ ਪ੍ਰਵਾਨ ਕੀਤਾ ਹੈ, ਕਿਸੇ ਹੋਰ ਨੂੰ ਨਹੀਂ| ਜਿਸ ਸਿੱਖ ਨੂੰ ਆਪਣੇ ਅਸਲ ਗੁਰ-ਪਿਤਾ, ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਹੈ ਅਤੇ ਪਛਾਣ ਹੈ,  ਉਹ ਕਦੇ ਵੀ ਐਰੇ-ਗੈਰੇ ਬਚਿੱਤਰ ਨਾਟਕ (ਦਸਮ ਗ੍ਰੰਥ) ਵਰਗੇ ਨਜਾਇਜ਼ ਗ੍ਰੰਥ ਨੂੰ ਆਪਣਾ ਗੁਰ-ਪਿਤਾ ਨਹੀਂ ਮੰਨਦਾ ਪਰ ਜਿਸ ਨੂੰ ਆਪਣੇ ਅਸਲ ਗੁਰ-ਪਿਤਾ ਦੀ ਪਛਾਣ ਅਤੇ ਜਾਣਕਾਰੀ ਨਹੀਂ, ਕੇਵਲ ਉਹ ਹੀ ਅਜਿਹੇ ਗ੍ਰੰਥ ਨੂੰ ਆਪਣਾ ਗੁਰ-ਪਿਤਾ ਬਣਾਉਣ ਦੀ ਗ਼ਲਤੀ ਕਰ ਸਕਦਾ ਹੈ| ਗੁਰਬਾਣੀ ਦੇ ਹੇਠ ਲਿਖੇ ਫ਼ੁਰਮਾਨਾਂ ਅਨੁਸਾਰ ਗੁਰਸਿੱਖ ਪੁੱਤਰਾਂ ਦੇ ਗੁਰ-ਪਿਤਾ, ਗੁਰੂ ਗ੍ਰੰਥ ਸਾਹਿਬ ਜੀ ਸਰਬ ਗੁਣਾਂ ਨਾਲ ਭਰਪੂਰ, ਮੁਕੰਮਲ ਅਤੇ ਸਮਰੱਥ ਹਨ:-
1. ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ|| (ਗੁ.ਗ੍ਰੰ.ਸਾ.ਪੰਨਾ- 982)
ਅਰਥ:  ਗੁਰੂ ਦੀ ਬਾਣੀ ਹਰ ਪੱਖੋਂ  ਮੁਕੰਮਲ ਹੈ, ਅਜਿਹੇ ਪੂਰਨ ਤੇ ਸਮਰੱਥ ਗੁਰੂ ਦੇ ਅਨੇਕਾਂ ਹੀ ਗੁਣ ਹਨ ਜੋ ਗਿਣੇ ਨਹੀਂ ਜਾ ਸਕਦੇ|
2. ਪੂਰੇ ਗੁਰ ਕੀ ਪੂਰੀ ਦੀਖਿਆ|| ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ|| (ਗੁ.ਗ੍ਰੰ.ਸਾ.ਪੰਨਾ- 293)
ਅਰਥ: ਪੂਰੇ ਸਤਿਗੁਰੂ ਦੀ ਸਿੱਖਿਆ ਵੀ ਪੂਰਨ ਹੈ, ਭਾਵ ਮੁਕੰਮਲ ਹੈ, ਜਿਸ ਮਨੁੱਖ ਦੇ ਮਨ ਵਿਚ ਇਹ ਸਿੱਖਿਆ ਵਸਦੀ ਹੈ, ਉਸ ਨੂੰ ਸਦਾ-ਥਿਰ ਰਹਿਣ ਵਾਲੇ ਸੱਚ ਦੀ ਸਮਝ ਪੈਂਦੀ ਹੈ|
3. ਸਤਿਗੁਰੂ ਬਿਨਾਂ ਹੋਰ ਕਚੀ ਹੈ ਬਾਣੀ|| ਬਾਣੀ ਤਾ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ||
ਕਹਦੇ ਕਚੇ  ਸੁਣਦੇ ਕਚੇ  ਕਚੀ ਆਖਿ ਵਖਾਣੀ||             (ਗੁ.ਗ੍ਰੰ.ਸਾ.ਪੰਨਾ- 920)
ਅਰਥ: ਗੁਰੂ ਆਸ਼ੇ ਤੋਂ ਉਲਟ ਬਾਣੀ, ਸਿੱਖ ਨੂੰ ਉਸ ਦੇ ਜੀਵਨ ਮਨੋਰਥ ਤੋਂ ਥਿੜਕਾ ਦੇਣ ਵਾਲੀ ਹੁੰਦੀ ਹੈ| ਇਹ ਗੱਲ ਪੱਕੀ ਜਾਣਿਓ! ਕਿ ਗੁਰੂ ਆਸ਼ੇ ਤੋਂ ਉਲਟ ਜਾਣ ਵਾਲੀ ਬਾਣੀ  ਨਾਲ ਮਨ ਕਮਜ਼ੋਰ ਹੋ ਜਾਂਦੇ ਹਨ| ਗੁਰੂ ਆਸ਼ੇ ਤੋਂ ਉਲਟ ਬਾਣੀ ਪੜ੍ਹਨ ਵਾਲੇ ਅਤੇ ਸੁਣਨ ਵਾਲੇ ਅਤੇ ਵਿਆਖਿਆ ਕਰਨ ਵਾਲੇ ਵੀ ਕਮਜ਼ੋਰ ਮਨ ਦੇ ਹੋ ਜਾਂਦੇ ਹਨ|
ਸਿੱਖ ਆਪਣੇ ਗੁਰੂ ਦੇ ਸਰਬ-ਉੱਚ ਫੈਸਲੇ ਨੂੰ ਚੁਨੌਤੀ ਦੇਣ ਦੀ ਗ਼ਲਤੀ ਕਿਉਂ ਕਰੇ?, ਗੁਰੂ ਗ੍ਰੰਥ ਸਾਹਿਬ ਦਾ ਸਿੱਖ-ਪੁੱਤਰ, ਨਾਨਕ-ਬਾਣੀ ਨੂੰ ਛੱਡ ਕੇ ਯਤੀਮ ਕਿਉਂ ਬਣੇ? ਜਾਂ ਆਪਣੇ ਗੁਰਪਿਤਾ ਦੀ ਬਾਣੀ ਹੁੰਦਿਆਂ ਬਚਿੱਤਰ ਨਾਟਕ (ਦਸਮ ਗ੍ਰੰਥ) ਵਰਗੇ ਨਜਾਇਜ਼ ਗ੍ਰੰਥਾਂ ਨਾਲ ਸਾਂਝ ਪਾ ਕੇ ਦੋਗਲੀ ਨਸਲ ਦੇ ਪੌਦਿਆਂ ਅਤੇ ਦੋਗਲੀ ਨਸਲ ਦੇ ਪਸ਼ੂਆਂ ਵਾਂਗ, ਦੋਗਲੀ ਨਸਲ ਦਾ ਸਿੱਖ ਕਿਉਂ ਬਣੇ?
ਜਿਹੜੇ ਆਪਣੇ ਗੁਰਪਿਤਾ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨਹੀਂ ਮੰਨਦੇ, ਉਨ੍ਹਾਂ ਪ੍ਰਤੀ ਗੁਰਬਾਣੀ ਦਾ ਫ਼ੁਰਮਾਨ ਹੈ:        
1. ਪੂਰੇ ਗੁਰ  ਕਾ ਹੁਕਮੁ ਨ ਮੰਨੈ  ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਖਾਇਆ|| (ਗੁ.ਗ੍ਰੰ.ਸਾ.ਪੰਨਾ- 303)
ਅਰਥ: ਜੋ ਮਨੁੱਖ ਪੂਰੇ ਸਤਿਗੁਰੂ ਦਾ ਹੁਕਮ ਨਹੀਂ ਮੰਨਦਾ, ਉਹ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੇ-ਸਮਝ ਬੰਦਾ ਮਾਇਆ (ਰੂਪੀ ਜ਼ਹਿਰ) ਦਾ ਠੱਗਿਆ ਹੋਇਆ ਹੈ|
2. ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ|| (ਗੁ.ਗ੍ਰੰ.ਸਾ.ਪੰਨਾ- 305)
ਅਰਥ: ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਦੇ ਬਚਨ ਚੰਗੇ ਨਹੀਂ ਲਗਦੇ, ਉਨ੍ਹਾਂ ਦੇ ਮੂੰਹ ਭਰਿਸ਼ਟੇ ਹੋਏ ਹਨ, ਉਹ ਖਸਮ ਪ੍ਰਭੂ ਵੱਲੋਂ ਫਿਟਕਾਰੇ ਹੋਏ ਫਿਰਦੇ ਹਨ|
3. ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ|| ਹਰਿ ਜੀਉ ਤਿਨ ਕਾ ਦਰਸਨੁ ਨ ਕਰਹੁ ਪਾਪਿਸਟੁ ਅਤਿਆਰੀ||
ਓਹਿ ਘਰਿ ਘਰਿ ਫਿਰਹਿ ਕੁਸੁਧ ਮਨਿ ਜਿਉ ਧਰਕਟ ਨਾਰੀ||                  (ਗੁ.ਗ੍ਰੰ.ਸਾ.ਪੰਨਾ- 651)
ਅਰਥ: ਜੋ ਮਨੁੱਖ ਪਿਆਰੇ ਸਤਿਗੁਰੂ ਦੀ ਨਿੰਦਾ ਕਰਦੇ ਹਨ, ਉਹ ਬਹੁਤ ਭੈੜੇ ਹਨ, ਰੱਬ ਹੀ ਮਿਹਰ ਕਰੇ| ਹੇ ਭਾਈ! ਉਨ੍ਹਾਂ ਦਾ ਦਰਸ਼ਨ ਨਾ ਕਰੋ| ਉਹ ਪਾਪੀ ਤੇ ਹੱਤਿਆਰੇ ਹਨ, ਮਨੋਂ ਖੋਟੇ, ਉਹ ਆਦਮੀ ਵਿਭਚਾਰਨ ਇਸਤ੍ਰੀ ਵਾਂਗ ਘਰ ਘਰ ਫਿਰਦੇ ਹਨ|
4.  
ਖੋਟਾ ਮਨੁੱਖ ਗੁਰੂ ਅੱਗੇ ਪ੍ਰਵਾਨ ਨਹੀਂ ਹੈ| ਗੁਰਬਾਣੀ ਦਾ ਫ਼ੁਰਮਾਨ ਹੈ:-
 ਖੋਟੇ ਪੋਤੈ ਨ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ||  ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸ ਕੋਇ||
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ||                             (ਗੁ.ਗ੍ਰੰ.ਸਾ.ਪੰਨਾ- 23)
ਅਰਥ: ਖੋਟੇ ਸਿੱਕੇ ਸਰਕਾਰੀ ਖਜਾਨੇ ਵਿਚ ਨਹੀਂ ਚਲਦੇ, ਤਿਵੇਂ ਹੀ ਖੋਟੇ ਮਨੁੱਖਾਂ ਨੂੰ ਗੁਰੂ ਦਾ ਦੀਦਾਰ ਨਹੀਂ ਹੁੰਦਾ| ਖੋਟੇ ਮਨੁੱਖ ਦਾ ਅਸਲਾ (ਕਿਰਦਾਰ) ਚੰਗਾ ਨਹੀਂ ਹੁੰਦਾ ਅਤੇ ਖੋਟੇ ਨੂੰ ਇੱਜ਼ਤ ਨਹੀਂ ਮਿਲਦੀ| ਖੋਟ ਕਾਰਨ ਮਨੁੱਖ ਆਪਣਾ ਆਤਮਕ ਜੀਵਨ ਸਫ਼ਲਾ ਨਹੀਂ ਕਰ ਸਕਦਾ| ਜਿਸ ਮਨੁੱਖ ਨੂੰ ਖੋਟਮਈ ਜੀਵਨ ਬਤੀਤ ਕਰਨ ਦੀ ਆਦਤ ਪੈ ਜਾਵੇ, ਉਹ ਆਪਣੀ ਇੱਜ਼ਤ ਗਵਾ ਕੇ ਜੰਮਦਾ-ਮਰਦਾ ਰਹਿੰਦਾ ਹੈ|
ਉਪਰੋਕਤ ਸਾਰੀ ਵਿਚਾਰ ਦਾ ਸਿੱਟਾ ਨਿਕਲਦਾ ਹੈ ਕਿ ਸੱਚੇ ਗੁਰ-ਪਿਤਾ (ਗੁਰੂ ਗ੍ਰੰਥ ਸਾਹਿਬ ਜੀ) ਦੇ ਸਿੱਖ (ਪੁੱਤਰ) ਬਣਨ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਅੰਦਰੋਂ ਹਿੰਦੂਮਤ ਦੀ ਜਾਤੀਵੰਡ, ਹਿੰਦੂਮਤ ਦੀਆਂ ਸਾਰੀਆਂ ਰੀਤਾਂ-ਰਸਮਾਂ ਅਤੇ ਹੋਰ ਨਜਾਇਜ਼ ਗ੍ਰੰਥਾਂ ਦੀ ਖੋਟ ਖ਼ਤਮ ਕਰਨੀ ਚਾਹੀਦੀ ਹੈ| ਬਚਿੱਤਰ ਨਾਟਕ (ਦਸਮ ਗ੍ਰੰਥ) ਦੀ ਭਗਉਤੀ (ਦੁਰਗਾ ਮਾਤਾ) ਦਾ ਖਹਿੜਾ ਛੱਡ ਕੇ ਹਰ ਕਾਰਜ ਲਈ ਅਰਦਾਸ ਸਰਬ-ਸ਼ਕਤੀਮਾਨ ਅਕਾਲਪੁਰਖ ਅੱਗੇ ਜਾਂ ਆਪਣੇ ਸਰਬ-ਸਮਰੱਥ ਗੁਰ-ਪਿਤਾ (ਗੁਰੂ ਗ੍ਰੰਥ ਸਾਹਿਬ) ਅੱਗੇ ਹੀ ਕਰਨੀ ਚਾਹੀਦੀ ਹੈ| ਗੁਰਮਤਿ ਦੇ ਇਕ ਦੇ ਸਿਧਾਂਤ ਦੀ ਪਾਲਣਾ ਪੂਰੀ ਦ੍ਰਿੜਤਾ ਨਾਲ ਕਰਨੀ ਚਾਹੀਦੀ ਹੈ| ਇਸ ਤੋਂ ਇਲਾਵਾ ਆਪਣੇ ਆਪ ਨੂੰ ਜਾਤ ਕਰਕੇ ਮਨੁੱਖ ਸਮਝਣਾ ਚਾਹੀਦਾ ਹੈ ਅਤੇ ਧਰਮ ਕਰਕੇ ਆਪਣੇ ਆਪ ਨੂੰ ਕੇਵਲ ਸਿੱਖ ਹੀ ਸਮਝਣਾ ਚਾਹੀਦਾ ਹੈ|
ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਸੰਸਾਰ ਵਿਚ ਅਸੀਂ ਦੋਗ਼ਲੇ ਸਿੱਖ ਜਾਂ ਬਚਿੱਤਰ ਨਾਟਕ (ਦਸਮ ਗ੍ਰੰਥ) ਵਰਗੇ ਨਜਾਇਜ਼ ਗ੍ਰੰਥਾਂ ਦੇ ਸਿੱਖ ਸਮਝ ਕੇ, ਫਿਟਕਾਰੇ ਜਾਵਾਂਗੇ ਅਤੇ ਹਰ ਥਾਂ ਮਜ਼ਾਕ ਦੇ ਪਾਤਰ ਬਣਾਂਗੇ| ਇਸ ਸਾਰੀ ਖੋਟ ਦੇ ਜ਼ਿੰਮੇਵਾਰ ਸਿੱਖ ਆਪ ਹੋਣਗੇ, ਹੋਰ ਕੋਈ ਨਹੀਂ| ਸਿੱਖਾਂ ਦੀ ਇਸ ਮੂਰਖਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਾਹਨਤਾਂ ਪਾਉਣਗੀਆਂ|
ਸ਼ਾਬਾਸ਼! ਉਨ੍ਹਾਂ ਗੁਰੂ ਦੇ ਸਿੱਖਾਂ ਨੂੰ ਜਿਨ੍ਹਾਂ ਨੇ ਆਪਣੇ ਜੀਵਨ ਵਿਚੋਂ ਦੋਗ਼ਲੇਪਨ ਦੀ ਹਰ ਖੋਟ ਕੱਢ ਦਿੱਤੀ ਹੈ| ਇਕਾ ਬਾਣੀ  ਇਕੁ ਗੁਰੁ  ਇਕੋ ਸਬਦੁ ਵੀਚਾਰਿ|| ਅਨੁਸਾਰ ਸਰਬ-ਸਮਰੱਥ, ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ-ਉੱਚਤਾ ਨੂੰ ਪ੍ਰਵਾਨ ਕਰਦੇ ਹੋਏ, ਆਪਣੇ ਗੁਰ-ਪਿਤਾ ਦੀ ਸਿੱਖਿਆ ਅਨੁਸਾਰ ਚਲਣ ਦੀ ਘਾਲਣਾ ਘਾਲ ਰਹੇ ਹਨ ਤਾਂ ਜੋ ਸੰਸਾਰ ਵਿਚ ਸਿੱਖੀ ਦਾ ਦੀਵਾ ਜਗਦਾ ਰਹੇ|

ਦਵਿੰਦਰ ਸਿੰਘ, ਆਰਟਿਸਟ, ਖਰੜ

ਮੋਬਾਇਲ: 97815-09768